ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ ਆਖਰੀ)


......ਹੁਣ ਹਰਦੇਵ ਕਿੰਨੇ ਜੁੱਗੜਿਆਂ ਬਾਅਦ ਪਿੰਡ ਆਇਆ ਸੀ। ਬੇਬੇ ਮਰਨ ਤੋਂ ਬਾਅਦ ਜਦ ਉਹ ਵਾਪਸ ਗਿਆ ਸੀ। ਤਾਂ ਉਸ ਨੇ ਮਨ ਵਿਚ ਇਹ ਹੀ ਧਾਰਿਆ ਸੀ ਕਿ ਉਹ ਇੰਗਲੈਂਡ ਦੀ ਧਰਤੀ 'ਤੇ ਨਹੀਂ ਰਹੇਗਾ ਅਤੇ ਨਾ ਹੀ ਹੋਰ ਵਿਆਹ  ਕਰਵਾਵੇਗਾ! ਉਸ ਨੇ ਮਕਾਨ ਦੀਆਂ ਸਾਰੀਆਂ ਕਿਸ਼ਤਾਂ ਲਾਹ ਕੇ ਦੋ ਮਕਾਨ ਹੋਰ ਲੈ ਲਏ ਸਨ ਅਤੇ 'ਹੋਮ-ਸੀਕਰਜ਼' ਵਾਲਿ਼ਆਂ ਨੂੰ ਕਿਰਾਏ 'ਤੇ ਦੇ ਰੱਖੇ ਸਨ। ਉਸ ਦੀ ਹੁਣ ਸਿਰਫ਼ ਇਹ ਹੀ ਖ਼ਾਹਿਸ਼ ਸੀ ਕਿ ਉਹ ਛੇ ਮਹੀਨੇ ਜਾਂ ਸਾਲ ਬਾਅਦ ਇੰਗਲੈਂਡ ਗੇੜਾ ਮਾਰਿਆ ਕਰੇਗਾ ਅਤੇ ਕਿਰਾਇਆ ਬਗੈਰਾ ਵਸੂਲ ਕਰਕੇ, ਦੋ ਤਿੰਨ ਮਹੀਨੇ ਗਰਮੀਆਂ ਦੇ ਕੱਢ ਕੇ ਫਿਰ ਆਪਣੇ ਦੇਸ਼ ਪਰਤ ਆਇਆ ਕਰੇਗਾ। ਹੁਣ ਉਸ ਨੂੰ ਨਾ ਕਦੇ ਮੀਤੀ ਦੀ ਯਾਦ ਆਉਂਦੀ ਸੀ ਅਤੇ ਨਾ ਹੀ ਦੀਪ ਦੀ! ਉਹ ਸਿਰਫ਼ ਇਕੱਲਾ ਹੀ ਰਹਿਣਾ ਚਾਹੁੰਦਾ ਸੀ! ਜੰਗੀ ਜੀਵਨ ਤੋਂ ਉਸ ਦਾ ਮਨ ਉਚਾਟ ਹੋ ਗਿਆ ਸੀ। ਹੁਣ ਉਹ ਸ਼ਾਂਤਮਈ ਜਿ਼ੰਦਗੀ ਗੁਜ਼ਾਰਨਾ ਚਾਹੁੰਦਾ ਸੀ। ਉਹ ਇਸ ਗੱਲੋਂ ਹੈਰਾਨ ਸੀ ਕਿ ਦੋ ਦਿਨ ਹੋ ਗਏ ਸਨ, ਉਸ ਨੂੰ ਪਿੰਡ ਆਇਆਂ। ਪਰ ਉਸ ਦੇ ਛੋਟੇ ਭਰਾ ਸੁਖਦੇਵ ਨੇ ਗੇੜਾ ਨਹੀਂ ਮਾਰਿਆ ਸੀ? ਉਸ ਦਾ ਪਤਾ ਵੀ ਨਹੀਂ ਲਿਆ ਸੀ? ਚਾਹ ਪੀਣ ਸਾਰ ਹੀ ਉਹ ਸੁਖਦੇਵ ਦੇ ਖੇਤਾਂ ਵੱਲ ਨੂੰ ਹੋ ਤੁਰਿਆ।

ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 16)


ਸ਼ਾਮ ਦਾ ਵੇਲ਼ਾ ਸੀ।
ਹਰਦੇਵ ਅਜੇ ਕੰਮ ਤੋਂ ਆਇਆ ਹੀ ਸੀ। ਫ਼ੋਨ ਖੜਕ ਪਿਆ। ਉਸ ਦਾ ਦਿਲ ਕਰਦਾ ਸੀ ਕਿ ਫ਼ੋਨ ਨੂੰ ਚਲਾ ਕੇ ਮਾਰੇ। ਉਸ ਦਾ ਦਿਲ ਕਿਸੇ ਨਾਲ਼ ਗੱਲ ਕਰਨ ਨੂੰ ਨਹੀਂ ਕਰਦਾ ਸੀ। ਦੀਪ ਆਪਣੇ ਕੱਪੜੇ ਲੱਤੇ ਚੁੱਕ ਕੇ ਸੁਮੀਤ ਨਾਲ਼ ਕੈਨੇਡਾ, ਪਤਾ ਨਹੀਂ ਅਮਰੀਕਾ ਚਲੀ ਗਈ ਸੀ। ਹਰਦੇਵ ਨੇ ਆਪਣੇ ਵਕੀਲ ਕੋਲੋਂ ਤਲਾਕ ਦੇ ਕਾਗਜ਼ ਲੈ ਆਂਦੇ ਸਨ। ਦੀਪ ਨੇ ਕਿਹਾ ਸੀ ਕਿ ਜਦੋਂ ਉਹ ਅਮਰੀਕਾ ਅਤੇ ਕੈਨੇਡਾ ਦੇ ਟੂਰ ਤੋਂ ਵਾਪਿਸ ਪਰਤੇਗੀ ਤਾਂ ਦਸਤਖ਼ਤ ਕਰ ਦੇਵੇਗੀ। ਪਰ ਪਹਿਲਾਂ ਉਸ ਨੇ ਆਪਣੇ ਪਾਪਾ ਜੀ ਤੋਂ ਕੋਈ ਸਲਾਹ ਲੈਣੀਂ ਸੀ। ਹਰਦੇਵ ਨੇ ਚੁੱਪ ਚਾਪ ਕਾਗਜ਼ ਫ਼ੋਨ ਕੋਲ਼ ਰੱਖ ਦਿੱਤੇ ਸਨ।
ਜਦੋਂ ਫ਼ੋਨ ਦੀ ਘੰਟੀ ਨਾ ਹੀ ਵੱਜਣੋਂ ਹਟੀ ਤਾਂ ਉਸ ਨੇ ਖਿਝ ਕੇ ਫ਼ੋਨ ਚੁੱਕ ਲਿਆ।
ਫ਼ੋਨ 'ਤੇ ਛੋਟਾ ਭਾਈ ਸੁਖਦੇਵ ਸੀ!
-"ਹੈਲੋ...! ਹਾਂ ਹਰਦੇਵ ਵੀਰੇ...! ਆਹ ਲੈ ਬਾਪੂ ਜੀ ਨਾਲ਼ ਗੱਲ ਕਰਲੈ...!" ਉਸ ਨੇ ਅੱਗੇ ਬਾਪੂ ਨੂੰ ਫ਼ੋਨ ਫੜਾਇਆ ਤਾਂ ਬਾਪੂ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ। 

-"ਹਾਂ ਬਾਪੂ ਜੀ? ਸਾਸਰੀਕਾਲ!"

ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 15)

ਦੀਪ ਇੰਗਲੈਂਡ ਪਹੁੰਚ ਕੇ ਬਿਲਕੁਲ ਖ਼ੁਸ਼ ਨਹੀਂ ਸੀ! ਹਰਦੇਵ ਬੇਸਮੈਂਟ ਵਿਚ ਰਹਿੰਦਾ ਸੀ। ਉਹ ਘੁੱਟਵੇਂ ਜਿਹੇ ਬੇਸਮੈਂਟ 'ਤੇ ਨੱਕ ਬੁੱਲ੍ਹ ਚੜ੍ਹਾਉਂਦੀ! ਮੁਸ਼ਕ ਆਉਣ ਦੀ ਸ਼ਕਾਇਤ ਕਰਦੀ। ਜੁੱਤੀਆਂ ਚੁੱਕ-ਚੁੱਕ ਬਾਹਰ ਸੁੱਟਦੀ। ਉਹ ਹਰਦੇਵ ਨੂੰ ਨਿਹੋਰੇ ਦਿੰਦੀ। ਉਸ ਦੇ ਬਾਪ ਕੋਲ਼ ਤਾਂ ਇਕ ਵਿਸ਼ਾਲ ਕੋਠੀ ਸੀ। ਅੱਧੇ ਕਿੱਲੇ ਦਾ ਗਾਰਡਨ ਸੀ। ਇਸ ਬੇਸਮੈਂਟ ਜਿੱਡੀ ਤਾਂ ਉਹਨਾਂ ਦੀ ਟੁਆਇਲਟ ਸੀ। ਉਸ ਨੇ ਹਰਦੇਵ 'ਤੇ ਵੱਡਾ ਮਕਾਨ ਲੈਣ ਲਈ ਭਾਰੀ ਦਬਾਅ ਪਾ ਦਿੱਤਾ। ਉਸ ਦੀ ਸਖ਼ਤ ਸ਼ਰਤ ਸੀ ਕਿ ਜਾਂ ਤਾਂ ਹਰਦੇਵ ਕੋਈ ਵੱਡਾ ਮਕਾਨ ਲੈ ਲਵੇ ਅਤੇ ਨਹੀਂ ਉਹ ਆਪਣੇ ਮਾਂ ਬਾਪ ਕੋਲ਼ ਇੰਡੀਆ ਵਾਪਿਸ ਚਲੀ ਜਾਵੇਗੀ! ਹਰਦੇਵ ਬੁਰੀ ਤਰ੍ਹਾਂ ਨਾਲ਼ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਗਿਆ। ਉਹ ਦੀਪ ਅੱਗੇ ਸਾਹ ਵੀ ਨਾ ਕੱਢ ਸਕਦਾ। ਜੇ ਉਹ ਕੁਝ ਸਮਝਾਉਣ ਜਾਂ ਕੁਝ ਆਖਣ ਦੀ ਕੋਸਿ਼ਸ਼ ਕਰਦਾ ਤਾਂ ਦੀਪ ਉਸ ਨੂੰ ਆਪਣੇ ਮਾਂ ਬਾਪ ਦੇ ਘਰ ਅਤੇ ਪੁਜ਼ੀਸ਼ਨ ਦਾ ਪ੍ਰਮਾਣ ਦੇ ਕੇ ਬੋਲਤੀ ਬੰਦ ਕਰ ਦਿੰਦੀ! ਹਰਦੇਵ ਦਾ ਸਾਹ ਸੰਘ ਅੰਦਰ ਹੀ ਅੜਿਆ ਪਿਆ ਸੀ।

ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 14)


ਇੰਗਲੈਂਡ ਤੋਂ ਦੀਪ ਦੇ ਸਾਰੇ ਕਾਗਜ਼ ਪੱਤਰ ਆ ਚੁੱਕੇ ਸਨ। ਤਸੀਲਦਾਰ ਨੇ ਆਪਣਾ ਸਾਰਾ ਲਾਮ-ਲਸ਼ਕਰ ਤਿਆਰ ਕਰ ਲਿਆ ਸੀ। ਕੋਈ ਐਰੀ-ਗੈਰੀ ਗੱਲ ਨਹੀਂ ਸੀ। ਤਸੀਲਦਾਰ ਦੀ ਇਕਲੌਤੀ ਧੀ ਦੀਪ ਦਾ ਵੀਜ਼ਾ ਲਗਵਾਉਣ ਦਿੱਲੀ ਜਾਣਾ ਸੀ। ਤਸੀਲਦਾਰ ਨੇ ਆਪਣੇ ਜੋਰ ਅਤੇ ਨੇੜਤਾ ਦੇ ਜ਼ਰੀਏ ਦਿੱਲੀ ਦੇ ਪੁਲੀਸ ਕਮਿਸ਼ਨਰ ਨੂੰ ਫ਼ੋਨ ਖੜਕਾ ਦਿੱਤਾ ਸੀ ਅਤੇ ਉਸ ਨੇ ਆਪਣੀ ਜਾਣ ਪਹਿਚਾਣ ਕਾਰਨ ਬ੍ਰਿਟਿਸ਼ ਅੰਬੈਸੀ ਵਿਚ ਦੀਪ ਦੀ 'ਅਪਾਇੰਟਮੈਂਟ' ਬਣਾ ਲਈ ਸੀ। ਦੀਪ ਨੂੰ ਅੰਬੈਸੀ ਦੇ ਦਰਵਾਜੇ 'ਤੇ ਖੜ੍ਹਨ ਦੀ ਲੋੜ ਨਹੀਂ ਸੀ। ਵਾਰੀ ਦੀ ਉਡੀਕ ਕਰਨ ਦੀ ਜ਼ਰੂਰਤ ਨਹੀਂ ਸੀ। ਸਾਰਾ ਪ੍ਰਬੰਧ ਕੀਤਾ ਜਾ ਚੁੱਕਾ ਸੀ। ਦੀਪ ਨੂੰ ਅੰਬੈਸੀ ਦੇ ਕਿਸੇ ਵਿਸ਼ੇਸ਼ ਕਰਮਚਾਰੀ ਨੇ ਅੰਬੈਸੀ ਦੇ ਅੰਦਰ ਲੈ ਕੇ ਜਾਣਾ ਸੀ। 
ਜਦ ਉਹ ਦਿੱਲੀ ਬ੍ਰਿਟਿਸ਼ ਅੰਬੈਸੀ ਪਹੁੰਚੇ ਤਾਂ ਅੰਬੈਸੀ ਦਾ ਕਰਮਚਾਰੀ ਤਸੀਲਦਾਰ ਨੂੰ ਆ ਮਿਲਿ਼ਆ ਅਤੇ ਦੀਪ ਨੂੰ ਅੰਦਰ ਲੈ ਗਿਆ। ਤਸੀਲਦਾਰ ਨਾਲ਼ ਜਾਣਾ ਚਾਹੁੰਦਾ ਸੀ। ਪਰ ਦੀਪ ਤੋਂ ਬਿਨਾ ਕੋਈ ਅੰਦਰ ਨਹੀਂ ਜਾ ਸਕਦਾ ਸੀ। ਇਹ ਅੰਬੈਸੀ ਦਾ ਕਾਨੂੰਨ ਸੀ। ਜਿਸ ਅਨੁਸਾਰ ਚੱਲਣਾ ਹੀ ਪੈਣਾ ਸੀ। ਤਸੀਲਦਾਰ ਨੇ ਬਥੇਰਾ ਜੋਰ ਪਾਇਆ। ਪਰ ਕਰਮਚਾਰੀ ਨੇ ਇਕੋ ਵਿਚ ਹੀ ਨਬੇੜ ਦਿੱਤੀ।
-"ਸਰਦਾਰ ਜੀ, ਮੈਨੂੰ ਅਫ਼ਸੋਸ ਹੈ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ-ਅੰਦਰ ਸਿਰਫ਼ ਵੀਜ਼ਾ ਸੀਕਰ ਹੀ ਜਾ ਸਕਦਾ ਹੈ! ਹਾਂ, ਤੁਸੀਂ ਊਂ ਕਿਸੇ ਗੱਲ ਦੀ ਚਿੰਤਾ ਨਾ ਕਰੋ...! ਮੈਂ ਬੱਚੀ ਨੂੰ ਸਾਰੇ ਸੁਆਲਾਂ ਦਾ ਜਵਾਬ ਸਮਝਾ ਦਿਆਂਗਾ-ਵੀਜ਼ਾ ਲੱਗ ਜਾਵੇਗਾ-ਡੋਂਟ ਵਰੀ

ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 13)

ਦੋ ਦਿਨ ਤੋਂ ਹਰਦੇਵ ਕੰਮ 'ਤੇ ਨਹੀਂ ਆਇਆ ਸੀ।
ਸਰਬਜੀਤ ਦੇਖ ਰਹੀ ਸੀ ਕਿ ਉਸ ਦੇ ਰੱਖੇ ਹੋਏ ਮੁੰਡੇ ਹੀ ਮਾੜਾ ਮੋਟਾ ਕੰਮ ਕਰ ਜਾਂਦੇ ਸਨ। ਪਰ ਹਰਦੇਵ ਨਹੀਂ ਬਹੁੜਿਆ ਸੀ। ਉਸ ਨੇ ਮੁੰਡਿਆਂ ਨੂੰ ਪੁੱਛਿਆ ਤਾਂ ਉਹਨਾਂ ਨੇ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਸੀ। ਬੱਸ "ਪਤਾ ਨਹੀਂ ਜੀ!" ਆਖ ਕੇ ਚੁੱਪ ਹੋ ਗਏ ਸਨ। "ਭੈਣ ਜੀ" ਆਖਣ ਤੋਂ ਉਹਨਾਂ ਨੇ ਸੰਕੋਚ ਹੀ ਰੱਖੀ ਸੀ। ਸਰਬਜੀਤ ਉਸ ਦੀ ਉਡੀਕ ਬੜੀ ਬੇਤਾਬੀ ਨਾਲ਼ ਕਰ ਰਹੀ ਸੀ। ਉਸ ਨੇ ਹਰਦੇਵ ਨੂੰ ਫ਼ੋਨ ਕਰਕੇ ਦੇਖਿਆ। ਕੋਈ ਫ਼ੋਨ ਨਹੀਂ ਚੁੱਕ ਰਿਹਾ ਸੀ। ਉਹ ਸੋਚ ਰਹੀ ਸੀ ਕਿ ਹਰਦੇਵ ਕਿੱਧਰ ਚਲਾ ਗਿਆ ਸੀ? ਕੋਈ ਗੱਲ ਨਾ ਬਾਤ...? ਮੈਂ ਤਾਂ ਉਹਦੀ ਐਨੀ ਪੂਛ ਮਰੋੜੀ ਸੀ। ਪਰ ਉਸ ਪਿਉ ਦੇ ਪੁੱਤ ਨੇ ਕੋਈ ਤਰਾਰੇ ਨਹੀਂ ਦਿਖਾਏ ਸਨ। ਉਹ ਤਾਂ ਮੂਤ ਦੀ ਝੱਗ ਵਾਂਗ ਬੈਠ ਗਿਆ ਸੀ! ਇਹ ਵੀ ਕੋਈ ਬੰਦੈ...? ਜੱਟ ਦਾ ਪੁੱਤ ਹੁੰਦਾ ਹੁਣ ਨੂੰ ਘੁਕਾਹਟ ਪਾ ਦਿੰਦਾ! ਇਹ ਤਾਂ ਖਸਮਾਂ ਨੂੰ ਖਾਣਾ ਨਿਰਾ ਮਿੱਟੀ ਦਾ ਮਾਧੋ ਐ! 
ਤੀਜੇ ਦਿਨ ਹਰਦੇਵ ਕੰਮ 'ਤੇ ਆਇਆ।
ਸਰਬਜੀਤ ਨੇ ਖ਼ੁਸ਼ੀ ਮਹਿਸੂਸ ਕੀਤੀ।
-"ਵੇ ਭਰਾਵਾ, ਤੂੰ ਕਿੱਧਰ ਚਲਿਆ ਗਿਆ ਸੀ...?"
-"ਬੱਸ ਭੈਣ ਜੀ, ਊਂਈਂ ਚਿੱਤ ਜਿਆ ਨ੍ਹੀ ਸੀ ਠੀਕ!" ਉਹ ਚੁੱਪ ਰਹਿਣਾ ਹੀ ਬਿਹਤਰ ਸਮਝਦਾ ਸੀ।
ਸਰਬਜੀਤ ਵੀ ਸੋਚ ਰਹੀ ਸੀ ਕਿ ਗੱਲ ਕਿੱਥੋਂ ਸ਼ੁਰੂ ਕੀਤੀ ਜਾਵੇ? ਉਸ ਕੁੱਤੀ ਮੀਤੀ ਨੂੰ ਵਸਣ ਨਹੀਂ ਦੇਣਾ! ਕੀ ਸਮਝੂਗੀ ਬੈਲਣ? ਬਈ ਮੇਰੇ ਭਰਾ ਦਾ ਅੱਠ ਹਜ਼ਾਰ ਪੌਂਡ ਡਕ੍ਹਾਰ ਕੇ ਹੋਰ ਖ਼ਸਮ ਕਰ ਲਿਆਈ...? ਤੇ ਐਸ਼ਾਂ ਕਰਨ ਲੱਗ ਪਈ...? ਇਹ

ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 12)

ਮਹੀਨੇ ਕੁ ਬਾਅਦ ਹਰਦੇਵ ਨੂੰ ਫ਼ਰਮ ਦੀ ਚਿੱਠੀ ਆ ਗਈ।
ਹਰਦੇਵ ਲਈ ਉਹਨਾਂ ਕੋਲ਼ ਸਿਰਫ਼ ਕਰਿਸਮਿਸ ਕੈਯੂਅਲ ਜੌਬ ਸੀ! ਉਹ ਵੀ ਸਿਰਫ਼ ਤਿੰਨ ਹਫ਼ਤਿਆਂ ਲਈ। ਉਸ ਨੇ ਮੀਤੀ ਨਾਲ਼ ਸਲਾਹ ਕੀਤੀ। ਮੀਤੀ ਨੇ ਉਸ ਨੂੰ ਕੰਮ 'ਤੇ ਜਾਣ ਦੀ ਸਲਾਹ ਦਿੱਤੀ। ਉਸ ਨੇ ਸੋਚਿਆ ਕਿ ਹਰਦੇਵ ਘਰ ਵੀ ਕੀ ਕਰਦਾ ਹੈ? ਸਾਰੀ ਦਿਹਾੜੀ ਬੰਦਾ ਘਰੇ ਬੈਠਾ ਵੀ ਬੋਰ ਹੋ ਜਾਂਦਾ ਹੈ। ਵੀਹ ਸੋਚਾਂ ਸੋਚਦਾ ਹੈ। ਵਿਹਲਾ ਮਨ ਸ਼ੈਤਾਨ ਦਾ ਘਰ! ਚਲੋ ਤਿੰਨ ਹਫ਼ਤੇ ਹੀ ਕੰਮ ਕਰੇਗਾ, ਕੁਛ ਨਾ ਕੁਛ ਘਰੇ ਆਵੇਗਾ ਹੀ! ਨਾਲੇ ਚਾਰ ਅੱਖਰ ਅੰਗਰੇਜ਼ੀ ਦੇ ਸਿੱਖ ਜਾਵੇਗਾ। ਬਾਪੂ ਜਾਗਰ ਸਿੰਘ ਨੂੰ ਚਾਰ ਪੈਸੇ ਭੇਜ ਦੇਵੇਗਾ। ਉਸ ਦੀ ਕਬੀਲਦਾਰੀ ਹੌਲ਼ੀ ਹੋਵੇਗੀ। ਹੋਰ ਨਹੀਂ ਤਾਂ ਤਿੰਨ ਹਫ਼ਤੇ ਹੀ ਸਹੀ! ਹੋ ਸਕਦੈ ਕਿ ਉਹ ਹਰਦੇਵ ਦੇ ਕੰਮ ਤੋਂ ਖ਼ੁਸ਼ ਹੋ ਕੇ ਉਸ ਨੂੰ ਕੋਈ ਪੱਕੀ ਜੌਬ ਹੀ ਦੇ ਦੇਣ? ਬੰਦੇ ਨੂੰ ਆਸ ਬੱਝੀ ਰਹਿੰਦੀ ਹੈ।
ਹਰਦੇਵ ਕੰਮ 'ਤੇ ਜਾਣ ਲੱਗ ਪਿਆ।
ਫ਼ਰਮ ਇੱਕੋ ਹੀ ਸੀ। ਪਰ ਉਹ ਮੀਤੀ ਵਾਲ਼ੀ ਇਮਾਰਤ ਛੱਡ, ਦੂਜੀ ਇਮਾਰਤ ਵਿਚ ਕੰਮ ਕਰਦਾ ਸੀ। ਕੰਮ ਕੋਈ ਬਹੁਤਾ ਭਾਰਾ ਨਹੀਂ ਸੀ। ਪਰ ਤੇਜ਼ੀ ਵਾਲ਼ਾ ਜ਼ਰੂਰ ਸੀ। ਹਰਦੇਵ ਕੰਮ ਦੇ ਗੇੜੇ ਖੁਆਈ ਰੱਖਦਾ। ਪੂਰੇ ਤਿੰਨ ਹਫ਼ਤੇ ਉਸ ਨੇ ਬਗੈਰ ਛੁੱਟੀ ਤੋਂ ਦੇਹ ਤੋੜ ਕੇ ਕੰਮ ਕੀਤਾ। ਨਿਗਰਾਨ ਗੋਰਾ ਹਰਦੇਵ 'ਤੇ ਅਥਾਹ ਖ਼ੁਸ਼ ਸੀ। ਨਹੀਂ ਤਾਂ ਇੰਗਲੈਂਡ ਦੇ ਗੋਰੇ ਦੇਸੀਆਂ ਨੂੰ ਦੇਖ ਕੇ ਸੜ ਬਲ਼ ਜਾਂਦੇ ਨੇ। ਉਹ ਵੀ ਉਦੋਂ, ਜਦੋਂ ਦੇਸੀ ਭਾਈ ਉਹਨਾਂ ਤੋਂ ਅੱਗੇ ਲੰਘਦਾ ਹੋਵੇ! ਪਰ ਸੁਪਰਵਾਈਜ਼ਰ ਗੋਰਾ ਜੌਨ ਉਸ 'ਤੇ ਬਾਗੋਬਾਗ ਸੀ। ਹਰਦੇਵ ਮਾੜੀ ਮੋਟੀ ਅੰਗਰੇਜ਼ੀ ਸਮਝਦਾ ਸੀ। ਬਹੁਤੀ ਅੰਗਰੇਜ਼ੀ ਦੀ ਉਸ ਨੂੰ ਲੋੜ ਨਹੀਂ ਸੀ। ਬੱਸ, ਉਹ ਹਮਕੋ-ਤੁਮਕੋ ਕਰ ਕੇ ਆਪਣੀ ਗੱਡੀ

ਹਾਜੀ ਲੋਕ ਮੱਕੇ ਵੱਲ ਜਾਂਦੇ: ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 11)

ਜੁਗਾੜ ਸਿਉਂ ਦੀਆਂ ਸੇਵਾਵਾਂ ਕੰਮ ਆਈਆਂ। ਮੀਤੀ ਹੀ ਮਾਸੀ ਕੋਲੋਂ ਲੇਟ ਪਿੰਡ ਨੂੰ ਬਹੁੜੀ ਸੀ। ਜੁਗਾੜ ਸਿਉਂ ਨੇ ਵੀ ਢੀਠ ਸਾਧ ਵਾਂਗ ਜਗਤ ਸਿੰਘ ਕੋਲ਼ ਹੀ ਡੇਰੇ ਜਮਾਈ ਰੱਖੇ ਸਨ। ਮੀਤੀ ਨੇ ਤਾਂ ਬਹੁਤ ਜੋਰ ਲਾਇਆ ਸੀ ਕਿ ਮੈਂ ਵਿਆਹ ਨਹੀਂ ਕਰਨਾ। ਉਹ ਖੂਹ ਵਿਚੋਂ ਨਿਕਲ਼ ਕੇ ਖਾਤੇ ਵਿਚ ਨਹੀਂ ਡਿੱਗਣਾ ਚਾਹੁੰਦੀ ਸੀ। ਉਸ ਨੇ ਪਹਿਲਾਂ ਹੀ ਬਹੁਤ ਦੁੱਖ ਕੱਟੇ ਸਨ। ਮੁੜ ਕੇ ਹੁਣ ਉਹ ਫਿਰ ਉਸ ਰੋਹੀ ਵਾਲ਼ੇ ਰਸਤੇ ਨਹੀਂ ਤੁਰਨਾ ਚਾਹੁੰਦੀ ਸੀ। ਵਿਆਹ ਦੇ ਨਾਂ ਤੋਂ ਉਹ 'ਥਰ-ਥਰ' ਕੰਬਦੀ। ਵਿਆਹ ਇਕ ਸਜਾ਼ ਸੀ। ਜਿਸ ਵਿਚ ਫ਼ਸਿਆ ਬੰਦਾ ਮੁੜ ਕੇ ਨਿਕਲ਼ ਨਹੀਂ ਸਕਦਾ ਸੀ। ਜੇ ਤਲਾਕ ਦੇ ਜ਼ਰੀਏ ਨਿਕਲ ਵੀ ਜਾਂਦਾ ਸੀ, ਤਾਂ ਪੁਰਾਣੀਆਂ ਝਰੀਟਾਂ ਉਸ ਨੂੰ ਚੋਭਾਂ ਮਾਰਦੀਆਂ ਰਹਿੰਦੀਆਂ ਸਨ। ਵਿਆਹ ਉਸ ਨੂੰ ਇਕ 'ਨਰਕ' ਲੱਗਦਾ ਸੀ।
ਪਰ ਜੁਗਾੜ ਸਿਉਂ ਦੀਆਂ ਸਮਝੌਤੀਆਂ ਨੇ ਮੀਤੀ ਦਾ ਮਨ ਸਥਿਰ ਕਰ ਦਿੱਤਾ ਸੀ।

-"ਗੱਲ ਸੁਣ ਭਾਈ ਕੁੜੀਏ! ਜਾਗਰ ਸਿਉਂ ਨਾਲ਼ ਸਾਡਾ ਮੇਲ ਜੋਲ ਬਚਪਨ ਵੇਲ਼ੇ ਦਾ ਐ-ਜਦੋਂ ਦੀ ਸੁਰਤ ਸੰਭਾਲ਼ੀ ਐ-ਓਦੋਂ ਤੋਂ ਅਸੀਂ ਜਾਗਰ ਸਿਉਂ ਨੂੰ ਜਾਣਦੇ ਐਂ-ਤੇਰੇ ਪਹਿਲੇ ਸਹੁਰਿਆਂ ਦੇ ਤਾਂ ਅਸੀਂ ਕਿਸੇ ਜੀਅ ਨੂੰ ਨਹੀਂ ਜਾਣਦੇ ਸੀ! ਨਹੀਂ ਤੂੰ ਸਾਡਾ ਸੁਭਾਅ ਤਾਂ ਜਾਣਦੀ ਐਂ? ਹੁਣ ਨੂੰ ਕਿਸੇ ਦੇ ਮਗਜ 'ਚ ਮਧਾਣੀ ਚੀਰਾ ਪਾਇਆ ਹੋਣਾ ਸੀ! ਅਸੀਂ ਕਿਹੜਾ ਘੱਟ ਕਰਨੀਂ ਸੀ? ਜੇ ਹਰਦੇਵ ਸਿਉਂ ਕੋਈ ਉਨੀ ਇੱਕੀ ਕਰੂ-ਅਸੀਂ ਫੱਟ ਜਾ ਕੇ ਜਾਗਰ ਸਿਉਂ ਨੂੰ ਫੜ ਲਵਾਂਗੇ-ਨਾਲੇ ਜਾਗਰ ਸਿਉਂ ਭੱਜ ਕੇ ਜਾਊ ਕਿੱਥੇ?"
-"ਚਾਚਾ ਜੀ, ਇੰਗਲੈਂਡ ਦੀ ਧਰਤੀ ਬੜੀ ਮਾੜੀ ਐ! ਐਥੇ ਬੰਦਾ ਕੁਛ ਹੋਰ ਗੱਲਾਂ ਕਰਦੈ-ਤੇ ਉਥੇ ਜਾ ਕੇ ਖੱਬੀ ਖਾਨ ਬਣ ਬਹਿੰਦੈ-ਚਾਚਾ ਜੀ ਥੋਨੂੰ ਨ੍ਹੀ ਪਤਾ-ਉਥੋਂ ਦਾ ਪਾਣੀ ਈ ਮਾੜੈ-ਬੰਦਾ ਆਬਦੇ ਨੂੰ ਆਬਦਾ ਨ੍ਹੀ ਸਮਝਦਾ।" ਮੀਤੀ ਰੋ ਪਈ।
-"ਕੁੜੀਏ, ਗੱਲ ਸੁਣ...!" ਜੁਗਾੜ ਸਿਉਂ ਨੇ ਗੱਲ ਆਪਣੇ ਹੱਥ ਹੀ ਰੱਖੀ।
-"ਤੂੰ ਸਾਨੂੰ ਤਾਂ ਚੰਗੀ ਭਲੀ ਜਾਣਦੀ ਐਂ? ਜਾਣਦੀ ਐਂ ਨ੍ਹਾਂ...?" 
-"......।" ਚੁੱਪ ਚਾਪ ਮੀਤੀ ਨੇ 'ਹਾਂ' ਵਿਚ ਸਿਰ ਹਿਲਾਇਆ।
-"ਜੇ ਹਰਦੇਵ ਸਿਉਂ ਨੇ ਤੇਰੇ ਨਾਲ਼ ਕੋਈ ਕੁਪੱਤ ਕੀਤੀ-ਅਸੀਂ ਚੱਪਣੀਆਂ ਨਾ ਭੰਨ ਦਿਆਂਗੇ? ਤੂੰ ਗੱਲਾਂ ਕਿਹੜੀਆਂ ਸੋਚੀ ਜਾਨੀ ਐਂ? ਮੈਂ ਤੇਰੀ ਗੱਲ ਸਮਝਦੈਂ! ਕਹਿੰਦੇ ਗਧੀ ਡਿੱਗ ਪਈ ਸੀ ਭੱਠੇ ਵਿਚ ਤੇ ਦੀਵੇ ਆਲ਼ੇ ਘਰੇ ਨ੍ਹੀ ਸੀ ਵੜਦੀ-ਉਹੀ ਗੱਲ ਤੇਰੀ ਐ...! ਮੈਂ ਇਹ ਵੀ ਮੰਨਦੈਂ ਬਈ ਤੈਨੂੰ ਤੇਰੇ ਪਹਿਲੇ ਸਹੁਰੇ ਪ੍ਰੀਵਾਰ ਨੇ ਤੰਗ ਕੀਤੈ! ਪਰ ਉਥੇ ਸਾਡੀ ਕੋਈ ਪੇਸ਼ ਕੋਈ ਨ੍ਹੀ ਜਾਂਦੀ ਸੀ! ਮੈਂ ਤਾਂ ਬੀਹ ਆਰੀ ਜਗਤ ਸਿਉਂ ਨੂੰ ਕਿਹੈ ਬਈ ਉਹਨਾਂ ਦਾ ਕੋਈ ਥਹੁ ਟਿਕਾਣਾ ਦੱਸ, ਐਥੋਂ ਦਾ! ਫੇਰ ਦੇਖ ਅਸੀਂ ਕਿਮੇ ਘੁਕਾਹਟ ਪਾਉਨੇ ਐਂ-ਪਰ ਜਦੋਂ ਉਹਨਾ ਦੇ ਟੱਬਰ ਦਾ ਕੋਈ ਜੀਅ ਪਰਿੰਦਾ ਐਥੇ ਨਹੀਂ ਰਹਿੰਦਾ-ਦੱਸ ਕੀਹਦੇ ਗਲ਼ ਸਾਅਫ਼ਾ ਜਾ ਪਾਈਏ...?"
-"ਚਾਚਾ ਜੀ, ਹਰਦੇਵ ਸਿਉਂ ਦੇ ਪ੍ਰੀਵਾਰ ਨੂੰ ਪਤੈ ਬਈ ਮੇਰੇ ਕੋਈ ਬੱਚਾ ਬੱਚੀ ਨਹੀਂ ਹੋ ਸਕਦਾ?" ਕੁੜੀ ਅੱਗ ਦੀ ਫ਼ੂਕੀ ਟਟਿਆਣੇਂ ਤੋਂ ਵੀ ਡਰਦੀ ਸੀ।
-"ਬਿਲਕੁਲ ਪਤੈ...!" ਜੁਗਾੜ ਸਿਉਂ ਮਸ਼ੀਨ ਵਾਂਗ ਬੋਲਿਆ।
-"ਫੇਰ ਉਹਨਾਂ ਦਾ ਕੀ ਵਿਚਾਰ ਐ?"
-"ਦੇਖ ਕੁੜੀਏ! ਹਰਦੇਵ ਸਿਉਂ ਮਾਪਿਆਂ ਦਾ ਕੋਈ 'ਕੱਲਾ ਕਹਿਰਾ ਪੁੱਤ ਨ੍ਹੀ! ਉਹਦੇ ਹੋਰ ਵੀ ਭੈਣ ਭਾਈ ਹੈਗੇ ਐ! ਬੱਚੇ ਦਾ ਲਾਲਚ ਤਾਂ ਬੰਦਾ ਓਦੋਂ ਕਰਦੈ-ਜਦੋਂ ਪੁੱਤ 'ਕੱਲਾ 'ਕੱਲਾ ਹੋਵੇ! ਇਹਨਾਂ ਦੇ ਐਨੀ ਤਾਂ ਸਤੌਲ਼ ਐ-ਜੇ ਇਕ ਦੇ ਨਹੀਂ, ਤਾਂ ਦੂਜੇ ਦੇ ਹੋਜੂ?" ਜੁਗਾੜ ਸਿਉਂ ਆਪਣੀ ਗੱਲ ਫਿ਼ੱਟ ਕਰਦਾ ਜਾ ਰਿਹਾ ਸੀ।
-"ਚਾਚਾ ਜੀ, ਥੋਨੂੰ ਇੰਗਲੈਂਡ ਦੇ ਕਾਨੂੰਨਾਂ ਬਾਰੇ ਤੇ ਮੁੰਡਿਆਂ ਬਾਰੇ ਨ੍ਹੀ ਪਤਾ! ਉਥੇ ਜਾ ਕੇ ਅਗਲੇ ਪੱਕੀ ਲੁਆਉਂਦੇ ਐ, ਮੋਹਰ! ਤੇ ਅਗਲੀ ਨੂੰ ਲੱਤ ਮਾਰ ਕੇ ਪਾਸੇ ਹੁੰਦੇ ਐ-ਅਗਲੀ ਫਿਰ 'ਕੱਲੀ ਦੀ 'ਕੱਲੀ! ਉਹੋ ਜੀ ਦੀ ਉਹੋ ਜੀ...!" ਮੀਤੀ ਸਹੇ ਤੋਂ ਨਹੀਂ, ਪਹੇ ਤੋਂ ਡਰਦੀ ਸੀ।
-"ਇਉਂ ਖੇਡ ਐ, ਕੁੜੀਏ? ਅਸੀਂ ਐਥੇ ਕਾਹਦੇ ਆਸਤੇ ਬੈਠੇ ਐਂ? ਸਾਡੇ 'ਤੇ ਤੈਨੂੰ ਕੋਈ 'ਤਬਾਰ ਨ੍ਹੀ? ਤੇਰੇ ਪਿਉ ਨਾਲ਼ ਸਾਡੀ ਕਦੋਂ ਦੀ ਬੁਰਕੀ ਸਾਂਝੀ ਐ-ਇਹਨੂੰ ਅਸੀਂ ਧੋਖਾ ਦੇ ਕੇ ਜਾਣਾ ਕਿੱਥੇ ਐ? ਅਸੀਂ ਇਹਨੂੰ ਪਿੱਛਾ ਕਿਵੇਂ ਦੇ ਦਿਆਂਗੇ?" ਜੁਗਾੜ ਸਿਉਂ ਦਾ ਤਾਂ ਬਣਿਆਂ ਬਣਾਇਆ ਜੁਗਾੜ ਹਿੱਲ ਚੱਲਿਆ ਸੀ। ਉਸ ਨੇ ਫ਼ੱਟ ਅੱਗਾ ਵਲਿ਼ਆ।
-"ਚਲੋ, ਵਿਆਹ ਮੈਂ ਕਰਵਾ ਲੈਨੀ ਐਂ-ਬਾਪੂ ਜੀ ਦੇ ਫਿ਼ਕਰ ਦੀ ਮੈਨੂੰ ਵੀ ਚਿੰਤਾ ਐ! ਪਰ ਮੇਰੀ ਇਕ ਵਾਰੀ ਉਹਨਾਂ ਨਾਲ਼ ਸਿੱਧੀ ਗੱਲ ਕਰਵਾ ਦਿਓ-!"
-"ਜਦੋਂ ਕਹੇਂ...!" ਜੁਗਾੜ ਸਿਉਂ ਨੇ ਤੜ੍ਹ ਪਾਈ।
ਉਹ ਜਗਤ ਸਿਉਂ ਤੋਂ ਦੋ ਸੌ ਰੁਪਈਆ ਫੜ ਕੇ ਬੱਸ ਜਾ ਚੜ੍ਹਿਆ।
ਜਾਗਰ ਉਸ ਦੀ ਹੀ ਉਡੀਕ ਕਰ ਰਿਹਾ ਸੀ। ਦਸ ਦਿਨ ਗੁਜ਼ਰ ਗਏ ਸਨ। 
-"ਗੱਲ ਜਾਗਰਾ ਆਪਣੇ ਪੂਰੀ ਹੱਥ 'ਚ ਐ! ਤੂੰ ਚਿੰਤਾ ਨਾ ਕਰ!" ਉਸ ਨੇ ਪੰਜ ਸੌ ਰੁਪਏ ਦਾ ਮੁੱਲ ਮੋੜ ਦਿੱਤਾ।
-"ਫੇਰ ਕੱਚ ਕਾਹਦੈ?" ਜਾਗਰ ਉਸ ਤੋਂ ਵੀ ਉਤਾਵਲਾ ਸੀ।
-"ਕੱਚ ਇਹ ਐ ਬਈ ਕੁੜੀ ਤੈਨੂੰ ਤੇ ਹਰਦੇਵ ਸਿਉਂ ਨੂੰ ਮਿਲਣਾ ਚਾਹੁੰਦੀ ਐ-।"
-"ਉਹ ਕਾਹਤੋਂ?" ਜਾਗਰ ਪੈਰੋਂ ਨਿਕਲ਼ ਗਿਆ।
-"ਤੈਨੂੰ ਪਤਾ ਈ ਐ, ਜਾਗਰਾ! ਬਾਹਰੋਂ ਆਈ ਕੁੜੀ ਐ-ਕੋਈ ਨਾ ਕੋਈ ਗੱਲ ਤਾਂ ਖੋਲੂਗੀ-।"
-"ਗੱਲ ਉਹਨੇ ਸਹੁਰੀ ਨੇ ਸਾਡੇ ਨਾਲ਼ ਕੀ ਖੋਲ੍ਹਣੀਂ ਐਂ?" 
-"ਤੈਨੂੰ ਪਹਿਲਾਂ ਵੀ ਦੱਸਿਆ ਸੀ-ਉਥੇ ਵਲੈਤ 'ਚ ਕਹਿੰਦੇ ਛੋਕਰੀ ਯਹਾਵਾ ਰਵਾਜ ਈ ਪੁੱਠਾ ਐ-ਕੁੜੀਆਂ ਆਪ ਗੱਲ ਕਰਦੀਐਂ! ਤੇ ਸਾਰੀ ਗੱਲ ਨੇਹਣ ਕੇ ਵਿਆਹ ਸ਼ਾਦੀ ਕਰਵਾਉਂਦੀਐਂ!"
-"ਪਰ ਉਹਨੇ ਮੇਰੇ ਨਾਲ਼ ਗੱਲ ਕਰਨੀ ਕੀ ਐ?"
-"ਤੈਨੂੰ ਓਦਣ ਵੀ ਮੈਂ ਦੱਸਿਆ ਸੀ! ਬਈ ਕੁੜੀ ਦੇ ਕੋਈ ਬੱਚਾ ਬੱਚੀ ਨਹੀਂ ਹੋ ਸਕਦਾ-ਤੇ ਉਹ ਥੋਡੇ ਨਾਲ਼ ਇਹ ਪੱਕ ਕਰਨਾ ਚਾਹੁੰਦੀ ਐ-ਬਈ ਕਿਤੇ ਬਾਂਝ ਦੀ ਆੜ 'ਚ ਤੁਸੀਂ ਕੁੜੀ ਨੂੰ ਫੇਰ ਨਾ ਛੱਡ ਦਿਓਂ!" ਜੁਗਾੜ ਸਿਉਂ ਨੇ ਮੋਟੇ ਅੱਖਰਾਂ ਵਿਚ ਸਮਝਾਇਆ।
-"ਇਹ ਗੱਲ ਤਾਂ ਮੈਂ ਤੈਨੂੰ ਵੀ ਓਦਣ ਈ ਨਬੇੜਤੀ ਸੀ! ਬਈ ਐਸ ਗੱਲ ਵੱਲੋਂ ਕੁੜੀ ਬੇਫਿ਼ਕਰ ਰਹੇ-ਤੇਰੇ ਕੋਲ਼ੇ ਕੀ ਲਕੋ ਐ, ਜੁਗਾੜ ਸਿਆਂ? ਜੇ ਹਰਦੇਵ ਦਾ ਕੁਛ ਨਾ ਬਣਿਆਂ, ਜਾਂ ਨਾ ਬਣਦਾ-ਮੈਂ ਤਾਂ ਉਹਦਾ ਜੀ. ਟੀ. ਰੋਡ 'ਤੇ ਚਾਹ ਆਲ਼ਾ ਢਾਬਾ ਖੁਲ੍ਹਵਾ ਦੇਣਾ ਸੀ-ਹੋਰ ਦੱਸ ਮੈਥੋਂ ਕੀ ਪੁੱਛਦੈਂ? ਤੂੰ ਤਾਂ ਉਹ ਗੱਲ ਕਰਦੈਂ ਬਈ ਬੁੜ੍ਹੀ ਮਰਨ ਨੂੰ ਫਿਰੇ ਤੇ ਬਾਬਾ...ਨੂੰ ਫਿਰੇ! ਮੈਨੂੰ ਮੇਰੇ ਜੁਆਕਾਂ ਦੀ ਰੋਟੀ ਦੀ ਚਿੰਤਾ ਖਾਈ ਜਾਂਦੀ ਐ-ਤੇ ਤੂੰ ਪੱਪੂ ਹੋਰਾਂ ਬਾਰੇ ਸੋਚੀ ਜਾਨੈ?" ਜਾਗਰ ਨੇ ਸਾਫ਼ ਹੀ ਨਬੇੜ ਦਿੱਤੀ।
-"ਇਕ ਗੱਲ ਹੋਰ ਵੀ ਐ ਨਾ, ਜਾਗਰਾ! ਉਹਦੇ ਮਨ 'ਚ ਆਹ ਵੀ ਡਬ੍ਹੱਕ ਐ ਬਈ ਮੁੰਡਾ ਕਿਤੇ ਪੱਕਾ ਹੋ ਕੇ ਨਾ ਟੀਟਣੇ ਮਾਰਨ ਲੱਗ ਜਾਵੇ?" 
-"ਸੁਆਹ ਟੀਟਣੇ...! ਟੀਟਣੇ ਕਿਵੇਂ ਮਾਰੂ? ਟੀਟਣਿਆਂ ਆਲ਼ੀ ਟੰਗ ਨਾ ਵੱਢ ਧਰਾਂਗੇ?" ਜਾਗਰ ਨੇ ਕਿਹਾ।
-"ਚੱਲ ਜਿਵੇਂ ਹੋਊ-ਦੇਖੀ ਜਾਊ? ਆਪਾਂ ਉਹਨਾਂ ਦੀ ਸਿੱਧੀ ਗੱਲ ਤਾਂ ਕਰਵਾਈਏ!"
-"ਜੇ ਤੂੰ ਆਖਦੈਂ ਤਾਂ ਕਰਵਾ ਦਿੰਨੇ ਐਂ!" ਜਾਗਰ ਨੇ ਸਹਿਮਤੀ ਦੇ ਦਿੱਤੀ।
ਮੀਤੀ ਅਤੇ ਹਰਦੇਵ ਸਿਉਂ ਦੀ ਸਿੱਧੀ ਗੱਲ ਕਰਵਾ ਦਿੱਤੀ ਗਈ। ਜਾਗਰ ਵੀ ਨਾਲ਼ ਹੀ ਸੀ। ਮੀਤੀ ਨੇ ਵਿਆਹ ਤੋਂ ਬਾਅਦ ਹਰਦੇਵ ਦੀ ਇੰਗਲੈਂਡ ਦੀ ਟਿਕਟ ਖਰਚਣ ਲਈ ਜਾਗਰ ਕੋਲ਼ ਸ਼ਰਤ ਰੱਖੀ। ਕਿਉਂਕਿ ਪੈਸਾ ਤਾਂ ਉਸ ਦੇ ਕੋਲ਼ ਕੋਈ ਹੈ ਨਹੀਂ ਸੀ! ਬਾਪੂ ਦੇ ਘਰ ਵੀ ਭੰਗ ਹੀ ਭੁੱਜਦੀ ਸੀ। ਪਰ ਮੀਤੀ ਨੇ ਇਤਨਾ ਵਾਅਦਾ ਜ਼ਰੂਰ ਕੀਤਾ ਸੀ ਕਿ ਜਦੋਂ ਹਰਦੇਵ ਅਤੇ ਉਹ ਆਪ ਕੰਮ 'ਤੇ ਲੱਗ ਗਏ, ਅਸੀਂ ਇਸ ਦੀ ਟਿਕਟ ਦੇ ਪੈਸੇ ਵਾਪਿਸ ਕਰ ਦਿਆਂਗੇ। ਜਾਗਰ ਨੇ ਸਾਰੀਆਂ ਗੱਲਾਂ ਕੰਨ ਧਰ ਕੇ ਸੁਣੀਆਂ, ਅਤੇ ਫਿਰ ਦਿਮਾਗ ਵਿਚ ਹੀ ਫ਼ਰੋਲ਼ਾ ਫ਼ਰਾਲ਼ੀ ਕੀਤੀਆਂ ਸਨ। ਉਹ ਮੀਤੀ ਦੀ ਹਰ ਗੱਲ ਨਾਲ਼ ਸਹਿਮਤ ਸੀ। ਜੁਆਕਾਂ ਤੋਂ ਉਸ ਨੇ ਕੀ ਕਰਵਾਉਣਾ ਸੀ? ਭੁੱਖਾ ਤਾਂ ਉਸ ਦਾ ਹੁਣ ਵਾਲ਼ਾ ਟੱਬਰ ਮਰਦਾ ਸੀ। ਪੈਨਸ਼ਨ ਨਾਲ਼ ਕੀ ਬਣਦਾ ਸੀ? ਜ਼ਮੀਨ ਦੀ ਕਮਾਈ ਲੱਗੇ ਨਹੀਂ ਮੋੜਦੀ ਸੀ। ਪੋਤਿਆਂ ਤੋਂ ਕੀ ਮੇਹੜ ਪੁਆਉਣੀਂ ਸੀ? ਘਰ ਨਾ ਖਾਣ ਨੂੰ ਦਾਣੇ ਤੇ ਅੰਮਾਂ ਲੁਧਿਆਣੇ...? ਟਿਕਟ ਖਰਚਣ ਲਈ ਵੀ ਜਾਗਰ ਸਿਉਂ ਤਿਆਰ ਸੀ। ਜੇ ਹਰਦੇਵ ਨੂੰ ਕਿਸੇ ਏਜੰਟ ਰਾਹੀਂ ਭੇਜਦੇ, ਤਾਂ ਵੀ ਅਗਲੇ ਨੇ ਚਾਰ ਪੰਜ ਲੱਖ ਤਾਂ ਲੈ ਹੀ ਲੈਣਾ ਸੀ? ਫਿਰ ਵੀ ਟਿਕਾਣੇ ਲੱਗਦਾ, ਪਤਾ ਨ੍ਹੀ, ਅੱਗੇ ਵਾਂਗ ਹੀ ਖੋਟੇ ਪੈਸੇ ਵਾਂਗੂੰ ਮੁੜ ਆਉਂਦਾ? ਪਰ ਹਰਦੇਵ ਦੀ ਮਾਂ ਨੇ ਜ਼ਰੂਰ ਝੋਰਾ ਕੀਤਾ ਸੀ। ਉਸ ਨੂੰ ਪੋਤੇ ਖਿਡਾਉਣ ਦਾ ਚਾਅ ਸੀ। ਪਰ ਜਾਗਰ ਦੀ ਇਕ ਗਾਲ਼ ਨੇ ਹੀ ਉਸ ਨੂੰ ਚੁੱਪ ਕਰਵਾ ਦਿੱਤਾ ਸੀ।
-"ਤੇਰੇ ਕੋਲ਼ੇ ਟਾਟੇ ਆਲ਼ੀ ਢੇਰੀ ਐ ਨ੍ਹਾਂ? ਬਈ ਭੋਰ ਭੋਰ ਕੇ ਖੁਆਈ ਜਾਵੇਂਗੀ? ਸਾਲ਼ੇ ਦੀਏ ਕੁੱਢਰੇ...! ਮੈਂ ਰੋਜੇ ਬਖ਼ਸ਼ਾਉਣ ਨੂੰ ਫਿਰਦੈਂ ਤੇ ਤੂੰ ਨਮਾਜਾਂ ਗਲ਼ ਪਾਈ ਜਾਨੀ ਐਂ! ਜੇ ਇਕ ਅੱਧਾ ਬਾਹਰ ਭੇਜਿਆ ਜਾਂਦੈ-ਮੈਨੂੰ ਭੇਜ ਲੈਣ ਦੇ! ਨਹੀਂ ਮੈਂ ਇਹਦੀ ਸਾਲ਼ੇ ਦੀ ਚਾਹ ਦੀ ਦੁਕਾਨ ਖੁਲ੍ਹਾਅ ਦੇਣੀ ਐਂ, ਕਿਤੇ! ਆਪੇ ਬੈਠੀ ਭਾਂਡੇ ਮਾਂਜੀ ਜਾਇਆ ਕਰੀਂ...! ਨਾਲ਼ੇ ਮਾਂ ਪੁੱਤ ਕੰਮ ਲੱਗਜੋਂਗੇ!" 
-"ਪਰ ਆਬਦੀ ਵੇਲ ਵਾਸਤੇ ਤਾਂ ਹਰ ਕੋਈ ਸੋਚਦੈ!" ਮਾਂ ਨੇ ਵੀ ਕੁਲ਼ ਪੱਖੀ ਨਿਹੋਰਾ ਦਿੱਤਾ ਸੀ।
-"ਅੱਗੇ ਵੀ ਵੇਲ ਵਧੀ ਵੀ ਐ! ਕੀ ਇਹਨਾਂ ਨੂੰ ਤੂੰ ਨਿੱਤ ਤਸ਼ਮਈ ਬਣਾ ਕੇ ਖੁਆਉਨੀ ਐਂ? ਭੁੱਖੇ ਨੰਗੇ ਸਾਲ਼ੇ ਇਹ ਤੁਰੇ ਫਿਰਦੇ ਐ-ਜਿੱਥੇ ਇਹ ਤੁਰੇ ਫਿਰਦੇ ਐ-ਉਥੇ ਸਾਲ਼ੇ ਉਹ ਨਲ਼ੀ ਲਮਕਾਉਂਦੇ ਫਿਰਨਗੇ!" 
ਜਾਗਰ ਦੀ ਬੱਕੜਵਾਹ ਸੁਣ ਕੇ ਮਾਂ ਚੁੱਪ ਹੋ ਗਈ ਸੀ।
ਉਸ ਨੇ ਸਾਰੀ ਉਮਰ ਅੜਬ ਜਾਗਰ ਮੂਹਰੇ ਸਾਹ ਨਹੀਂ ਕੱਢਿਆ ਸੀ।
ਮੀਤੀ ਅਤੇ ਹਰਦੇਵ ਦੇ ਵਿਆਹ ਦੀ ਸਾਰੀ ਗੱਲ ਬਾਤ ਤਹਿ ਹੋ ਗਈ। ਇਕ ਸਧਾਰਣ ਜਿਹਾ ਵਿਆਹ ਹੋ ਗਿਆ। ਅਗਲੇ ਦਿਨ ਕੁੜੀ ਅਤੇ ਮੁੰਡੇ ਦੇ ਬਾਪ ਨਾਲ਼ ਗਏ ਅਤੇ ਮੋਗੇ ਕਚਿਹਰੀਆਂ ਵਿਚ ਮੀਤੀ ਅਤੇ ਹਰਦੇਵ ਦਾ ਵਿਆਹ ਦਰਜ਼ ਹੋ ਗਿਆ। ਵਿਆਹ ਦੇ ਕਾਗਜ਼ ਲੈ ਕੇ ਉਹ ਘਰ ਆ ਗਏ। 
ਹਫ਼ਤੇ ਕੁ ਬਾਅਦ ਉਹਨਾਂ ਨੇ ਦਿੱਲੀ ਜਾ ਕੇ ਹਰਦੇਵ ਦਾ ਵੀਜ਼ਾ ਅਪਲਾਈ ਕਰ ਦਿੱਤਾ। ਮੀਤੀ ਕੋਲ਼ ਪਹਿਲੇ ਤਲਾਕ ਅਤੇ ਮੌਜੂਦਾ ਵਿਆਹ ਦੇ ਕਾਗਜ਼ ਮੌਜੂਦ ਸਨ। ਦੋ ਕੁ ਹਫ਼ਤੇ ਬਾਅਦ ਬਰਤਾਨਵੀ ਦੂਤਘਰ ਨੇ ਹਰਦੇਵ ਨੂੰ ਇੰਟਰਵਿਊ ਲਈ ਬੁਲਾ ਲਿਆ ਗਿਆ। ਇਟਰਵਿਊ ਕੋਈ ਔਖੀ ਨਹੀਂ ਸੀ। ਹਰਦੇਵ ਆਪਣੀ ਪਤਨੀ ਨਾਲ਼ ਹਮੇਸ਼ਾ ਲਈ ਇੰਗਲੈਂਡ ਜਾ ਰਿਹਾ ਸੀ। ਚਾਹੇ ਉਹਨਾਂ ਦਾ ਦਸ ਕੁ ਸਾਲ ਦਾ ਉਮਰ ਦਾ ਫ਼ਰਕ ਸੀ। ਪਰ ਅਫ਼ਸਰ ਨੂੰ ਕੋਈ ਸ਼ੱਕ ਸੁਬਾਹ ਨਹੀਂ ਸੀ।
ਹਰਦੇਵ ਨੂੰ ਇੰਗਲੈਂਡ ਦਾ ਵੀਜ਼ਾ ਮਿਲ਼ ਗਿਆ।
ਸਾਰੇ ਪ੍ਰੀਵਾਰ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਮਾਂ ਨੇ ਵੀ ਚਾਅ ਕੀਤਾ। ਵਕਤੀ ਤੌਰ 'ਤੇ ਉਸ ਨੂੰ ਪੋਤਿਆ ਦੀ ਯਾਦ ਵਿਸਰ ਗਈ। ਹਰਦੇਵ ਦੇ ਵੀਜ਼ੇ ਨੇ ਸਾਰੇ ਪਾਸੇ ਢਕ ਲਏ ਸਨ। ਘਰੇ ਰੌਣਕ ਪਰਤ ਆਈ ਸੀ। ਜੁਗਾੜ ਸਿਉਂ ਨੂੰ ਰੂੜੀ ਮਾਰਕਾ ਨਾਲ਼ ਰਜਾ ਦਿੱਤਾ। ਬੱਕਰੇ ਦੀਆਂ ਸੈਂਖੀਆਂ ਨਾਲ਼ ਜੁਗਾੜ ਸਿਉਂ ਅੱਧੀ ਰਾਤ ਤੱਕ ਘੋਲ਼ ਕਰਦਾ ਰਿਹਾ ਸੀ। ਮੁਫ਼ਤ ਦੀ ਖਾ ਪੀ ਕੇ ਉਸ ਨੇ ਸਾਰਾ ਮੂੰਹ ਲਬੇੜ ਲਿਆ ਸੀ। ਇਕ ਦੋ ਲਲਕਾਰੇ ਵੀ ਮਾਰ ਦਿੱਤੇ ਸਨ!
ਜਾਗਰ ਨੇ ਹਰਦੇਵ ਦੀ ਇੰਗਲੈਂਡ ਦੀ ਟਿਕਟ ਖਰੀਦਣ ਲਈ ਇਕ ਕਿੱਲਾ ਜ਼ਮੀਨ ਦਾ ਗਹਿਣੇ ਧਰ ਦਿੱਤਾ।
-"ਅਜੇ ਬਾਪੂ ਜੀ ਸਾਨੂੰ ਸੈੱਟ ਹੁੰਦਿਆਂ ਕਰਦਿਆਂ ਨੂੰ ਘੱਟੋ ਘੱਟ ਇਕ ਸਾਲ ਲੱਗ ਜਾਣੈਂ-ਪਰ ਊਂ ਤੁਸੀਂ ਸਾਡਾ ਫਿ਼ਕਰ ਨਾ ਕਰਿਓ।" ਤੁਰਦੀ ਮੀਤੀ ਨੇ ਜਾਗਰ ਸਿੰਘ ਨੂੰ ਆਖਿਆ ਸੀ। ਜਾਗਰ ਨੇ ਵੀ "ਕੋਈ ਗੱਲ ਨਹੀਂ ਭਾਈ" ਕਹਿ ਦਿੱਤਾ ਸੀ। ਉਹ ਆਖਣਾ ਤਾਂ ਇਹ ਚਾਹੁੰਦਾ ਸੀ ਕਿ ਹਰਦੇਵ ਸਿਆਂ, ਤੇਰੇ ਕਰਕੇ ਪੈਲ਼ੀ ਦਾ ਇਕ ਕਿੱਲਾ ਫ਼ੂਕਿਐ-ਜਾ ਕੇ ਪੈਸਾ ਧੇਲਾ ਜਲਦੀ ਭੇਜੀਂ, ਘਰ ਦੀ ਹਾਲਤ ਦਾ ਤਾਂ ਤੈਨੂੰ ਪਤਾ ਈ ਐ! ਪਰ ਸਮੇਂ ਦੀ ਨਜ਼ਾਕਤ ਦੇਖ ਕੇ ਉਹ ਚੁੱਪ ਹੀ ਰਿਹਾ ਸੀ।
ਮੀਤੀ ਅਤੇ ਹਰਦੇਵ ਇੰਗਲੈਂਡ ਪੁੱਜ ਗਏ।
ਜਦ ਮੀਤੀ ਨੇ ਆਪਣਾ ਘਰ ਦਾ ਦਰਵਾਜਾ ਖੋਲ੍ਹ ਕੇ ਦੇਖਿਆ ਤਾਂ ਉਸ ਦਾ ਪਹਿਲਾ ਘਰਵਾਲ਼ਾ ਆਪਣਾ ਸਾਰਾ ਸਮਾਨ ਲੈ ਕੇ ਜਾ ਚੁੱਕਾ ਸੀ। ਖਾਲੀ ਜਿਹਾ ਹੋਇਆ ਘਰ ਭਾਂ-ਭਾਂ ਕਰ ਰਿਹਾ ਸੀ। ਅਦਾਲਤ ਵੱਲੋਂ ਇਕ ਖ਼ਤ ਆਇਆ ਪਿਆ ਸੀ ਕਿ ਮਕਾਨ ਬਾਰੇ ਕੋਈ ਫ਼ੈਸਲਾ ਲੈ ਕੇ ਜਲਦੀ ਇਕ ਪਾਸਾ ਕਰੋ! ਲਿਖਣ ਦਾ ਮਤਲਬ ਇਹ ਸੀ ਕਿ ਜੇ ਤੁਸੀਂ ਇਕ ਜਾਣਾ ਮਕਾਨ ਦੇ ਪੈਸੇ ਦਿਓਂਗੇ ਤਾਂ ਦੂਜਾ ਇਹ ਮਕਾਨ ਰੱਖਣ ਦਾ ਹੱਕਦਾਰ ਹੋਵੇਗਾ। ਮੀਤੀ ਨੇ ਅਦਾਲਤ ਨੂੰ ਚਿੱਠੀ ਲਿਖ ਦਿੱਤੀ ਕਿ ਤੁਸੀਂ ਮੈਨੂੰ ਮੇਰੇ ਹਿੱਸੇ ਦੇ ਪੈਸੇ ਹੀ ਦਿਵਾ ਦਿਓ। ਪੈਸੇ ਦੇ ਕੇ ਸਾਰਾ ਮਕਾਨ ਮੇਰਾ ਪਹਿਲਾਂ ਘਰਵਾਲ਼ਾ ਰੱਖ ਲਵੇ! ਕਿਉਂਕਿ ਪੈਸੇ ਦੀ ਮੀਤੀ ਨੂੰ ਸਖ਼ਤ ਜ਼ਰੂਰਤ ਸੀ। 
ਮਕਾਨ ਦੇ ਅੱਧੇ ਪੈਸੇ ਮਿਲੇ ਤਾਂ ਮੀਤੀ ਨੇ ਪੈਸੇ ਬੈਂਕ ਵਿਚ ਰੱਖ ਦਿੱਤੇ ਅਤੇ ਹਰਦੇਵ ਸਮੇਤ ਇਕ 'ਬੇਸਮੈਂਟ' ਕਿਰਾਏ 'ਤੇ ਲੈ ਲਿਆ। ਦੋਨੋਂ ਰਹਿਣ ਲੱਗੇ। ਮੀਤੀ ਨੇ ਆਪਣੀ ਪੁਰਾਣੀ ਫ਼ਰਮ ਵਿਚ ਹੀ ਕੰਮ ਸ਼ੁਰੂ ਕਰ ਦਿੱਤਾ। ਹਰਦੇਵ ਨੂੰ ਅਜੇ ਕੋਈ ਕੰਮ ਨਹੀਂ ਮਿਲਿਆ ਸੀ। ਸਭ ਤੋਂ ਪਹਿਲਾਂ ਉਸ ਨੂੰ "ਹੈਬਚੂਅਲ-ਰੈਜ਼ੀਡੈਂਸੀ" ਦਿਖਾਉਣੀ ਪੈਣੀ ਸੀ। ਫਿਰ ਉਸ ਨੂੰ ਜਾ ਕੇ "ਨੈਸ਼ਨਲ ਇੰਸ਼ੋਰੈਂਸ ਨੰਬਰ" ਮਿਲਣਾ ਸੀ। ਉਸ ਤੋਂ ਪਹਿਲਾਂ ਉਹ ਕੰਮ ਨਹੀਂ ਕਰ ਸਕਦਾ ਸੀ। ਹਰਦੇਵ ਦੇ ਕੰਮ ਲਈ ਮੀਤੀ ਨੇ ਆਪਣੀ ਫ਼ਰਮ ਵਿਚ ਹੀ ਅਪਲਾਈ ਕਰ ਦਿੱਤਾ ਸੀ। ਪਰ ਅਜੇ ਕੋਈ ਜਗਾਹ ਖਾਲੀ ਨਹੀਂ ਸੀ। ਹਰਦੇਵ ਦਾ ਪੀ-46 ਫ਼ਾਰਮ ਭਰਿਆ ਪਿਆ ਸੀ। ਜਦ ਜਗਾਹ ਖਾਲੀ ਹੋਣੀ ਸੀ, ਤਾਂ ਜਾ ਕੇ ਫ਼ਰਮ ਵਾਲਿਆਂ ਨੇ ਅੱਗੇ ਭੇਜਣੀ ਸੀ। 
ਹਰਦੇਵ ਘਰ ਹੀ ਰਹਿੰਦਾ। ਸਬਜ਼ੀ ਜਾਂ ਦਾਲ਼ ਬਣਾ ਕੇ ਰੱਖ ਦਿੰਦਾ। ਰੋਟੀਆਂ ਲਾਹ ਲੈਂਦਾ। ਹੂਵਰ ਕਰ ਛੱਡਦਾ। ਜੇ ਕਦੇ ਉਸ ਦਾ ਦਿਲ ਨਾ ਲੱਗਦਾ ਤਾਂ ਉਹ ਪਾਰਕ ਵਿਚ ਜਾ ਬੈਠਦਾ। ਲੰਡਨ ਪਾਰਕ ਵਿਚ ਕਾਫ਼ੀ ਦੇਸੀ ਭਾਈਬੰਦ ਬੈਠੇ ਹੁੰਦੇ। ਪੰਜਾਬੀਆਂ ਨਾਲ਼ ਉਸ ਦਾ ਬਾਹਵਾ ਦਿਲ ਲੱਗਿਆ ਰਹਿੰਦਾ। ਮੀਤੀ ਸ਼ਾਮ ਨੂੰ ਸੱਤ ਕੁ ਵਜੇ ਕੰਮ ਛੱਡਦੀ ਅਤੇ ਸਾਢੇ ਕੁ ਸੱਤ ਵਜੇ ਘਰ ਪਹੁੰਚਦੀ ਸੀ। ਹੁਣ ਕੰਮ ਵਿਚ ਉਸ ਦਾ ਦਿਲ ਲੱਗਣ ਲੱਗ ਪਿਆ ਸੀ। ਪਰ ਜਦ ਉਹ ਪਿਛਲੇ ਜ਼ਖ਼ਮਾਂ ਨੂੰ ਯਾਦ ਕਰਦੀ ਤਾਂ ਮੀਤੀ ਇਕ ਤਰ੍ਹਾਂ ਨਾਲ਼ ਕਰਾਹ ਉਠਦੀ ਅਤੇ ਉਹ ਬੀਤ ਚੁੱਕੇ ਸਮੇਂ ਨੂੰ ਇਕ ਭਿਆਨਕ ਸੁਪਨਾ ਸਮਝ ਕੇ ਭੁੱਲਣ ਦੀ ਕੋਸਿ਼ਸ਼ ਕਰਦੀ। ਘਰੇ ਆ ਕੇ ਉਹ ਹਰਦੇਵ ਦੀ ਬਣਾਈ ਸਬਜ਼ੀ ਨਾਲ਼ ਰੋਟੀ ਖਾ ਕੇ ਮਾੜਾ ਮੋਟਾ ਟੈਲੀਵਿਯਨ ਦੇਖਦੀ ਅਤੇ ਥੱਕੀ ਹੰਭੀ ਹੋਈ ਸੌਂ ਜਾਂਦੀ। ਹਰਦੇਵ ਵੀ ਉਸ ਨੂੰ ਕੋਈ ਤੰਗੀ ਨਹੀਂ ਦਿੰਦਾ ਸੀ। ਉਹ ਮੀਤੀ ਦੇ ਜਾਣ ਤੋਂ ਬਾਅਦ ਘਰ ਦਾ ਮਾੜਾ ਮੋਟਾ ਕੰਮ ਨਬੇੜ ਕੇ ਪਾਰਕ ਚਲਿਆ ਜਾਂਦਾ।
ਜਦ ਹਰਦੇਵ ਲੰਡਨ ਵਾਲੀ ਪਾਰਕ ਵਿਚ ਪਹੁੰਚਿਆ ਤਾਂ ਅੱਜ ਫਿ਼ਰ ਪੂਰੀ ਗਹਿਮਾਂ-ਗਹਿਮੀਂ ਸੀ। ਸੋਹਣਾ ਮੌਸਮ ਸੀ। ਫ਼ੌਜੀ, ਸੁੱਖਾ ਘੈਂਟ, ਸੈਦੋ ਵਾਲਾ ਭਲਵਾਨ ਬਸੰਤ, ਬਾਬਾ ਅਜਮੇਰ ਅਤੇ ਕਾਮਰੇਡ ਮੁਛੈਹਰਾ ਸਿੰਘ ਅੱਜ ਸੁਸਤ ਜਿਹੇ ਹੀ ਧੁੱਪ ਸੇਕ ਰਹੇ ਸਨ। ਕਾਮਰੇਡ ਦਾ ਨਾਂ ਤਾਂ ਪਿਸ਼ੌਰਾ ਸਿੰਘ ਸੀ। ਪਰ ਵੱਡੀਆਂ ਵੱਡੀਆਂ ਮੁੱਛਾਂ ਹੋਣ ਕਾਰਨ ਸਾਰੇ ਦੇਸੀ ਭਾਈਬੰਦ ਕਾਮਰੇਡ ਨੂੰ "ਮੁਛੈਹਰਾ ਸਿੰਘ" ਹੀ ਦੱਸਦੇ। ਕਿਸੇ ਨੇ ਕੋਈ ਕੜਕਵੀਂ, ਕਰਾਰੀ ਗੱਲ ਨਹੀਂ ਸੁਣਾਈ ਸੀ, ਜਿਸ ਕਰ ਕੇ ਮਿੱਤਰਾਂ ਦੀ ਮਹਿਫ਼ਲ ਕੁਝ ਬੇਰੰਗੀ ਜਿਹੀ ਹੀ ਸੀ! ਹਰਦੇਵ ਵੀ ਚੁੱਪ ਚਾਪ ਹੀ ਬੈਠਾ ਸੀ।
-"ਕਾਮਰੇਟਾ ਤੂੰ ਗਲਾਸੀ ਤਾਂ ਛੱਡਤੀ-ਪਰ ਕਦੇ ਬੀਰ੍ਹ ਛੀਰ੍ਹ ਤਾਂ ਮਾਰ ਲਿਆ ਕਰ....!" ਆਖਰ ਸੁੱਖੇ ਘੈਂਟ ਨੇ ਮਹਿਫ਼ਲ ਦੀ ਸੁਸਤੀ ਤੋੜੀ। ਹੱਥ ਵਿਚ ਉਸ ਨੇ ਬੀਅਰ ਦਾ ਡੱਬਾ ਹੈਂਡ-ਗਰਨੇਡ ਵਾਂਗ ਫੜਿਆ ਹੋਇਆ ਸੀ।
-"ਬਥੇਰੀ ਪੀਤੀ ਸੁੱਖਿਆ, ਛੋਟੇ ਭਾਈ! ਕੋਈ ਕਸਰ ਨ੍ਹੀ ਛੱਡੀ! ਮੈਨੂੰ ਤਾਂ ਪਿੰਡ ਵੀ ਗੁਆਂਢੀ ਗੱਡੇ 'ਤੇ ਲੱਦ ਕੇ ਲਿਆਉਂਦੇ ਹੁੰਦੇ ਸੀ-ਪਰ ਜਦੋਂ ਦਾ ਡਾਕਟਰ ਨੇ ਮਨ੍ਹਾਂ ਕੀਤੈ-ਮੈਂ ਹੱਥ ਨ੍ਹੀ ਲਾਇਆ! ਬੀਅਰ ਪੀ ਤਾਂ ਲਈਦੀ ਐ-ਪਰ ਤੰਗ ਬਹੁਤ ਕਰਦੀ ਐ ਸਾਲੀ-ਮੇਰੀ ਤਾਂ ਸ਼ੂਗਰ ਈ ਬਹੁਤ ਵਧ ਜਾਂਦੀ ਐ।"
-"ਮਾੜਾ ਢੱਗਾ ਛੱਤੀ ਰੋਗ! ਪਹਿਲਾਂ ਆਲ਼ੀ ਪੀਤੀ ਹੁਣ ਨਿਕਲਦੀ ਐ ਕਾਮਰੇਡਾ!" ਬਾਬੇ ਅਜਮੇਰ ਨੇ ਵਿਅੰਗ ਕੀਤਾ।
-"ਕਾਮਰੇਟਾ, ਥੋਡੇ ਰੂਸ ਆਲ਼ੇ ਤਾਂ ਕਹਿੰਦੇ ਨਾਸ਼ਤਾ ਵੀ ਵੋਦਕੇ ਨਾਲ ਈ ਕਰਦੇ ਸੀ?" ਸੈਦੋ ਵਾਲੇ ਭਲਵਾਨ ਨੇ ਕਾਮਰੇਡ ਨੂੰ ਬਲ਼ਦ ਵਾਂਗ 'ਆਰ' ਲਾਈ।
-"ਕਿਸੇ ਨੂੰ ਮਾਂਹ ਬਾਦੀ-ਕਿਸੇ ਨੂੰ ਮਾਫ਼ਕ, ਭਲਵਾਨਾ! ਨਾਲੇ ਰੂਸ ਆਲਿ਼ਆਂ ਦੀ ਅਸੀਂ ਕੀ ਰੀਸ ਕਰਲਾਂਗੇ? ਜਿਹੜਾ ਕੁਛ ਰੂਸ ਆਲਿ਼ਆਂ ਨੇ ਖੱਟ ਲਿਆ-ਅਸੀਂ ਅਗਲੇ ਸੌ ਸਾਲਾਂ 'ਚ ਨ੍ਹੀ ਖੱਟ ਸਕਦੇ!"
-"ਹੁਣ ਤਾਂ ਕਾਮਰੇਟਾ ਕਹਿੰਦੇ ਉਹ ਵੀ ਠੂਠਾ ਜਿਆ ਈ ਫੜੀ ਫਿਰਦੇ ਐ?" 
-"ਨੰਗਾਂ ਦੇ ਨੰਗ ਪ੍ਰਾਹੁਣੇ...!"
-"ਕੁਛ ਵੀ ਐ...! ਸਰਾਸਰ ਅਮਰੀਕਾ ਦੀਆਂ ਚਾਲਾਂ ਕਰਕੇ ਰੂਸ ਖੱਖੜੀਆਂ ਹੋਇਆ-ਤਾਂ ਐਸ ਨੌਬਤ 'ਤੇ ਆਇਆ! ਕਦੇ ਉਜ਼ਬੇਕ ਆਲਿ਼ਆਂ ਦੇ ਉਂਗਲ ਦੇਹ-ਕਦੇ ਚੈਚਨੀਆਂ ਆਲਿ਼ਆਂ ਦੇ! ਕੀ ਪਹਿਲਾਂ ਨਜ਼ੀਬ-ਉੱਲਾ ਦੇ ਰਾਜ ਵੇਲੇ ਰਾਜ ਪਲਟਾ ਲਿਆਉਣ ਲਈ ਅਫ਼ਗਾਨਿਸਤਾਨ ਦੇ ਤਾਲੀਬਾਨਾਂ ਤੇ ਅਲ-ਕਾਈਦਾ ਨੂੰ ਅਮਰੀਕਾ ਦਾ ਥਾਪੜਾ ਨਹੀਂ ਸੀ? ਓਸਾਮਾ ਬਿਨ ਲਾਦੇਨ ਦੇ ਇਹੋ ਅਮਰੀਕਾ ਬਾਪੂ ਮਾਂਗੂੰ ਨਹੀਂ ਪੈਰੀਂ ਹੱਥ ਲਾਉਂਦਾ ਰਿਹਾ? ਫੇਰ ਉਹਨਾਂ ਦੀ ਅਹੀ ਤਹੀ ਫੇਰਨ ਆਸਤੇ ਕੀ ਇਹਨੇ ਪਾਕਿਸਤਾਨ ਦਾ ਬਿਲੀਅਨਾਂ ਦੇ ਹਿਸਾਬ ਨਾਲ ਖੜ੍ਹਾ ਕਰਜ਼ਾ ਮੁਆਫ ਕਰਕੇ, ਉਹਨੂੰ ਓਨਾਂ ਈ ਹੋਰ ਕਰਜ਼ਾ ਨਹੀਂ ਦਿੱਤਾ? ਕੀ ਅਮਰੀਕਾ ਨੇ ਆਪਣੀ ਹਿੱਕ 'ਤੇ ਪਿੱਪਲ ਲੱਗੇ ਕਿਊਬਾ ਦੇ ਫ਼ੀਦਲ ਕਾਸਤਰੋ ਨੂੰ ਮਰਵਾਉਣ ਲਈ ਸੈਂਕੜੇ ਚਾਲਾਂ ਨਹੀਂ ਚੱਲੀਆਂ? ਫ਼ੀਦਲ ਕਾਸਤਰੋ ਦੇ ਇਮਾਨਦਾਰ ਦੇਸ਼ ਵਾਸੀਆਂ ਤੇ ਉਸ ਦੀ ਚਤਰ ਚਲਾਕ ਇੰਟੈਲੀਜੈਂਸੀ ਕਰਕੇ ਨਹੀਂ ਕਾਮਯਾਬ ਹੋ ਸਕਿਆ, ਇਹ ਇਕ ਵੱਖਰੀ ਗੱਲ ਐ...! ਅਮਰੀਕਾ ਸਿਰਫ਼ ਵਿਰੋਧੀਆਂ ਦੀ ਪਿੱਠ ਲਾਉਣ ਵਾਸਤੇ ਹਮੇਸ਼ਾ ਘਤਿੱਤਾਂ ਕਰਦਾ ਆਇਐ! ਉਹ ਚਾਹੇ ਸਦਾਮ ਹੁਸੈਨ ਸੀ, ਚਾਹੇ ਨਜ਼ੀਬ-ਉਲਾ ਸਰਕਾਰ! ਚਾਹੇ ਇਰਾਨ ਸੀ, ਚਾਹੇ ਚੀਨ! ਹੁਣ ਜਦੋਂ ਗਿਆਰਾਂ ਸਤੰਬਰ ਨੂੰ ਆਬਦੇ ਬੱਖਲ਼ 'ਚ ਵੱਜੀ-ਪਿੱਟ ਉਠਿਆ...! ਦੂਜੇ ਦੇ ਘਰੇ ਲੱਗੀ ਅੱਗ ਬਸੰਤਰ ਦੇਵਤਾ ਦਿਸਦੀ ਐ, ਬਾਈ! ਮਰੋੜਾ ਤਾਂ ਉਦੋਂ ਚੜ੍ਹਦੈ-ਜਦੋਂ ਆਬਦੇ ਘਰ ਨੂੰ ਆ ਪੈਂਦੀ ਐ! ਇਕ ਚੁਗਲ ਤੇ ਦੂਜਾ ਕੰਨਾਂ ਦਾ ਕੱਚਾ, ਜਦੋਂ ਇਹ ਦੋ ਰਲ਼ ਜਾਣ-ਉਦੋਂ ਤਬਾਹੀ ਦੀ ਸਿਖ਼ਰ ਹੁੰਦੀ ਐ! ਇਹਦੇ ਟਾਊਟ ਹੈਗੇ ਐ ਚੁਗਲੀ ਦਾ ਖੱਟਿਆ ਖਾਣ ਆਲ਼ੇ ਤੇ ਆਬਦਾ ਉਲੂ ਸਿੱਧਾ ਰੱਖਣ ਆਲ਼ੇ-ਤੇ ਅਮਰੀਕਾ ਉਹਨਾਂ ਦੇ ਮੋਢੇ 'ਤੇ ਧਰ ਕੇ ਆਬਦਾ ਹਥਿਆਰ ਚਲਾਉਂਦੈ...!" 
-"ਪਰ ਇਕ ਗੱਲ ਹੋਰ ਐ! ਇਤਿਹਾਸ ਫ਼ਰੋਲ਼ ਲਓ, ਚੁਗਲੀ ਦਾ ਖੱਟਿਆ ਖਾਣ ਆਲ਼ੇ ਬੰਦੇ ਦਾ ਤਾਂ ਹਸ਼ਰ ਮਾੜਾ ਈ ਮਾੜਾ ਹੁੰਦੈ-ਉਹਦੀ ਸਰਦਾਰੀ ਬਹੁਤਾ ਚਿਰ ਕੈਮ ਨ੍ਹੀ ਰਹਿੰਦੀ! ਚਾਰ ਦਿਨਾਂ ਦੀ ਚਾਂਦਨੀ ਤੇ ਫਿਰ ਹਨ੍ਹੇਰੀ ਰਾਤ, ਆਲ਼ੀ ਗੱਲ ਹੁੰਦੀ ਐ-ਵਕਤੀ ਤੌਰ 'ਤੇ ਅਗਲਾ ਕਿੱਡਾ ਵੀ ਰਾਠ ਬਣ ਕੇ ਆਬਦਾ ਕੰਮ ਕੱਢੀ ਜਾਵੇ-ਜਦੋਂ ਸਾਰੀ ਦੁਨੀਆਂ 'ਚ ਨੰਗਾ ਹੋ ਜਾਂਦੈ-ਫੇਰ ਉਹਨੂੰ ਕੋਈ ਮੂੰਹ ਨ੍ਹੀ ਲਾਉਂਦਾ-ਖੁਰਕ ਪਈ ਆਲ਼ੇ ਕੁੱਤੇ ਮਾਂਗੂੰ ਸਾਰੇ ਦੁਰਕਾਰਦੇ ਐ!"
-"ਇਹਨਾਂ ਅਕ੍ਰਿਤਘਣਾਂ ਕਰਕੇ ਈ ਤਾਂ ਧਰਤੀ ਅਕਾਲ ਪੁਰਖ਼ ਕੋਲ ਜਾ ਕੇ ਕੁਰਲਾਈ ਸੀ; ਭਾਰੇ ਭੂਈ ਅਕ੍ਰਿਤਘਣ ਮੰਦੀ ਹੂੰ ਮੰਦੇ...!" ਫ਼ੌਜੀ ਨੇ ਦੱਸਿਆ।
-"ਚੁਗਲਖ਼ੋਰ ਤੇ ਵਿਸ਼ਵਾਸਘਾਤੀ ਦਾ ਦੂਜਾ ਨਾਂ ਈ ਤਾਂ ਮੁਖ਼ਬਰ ਐ! ਤੇ ਮੁਖ਼ਬਰ ਨੂੰ ਸੋਧਣ ਦਾ ਪਹਿਲਾਂ ਨੈਕਸਲੀਆਂ ਦਾ ਪਹਿਲਾ ਕਰਮ ਰਿਹੈ ਤੇ ਬਾਅਦ 'ਚ ਖਾੜਕੂਆਂ ਨੇ ਵੀ ਮੁਖ਼ਬਰ ਟਿਕਾਅ ਕੇ ਸੋਧੇ ਐ! ਮੁਖ਼ਬਰ ਈ ਜੰਗੀ ਲਹਿਰਾਂ 'ਚ ਰੋੜੇ ਅਟਕਾਉਂਦੇ ਰਹੇ ਐ! ਜੇ ਗੌਰਮਿੰਟ ਦੇ ਗ਼ੱਦਾਰ, ਮੁਖ਼ਬਰ ਨਾ ਹੁੰਦੇ-ਦੇਸ਼ ਭਗਤ ਤਾਂ ਕਦੋਂ ਦੇ ਮੱਲਾਂ ਮਾਰ ਚੁੱਕੇ ਹੁੰਦੇ! ਸਾਰੀਆਂ ਹਥਿਆਰਬੰਦ ਲਹਿਰਾਂ ਦੀਆਂ ਬੇੜੀਆਂ 'ਚ ਬੱਟੇ ਤਾਂ ਮੁਖ਼ਬਰ ਦੱਲਿਆਂ ਨੇ ਈ ਪਾਏ...!" ਕਾਮਰੇਡ ਦਾ ਪਾਰਾ ਚੜ੍ਹ ਗਿਆ ਸੀ। 
-"ਫੇਰ ਮਰੇ ਵੀ ਦੇਖਲਾ ਪ੍ਰੀਵਾਰਾਂ ਸਮੇਤ ਕਿਮੇਂ ਐਂ?" ਫ਼ੌਜੀ ਨੂੰ ਮੁਖ਼ਬਰ ਦੇ ਨਾਂ ਤੋਂ ਹੀ ਚਿੜ੍ਹ ਸੀ!
-"ਕੀ ਖੱਟਿਆ....? ਆਪ ਤਾਂ ਮਰਨਾ ਸੀ ਬਾਹਮਣਾ-ਜਜਮਾਨ ਵੀ ਡੋਬੇ? ਆਪ ਤਾਂ ਮਰਨਾ ਈ ਸੀ-ਆਬਦੇ ਪ੍ਰੀਵਾਰਾਂ ਦੇ ਵੀ ਵੈਰੀ ਬਣ ਤੁਰੇ!" ਬਸੰਤ ਭਲਵਾਨ ਨੇ ਆਪਣੇ ਮਨ ਦੀ ਭਾਫ਼ ਕੱਢੀ।
-"ਤੂੰ ਅੱਜ ਬਾਹਲ਼ਾ ਈ ਚੁੱਪ ਜਿਐਂ, ਹਰਦੇਵ ਸਿਆਂ?"
-"ਨਹੀਂ ਕਾਮਰੇਡ! ਮੈਂ ਤਾਂ ਥੋਨੂੰ ਸੁਣ ਰਿਹੈਂ!" ਹਰਦੇਵ ਬੋਲਿਆ।
-"ਇਉਂ ਲੱਗਦੈ, ਜਿਵੇਂ ਮੁੰਡੇ ਦਾ ਦਿਲ ਨ੍ਹੀ ਲੱਗਿਆ ਹੁੰਦਾ ਇੰਗਲੈਂਡ ਆ ਕੇ?" 
-"ਨਹੀਂ, ਦਿਲ ਨੂੰ ਤਾਂ ਕੀ ਐ?" ਹਰਦੇਵ ਨੂੰ ਕੋਈ ਗੱਲ ਨਾ ਔੜੀ।
-"ਕੋਈ ਨਾ! ਬਥੇਰਾ ਦਿਲ ਲੱਗਜੂ ਹਰਦੇਵ ਸਿਆਂ! ਐਵੇਂ ਮਾੜਾ ਮੋਟਾ ਪਿੱਛਾ ਤਾਂ ਯਾਦ ਆਉਂਦਾ ਈ ਐ ਬੰਦੇ ਦੇ!" 
-"ਆਹ ਕਿਮੇਂ ਅੱਜ ਚੱਕਵੇਂ ਪੈਰੀਂ ਆਉਂਦੈ?" ਬਾਈ ਅਜੀਤ ਸਿੰਘ ਬਰਾੜ ਨੂੰ ਆਉਂਦਾ ਦੇਖ ਕੇ ਸੁੱਖੇ ਨੇ ਕਿਹਾ। 
ਬਾਈ ਬਰਾੜ ਬੀਅਰਾਂ ਫੜੀ ਬਿਨ-ਬਰੇਕੇ ਟਰੱਕ ਵਾਂਗ, ਸੱਚੀਂ ਹੀ ਸਪੀਡ ਫੜੀ ਆਉਂਦਾ ਸੀ।
-"ਕੀ ਹੋ ਗਿਆ....? ਬਾਹਲਾ ਈ ਟਾਪ ਗੇਅਰ 'ਚ ਲੱਗਿਆ ਆਉਨੈਂ?" ਫ਼ੌਜੀ ਨੇ ਪੁੱਛਿਆ।
-"ਮੈਂ ਸੋਚਿਆ, ਲੇਟ ਹੋ ਗਿਆ! ਕਿਤੇ ਕਰਾਰੀਆਂ ਗੱਲਾਂ ਬਾਤਾਂ ਤੋਂ ਵਾਂਝਾ ਨਾ ਰਹਿਜਾਂ....!" ਬਰਾੜ ਨੇ ਬੀਅਰ ਦੇ ਡੱਬੇ ਦੀ ਸੀਲ ਬੜੀ ਬੇਕਿਰਕੀ ਨਾਲ ਪੱਟੀ।
-"ਹੋਰ ਸੁਣਾ ਕੋਈ ਨਵੀਂ ਤਾਜੀ ਬਰਾੜਾ....!" ਫ਼ੌਜੀ ਨੇ ਲੱਤ 'ਤੇ ਲੱਤ ਧਰ ਕੇ ਹੱਥ ਮਸਲ਼ੇ।
-"ਕੀ ਸੁਣਾਵਾਂ ਫ਼ੌਜੀ ਭਾਅ ਜੀ? ਅੱਜ ਮੈਨੂੰ ਮੇਰੇ ਮਿੱਤਰ ਦਾ ਇਕ ਮੁੰਡਾ ਐਥੇ ਛੱਡ ਕੇ ਗਿਐ-।"
-"ਫੇਰ...? ਕੋਈ ਮਾੜੀ ਗੱਲ ਕਰਤੀ?" ਬਾਬੇ ਅਜਮੇਰ ਨੇ ਗੱਲ ਪੂਰੀ ਵੀ ਨਾ ਹੋਣ ਦਿੱਤੀ।
-"ਉਹਦੀ ਕਾਰ 'ਚ ਪੰਜਾਬੀ ਗੀਤ ਲੱਗੇ ਵੇ-ਮੈਨੂੰ ਸੁਣ ਸੁਣ ਕੇ ਹਾਸਾ ਆਈ ਜਾਵੇ, ਬਈ ਆਪਣੇ ਗੀਤਕਾਰ ਭਰਾ ਲਿਖਣ ਲੱਗੇ ਬਿਲਕੁਲ ਈ ਨ੍ਹੀ ਸੋਚਦੇ! ਗਾਉਣ ਆਲ਼ੇ ਕੰਪਣੀਆਂ ਦੇ ਆਖੇ ਲੱਗ ਕੇ 'ਢੱਕਮ-ਢੱਲਾ' ਗਾਈ ਤੁਰੇ ਜਾਂਦੇ ਐ-ਗੀਤ ਦਾ ਕੋਈ ਅਰਥ ਨਿਕਲੇ, ਚਾਹੇ ਨਾ ਨਿਕਲੇ....।"
-"ਚੱਲ ਆਪਾਂ ਕਿਹੜਾ ਕੋਈ ਕੋਰਸ ਪਾਸ ਕਰਨੈਂ?" ਬਾਬੇ ਨੇ ਫਿਰ ਘੋੜ੍ਹਾ ਭਜਾਇਆ।
-"ਸੁਣਾ ਤਾਂ ਸਹੀ ਕੋਈ ਕੋਸੀ ਜੀ....! ਠੰਢੇ ਜੇ ਬੈਠੇ ਐਂ ਬਰਾੜਾ....!" ਸੁੱਖੇ ਨੇ ਬਰਾੜ ਨੂੰ ਪਲੀਤਾ ਲਾਇਆ।
-"ਗੀਤ ਚੱਲਦਾ ਸੀ ਅਖੇ, ਪਿੜ ਵਿਚ ਢੋਲ ਵੱਜਦਾ-ਆਓ ਯਾਰੋ ਨੱਚੀਏ!"
-"ਢੋਲ ਵੱਜੂਗਾ ਤਾਂ ਨੱਚਣਾ ਈ ਐ-ਹੋਰ ਕੀਰਨੇ ਪਾਉਣੇ ਐਂ?"
-"ਜੇ ਕੁੜੀ ਗਾਉਂਦੀ ਹੁੰਦੀ, ਤਾਂ ਵੀ ਸਰ ਜਾਂਦਾ-ਪਰ ਗਾਉਂਦਾ ਮੁੰਡਾ ਸੀ! ਭਲਾ ਗਾਉਣ ਆਲ਼ੇ ਭਲੇ ਮਾਣਸ ਨੂੰ ਪੁੱਛਣਾ ਹੋਵੇ ਬਈ ਬਾਈ ਸਿਆਂ, ਮੁੰਡੇ ਨੱਚਦੇ ਹੁੰਦੇ ਐ? ਨੱਚਦੇ ਜਾਂ ਤਾਂ ਨਚਾਰ ਹੁੰਦੇ ਐ ਜਾਂ ਖੁਸਰੇ! ਤੇ ਜਾਂ ਫੇਰ ਕੁੜੀਆਂ ਨੱਚਦੀਆਂ ਹੁੰਦੀਐਂ!"
-"ਆਹੋ ਠੀਕ ਐ! ਮੁੰਡੇ ਨ੍ਹੀ ਨੱਚਦੇ ਹੁੰਦੇ-ਮੁੰਡੇ ਤਾਂ ਭੰਗੜਾ ਪਾਉਂਦੇ ਹੁੰਦੇ ਐ!" ਸੁੱਖੇ ਘੈਂਟ ਦਾ ਹਾਸਾ ਛੁੱਟ ਪਿਆ।
-"ਨਹੀਂ, ਮੁੰਡੇ ਵੀ ਨੱਚਦੇ ਐ! ਮੁੰਡੇ ਕਿਉਂ ਨ੍ਹੀ ਨੱਚਦੇ? ਕੁੜੀਆਂ ਨੱਚਦੀਆਂ ਵੀ ਐ-ਗਿੱਧਾ ਵੀ ਪਾਉਂਦੀਐਂ-ਕਿੱਕਲੀ ਵੀ ਪਾਉਂਦੀਐਂ-ਤੀਆਂ ਮੌਕੇ ਬੱਲ੍ਹੋ ਵੀ ਪਾਉਂਦੀਐਂ-ਮੁੰਡੇ 'ਕੱਲੇ ਭੰਗੜਾ ਈ ਨ੍ਹੀ ਪਾਉਂਦੇ-ਨੱਚ ਵੀ ਲੈਂਦੇ ਐ! ਹੁਣ ਦੱਸੋ ਬਈ ਦਿਉਰ ਭਰਜਾਈ ਨਾਲ ਵਿਆਹ 'ਚ ਗਿੱਧਾ ਪਾਊ? ਨੱਚੂਗਾ ਈ? ਮੁੰਡੇ ਵੀ ਨੱਚ ਲੈਂਦੇ ਐ, ਫ਼ੌਜੀਆ...!"
-"ਚੱਲ, ਤੇਰੀ ਗੱਲ ਮੰਨ ਲੈਨੇ ਐਂ, ਕਾਮਰੇਟਾ!"
-"ਇਕ ਹੋਰ ਗੀਤ ਸੁਣਿਆਂ-ਅਖੇ, ਰੱਬਾ ਮੈਂ ਪਿਆਰ ਕਰ ਕੇ ਪਛਤਾਇਆ! ਲਓ ਕਰ ਲਓ ਗੱਲ! ਰੱਬ ਜਿਵੇਂ ਇਹਨਾਂ ਦਾ ਪਟਵਾਰੀ ਰੱਖਿਆ ਹੁੰਦੈ! ਗਾਉਣ ਵਾਲੇ ਮਿੱਤਰ ਨੂੰ ਕਹਿਣਾ ਹੋਵੇ ਬਈ ਬਾਈ ਸਿਆਂ, ਪਿਆਰ ਕੋਈ ਉਤਪਾਦਨ ਐਂ, ਬਈ ਜਿਹੜਾ ਕਰਨਾ ਪੈਂਦੈ? ਪਿਆਰ ਤਾਂ ਕੁਦਰਤੀਂ ਭਾਵਨਾ ਐਂ, ਜਿਹੜਾ ਮੱਲੋਮੱਲੀ ਦਿਲੋਂ ਹੋ ਜਾਂਦੈ! ਪਿਆਰ ਕੋਈ ਪਾਖੰਡੀ ਸਾਧ ਆਲਾਂ ਟੂਣਾਂ ਤਬੀਤ ਵੀ ਨਹੀਂ-ਜਿਹੜਾ ਕਰਿਆ ਜਾਂ ਕਰਵਾਇਆ ਜਾਂਦੈ!"
-"ਇਹ ਤਾਂ ਹੈ!" ਕਾਮਰੇਡ ਨੇ ਹੁੰਗਾਰਾ ਭਰਿਆ।
-"ਇਕ ਗਾਉਣ ਆਲ਼ੇ ਨੇ ਤਾਂ ਪਤੰਦਰ ਨੇ ਕਮਾਲ ਈ ਕਰਤੀ....!"
-"ਕਿਵੇਂ....?" ਸੁੱਖਾ ਬੀਅਰ ਇਕ ਪਾਸੇ ਰੱਖ ਕੇ ਸੁਚੇਤ ਜਿਹਾ ਹੋ ਕੇ ਬੈਠ ਗਿਆ। 
-"ਅਖੇ, ਬੇਬੇ ਨਾਲ਼ ਸਲਾਹ ਕਰਕੇ, ਪ੍ਰੀਤੋ ਮੇਰੇ ਨਾਲ਼ ਵਿਆਹ ਕਰ ਲੈ....!"
-"ਲੈ ਦੱਸ...? ਬੇਬੇ ਨਾਲ ਸਲਾਹ ਕਰਕੇ ਪ੍ਰੀਤੋ ਨੇ ਮੌਰਾਂ 'ਚ ਫੌੜ੍ਹੇ ਖਾਣੇਂ ਐਂ?" ਫ਼ੌਜੀ ਨੇ ਬਸੰਤ ਭਲਵਾਨ ਦੇ ਧੱਫ਼ਾ ਜਿਹਾ ਮਾਰਿਆ। ਭਲਵਾਨ ਦੇ ਡੱਬੇ ਦੀ ਬੀਅਰ ਛਲਕ ਗਈ।
ਹਾਸੜ ਮੱਚ ਗਈ!
-"ਇਹ ਕੋਈ ਗਾਇਕ ਬਾਈ ਬਾਹਰਲਾ ਜੰਮਪਲ ਹੋਊ? ਪੰਜਾਬ 'ਚ ਜੰਮਿਆਂ ਹੁੰਦਾ-ਐਹੋ ਜਿਆ ਗੀਤ ਜਮਾ ਨ੍ਹੀ ਸੀ ਗਾਉਂਦਾ...! ਜਾਂ ਗਾਉਣ ਲੱਗਿਆ ਦਸ ਵਾਰੀ ਸੋਚਦਾ!"
-"ਪੰਜਾਬ ਦੇ ਜੰਮਿਆਂ ਪਲਿ਼ਆਂ ਨੂੰ ਪਿੰਡਾਂ ਆਲ਼ੀਆਂ ਬੁੜ੍ਹੀਆਂ ਦੇ ਚਿਮਟਿਆਂ ਦਾ ਪਤਾ ਹੁੰਦੈ-ਬਈ ਪੁੜਪੜੀ 'ਚ ਮਾਰ ਕੇ ਚਿੱਬ ਪਾ ਦਿੰਦੀਐਂ!" 
-"ਚਿੱਬ ਕੀ? ਟੀਕ ਚਲਾ ਦਿੰਦੀਐਂ!"
-"ਪਿੰਡਾਂ ਆਲੀਆਂ ਕੁੱਟਦੀਆਂ ਘੱਟ ਤੇ ਘੜ੍ਹੀਸਦੀਆਂ ਜਾਅਦੇ ਐ!"
-"ਜੇ ਕੁਛ ਹੋਰ ਹੱਥ ਨਾ ਲੱਗੇ ਤਾਂ ਪਾਥੀਆਂ ਨਾਲ ਈ ਰੋਭੜ੍ਹੇ ਪਾ ਦੇਣ!"
-"ਯਾਰ ਤੂੰ ਪਾਥੀਆਂ ਦੀ ਗੱਲ ਕਰਦੈਂ...? ਸਾਡੇ ਪਿੰਡ ਇਕ ਵਿਆਹ 'ਚ ਲਾਚੜੇ ਸ਼ਰਾਬੀ ਨੂੰ ਬੁੜ੍ਹੀਆਂ ਲੱਡੂਆਂ ਨਾਲ਼ ਭੰਨਦੀਆਂ ਮੈਂ ਆਪ ਦੇਖੀਐਂ!"
-"ਯਾਰ ਅੱਜ ਕੱਲ੍ਹ ਤਾਂ ਗੀਤਕਾਰ, ਗਵੱਈਏ ਤੇ ਬਾਕੀ ਰਹਿੰਦੀ ਕਸਰ ਮੂਵੀਆਂ ਬਣਾਉਣ ਆਲ਼ੇ ਕੱਢੀ ਜਾਂਦੇ ਐ।" 
-"ਹਰ ਗੀਤ ਰੀਮੈਕਸ-ਹਰ ਗੀਤ ਰੀਮੈਕਸ! ਹੋਰ ਤਾਂ ਹੋਰ, ਇਹਨਾਂ ਨੇ ਤਾਂ ਫ਼ੱਕਰ ਗਾਇਕ ਯਮਲੇ ਦੇ ਗੀਤ ਰੀਮੈਕਸ ਕਰ ਮਾਰੇ....!" 
-"ਉਏ ਇਹਨਾਂ ਦੇ ਵੱਸ ਈ ਨ੍ਹੀ ਚੱਲਦਾ....!" ਫ਼ੌਜੀ ਆਪਣੀ ਭੜ੍ਹਾਸ ਕੱਢਣ ਲੱਗ ਪਿਆ।
-"ਫ਼ੌਜੀਆ! ਜੇ ਇਹਨਾਂ ਦੇ ਵੱਸ ਚੱਲਦਾ ਹੋਵੇ ਤਾਂ ਇਹ ਕੀਰਤਨ ਤੇ ਹਿੰਦੂ ਭਰਾਵਾਂ ਦੀ ਆਰਤੀ ਦਾ ਕਿਉਂ ਨਾ ਰੀਮੈਕਸ ਕਰ ਮਾਰਨ!" ਕਾਮਰੇਡ ਨੇ ਆਪਣੀ ਅਕਾਸ਼ਬਾਣੀ ਕੀਤੀ। 
-"ਗੱਲ ਕਾਮਰੇਡ ਦੀ ਸੋਲ੍ਹਾਂ ਆਨੇ ਐਂ-ਡਰਦੇ ਸਿਰਫ਼ ਟੰਬਿਆਂ ਤੋਂ ਐਂ! ਨਹੀਂ ਇਹ ਤਾਂ ਕੀਰਤਨ ਦੀਆਂ ਕੈਸਿਟਾਂ ਦਾ ਵੀ ਰੀਮੈਕਸ ਕਰ ਧਰਨ!" ਸੁੱਖੇ ਨੇ ਬੀਅਰ ਖ਼ਤਮ ਕਰ ਕੇ ਡੱਬਾ ਥੱਲੇ ਰੱਖਦਿਆਂ ਕਿਹਾ।
-"ਮੇਰੇ ਪੋਤੇ ਦੀ ਗੱਲ ਸੁਣ ਲੈ!" ਹਰਚੰਦ ਟੱਲੇਆਲ਼ੀਆ ਅੱਜ ਮਹਿਫ਼ਲ ਵਿਚ ਕਾਫ਼ੀ ਚਿਰ ਬਾਅਦ ਆਇਆ ਸੀ।
-"........?" ਸਾਰੇ ਇਕ ਦਮ ਉਸ ਵੱਲ ਝਾਕੇ!
-"ਇਕ ਗੀਤ ਜਿਆ ਚੱਲਦਾ ਹੁੰਦੈ-ਮੇਲੇ 'ਚ ਅਲਗੋਜੇ ਅਤੇ ਢੋਲ ਵੱਜਦਾ....!"
-"ਆਹੋ...! ਵੱਜਦਾ ਹੁੰਦੈ!"
-"ਮੇਰਾ ਪੋਤਾ ਤੈਨੂੰ ਪਤੈ ਬਈ ਐਥੇ ਈ ਜੰਮਿਆਂ ਪਲਿ਼ਐ-ਉਹਨੂੰ ਨਾ ਤਾਂ ਪੰਜਾਬੀ ਲਿਖਣੀ ਆਉਂਦੀ ਐ ਤੇ ਨਾ ਪੜ੍ਹਨੀ ਆਉਂਦੀ ਐ-ਇਕ ਦਿਨ ਸੀ. ਡੀ. ਲਾ ਕੇ ਗੀਤ ਸੁਣੀਂ ਜਾਵੇ-ਗੀਤ ਉਹੀ ਸੀ, ਮੇਲੇ ਵਿਚ ਅਲਗੋਜ਼ੇ ਅਤੇ ਢੋਲ ਵੱਜਦਾ....! ਢੋਲ ਦਾ ਤਾਂ ਉਹਨੂੰ ਪਤੈ ਬਈ ਕੀ ਹੁੰਦੈ, ਕਿਉਂਕਿ ਨਗਰ ਕੀਰਤਨਾਂ 'ਤੇ ਵੱਜਦਾ ਸੁਣਿਐਂ-ਪਰ ਮੈਂ ਉਹਨੂੰ ਕਿਹਾ ਬਈ ਪੁੱਤਰਾ, ਉਰ੍ਹੇ ਆ! ਉਹ ਬੜੇ ਪਿਆਰ ਨਾਲ ਮੇਰੇ ਕੋਲ ਆ ਗਿਆ-ਮੈਂ ਉਹਨੂੰ ਪੁੱਛਿਆ ਬਈ ਤੈਨੂੰ ਇਹ ਗੀਤ ਚੰਗਾ ਲੱਗਦੈ? ਕਹਿੰਦਾ ਹਾਂ ਚੰਗਾ ਲੱਗਦੈ-ਤੇ ਮੈਂ ਪੁੱਛਿਆ ਬਈ ਤੈਨੂੰ ਪਤੈ ਬਈ ਅਲਗੋਜ਼ੇ ਕੀ ਹੁੰਦੇ ਐ? ਕਹਿੰਦਾ, ਨਹੀਂ! ਲੈ ਕਰਲੋ ਗੱਲ...!"
-"ਗੱਲ ਹਰਚੰਦ ਸਿਉਂ ਦੀ ਸਹੀ ਐ-ਇਹ ਜੁਆਕ ਤਾਂ ਡਰੰਮ ਵੱਜਦਾ ਸੁਣ ਕੇ ਈ ਸਿਰ ਜਿਆ ਹਲਾਈ ਜਾਂਦੇ ਐ-ਸਮਝ ਸੁਮਝ ਇਹਨਾਂ ਨੂੰ ਕੋਈ ਨ੍ਹੀ ਲੱਗਦੀ!" 
-"ਬੱਸ ਸਾਡੇ ਬਾਪੂ ਆਲ਼ੀ ਗੱਲ ਠੀਕ ਐ ਬਈ ਇਹਨਾਂ ਨੂੰ ਤਾਂ ਢੱਪ-ਢੈਂਅ ਈ ਚੰਗੀ ਲੱਗਦੀ ਐ-ਗੀਤਾਂ ਦੇ ਅਰਥ ਉਰਥ ਇਹਨਾਂ ਨੂੰ ਕਿਸੇ ਨੂੰ ਨ੍ਹੀ ਆਉਂਦੇ!" ਬਸੰਤ ਭਲਵਾਨ ਨੇ ਵੀ ਆਪਣਾ ਤਜ਼ਰਬਾ ਸਾਂਝਾ ਕੀਤਾ।
-"ਇਕ ਗੱਲ ਸਮਝ ਨ੍ਹੀ ਆਉਂਦੀ ਭਲਵਾਨਾ!" ਫ਼ੌਜੀ ਨੇ ਫਿਰ ਭਲਵਾਨ ਨੂੰ ਤਬਲੇ ਵਾਂਗ ਠ੍ਹੋਕਰਿਆ।
-"ਕੀ....?"
-"ਬਈ ਜਦੋਂ ਇਹਨਾਂ ਨੂੰ ਗੀਤਾਂ ਦੀ ਸਮਝ ਨ੍ਹੀ ਆਉਂਦੀ-ਜਿਹਨਾਂ ਨੂੰ ਇਹ ਦਿਨ ਰਾਤ ਸੁਣਦੇ ਐ! ਫੇਰ ਇਹਨਾਂ ਨੂੰ ਗੁਰਬਾਣੀ ਦੀ ਸਮਝ ਕਦੋਂ ਆਈ?" 
-"ਗੱਲ ਭਾਅ ਜੀ ਇਹ ਐ-!" ਬਾਈ ਬਰਾੜ ਨੇ ਉੱਤਰ ਦੇਣਾ ਸ਼ੁਰੂ ਕੀਤਾ, "ਜਦੋਂ ਜੁਆਕਾਂ ਨੂੰ ਗੁਰਦੁਆਰੇ ਜਾਣ ਲਈ ਕਹੀਏ, ਕੰਜਰ ਦੇ 'ਬੋਰਿੰਗ-ਬੋਰਿੰਗ' ਦਾ ਰੌਲ਼ਾ ਪਾਉਣ ਲੱਗ ਜਾਣਗੇ-ਦੱਸੋ ਕੀ ਕਰੀਏ?"
-"ਗੱਲ ਬਰਾੜ ਸਾਹਬ ਇਹ ਐ-ਮੇਰਾ ਦੋਸਤ ਗੁਰੂ ਘਰ ਦਾ ਬੜਾ ਸ਼ਰਧਾਲੂ ਐ-ਉਹ ਆਪਣੀ ਘਰਆਲ਼ੀ ਤੇ ਬੱਚਿਆਂ ਨੂੰ ਵੀ ਗੁਰਦੁਆਰੇ ਲੈ ਜਾਂਦੈ-ਹੁਣ ਉਹਦੀ ਗਿਆਰਾਂ ਕੁ ਸਾਲ ਦੀ ਕੁੜੀ ਗੁਰਦੁਆਰੇ ਨ੍ਹੀ ਜਾਂਦੀ!"
-"ਕਿਉਂ ਕੀ ਗੱਲ....?" ਫ਼ੌਜੀ ਨੇ ਕਾਰਨ ਜਾਨਣ ਲਈ ਕੰਨ ਸਹੇ ਵਾਂਗ ਚੁੱਕ ਲਏ।
-"ਗੱਲ ਇਹ ਐ ਬਈ ਆਪਣੇ ਇਹ ਜੁਆਕ ਵੀ ਗਲਤ ਨ੍ਹੀ...! ਉਹ ਕੁੜੀ ਕਿਤੇ ਇਕ ਦੋ ਆਰੀ ਪੈਂਟ ਪਾ ਕੇ ਗੁਰਦੁਆਰੇ ਚਲੀ ਗਈ-ਤੇ ਉਹਨਾਂ ਦੀ ਗੁਆਂਢਣ ਨੇ ਈ ਕੁੜੀ ਦੀ ਇੰਟਰਵਿਊ ਲੈਣੀਂ ਸ਼ੁਰੂ ਕਰਤੀ-ਅਖੇ, ਤੂੰ ਪੈਂਟ ਪਾ ਕੇ ਗੁਰਦੁਆਰੇ ਕਿਉਂ ਆਉਨੀ ਐਂ? ਸੂਟ ਕਿਉਂ ਨ੍ਹੀ ਪਾਉਂਦੀ? ਕੁੜੀ ਨੇ ਵੀ ਠੋਕ ਕੇ ਉਤਰ ਦਿੱਤਾ-ਉਹ ਕਹਿੰਦੀ, ਮੈਂ ਗੁਰਦੁਆਰੇ ਮੱਥਾ ਟੇਕਣ ਤੇ ਗੁਰਬਾਣੀ ਕੀਰਤਨ ਸੁਣਨ ਆਉਨੀ ਐਂ-ਨਾ ਕਿ ਪੈਂਟਾਂ ਜਾਂ ਸੂਟ ਦਿਖਾਉਣ! ਓਸ ਦਿਨ ਤੋਂ ਕੁੜੀ ਦੇ ਮਨ 'ਚ ਐਸੀ ਕਿਰਕ ਬੈਠੀ-ਉਹਨੇ ਗੁਰਦੁਆਰੇ ਜਾਣਾ ਈ ਬੰਦ ਕਰਤਾ! ਕਹਿੰਦੀ, ਉਥੇ ਲੋਕ ਗੁਰੂ ਦੇ ਦਰਸ਼ਣ ਕਰਨ ਆਉਂਦੇ ਐ ਕਿ ਇਕ ਦੂਜੇ ਦੇ ਸੂਟ-ਪੈਂਟਾਂ ਦੀ ਨਿਰਖ ਪਰਖ਼ ਜਾਂ ਆਲੋਚਨਾ ਕਰਨ? ਹੁਣ ਦੱਸੋ, ਜਦੋਂ ਆਪਣੇ ਲੋਕ ਈ ਨ੍ਹੀ ਟੀਕਾ ਟਿੱਪਣੀ ਕਰਨੋਂ ਹੱਟਦੇ, ਤਾਂ ਕੁੜੀ ਕਿਹੜੇ ਪੱਖ ਤੋਂ ਗਲਤ ਐ?" ਭਲਵਾਨ ਨੇ ਗੱਲ ਪੂਰੀ ਕਰ ਕੇ ਸੌਖ ਜਿਹੀ ਮਹਿਸੂਸ ਕੀਤੀ।
-"ਕੁੜੀ ਕਿਸੇ ਪੱਖੋਂ ਵੀ ਗਲਤ ਨਹੀਂ! ਗਲਤ ਤਾਂ ਅਗਲੀ ਦਾ ਕਾਣ ਪਰਖਣ ਆ਼ਲੇ ਐ! ਐਥੋਂ ਦੇ ਜੁਆਕ ਬਾਈ ਆਪਣੇ ਅਰਗੇ ਪਾਖੰਡੀ ਨ੍ਹੀ! ਜੁਆਕ ਜਿੰਨੇ ਕੁ ਹੈਗੇ ਐ, ਇਮਾਨਦਾਰ ਐ! ਪੁੱਛਣ ਆਲ਼ੀ ਨੂੰ ਪੁੱਛੇ ਬਈ ਤੂੰ ਦੱਸ ਕੀ ਲੈਣੈਂ? ਕੁੜੀ ਚਾਹੇ ਪੈਂਟ ਪਾ ਕੇ ਗੁਰੂ ਘਰ ਆਵੇ-ਚਾਹੇ ਸਲਵਾਰ ਕਮੀਜ਼! ਤੇਰੇ ਦੱਸ ਕੀ ਸੂਲ ਹੁੰਦੈ?" ਬਾਬਾ ਅਜਮੇਰ ਤਾਅ ਖਾ ਗਿਆ ਸੀ।
-"ਗਲਤੀਆਂ ਭਾਅ ਜੀ ਸਾਡੇ 'ਚ ਐ! ਜੇ ਸਾਡੇ ਜੁਆਕ ਗੁਰਦੁਆਰੇ ਜਾਂ ਮੰਦਰ ਜਾਂਦੇ ਐ-ਸਾਨੂੰ ਰੱਬ ਦੇ ਸ਼ੁਕਰ ਗੁਜ਼ਾਰ ਹੋਣਾ ਚਾਹੀਦੈ-ਨਾ ਕਿ ਜੁਆਕਾਂ 'ਚ ਨਿਘੋਚਾਂ ਕੱਢਣੀਆਂ ਚਾਹੀਦੀਐਂ!" ਬਾਈ ਅਜੀਤ ਸਿੰਘ ਬਰਾੜ ਬੋਲਿਆ।
-"ਸਾਡੀ ਤਾਂ ਬਾਈ ਬਰਾੜਾ ਉਹ ਗੱਲ ਐ-ਬਈ ਆਬਦੀਆਂ ਕੱਛ 'ਚ ਤੇ ਦੂਜਿਆਂ ਦੀਆਂ ਹੱਥ 'ਚ!" 
-"ਚਲੋ ਬਈ ਚਰਚ ਆਲ਼ੇ ਘੜ੍ਹਿਆਲ਼ ਨੇ ਸੱਤ ਵਜਾਤੇ!" ਕਾਮਰੇਡ ਨੇ ਜਾਣ ਦਾ ਚੇਤਾ ਕਰਵਾਇਆ।
-"ਤੇਰੀ ਨੂੰਹ ਨੇ ਰੋਟੀ ਨ੍ਹੀ ਦੇਣੀਂ ਕਾਮਰੇਡਾ! ਲੇਟ ਹੋ ਗਿਆ ਤਾਂ ਚਿੜ-ਚਿੜ ਕਰੂ!" ਟੱਲੇਵਾਲੀਆ ਹਰਚੰਦ ਪੁਕਾਰ ਉਠਿਆ।
-"ਟੈਮ ਦਾ ਪਾਬੰਦ ਈ ਰਹਿਣਾ ਚਾਹੀਦੈ ਭਾਈ-ਫੇਰ ਵੀ ਵਲੈਤ 'ਚ ਬੈਠੇ ਐਂ!" ਭਲਵਾਨ ਨੇ ਕਿਹਾ।
-"ਆਪਾਂ ਚਾਹੇ ਵਲੈਤ ਛੱਡ ਚੰਦ 'ਤੇ ਜਾ ਵੜੀਏ ਟੱਲੇਆਲ਼ੀਆ! ਪਰ ਆਪਣੀ ਘੀਸੀ ਕਰਨ ਦੀ ਆਦਤ ਨ੍ਹੀ ਜਾਣੀ!" ਆਖ ਕੇ ਫ਼ੌਜੀ ਨੇ ਬੀਅਰ ਖਰੀ ਕਰ ਲਈ। 
-"ਗੱਲ ਸਹੀ ਐ ਯਾਰ!" ਸੁੱਖਾ ਬੋਲਿਆ। 
-"ਮੇਰੇ ਘਰਆਲ਼ੀ ਕੰਜਰ ਦੀ ਨਿੱਤ ਛੋਲਿਆਂ ਦੀ ਦਾਲ਼ ਧਰ ਲੈਂਦੀ ਐ-ਮੈਂ ਕਿਹਾ ਤੂੰ ਓਨਾ ਚਿਰ ਮੈਨੂੰ ਛੋਲਿਆਂ ਦੀ ਦਾਲ ਖੁਆਉਣੋਂ ਨ੍ਹੀ ਹੱਟਦੀ-ਜਿੰਨਾਂ ਚਿਰ ਮੈਂ ਹਿਣਕਣ ਨ੍ਹੀ ਲੱਗਦਾ!" ਫ਼ੌਜੀ ਦੇ ਆਖਣ 'ਤੇ ਹਾਸੜ ਮੱਚ ਗਈ।
-"ਤੈਨੂੰ ਬਈ ਹਰਦੇਵ ਸਿਆਂ ਕੰਮ ਕਾਰ ਮਿਲਿਆ ਕਿ ਨਹੀਂ ਕੋਈ?" ਕਾਮਰੇਡ ਨੇ ਹਰਦੇਵ ਨੂੰ ਪੁੱਛਿਆ। 
-"ਨਹੀਂ ਕਾਮਰੇਡ, ਅਜੇ ਤਾਂ ਮਿਲਿਆ ਨਹੀਂ! ਪਰ ਫ਼ਾਰਮ ਭਰਿਆ ਹੋਇਐ।" ਹਰਦੇਵ ਜਿਵੇਂ ਭੋਰੇ 'ਚੋਂ ਬੋਲਿਆ ਸੀ।
-"ਯਾਰ ਕੱਚੇ ਬੰਦੇ ਨੂੰ ਕੰਮ ਨਾ ਮਿਲ਼ੇ-ਇਹ ਇਕ ਵੱਖਰੀ ਗੱਲ ਐ-ਪਰ ਪੱਕੇ ਨੂੰ ਵੀ ਕੰਮ ਨ੍ਹੀ ਮਿਲਦਾ?" ਸੁੱਖਾ ਹੈਰਾਨ ਸੀ।
-"ਜੇ ਕੰਮ ਹੋਊ-ਤਾਂ ਹੀ ਦੇਣਗੇ?" ਬਰਾੜ ਬੋਲਿਆ।
-"ਕੋਈ ਗੱਲ ਨੀ ਸ਼ੇਰਾ! ਮਿਲ਼ਜੂ ਕੰਮ! ਫਿ਼ਕਰ ਫ਼ਾਕਾ ਨਹੀਂ ਕਰੀਦਾ ਹੁੰਦਾ!"
-"ਇਹਨੂੰ ਫਿ਼ਕਰ ਕਾਹਦੈ? ਘਰਆਲ਼ੀ ਕੰਮ ਕਰਦੀ ਐ! ਐਸ਼ ਕਰੇ! ਸਾਰੀ ਉਮਰ ਕੰਮ ਈ ਕਰਨੈਂ?"
-"ਘਰੇ ਬਾਈ ਜੀ ਟਾਈਮ ਵੀ ਨਹੀਂ ਨਿਕਲਦਾ-ਆਹ ਪਾਰਕ 'ਚ ਆ ਕੇ ਵਕਤ ਧੱਕ ਛੱਡੀਦੈ।" ਹਰਦੇਵ ਨੇ ਕਿਹਾ।
-"ਉਏ ਤੇਰੇ ਕੋਲ਼ੇ ਤਾਂ ਘਰੇ ਮਸ਼ੀਨ ਐਂ-ਚਲਾ ਲਿਆ ਕਰ! ਟੈਮ ਤਾਂ ਸਾਡੇ ਅਰਗਿਆਂ ਦਾ ਨ੍ਹੀ ਨਿਕਲਦਾ-ਜਿਹੜੇ ਉਠ ਦੀ ਪੂਛ ਅਰਗੇ ਲੰਡੇ ਈ ਫਿਰਦੇ ਐਂ।" ਬਾਬੇ ਨੇ ਆਖ ਕੇ ਭੜ੍ਹਾਸ ਕੱਢ ਲਈ।
-"ਮਸ਼ੀਨ ਨੂੰ ਇਹਦੇ ਚਿੜੇ ਖਾਧੇ ਵੇ ਐ?"
ਹਾਸੜ ਮੱਚ ਗਈ।
-"ਚਲੋ ਬਈ! ਗੱਲਾਂ ਤੁਸੀਂ ਹੋਰ ਈ ਪਾਸੇ ਨੂੰ ਤੋਰ ਕੇ ਬਹਿ ਜਾਨੇ ਓਂ? ਨਾ ਚੜ੍ਹੀਦੀ-ਨਾ ਲੱਥੀਦੀ!" ਕਾਮਰੇਡ ਨੇ ਤਰਕ ਲਾਈ।
-"ਹੋਰ ਅਸੀਂ ਡੱਬੇ ਪੀ ਕੇ ਪਾਠ ਕਰਨ ਲੱਗ ਜਿਆ ਕਰੀਏ, ਕਾਮਰੇਟਾ? ਜਾਂ ਥੋਡੇ ਆਲ਼ੀ ਲਾਲ ਸਲਾਮ ਬਲਾਉਣ ਲੱਗਜੀਏ?" ਸੁੱਖੇ ਨੇ ਵੀ ਨਾਲ ਹੀ ਉਤਰ ਮੋੜਿਆ।
-"ਚਲੋ ਕਮਲ਼ ਨਾ ਮਾਰੋ...!" ਕਾਮਰੇਡ ਉਠਿਆ ਤਾਂ ਸਾਰੇ ਹੀ ਉਠ ਕੇ ਨਾਲ਼ ਤੁਰ ਪਏ ਅਤੇ ਪਾਰਕ ਵਾਲਾ ਮੇਲਾ ਵਿਛੜ ਗਿਆ! ਉਦਾਸ ਜਿਹਾ ਹਰਦੇਵ ਵੀ ਉਹਨਾਂ ਦੇ ਮਗਰ ਲੱਗ ਤੁਰਿਆ। 

ਬਾਕੀ ਅਗਲੇ ਹਫ਼ਤੇ....