ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 12)

ਮਹੀਨੇ ਕੁ ਬਾਅਦ ਹਰਦੇਵ ਨੂੰ ਫ਼ਰਮ ਦੀ ਚਿੱਠੀ ਆ ਗਈ।
ਹਰਦੇਵ ਲਈ ਉਹਨਾਂ ਕੋਲ਼ ਸਿਰਫ਼ ਕਰਿਸਮਿਸ ਕੈਯੂਅਲ ਜੌਬ ਸੀ! ਉਹ ਵੀ ਸਿਰਫ਼ ਤਿੰਨ ਹਫ਼ਤਿਆਂ ਲਈ। ਉਸ ਨੇ ਮੀਤੀ ਨਾਲ਼ ਸਲਾਹ ਕੀਤੀ। ਮੀਤੀ ਨੇ ਉਸ ਨੂੰ ਕੰਮ 'ਤੇ ਜਾਣ ਦੀ ਸਲਾਹ ਦਿੱਤੀ। ਉਸ ਨੇ ਸੋਚਿਆ ਕਿ ਹਰਦੇਵ ਘਰ ਵੀ ਕੀ ਕਰਦਾ ਹੈ? ਸਾਰੀ ਦਿਹਾੜੀ ਬੰਦਾ ਘਰੇ ਬੈਠਾ ਵੀ ਬੋਰ ਹੋ ਜਾਂਦਾ ਹੈ। ਵੀਹ ਸੋਚਾਂ ਸੋਚਦਾ ਹੈ। ਵਿਹਲਾ ਮਨ ਸ਼ੈਤਾਨ ਦਾ ਘਰ! ਚਲੋ ਤਿੰਨ ਹਫ਼ਤੇ ਹੀ ਕੰਮ ਕਰੇਗਾ, ਕੁਛ ਨਾ ਕੁਛ ਘਰੇ ਆਵੇਗਾ ਹੀ! ਨਾਲੇ ਚਾਰ ਅੱਖਰ ਅੰਗਰੇਜ਼ੀ ਦੇ ਸਿੱਖ ਜਾਵੇਗਾ। ਬਾਪੂ ਜਾਗਰ ਸਿੰਘ ਨੂੰ ਚਾਰ ਪੈਸੇ ਭੇਜ ਦੇਵੇਗਾ। ਉਸ ਦੀ ਕਬੀਲਦਾਰੀ ਹੌਲ਼ੀ ਹੋਵੇਗੀ। ਹੋਰ ਨਹੀਂ ਤਾਂ ਤਿੰਨ ਹਫ਼ਤੇ ਹੀ ਸਹੀ! ਹੋ ਸਕਦੈ ਕਿ ਉਹ ਹਰਦੇਵ ਦੇ ਕੰਮ ਤੋਂ ਖ਼ੁਸ਼ ਹੋ ਕੇ ਉਸ ਨੂੰ ਕੋਈ ਪੱਕੀ ਜੌਬ ਹੀ ਦੇ ਦੇਣ? ਬੰਦੇ ਨੂੰ ਆਸ ਬੱਝੀ ਰਹਿੰਦੀ ਹੈ।
ਹਰਦੇਵ ਕੰਮ 'ਤੇ ਜਾਣ ਲੱਗ ਪਿਆ।
ਫ਼ਰਮ ਇੱਕੋ ਹੀ ਸੀ। ਪਰ ਉਹ ਮੀਤੀ ਵਾਲ਼ੀ ਇਮਾਰਤ ਛੱਡ, ਦੂਜੀ ਇਮਾਰਤ ਵਿਚ ਕੰਮ ਕਰਦਾ ਸੀ। ਕੰਮ ਕੋਈ ਬਹੁਤਾ ਭਾਰਾ ਨਹੀਂ ਸੀ। ਪਰ ਤੇਜ਼ੀ ਵਾਲ਼ਾ ਜ਼ਰੂਰ ਸੀ। ਹਰਦੇਵ ਕੰਮ ਦੇ ਗੇੜੇ ਖੁਆਈ ਰੱਖਦਾ। ਪੂਰੇ ਤਿੰਨ ਹਫ਼ਤੇ ਉਸ ਨੇ ਬਗੈਰ ਛੁੱਟੀ ਤੋਂ ਦੇਹ ਤੋੜ ਕੇ ਕੰਮ ਕੀਤਾ। ਨਿਗਰਾਨ ਗੋਰਾ ਹਰਦੇਵ 'ਤੇ ਅਥਾਹ ਖ਼ੁਸ਼ ਸੀ। ਨਹੀਂ ਤਾਂ ਇੰਗਲੈਂਡ ਦੇ ਗੋਰੇ ਦੇਸੀਆਂ ਨੂੰ ਦੇਖ ਕੇ ਸੜ ਬਲ਼ ਜਾਂਦੇ ਨੇ। ਉਹ ਵੀ ਉਦੋਂ, ਜਦੋਂ ਦੇਸੀ ਭਾਈ ਉਹਨਾਂ ਤੋਂ ਅੱਗੇ ਲੰਘਦਾ ਹੋਵੇ! ਪਰ ਸੁਪਰਵਾਈਜ਼ਰ ਗੋਰਾ ਜੌਨ ਉਸ 'ਤੇ ਬਾਗੋਬਾਗ ਸੀ। ਹਰਦੇਵ ਮਾੜੀ ਮੋਟੀ ਅੰਗਰੇਜ਼ੀ ਸਮਝਦਾ ਸੀ। ਬਹੁਤੀ ਅੰਗਰੇਜ਼ੀ ਦੀ ਉਸ ਨੂੰ ਲੋੜ ਨਹੀਂ ਸੀ। ਬੱਸ, ਉਹ ਹਮਕੋ-ਤੁਮਕੋ ਕਰ ਕੇ ਆਪਣੀ ਗੱਡੀ
ਰੋੜ੍ਹੀ ਫਿਰਦਾ! ਗੋਰਾ ਸੁਪਰਵਾਈਜ਼ਰ ਜੌਨ ਵੀ ਉਸ ਦੀ 'ਯੈੱਸ-ਨੋਅ' ਸਮਝਣ ਲੱਗ ਪਿਆ ਸੀ। ਹਰਦੇਵ ਵੀ ਜੌਨ ਦੀ ਨਬਜ਼ ਪਛਾਨਣ ਲੱਗ ਪਿਆ ਸੀ। ਦੋਨੋਂ ਧੂੜ 'ਚ ਟੱਟੂ ਰਲ਼ਾਈ ਰੱਖਦੇ। ਹਰਦੇਵ ਉਸ ਨੂੰ ਚਾਹ ਜਾਂ ਕੌਫ਼ੀ ਲਿਆ ਫੜਾਉਂਦਾ। ਜੌਨ 'ਥੈਂਕਯੂ-ਥੈਂਕਯੂ' ਕਰਦਾ ਉਸ ਨੂੰ ਥਾਪੀਆਂ ਦਿੰਦਾ ਰਹਿੰਦਾ! ਜਿੱਤ ਦੇ ਅੰਗੂਠੇ ਦਿਖਾਉਂਦਾ ਰਹਿੰਦਾ।
ਕਰਿਸਮਿਸ ਬੀਤ ਗਈ।
ਨਵਾਂ ਸਾਲ ਲੰਘ ਗਿਆ।
ਜਦ ਤਿੰਨ ਹਫ਼ਤੇ ਪੂਰੇ ਹੋ ਗਏ ਤਾਂ ਹਰਦੇਵ ਨੇ ਇਕ ਦਿਨ ਮੀਤੀ ਨੂੰ ਨਾਲ਼ ਲਿਜਾ ਕੇ ਗੋਰੇ ਸੁਪਰਵਾਈਜ਼ਰ ਜੌਨ ਨਾਲ਼ ਗੱਲ ਕੀਤੀ। ਜੌਨ ਹਰਦੇਵ ਦੇ ਕੰਮ ਤੋਂ ਤਾਂ ਪੂਰਾ ਸੰਤੁਸ਼ਟ ਸੀ, ਖ਼ੁਸ਼ ਸੀ। ਪਰ ਅੱਗੇ ਜੌਬ ਦੇਣ ਜਾਂ ਦਿਵਾਉਣ ਲਈ ਉਹ ਅਸਮਰੱਥ ਸੀ। ਉਸ ਨੇ ਮੀਤੀ ਨਾਲ਼ ਵਾਅਦਾ ਕੀਤਾ ਕਿ ਉਹ ਆਪਣੇ ਮੈਨੇਜਰ ਨਾਲ਼ ਗੱਲ ਕਰੇਗਾ। ਪਰ ਮੈਨੇਜਰ ਕੋਲ ਕੋਈ ਜੌਬ ਖਾਲੀ ਨਹੀਂ ਸੀ। ਛੁੱਟੀਆਂ ਤੋਂ ਬਾਅਦ ਫ਼ਰਮ ਦੇ ਸਾਰੇ ਪੁਰਾਣੇ ਕਾਮੇ ਆਪੋ ਆਪਣੇ ਕੰਮਾਂ 'ਤੇ ਆ ਚੁੱਕੇ ਸਨ। ਉਹ ਕਿਸ ਨੂੰ ਕੰਮ ਤੋਂ ਕੱਢਦਾ?
ਹਰਦੇਵ ਹਫ਼ਤਾ ਵਿਹਲਾ ਰਿਹਾ। ਪਰ ਉਹ ਜੌਨ ਕੋਲ਼ ਹਰ ਰੋਜ ਵਾਂਗ ਹੀ ਗੇੜਾ ਮਾਰਦਾ। ਉਸ ਨੂੰ ਕੌਫ਼ੀ ਪਿਆਉਂਦਾ। 'ਯੂ-ਮੀ' ਕਰਦਾ ਅਤੇ ਮੁੜ ਆਉਂਦਾ। ਇਕ ਦਿਨ ਜੌਨ ਨੇ ਉਸ ਤੋਂ ਉਸ ਦਾ ਫ਼ੋਨ ਨੰਬਰ ਅਤੇ ਐਡਰੈਸ ਮੰਗ ਲਿਆ। ਜੋ ਹਰਦੇਵ ਨੇ ਲਿਖ ਦਿੱਤਾ। ਤੀਜੇ ਕੁ ਦਿਨ ਜੌਨ ਸ਼ਾਮ ਨੂੰ ਹਰਦੇਵ ਦੇ ਘਰ ਹੀ ਆ ਵੱਜਿਆ। ਉਸ ਦੇ ਨਾਲ਼ ਇਕ ਹੋਰ ਗੋਰਾ ਸੀ।
ਹਰਦੇਵ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਪਰ ਮੀਤੀ ਬੇਸਮੈਂਟ ਵਿਚ ਰਹਿਣ ਕਾਰਨ ਸ਼ਰਮ ਖਾ ਗਈ। ਮੀਤੀ ਦੇ ਮਨ ਅਨੁਸਾਰ ਬੇਸਮੈਂਟ ਵਿਚ ਰਹਿਣ ਵਾਲਿ਼ਆਂ ਨੂੰ ਇੱਥੋਂ ਦੀ ਦੁਨੀਆਂ ਬਹੁਤੇ ਇੱਜ਼ਤਦਾਰ ਨਹੀਂ ਸਮਝਦੀ ਸੀ। ਪਰ ਇਹ ਭਰਮ ਦੇਸੀ ਹੀ ਪਾਲ਼ਦੇ ਨੇ! ਗੋਰਿਆਂ ਦੇ ਮਨ ਵਿਚ ਕੋਈ ਸ਼ਰਮ ਜਾਂ ਭਰਮ ਨਹੀਂ! ਗੋਰੇ ਫ਼ੋਕੀ ਸ਼ੁਹਰਤ ਵਿਚ ਵਿਸ਼ਵਾਸ਼ ਨਹੀਂ ਰੱਖਦੇ। ਉਹ ਤਾਂ ਜੋ ਹਨ, ਉਸ ਵਿਚ ਹੀ ਸੰਤੁਸ਼ਟੀ ਮਹਿਸੂਸ ਕਰਦੇ ਹਨ। ਤਸੱਲੀ ਮੰਨਦੇ ਹਨ। ਪਰ ਆਪਣੇ ਦੇਸੀ ਪ੍ਰੀਵਾਰ ਘਰ ਫ਼ੂਕ ਕੇ ਤਮਾਸ਼ਾ ਦੇਖਣ ਦੇ ਸ਼ੌਕੀਨ ਹਨ। ਕੁੱਲੀ 'ਚ ਚਾਹੇ ਕੱਖ ਨਾ ਰਹੇ। ਪਰ ਰਹਿਣਾ ਠਾਠ ਨਾਲ਼ ਹੈ! ਸਿਰਫ਼ ਦਿਖਾਵੇ ਦੀ ਠਾਠ! ਹਰਦੇਵ ਦੋਨੋਂ ਗੋਰਿਆਂ ਲਈ ਫ਼ਰਿੱਜ 'ਚੋਂ ਬੀਅਰਾਂ ਦੇ ਡੱਬੇ ਕੱਢ ਲਿਆਇਆ।
ਜੌਨ ਨੇ ਮੀਤੀ ਨਾਲ਼ ਗੱਲ ਕੀਤੀ ਅਤੇ ਆਪਣੇ ਮਿੱਤਰ ਦੀ ਜਾਣ ਪਹਿਚਾਣ 'ਮਾਈਕਲ' ਆਖ ਕੇ ਕਰਵਾਈ। ਉਸ ਨੇ ਇਹ ਵੀ ਦੱਸਿਆ ਕਿ ਮਾਈਕਲ ਮੇਰਾ ਮਿੱਤਰ ਹੈ। ਇਹ ਆਪ ਬੜਾ ਵਧੀਆ ਬਿਲਡਰ ਹੈ ਅਤੇ ਇਸ ਦੀ ਆਪਣੀ ਹੀ ਨਿੱਕੀ ਜਿਹੀ ਫ਼ਰਮ ਹੈ। ਅਗਰ ਹਰਦੇਵ ਮਾਈਕਲ ਨਾਲ਼ ਕੰਮ ਕਰਨਾ ਚਾਹੇ, ਤਾਂ ਉਹ ਹਰਦੇਵ ਨੂੰ ਬਿਲਡਰ ਦਾ ਕੰਮ ਸਿਖਾ ਵੀ ਦੇਵੇਗਾ ਅਤੇ ਸਮਾਂ ਪਾ ਕੇ ਹਰਦੇਵ ਆਪਣਾ ਕੰਮ ਆਪ ਕਰਨ ਲੱਗ ਜਾਵੇਗਾ। ਜੇ ਜੇਬ ਨੇ ਇਜਾਜ਼ਤ ਦਿੱਤੀ ਤਾਂ ਆਪਣਾ ਕੰਮ ਵੀ ਖੋਲ੍ਹ ਸਕਦਾ ਹੈ। ਜੌਨ ਨੇ ਇਹ ਵੀ ਆਖਿਆ ਕਿ ਉਹ ਹਰਦੇਵ ਦੇ ਕੰਮ ਤੋਂ ਬਹੁਤ ਹੀ ਪ੍ਰਭਾਵਿਤ ਹੈ। ਉਸ ਨੂੰ ਅਫ਼ਸੋਸ ਹੈ ਕਿ ਉਹ ਉਸ ਨੂੰ ਆਪਣੀ ਫ਼ਰਮ ਵਿਚ ਕੰਮ ਦਿਵਾਉਣ ਵਿਚ ਸਫ਼ਲ ਨਹੀਂ ਹੋ ਸਕਿਆ। ਕਿਉਂਕਿ ਫ਼ਰਮ ਵਿਚ ਕੋਈ ਜਗਾਹ ਹੀ ਖਾਲੀ ਨਹੀਂ। ਪਰ ਉਸ ਨੇ ਹਰਦੇਵ ਦੀ ਮੱਦਦ ਲਈ ਆਪਣੇ ਦੋਸਤ ਮਾਈਕਲ ਨਾਲ਼ ਗੱਲ ਕੀਤੀ ਕਿ ਹਰਦੇਵ ਬੜਾ ਲਾਇਕ ਮੁੰਡਾ ਹੈ। ਇਮਾਨਦਾਰ ਕਾਮਾ ਹੈ। ਅਗਰ ਉਹ ਇਸ ਦੀ ਮੱਦਦ ਕਰ ਸਕੇ, ਤਾਂ ਹਰਦੇਵ ਦੀ ਜਿ਼ੰਮੇਵਾਰੀ ਉਹ ਆਪ ਚੁੱਕਦਾ ਹੈ।
ਖ਼ੈਰ! ਹਰਦੇਵ ਮਾਈਕਲ ਨਾਲ਼ ਕੰਮ 'ਤੇ ਜਾਣ ਲੱਗ ਪਿਆ। ਮਾਈਕਲ ਉਸ ਨੂੰ ਪੱਚੀ ਪੌਂਡ ਦਿਹਾੜੀ ਦੇ ਦਿੰਦਾ ਸੀ। ਮਾਈਕਲ ਉਸ ਨੂੰ ਸਵੇਰੇ ਸੱਤ ਵਜੇ ਘਰੋਂ ਆਪਣੀ ਕਾਰ 'ਤੇ ਚੁੱਕਦਾ ਅਤੇ ਸ਼ਾਮ ਨੂੰ ਛੇ ਕੁ ਵਜੇ ਘਰ ਕੋਲ਼ ਹੀ ਉਤਾਰ ਦਿੰਦਾ। ਕੰਮ ਨੂੰ ਹਰਦੇਵ 'ਨ੍ਹੇਰੀ ਸੀ। ਜਿਹੜਾ ਕੰਮ ਵੀ ਮਾਈਕਲ ਦੱਸਦਾ, ਉਹ ਕੀਤਾ ਹੀ ਪਿਆ ਹੁੰਦਾ।
ਹੁਣ ਮਾਈਕਲ ਨੇ ਹਰਦੇਵ ਨੂੰ ਬਿਲਡਰ ਦੇ ਸਾਰੇ ਢੰਗ ਤਰੀਕੇ ਸਿਖਾਉਣੇ ਸ਼ੁਰੂ ਕਰ ਦਿੱਤੇ। ਬਿਲਡਰ ਦੇ ਕੰਮ ਦੀਆਂ ਬਰੀਕੀਆਂ ਸਮਝਾਉਣੀਆਂ ਸ਼ੁਰੂ ਕਰ ਦਿੱਤੀਆਂ। ਮਾਈਕਲ ਹਰਦੇਵ ਨੂੰ ਦੇਸੀ ਬੰਦਾ ਨਹੀਂ, ਆਪਣੇ ਸਕੇ ਭਰਾ ਵਾਂਗ ਸਮਝਦਾ ਸੀ। ਉਹ ਇਕੱਠੇ 'ਬਰੇਕ' ਅਤੇ ਇਕੱਠੇ ਹੀ 'ਲੰਚ' ਕਰਦੇ। ਕਦੇ ਕਦੇ ਮਾਈਕਲ ਹਰਦੇਵ ਨੂੰ ਕਿਸੇ ਪੱਬ ਵਿਚ ਲੈ ਜਾਂਦਾ। ਉਹ ਸ਼ਾਮ ਦਾ ਖਾਣਾ ਵੀ ਉਥੇ ਹੀ ਖਾਂਦੇ। ਮਾਈਕਲ ਹਰਦੇਵ ਨੂੰ ਪਿਆਰ ਨਾਲ਼ "ਡੇਵ" ਹੀ ਦੱਸਦਾ।
ਹੁਣ ਤਾਂ ਮਾਈਕਲ ਕਦੇ ਕਦੇ ਸਾਰਾ ਕੰਮ ਇਕੱਲੇ ਹਰਦੇਵ ਦੇ ਸਿਰ 'ਤੇ ਛੱਡ ਕੇ ਆਪ ਛੁੱਟੀਆਂ ਮਨਾਉਣ ਚਲਾ ਜਾਂਦਾ। ਪੰਜ ਕੁ ਬੰਦੇ ਮਾਈਕਲ ਕੋਲ਼ ਕੰਮ ਕਰਦੇ ਸਨ। ਜਾਂ ਫਿਰ ਮਾਈਕਲ ਸਵੇਰੇ ਬੰਦਿਆਂ ਨੂੰ ਕੰਮ 'ਤੇ ਲਾ ਕੇ ਆਪ ਪ੍ਰੀਵਾਰ ਨਾਲ਼ 'ਪਿਕਨਿਕ' 'ਤੇ ਤੁਰ ਜਾਦਾ। ਆਪਣੇ ਘਰਵਾਲ਼ੀ ਅਤੇ ਬੱਚਿਆਂ ਨਾਲ਼ ਘੁੰਮਦਾ ਫਿਰਦਾ। ਹਰਦੇਵ ਦੇ ਸਿਰ 'ਤੇ ਪਿੱਛੇ ਕੰਮ ਦਾ ਉਸ ਨੂੰ ਕੋਈ ਫਿ਼ਕਰ ਨਾ ਰਹਿੰਦਾ। ਹੁਣ ਤਾਂ ਹਰਦੇਵ ਐਸਟੀਮੇਟ ਵੀ ਲਾਉਣ ਸਿੱਖ ਗਿਆ ਸੀ ਅਤੇ ਸਰਵੇ ਵੀ ਕਰ, ਕਰਵਾ ਲੈਂਦਾ। ਗੱਲ ਕੀ? ਮਾਈਕਲ ਦੀ ਮਿਹਰਬਾਨੀ ਸਦਕਾ ਹੁਣ ਹਰਦੇਵ ਇਕ ਵਧੀਆ ਅਸਿੱਸਟੈਂਟ ਬਿਲਡਰ ਬਣ ਗਿਆ ਸੀ!
ਆਪਣੀ ਲੋੜ ਤੋਂ ਵੀ ਵੱਧ ਅੰਗਰੇਜ਼ੀ ਹਰਦੇਵ ਦੀ ਪਕੜ ਵਿਚ ਆ ਚੁੱਕੀ ਸੀ। ਕਿਉਂਕਿ ਉਹ ਰਹਿੰਦਾ ਹਮੇਸ਼ਾ ਗੋਰੇ ਮਾਈਕਲ ਨਾਲ਼ ਸੀ। ਹੁਣ ਹਰਦੇਵ ਅਤੇ ਮਾਈਕਲ ਨੇ ਦੋ-ਦੋ ਕੰਮ ਲੈਣੇ ਸ਼ੁਰੂ ਕਰ ਦਿੱਤੇ ਅਤੇ ਪੰਜ ਨਵੇਂ ਬੰਦੇ ਹੋਰ ਰੱਖ ਲਏ। ਇਕ ਕੰਮ ਦੀ ਨਿਗਰਾਨੀ ਹਰਦੇਵ ਕਰਦਾ ਅਤੇ ਦੂਜੇ ਕੰਮ ਦੀ ਮਾਈਕਲ! ਉਹਨਾਂ ਦਾ ਢਾਂਚਾ ਹੁਣ ਰੁੜ੍ਹਿਆ ਨਹੀਂ, ਹੁਣ ਤਾਂ ਇਕ ਤਰ੍ਹਾਂ ਨਾਲ਼ ਛੱਤਣੀਂ ਚੜ੍ਹ ਗਿਆ ਸੀ।
ਹਰਦੇਵ ਨੂੰ ਹੁਣ ਤਿੰਨ-ਤਿੰਨ ਹਜ਼ਾਰ ਪੌਂਡ ਮਹੀਨੇ ਦਾ ਬਣਨ ਲੱਗ ਪਿਆ। ਹੁਣ ਉਹ ਦੇਸੀ ਮੁੰਡਿਆਂ ਨਾਲ਼ ਵੀ ਅੱਧੀ ਅੰਗਰੇਜ਼ੀ ਬੋਲਦਾ। ਉਹਨਾਂ ਨੂੰ ਭਾਸ਼ਾ 'ਕਵਰ' ਕਰਨ ਲਈ ਪ੍ਰੇਰਦਾ। ਪੈਂਦੀ ਸੱਟੇ ਉਸ ਨੇ ਛੇ ਹਜ਼ਾਰ ਪੌਂਡ ਬਾਪੂ ਨੂੰ ਭੇਜ ਦਿੱਤਾ। ਮੀਤੀ ਨੂੰ ਨਾ ਤਾਂ ਉਸ ਨੇ ਦੱਸਿਆ ਸੀ ਅਤੇ ਨਾ ਹੀ ਦੱਸਣ ਦੀ ਲੋੜ ਸਮਝੀ ਸੀ। ਜਦ ਮੀਤੀ ਨੂੰ ਪਤਾ ਲੱਗਿਆ ਕਿ ਹਰਦੇਵ ਨੇ ਮੈਨੂੰ ਦੱਸੇ ਬਗੈਰ ਬਾਪੂ ਜੀ ਨੂੰ ਛੇ ਹਜ਼ਾਰ ਪੌਂਡ ਭੇਜਿਆ ਹੈ, ਤਾਂ ਉਸ ਨੇ ਠੰਢੇ ਜਿਹੇ ਸੁਭਾਅ ਨਾਲ਼ ਸਿਰਫ਼ ਇਤਨਾ ਹੀ ਕਿਹਾ ਕਿ ਮੈਂ ਕਿਹੜਾ ਤੁਹਾਨੂੰ ਪੈਸੇ ਭੇਜਣ ਤੋਂ ਰੋਕਦੀ ਸੀ? ਮੈਨੂੰ ਦੱਸ ਤਾਂ ਦਿੰਦੇ? ਆਫ਼ਟਰ ਆਲ, ਫਿਰ ਵੀ ਮੈਂ ਤੁਹਾਡੀ ਪਤਨੀ ਹਾਂ! ਪਰ ਹਰਦੇਵ ਨਹੀਂ ਬੋਲਿਆ ਸੀ। ਉਹ ਸਿ਼ਵ ਜੀ ਮਹਾਰਾਜ ਦੀ ਮੂਰਤੀ ਵਾਂਗ ਅਹਿਲ, ਖ਼ਾਮੋਸ਼ ਹੀ ਬੈਠਾ ਰਿਹਾ ਸੀ। ਉਸ ਦੀ ਮੱਟਰ ਖ਼ਾਮੋਸ਼ੀ ਮੀਤੀ ਨੂੰ ਰੋੜ ਵਾਂਗ ਰੜਕੀ। ਫਿਰ ਵੀ ਉਹ ਉਸ ਦੀ ਔਰਤ ਸੀ! ਪਰ ਮੀਤੀ ਚੁੱਪ ਰਹੀ। ਫਿਰ ਵੀ ਉਸ ਨੇ ਕੋਈ ਮੰਦਾ-ਚੰਗਾ ਬਚਨ ਹਰਦੇਵ ਨੂੰ ਨਾ ਬੋਲਿਆ।
ਮੀਤੀ ਤਾਂ ਸੋਚਦੀ ਸੀ ਕਿ ਹੁਣ ਹਰਦੇਵ ਵੀ ਚੰਗਾ ਕੰਮ ਕਰਨ ਲੱਗ ਪਿਆ ਹੈ। ਮੇਰੇ ਕੋਲ਼ ਵੀ ਬੈਂਕ ਵਿਚ ਪੈਸੇ ਪਏ ਹਨ। ਹੁਣ ਅਸੀਂ ਆਪਣਾ ਕੋਈ ਦੋ ਬੈੱਡ ਰੂਮ ਦਾ ਮਕਾਨ ਲੈ ਲਵਾਂਗੇ। ਦਸ ਪਰਸੈਂਟ ਡਿਪੌਜ਼ਟ ਦੇ ਦਿਆਂਗੇ, ਮੇਰੀ ਤਨਖ਼ਾਹ ਖਾਣ ਪੀਣ ਉਪਰ ਖ਼ਰਚੀ ਜਾਇਆ ਕਰੂ ਅਤੇ ਹਰਦੇਵ ਮੌਰਗੇਜ ਭਰ ਦਿਆ ਕਰੇਗਾ। ਘੱਟੋ ਘੱਟ ਆਪਣਾ ਮਕਾਨ ਤਾਂ ਹੋਵੇਗਾ! ਵਾਧੂ ਕਿਰਾਇਆਂ 'ਤੇ ਵੀ ਪੈਸੇ ਪੱਟੀ ਹੀ ਜਾਨੇ ਐਂ? ਜੇ ਸੌ, ਦੋ ਸੌ ਪੌਂਡ ਵਿਚ ਹੋਰ ਪਾ ਕੇ ਮਹੀਨੇ ਦੀ ਮੌਰਗੇਜ ਭਰ ਦਿਆ ਕਰੀਏ? ਤਾਂ ਮਕਾਨ ਤਾਂ ਆਪਦਾ ਹੋਵੇਗਾ? ਕਿਸੇ ਮਕਾਨ ਮਾਲਕ ਦੀ ਸਿਰ ਦਰਦੀ ਨਹੀਂ! ਅਸੀਂ ਦੋ ਜੀਅ ਹਾਂ, ਸਾਡਾ ਖਰਚਾ ਵੀ ਕੀ ਐ? ਆਪ ਦਾ ਮਕਾਨ ਹੋਵੇ, ਬੰਦਾ ਜਿਵੇਂ ਮਰਜ਼ੀ ਐ, ਆਪਦੀ ਨੀਂਦ ਸੌਂਵੇਂ। ਜਿਵੇਂ ਮਰਜ਼ੀ ਐ ਉਠੇ! ਨਹੀਂ ਤਾਂ ਮਕਾਨ ਮਾਲਕਾਂ ਦੇ ਰੰਘੜਊ ਹੀ ਲੋਟ ਨਹੀਂ ਆਉਂਦੇ! ਹੁਣ ਤਾਂ ਹਰਦੇਵ ਮੈਥੋਂ ਵੀ ਤਿੱਗਣੀਂ ਕਮਾਈ ਕਰਦਾ ਹੈ।
ਮੀਤੀ ਨੂੰ ਇਕ ਦਿਨ ਅਚਾਨਕ ਪਿੰਡੋਂ ਅਤਿ ਭੈੜ੍ਹੀ ਖ਼ਬਰ ਆਈ। ਮੀਤੀ ਦਾ ਬਾਪ ਜਗਤ ਸਿੰਘ ਸੁਰਗਵਾਸ ਹੋ ਗਿਆ ਸੀ! ਮਨਹੂਸ ਖ਼ਬਰ ਨੇ ਕਾਲ਼ਜਾ ਕੱਢ ਲਿਆ। ਉਸ ਦੇ ਹੱਥ ਵਿਚ ਫੜਿਆ ਫ਼ੋਨ ਕੰਬੀ ਜਾ ਰਿਹਾ ਸੀ। ਉਸ ਨੇ ਹਰਦੇਵ ਨੂੰ ਫ਼ੋਨ ਕੀਤਾ। ਹਰਦੇਵ 'ਬਿਜ਼ੀ' ਸੀ। ਸ਼ਾਮ ਤੱਕ ਆ ਨਹੀਂ ਸਕਦਾ ਸੀ। ਉਸ ਨੇ ਸਿਰਫ਼ ਐਨਾ ਹੀ ਕਿਹਾ ਸੀ ਕਿ ਤੂੰ ਟਿਕਟ ਕਰਵਾ ਕੇ ਇੰਡੀਆ ਨੂੰ ਚਲੀ ਜਾਹ! ਜੇ ਹੁਣ ਨਹੀਂ ਟਿਕਟ ਮਿਲ਼ਦੀ ਤਾਂ ਭੋਗ 'ਤੇ ਜਾ ਆਵੀਂ! ਬੱਸ, ਹੋਰ ਕੁਝ ਨਹੀਂ!
ਹਰਦੇਵ ਦੀਆਂ ਗੱਲਾਂ ਤੋਂ ਮੀਤੀ ਨੂੰ ਇਹ ਹੀ ਮਹਿਸੂਸ ਹੋਇਆ ਸੀ ਕਿ ਹਰਦੇਵ ਨੂੰ ਉਸ ਦੇ ਬਾਪ ਮਰੇ ਦਾ ਕੋਈ ਦੁੱਖ ਦਰਦ ਨਹੀਂ ਸੀ। ਦੁੱਖ ਬੁਰੇ ਪ੍ਰਦੇਸਾਂ ਦੇ! ਬੰਦਾ ਦਿਲ ਫ਼ਰੋਲ਼ੇ ਤਾਂ ਕੀਹਦੇ ਕੋਲ਼ ਫ਼ਰੋਲ਼ੇ? ਉਸ ਨੇ ਫ਼ੋਨ ਕਰ ਕੇ ਸਿਰਫ਼ ਇਤਨਾ ਆਖ ਦਿੱਤਾ ਕਿ ਬਾਪੂ ਦਾ ਸਸਕਾਰ ਕਰ ਦਿਓ। ਮੈਂ ਭੋਗ 'ਤੇ ਹੀ ਆਵਾਂਗੀ! ਪਰ ਮੀਤੀ ਦੀਆਂ ਅੱਖਾਂ ਅੱਗੇ ਬਾਪੂ ਦਾ ਚਿਹਰਾ ਵਾਰ ਵਾਰ ਆ ਖੜ੍ਹਦਾ ਸੀ, ਬਾਪੂ ਉਂਗਲ਼ ਚੁੱਕ ਕੇ, ਤਾਹਨੇ ਮਿਹਣੇ ਮਾਰਦਾ ਸੀ! ਬੱਸ, ਸਸਕਾਰ 'ਤੇ ਵੀ ਨਹੀਂ ਆ ਸਕਦੀ...? ਇਕੋ ਇਕ ਧੀ ਐਂ ਤੂੰ ਮੇਰੀ...! ਜੇ ਤੇਰੇ ਇਕ ਅੱਧਾ ਵੀਰ ਹੁੰਦਾ, ਤਾਂ ਉਹ ਮੇਰੇ ਸਸਕਾਰ 'ਤੇ ਨਾ ਆਉਂਦਾ...? ਧੀਆਂ ਧਨ ਬਿਗਾਨਾ ਹੁੰਦੀਐਂ...! ਤੂੰ ਬਿਗਾਨਾ ਧਨ ਹੀ ਰਹੀ ਨ੍ਹਾਂ...? ਜੇ ਤੂੰ ਮੇਰੀ ਧੀ ਹੁੰਦੀ, ਕਦੇ ਨਾ ਅਟਕਦੀ, ਪਟੱਕ ਦੇਣੇ ਆ ਵੱਜਦੀ...! ਤੇਰੇ ਕੋਈ ਵੱਸ ਨਹੀਂ ਧੀਏ...! ਧੀਆਂ ਵਾਕਿਆ ਹੀ ਬਿਗਾਨਾ ਧਨ...! ਲੋਕ ਕਿਤੇ ਝੂਠੇ ਐ...? ਲੋਕ ਸੱਚੇ ਈ ਐ ਪੁੱਤ, ਮੀਤਿਆ...! ਅੱਗੇ ਤੂੰ ਮਰੀ ਮਾਂ ਦਾ ਮੂੰਹ ਨਹੀਂ ਦੇਖਿਆ ਸੀ, ਜੇ ਹੁਣ ਮੇਰਾ ਨਹੀਂ ਦੇਖੇਂਗੀ, ਤਾਂ ਕੀ ਲੋਹੜਾ ਆ ਜਾਊ...? ਕੋਈ ਨਾ ਪੁੱਤ...! ਬਾਪੂ ਨੇ ਤੈਨੂੰ ਮੁਆਫ਼ ਕੀਤਾ...! ਜਾਹ ਮੁਆਫ਼ ਕੀਤਾ, ਮੀਤਿਆ...! ਬਾਪੂ ਜਿਵੇਂ ਮੀਤੀ ਨੂੰ ਮਿਹਣੇ ਨਹੀਂ, ਕੋਰੜੇ ਮਾਰ ਰਿਹਾ ਸੀ!
ਮੀਤੀ ਨੇ ਫ਼ੌਰਨ ਫ਼ੋਨ ਕਰਕੇ ਆਖ ਦਿੱਤਾ ਕਿ ਉਹ ਤੁਰੰਤ ਆ ਰਹੀ ਹੈ। ਮੇਰੇ ਬਿਨਾ ਬਾਪੂ ਦਾ ਸਸਕਾਰ ਨਾ ਕੀਤਾ ਜਾਵੇ! ਉਹ ਤਾਂ ਬਾਪੂ ਦੀ ਸਾਰੀ ਜਿ਼ੰਦਗੀ ਦੇਣਦਾਰ ਰਹੇਗੀ। ਚਾਹੇ ਬਾਪੂ ਗਰੀਬ ਹੀ ਸੀ। ਪਰ ਜਿੰਨਾਂ ਕੁ ਉਸ ਵਿਚਾਰੇ ਦੇ ਵੱਸ ਸੀ, ਉਸ ਨੇ ਕਦੇ ਮੇਰਾ ਢਿੱਲਾ ਮੂੰਹ ਨਹੀਂ ਦੇਖਿਆ ਸੀ। ਜੇ ਮੇਰੀ ਕਿਸਮਤ ਹੀ ਮਾੜੀ ਸੀ, ਬਾਪੂ ਵਿਚਾਰਾ ਕੀ ਕਰਦਾ?
ਦੇਰ ਰਾਤ ਗਈ ਤੋਂ ਹਰਦੇਵ ਆਇਆ। ਉਸ ਨੇ ਦਾਰੂ ਪੀਤੀ ਹੋਈ ਸੀ। ਉਸ ਨੇ ਮੀਤੀ ਨਾਲ਼ ਮਾੜਾ ਮੋਟਾ ਬਾਪੂ ਦਾ ਅਫ਼ਸੋਸ ਕੀਤਾ ਅਤੇ ਰੋਟੀ ਖਾ ਕੇ ਸੌਂ ਗਿਆ। ਨਾ ਹੀ ਉਸ ਨੇ ਮੀਤੀ ਦੇ ਇੰਡੀਆ ਜਾਣ ਬਾਰੇ ਪੁੱਛਿਆ ਅਤੇ ਨਾ ਹੀ ਮੀਤੀ ਨੇ ਕੁਛ ਦੱਸਿਆ। ਦੱਸਦੀ ਵੀ ਕੀ? ਪੁੱਛਣ ਵਾਲ਼ਾ ਹੀ ਬੇਪ੍ਰਵਾਹ ਸੀ! ਦੁਖ-ਸੁਖ ਵੀ ਬੰਦਾ ਉਸ ਦੇ ਨਾਲ਼ ਹੀ ਕਰਦੈ, ਜਿਹੜਾ ਸੁਣਨ ਅਤੇ ਦੁੱਖ ਵੰਡਾਉਣ ਵਾਲ਼ਾ ਹੋਵੇ? ਕੱਟੇ ਅੱਗੇ ਵੰਝਲੀ ਵਜਾਉਣ ਦਾ ਕੀ ਫ਼ਾਇਦਾ?
ਸਵੇਰੇ ਜਦੋਂ ਹਰਦੇਵ ਉਠਿਆਂ ਤਾਂ ਮੀਤੀ ਨੇ ਉਸ ਨੂੰ ਇੰਡੀਆ ਜਾਣ ਬਾਰੇ ਦੱਸਿਆ ਕਿ ਉਹ ਬਾਪੂ ਦੇ ਸਸਕਾਰ 'ਤੇ ਜਾ ਰਹੀ ਹੈ। ਪਰ ਹਰਦੇਵ ਦੇ ਮਨ 'ਤੇ ਬਹੁਤਾ ਕੋਈ ਅਸਰ ਨਹੀਂ ਹੋਇਆ। ਉਹ ਗੂੰਗਿਆਂ ਵਾਂਗ ਸੁਣਦਾ ਰਿਹਾ ਅਤੇ ਬੋਲਿ਼ਆਂ ਵਾਂਗ ਅਣਸੁਣਿਆਂ ਕਰ ਕੇ ਹੀ ਕੰਮ 'ਤੇ ਚਲਾ ਗਿਆ। ਮੀਤੀ ਦੁਖੀ ਤਾਂ ਪਹਿਲਾਂ ਹੀ ਸੀ। ਪਰ ਉਹ ਹਰਦੇਵ ਦੇ ਜਾਣ ਤੋਂ ਬਾਅਦ ਬੈਠ ਕੇ, ਰੱਜ ਕੇ ਰੋਈ। ਉਸ ਨੇ ਦਿਲ ਦੀ ਅਗਲੀ ਪਿਛਲੀ ਸਾਰੀ ਭੜ੍ਹਾਸ ਕੱਢ ਲਈ। ਚੁੱਪ ਅੱਖਾਂ ਵਿਚ ਪਾਣੀ ਦਾ ਹੜ੍ਹ ਪਤਾ ਨਹੀਂ ਕਿੱਧਰੋਂ ਆ ਗਿਆ ਸੀ...? ਪਤਾ ਨਹੀਂ ਉਹ ਕਿਸ ਨੂੰ ਰੋਈ ਸੀ...? ਆਪਣੀ ਜਨਮ ਦੇਣ ਵਾਲ਼ੀ ਅਤੇ ਕਈ ਸਾਲ ਪਹਿਲਾਂ
ਗੁਜਰੀ ਮਾਂ ਨੂੰ...? ਜਾਂ ਹੁਣ ਮਰੇ ਬਾਪੂ ਨੂੰ...?
ਫ਼ਲਾਈਟ ਉਸ ਦੀ ਦੁਪਿਹਰ ਦੀ ਸੀ।
ਮਾਸੀ ਦੇ ਮੁੰਡੇ ਨੇ ਮੀਤੀ ਨੂੰ ਦਿੱਲੀ ਏਅਰਪੋਰਟ ਤੋਂ ਲੈਣ ਆਉਣਾ ਸੀ।
ਬਾਪੂ ਦਾ ਸਸਕਾਰ ਕਰਕੇ ਅਤੇ ਬਾਪੂ ਦੇ ਨਵਿਰਤ ਸਧਾਰਣ ਪਾਠ ਦਾ ਭੋਗ ਪੁਆ ਕੇ ਮੀਤੀ ਮੁੜ ਆਈ। ਹਰਦੇਵ ਉਸ ਨੂੰ ਏਅਰਪੋਰਟ ਤੋਂ ਲੈਣ ਵੀ ਨਾ ਗਿਆ। ਉਹ ਆਪ ਹੀ ਟੈਕਸੀ ਕਰ ਕੇ ਘਰੇ ਆ ਗਈ ਸੀ। ਰਾਤ ਨੂੰ ਜਦੋਂ ਹਰਦੇਵ ਘਰ ਆਇਆ ਤਾਂ ਉਸ ਨੇ ਫਿਰ ਵੀ ਕੁਝ ਨਾ ਪੁੱਛਿਆ। ਪਤਾ ਨਹੀਂ ਉਹ ਮੀਤੀ 'ਤੇ ਕਿਸ ਗੱਲ ਤੋਂ ਖ਼ਫ਼ਾ ਸੀ? ਇਸ ਦੀ ਮੀਤੀ ਨੂੰ ਹੁਣ ਤੱਕ ਸਮਝ ਨਹੀਂ ਆਈ ਸੀ। ਪੈਸਾ ਅਤੇ ਪੁੱਛਗਿੱਛ ਬੰਦੇ ਦਾ ਦਿਮਾਗ ਖ਼ਤਮ ਕਰ ਦਿੰਦੀ ਹੈ।
ਹਰਦੇਵ ਬਾਪੂ ਨੂੰ ਸਾਰੇ ਮਹੀਨੇ ਦੀ ਕਮਾਈ ਭਾਰਤ ਭੇਜ ਛੱਡਦਾ। ਉਸ ਨੇ ਬਾਪੂ ਦੇ ਘਰ 'ਤੇ ਖ਼ੁਸ਼ਹਾਲੀ ਲੈ ਆਂਦੀ ਸੀ। ਉਦਾਸ ਬਨੇਰਿਆਂ 'ਤੇ ਘਿਉ ਦੇ ਦੀਵੇ ਜਗਣ ਲੱਗ ਪਏ ਸਨ। ਹੁਣ ਕੱਚਾ ਕੋਠੜਾ ਕੋਠੀ ਬਣਦਾ ਜਾ ਰਿਹਾ ਸੀ। ਮਿੱਟੀ ਦੇ ਤੇਲ ਦੇ ਲੈਂਪਾਂ ਦੀ ਜਗਾਹ ਭਾਂਤ ਭਾਂਤ ਦੇ ਬੱਲਬਾਂ ਅਤੇ ਟਿਊਬਾਂ ਨੇ ਲੈ ਲਈ ਸੀ। ਲੱਕੜ ਦਾ ਵੱਡਾ ਗੇਟ ਲੱਗ ਗਿਆ ਸੀ। ਦੋ ਪਾਸੀਂ ਪੱਕੀਆਂ ਖੁਰਲੀਆਂ ਬਣ ਗਈਆਂ ਸਨ। ਇਕ ਪਾਸੇ ਬਲਦਾਂ ਦੀਆਂ ਖੁਰਲੀਆਂ ਅਤੇ ਦੂਜੇ ਪਾਸੇ ਮੱਝਾਂ ਦੀਆਂ!
ਹਰ ਮਹੀਨੇ ਬਾਪੂ ਨੂੰ ਦੋ ਲੱਖ ਰੁਪਈਆ ਘਰੇ ਆ ਡਿੱਗਦਾ। ਹੁਣ ਤਾਂ ਬਾਪੂ ਤੋਂ ਪਿੰਡ ਦਾ ਸਰਪੰਚ ਵੀ ਪੁੱਛ ਕੇ ਗੱਲ ਕਰਦਾ ਸੀ। ਹੁਣ ਉਸ ਨੂੰ ਕੋਈ 'ਉਏ ਜਾਗਰਾ" ਆਖ ਕੇ ਅਵਾਜ਼ ਨਹੀਂ ਮਾਰਦਾ ਸੀ। ਸਗੋਂ ਹੁਣ ਉਸ ਦੇ ਨਾਂ ਅੱਗੇ "ਸਰਦਾਰ" ਲੱਗ ਗਿਆ ਸੀ। ਪਿੰਡ ਦਾ ਹਰ ਬੰਦਾ "ਸਰਦਾਰ ਜਾਗਰ ਸਿੰਘ" ਆਖ ਕੇ ਗੱਲ ਕਰਦਾ ਸੀ। ਬਾਪੂ 'ਰੂੜੀ ਮਾਰਕਾ' ਤੋਂ ਵਿਸਕੀ 'ਤੇ ਆ ਗਿਆ ਸੀ। ਪਿੰਡ ਵਿਚ ਉਸ ਦਾ ਵਿਆਜੂ ਪੈਸਾ ਚੱਲਦਾ ਸੀ। ਜਿਹਨਾਂ ਆੜ੍ਹਤੀਆਂ ਤੋਂ ਕਦੇ ਉਸ ਨੂੰ ਉਧਾਰਾ ਪੈਸਾ ਨਹੀਂ ਮਿਲ਼ਦਾ ਸੀ। ਹੁਣ ਉਹ ਆੜ੍ਹਤੀਏ ਵੀ ਉਸ ਮਗਰ ਲ੍ਹੇਲੜੀਆਂ ਲੈਂਦੇ ਫਿਰਦੇ ਸਨ। ਬਾਪੂ ਦੀ ਪੂਣੀਂ ਵਰਗੀ ਮੁੱਛ ਹੁਣ ਡੰਡੇ ਵਾਂਗ ਆਕੜੀ ਰਹਿੰਦੀ! ਮਾਵੇ ਵਾਲ਼ੀ ਪੱਗ ਦਾ ਤੁਰਲ੍ਹਾ ਗਿੱਧਾ ਪਾਉਂਦਾ। ਉਸ ਦੀ ਮੂਲ਼ੀ ਵਰਗੀ ਧੌਣ ਹੁਣ ਬੋਹੜ ਦੇ ਮੁੱਛ ਵਾਂਗ ਨਿੱਸਰ ਗਈ ਸੀ। ਗੰਨੇ ਵਰਗੀਆਂ ਲੱਤਾਂ ਗੱਡੇ ਦੀ ਸਧਵਾਈ ਵਰਗੀਆਂ ਹੋ ਗਈਆਂ ਸਨ। ਮੁੰਡਾ ਇੰਗਲੈਂਡ ਭੇਜਿਆ ਉਸ ਨੂੰ ਰਾਸ ਆ ਗਿਆ ਸੀ। ਹੁਣ ਉਸ ਦੇ ਬੱਚਿਆਂ ਨੂੰ ਤਕੜੇ ਤਕੜੇ ਘਰਾਂ ਦੇ ਰਿਸ਼ਤੇ ਆ ਰਹੇ ਸਨ। ਜਾਗਰ ਤਾਂ ਵੀਹੀ ਵਿਚ ਫ਼ੈਲਰ ਫ਼ੈਲਰ ਕੇ ਤੁਰਦਾ ਸੀ। ਉਸ ਦਾ ਚਾਦਰਾ ਧਰਤੀ ਸੁੰਭਰਦਾ ਸੀ! ਮਾਇਆ ਦੇ ਰੰਗ ਸਨ।
ਮੀਤੀ ਨੂੰ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਸੀ। ਹਰਦੇਵ ਬਰਾਬਰ ਪਿਆ ਸਾਰੀ ਰਾਤ ਘੁਰਾੜ੍ਹਿਆਂ ਦੀ ਚੱਕੀ ਪੀਸਦਾ ਰਹਿੰਦਾ ਸੀ। ਮੀਤੀ ਹਰਦੇਵ ਦੇ ਦਿਨੋਂ ਦਿਨ ਬਦਲਦੇ ਜਾ ਰਹੇ ਹਾਲਾਤਾਂ ਅਤੇ ਸੁਭਾਅ ਨੂੰ ਕਈ ਦਿਨਾਂ ਤੋਂ ਤਾੜ ਰਹੀ ਸੀ। ਉਹ ਉਸ ਨਾਲ਼ ਸਿੱਧੇ ਮੂੰਹ ਗੱਲ ਨਾ ਕਰਦਾ। ਕੋਈ ਦਿਲ ਦੀ ਗੱਲ ਸਾਂਝੀ ਨਹੀਂ ਕਰਦਾ ਸੀ। ਬੱਸ, ਉਹ ਚੁੱਪ ਗੜੁੱਪ ਜਿਹਾ ਹੀ ਘਰੇ ਆਉਂਦਾ ਅਤੇ ਰੋਟੀ ਖਾ ਕੇ ਸੌਣ ਚਲਿਆ ਜਾਂਦਾ। ਪਤੀ ਪਤਨੀ ਵਾਲ਼ਾ ਤਾਂ ਜਿਵੇਂ ਉਹਨਾਂ ਦਾ ਕੋਈ ਨਾਤਾ ਹੀ ਨਹੀਂ ਰਹਿ ਗਿਆ ਸੀ। ਮੀਤੀ ਨਾ ਚਾਹੁੰਦਿਆਂ ਹੋਇਆਂ ਵੀ ਹਰਦੇਵ ਨਾਲ਼ ਛੇੜ ਛਾੜ ਕਰਦੀ। ਪਰ ਹਰਦੇਵ ਸਿਲ਼ ਪੱਥਰ ਹੋਇਆ ਪਿਆ ਰਹਿੰਦਾ। ਆਖਰ ਉਹ ਨਿਰਾਸ਼ ਹੋ ਕੇ ਪੈ ਜਾਂਦੀ ਅਤੇ ਸਾਰੀ ਰਾਤ ਉਸ ਦੀ ਪਲਸੇਟੇ ਮਾਰਦੀ ਦੀ ਲੰਘ ਜਾਂਦੀ।
ਹਰਦੇਵ ਨੂੰ ਇਕ ਨਵਾਂ ਕੰਮ ਮਿਲਿਆ। ਕੰਮ ਕਾਫ਼ੀ ਚਿਰ ਦਾ ਸੀ। ਹੁਣ ਉਸ ਨੂੰ ਮਾਈਕਲ ਨੇ ਕਿਹਾ ਸੀ ਕਿ ਉਹ ਹੁਣ ਆਪਣਾ ਬਿਜ਼ਨਿਸ ਆਪ ਸੰਭਾਲੇ। ਮਾਈਕਲ ਤੋਂ ਹੁਣ ਬਹੁਤਾ ਕੰਮ ਨਹੀਂ ਹੁੰਦਾ ਸੀ। ਹੁਣ ਉਹ ਸਿਰਫ਼ ਸੀਮਤ ਅਤੇ ਥੋੜਾ ਕੰਮ ਹੀ ਕਰਨਾ ਚਾਹੁੰਦਾ ਸੀ। ਉਸ ਦੇ ਬੱਚੇ ਜੁਆਨ ਹੋ ਗਏ ਸਨ। ਉਹ ਹੁਣ ਜ਼ਰੂਰਤ ਜੋਕਰਾ ਕੰਮ ਹੀ ਕਰਨਾ ਚਾਹੁੰਦਾ ਸੀ। ਇਕ ਤਰ੍ਹਾਂ ਨਾਲ਼ ਜਿ਼ੰਦਗੀ ਦਾ ਲੁਤਫ਼ ਲੈਣਾ ਚਾਹੁੰਦਾ ਸੀ। ਕੰਮ ਅਤੇ ਕਮਾਈ ਉਸ ਨੇ ਬਹੁਤ ਕਰ ਲਈ ਸੀ। ਮਾਈਕਲ ਦੇ ਆਖਣ 'ਤੇ ਹਰਦੇਵ ਉਸ ਨਾਲੋਂ ਵੱਖ ਹੋ ਗਿਆ ਅਤੇ ਉਸ ਨੇ ਨਵਾਂ ਕੰਮ ਆਪ 'ਐਸਟੀਮੇਟ' ਬਣਾ ਕੇ ਲੈ ਲਿਆ। ਵੈਸੇ ਮਾਈਕਲ ਨੇ ਉਸ ਨੂੰ ਆਖ ਛੱਡਿਆ ਸੀ ਕਿ ਅਗਰ ਉਸ ਨੂੰ ਮਾਈਕਲ ਦੀ ਲੋੜ ਪਵੇ, ਤਾਂ ਮਾਈਕਲ ਹਾਜ਼ਰ ਹੋਵੇਗਾ। ਕੰਮ ਅਨੁਸਾਰ ਹਰਦੇਵ ਨੇ ਛੇ ਮੁੰਡੇ ਆਪਣੇ ਨਾਲ਼ ਰੱਖ ਲਏ। ਸਾਰੇ ਮੁੰਡੇ ਹੀ ਪੰਜਾਬੀ।
ਜਿਸ ਘਰ ਵਿਚ ਉਹਨਾਂ ਨੂੰ ਕੰਮ ਮਿਲਿ਼ਆ ਸੀ। ਉਹ ਔਰਤ ਬੜੀ ਹੀ ਚੰਟ ਸੀ। ਚਾਲ਼ੀਆਂ ਕੁ ਸਾਲਾਂ ਦੀ ਚਤਰ ਕਿਸਮ ਦੀ ਔਰਤ ਹਰਦੇਵ ਅਤੇ ਉਸ ਦੇ ਨਾਲ਼ ਕੰਮ ਕਰਦੇ ਮੁੰਡਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਸੁਆਲ ਹੀ ਪੁੱਛੀ ਜਾਂਦੀ। ਚਾਲੀਆਂ ਸਾਲਾਂ ਤੋਂ ਉਪਰ ਹੋ ਕੇ ਵੀ ਟਪੂੰ ਟਪੂੰ ਕਰਦੀ ਰਹਿੰਦੀ। ਕਈ ਵਾਰ ਹਰਦੇਵ ਅੱਕ ਕੇ ਆਖਦਾ।
-"ਭੈਣ ਜੀ, ਤੁਸੀਂ ਸਾਨੂੰ ਕੰਮ ਵੀ ਕਰਨ ਦੇ ਦਿਆ ਕਰੋ...! ਗੱਲਾਂ 'ਚ ਈ ਉਲ਼ਝਾਈ ਰੱਖਦੇ ਓਂ?" ਹਰਦੇਵ ਨੂੰ ਇਹ ਸੀ ਕਿ ਇਹ ਕੰਮ ਠੇਕੇ 'ਤੇ ਹੈ। ਪੈਸੇ ਤਾਂ ਉਤਨੇ ਹੀ ਮਿਲਣੇ ਹਨ, ਜਿੰਨੇ ਇਹਨਾਂ ਨਾਲ਼ ਕੀਤੇ ਹੋਏ ਹਨ। ਜਿੰਨੀ ਜਲਦੀ ਇਹ ਕੰਮ ਨਿੱਬੜ ਜਾਵੇਗਾ। ਉਤਨੀ ਜਲਦੀ ਹੀ ਕੋਈ ਹੋਰ ਕੰਮ ਲੈਣ ਵਾਲ਼ੇ ਬਣਾਂਗੇ। ਉਸ ਨੇ ਆਪਣੇ ਨਾਲ਼ ਕੰਮ ਕਰਦੇ ਦੇਸੀ ਭਾਈਬੰਦਾਂ ਨੂੰ ਵੀ ਹਦਾਇਤ ਕੀਤੀ ਹੋਈ ਸੀ ਕਿ ਇਸ ਨਾਲ਼ ਗੱਲਾਂ ਵਿਚ ਨਹੀਂ ਪੈਣਾ! ਸਿੱਧੇ ਹੋ ਕੇ, ਬੰਦੇ ਬਣ ਕੇ ਕੰਮ ਕਰਨੈਂ! ਉਹ ਦੇਸੀ ਭਾਈਬੰਦ ਕਿਉਂਕਿ 'ਕੱਚੇ' ਸਨ। ਉਹਨਾਂ ਨੂੰ ਆਪਣੇ 'ਬੌਸ' ਦੀ ਹਦਾਇਤ ਮੰਨਣੀਂ ਹੀ ਪੈਣੀਂ ਸੀ। ਨਹੀਂ ਤਾਂ ਬਥੇਰੇ ਕੱਚੇ ਲੋਕ ਇਥੇ ਕੰਮ ਲੱਭਦੇ ਫਿਰਦੇ ਸਨ। ਬੌਸ ਨੇ ਉਹਨਾਂ ਨੂੰ ਲਿਆ ਅੜਾਉਣਾ ਸੀ! ਇਸ ਲਈ ਫ਼ਸੇ ਫ਼ਸਾਏ ਭਾਈਬੰਦ ਕੰਮ ਵਿਚ ਹੀ ਲੱਗੇ ਰਹਿੰਦੇ। ਪਰ ਉਹਨਾਂ 'ਚੋਂ ਇਕ ਦੇਸੀ ਹਰਦੇਵ ਨੂੰ ਕਈ ਵਾਰ ਹੱਸ ਕੇ ਕਹਿ ਦਿੰਦਾ, "ਭਾਅ ਜੀ ਇਹ ਬੀਬੀ ਪੈਸੰਜਰ ਭਾਲ਼ਦੀ ਐ!" ਸਾਰੇ ਭਾਈਬੰਦ ਹੱਸ ਪੈਂਦੇ। ਤਾਂ ਹਰਦੇਵ ਉਸ ਨੂੰ ਝਿੜਕ ਦਿੰਦਾ। ਤਾਂ ਦੂਜਾ ਵਿਅੰਗ ਨਾਲ਼ ਆਖਦਾ, "ਭਾਅ ਜੀ, ਥੋਡੇ ਕੋਲ਼ੇ ਤਾਂ ਮਸ਼ੀਨ ਹੈਗੀ ਐ-ਸਾਨੂੰ ਤਾਂ ਕੁਛ ਕਰ ਲੈਣ ਦਿਓ! ਸਾਡੇ ਮੂੰਹ 'ਤੇ ਛਿੱਕਲ਼ੀ ਕਾਹਤੋਂ ਚਾਹੜਨੀ ਲਈ ਐ?" ਬਾਕੀਆਂ ਨਾਲ ਹਰਦੇਵ ਵੀ ਹੱਸ ਪੈਂਦਾ ਤਾਂ ਤੀਜਾ ਕਸਰ ਹੀ ਪੂਰੀ ਕਰ ਦਿੰਦਾ, "ਭਾਅ ਜੀ, ਇਹ ਭੜ੍ਹਾਕਾ ਕਿਸੇ ਮਾਰ 'ਤੇ ਐ! ਤੁਹਾਨੂੰ ਤਾਂ ਨਹੀਂ ਲੋੜ-ਪਰ ਸਾਨੂੰ ਤਾਂ ਪੱਕੇ ਹੋਣ ਲਈ ਕੋਈ ਜੁਗਾੜ ਕਰ ਲੈਣ ਦਿਆ ਕਰੋ!"
ਐਤਵਾਰ ਦਾ ਦਿਨ ਸੀ।
ਕੰਮ ਤੋਂ ਛੁੱਟੀ ਸੀ।
ਹਰਦੇਵ ਨੂੰ ਇਕ ਪ੍ਰਾਈਵੇਟ ਕੰਮ ਆ ਗਿਆ। ਕਿਸੇ ਭਾਈਬੰਦ ਦਾ ਘਰੇ ਬੁਆਇਲਰ ਠੀਕ ਕਰਨਾ ਸੀ। ਐਤਵਾਰ ਦਾ ਦਿਨ, ਪ੍ਰਾਈਵੇਟ ਕੰਮ, ਘੰਟੇ ਦੇ ਵੀ ਸੌ ਪੌਂਡ ਬਣ ਜਾਣੇ ਸਨ। ਟੂਲ-ਬੌਕਸ ਉਸ ਦਾ ਉਥੇ ਪਿਆ ਸੀ, ਜਿੱਥੇ ਅੱਜ ਕੱਲ੍ਹ ਕੰਮ ਚੱਲਦਾ ਸੀ। ਜਦ ਉਹ ਕੰਮ ਵਾਲਿਆਂ ਦੇ ਘਰੋਂ ਆਪਣਾ ਟੂਲ-ਬੌਕਸ ਲੈਣ ਆਇਆ ਤਾਂ ਉਸ ਔਰਤ ਨੇ ਉਸ ਨੂੰ ਚਾਹ ਦੇ ਬਹਾਨੇ ਬਿਠਾ ਲਿਆ।
-"ਵੇ ਭਾਈ ਮੁੰਡਿਆ...! ਤੂੰ ਹੈ ਤਾਂ ਪੰਜਾਬੀ-ਪਰ ਤੇਰੀ ਨੀਤ ਤਾਂ ਭਾਈ ਜਮਾਂ ਈ ਕਰਾੜਾਂ ਅਰਗੀ ਐ! ਕਦੇ ਚਾਹ ਨਾ ਪਾਣੀ-ਬੱਸ ਕੰਮ ਈ ਕੰਮ...! ਵੇ ਐਨਾ ਕੰਮ ਤਾਂ ਆਪਣੇ ਕਰਾੜ ਨ੍ਹੀ ਕਰਦੇ-ਜਿੰਨਾਂ ਤੂੰ ਕਰਦੈਂ...! ਕਿਹੜਾ ਇਲਾਕਾ ਐ ਤੇਰਾ ਪਿੱਛੋਂ?" ਉਸ ਨੇ ਹਰਦੇਵ 'ਤੇ ਬੁੱਲ੍ਹ ਟੇਰੇ।
-"ਮੇਰਾ ਜਿਲ੍ਹਾ ਮੋਗਾ ਐ ਜੀ!"
-"ਵੇ ਅਸੀਂ ਲੁਧਿਆਣੇ ਜਿਲ੍ਹੇ ਦੇ ਐਂ-ਤੂੰ ਤਾਂ ਮਲਵਈ ਐਂ! ਪਰ ਮਲਵਈ ਤਾਂ ਭਾਈ ਤੂੰ ਲੱਗਦਾ ਨ੍ਹੀ...! ਮਲਵਈ ਤਾਂ ਹੁੰਦੇ ਈ ਬੜੇ ਦਿਲਦਾਰ ਐ...? ਖਾਣ ਪੀਣ ਤੇ ਬੱਕਰੇ ਬੁਲਾਉਣ ਆਲ਼ੇ! ਪਰ ਤੂੰ ਤਾਂ ਮੈਨੂੰ ਕੋਈ ਊਂਈਂ ਕੋਈ ਭਾਪਾ ਜਿਆ ਲੱਗਦੈਂ!"
ਹਰਦੇਵ ਹੱਸ ਪਿਆ।
-"ਨਹੀਂ ਜੀ, ਬੱਸ ਕੰਮ 'ਚ ਟੈਮ ਜਿਆ ਈ ਨ੍ਹੀ ਮਿਲ਼ਦਾ-ਊਂ ਹੈਂ ਤਾਂ ਮੈਂ ਜੱਟ...!" ਹਰਦੇਵ ਅੰਦਰ ਜਟਵਾਧ ਢੁੱਡਾਂ ਮਾਰਨ ਲੱਗ ਪਿਆ।
-"ਵੇ ਨਾ ਭਾਈ...! ਜੱਟ ਤਾਂ ਤੂੰ ਮੈਨੂੰ ਲੱਗਦਾ ਨ੍ਹੀ...! ਜੱਟ ਤਾਂ ਮਕਾਣ ਜਾਂਦੇ ਜਾਂਦੇ ਅਧੀਆ ਦਾਰੂ ਦਾ ਪੀ ਜਾਂਦੇ ਐ-ਤੇ ਤੂੰ ਤਾਂ ਸਾਰੀ ਦਿਹਾੜੀ, ਹਾਏ ਕੰਮ...! ਹਾਏ ਪੈਸਾ...! ਮਰਗੇ-ਮਾਰਤੇ ਈ ਕਰੀ ਜਾਨੈਂ...!"
-"ਕੰਮ ਕਰੇ ਬਿਨਾ ਐਥੇ ਸਰਦਾ ਨ੍ਹੀ ਜੀ...! ਕੀ ਕਰੀਏ? ਇੰਗਲੈਂਡ ਤਾਂ ਸੋਨੇ ਦੀ ਮਿੱਠੀ ਜੇਹਲ ਐ!"
-"ਵੇ ਭਾਈ ਕੰਮ ਤਾਂ ਮੈਂ ਵੀ ਬਥੇਰਾ ਕਰਦੀ ਆਂ-ਸਰਦਾ ਤਾਂ ਐਥੇ ਵਾਕਿਆ ਈ ਨ੍ਹੀ...! ਪਰ ਐਨਾ ਕੰਮ ਵੀ ਨ੍ਹੀ ਚਾਹੀਦਾ-ਬਈ ਬੰਦਾ ਸਵੇਰ ਤੋਂ ਲੈ ਕੇ ਆਥਣ ਤੱਕ ਧੰਦ ਈ ਪਿੱਟੀ ਜਾਵੇ! ਕੋਈ ਇੰਟਰਟੇਨਮੈਂਟ ਵੀ ਹੁੰਦੀ ਐ ਬੰਦੇ ਦੀ! ਜੇ ਤੂੰ ਜੱਟ ਐਂ ਤਾਂ ਕਿਸੇ ਕਰਾੜੀ ਨਾਲ਼ ਵਿਆਹਿਆ ਹੋਵੇਂਗਾ...?"
ਹਰਦੇਵ ਹੋਰ ਉਚੀ ਹੱਸ ਪਿਆ।
-"ਭੈਣ ਜੀ, ਥੋਨੂੰ ਹੁਣ ਮੈਂ ਕਿਵੇਂ ਤਸੱਲੀ ਦੇਵਾਂ? ਮੇਰਾ ਗੋਤ ਸਿੱਧੂ ਐ-ਤੇ ਮੇਰੇ ਘਰਆਲ਼ੀ ਦਾ ਧਾਲ਼ੀਵਾਲ਼-ਅਸੀਂ ਦੋਨੋ ਈ ਜੱਟ ਘਰਾਣੇ 'ਚੋਂ ਐਂ!" ਹਰਦੇਵ ਨੇ ਉਸ ਦੀ ਤਸੱਲੀ ਕਰਵਾਈ।
-"ਤੂੰ ਸਿੱਧੂ ਤੇ ਤੇਰੀ ਘਰਆਲ਼ੀ ਧਾਲ਼ੀਆਲ਼...!" ਉਹ ਸੋਚੀਂ ਪੈ ਗਈ। ਪਤਾ ਨਹੀਂ ਕਿਉਂ ਉਹ 'ਧਾਲ਼ੀਵਾਲ਼' ਆਖੇ ਤੋਂ ਸੁਚੇਤ ਜਿਹੀ ਵਿਚ ਹੋ ਗਈ ਸੀ। ਕੁਝ ਗੌਰ ਨਾਲ਼ ਸੋਚ ਰਹੀ ਸੀ।
-"ਕਿੱਥੋਂ ਦੀ ਐ ਤੇਰੀ ਘਰਆਲ਼ੀ?" ਉਸ ਨੇ ਸੋਚ ਵਿਚੋਂ ਨਿਕਲਦਿਆਂ ਤੁਰੰਤ ਸੁਆਲ ਕੀਤਾ।
-"ਬੱਲੋਆਲ਼ ਦੀ ਐ!"
-"ਕੀ, ਨਾਂ ਕੀ ਐ ਉਹਦਾ...?" ਉਸ ਦੀਆਂ ਸੋਚਾਂ ਵਿਚ ਡੱਫ਼ਲੀਆਂ ਵੱਜਣ ਲੱਗ ਪਈਆਂ।
-"ਮਨਜੀਤ...! ਪਰ ਉਹਨੂੰ ਸਾਰੇ ਮੀਤੀ ਆਖਦੇ ਐ।"
-"ਉਹ ਬੱਲੋਆਲ਼ ਦੀ ਐ ਤੇ ਨਾਂ ਮੀਤੀ...? ਕਿਤੇ ਜਾਗਰ ਸਿਉਂ ਦੀ ਕੁੜੀ ਤਾਂ ਨ੍ਹੀ ਉਹੋ?" ਉਸ ਨੇ ਪੁੱਛਿਆ ਤਾਂ ਹਰਦੇਵ ਚੌਂਕ ਜਿਹਾ ਗਿਆ। ਉਸ ਨੂੰ ਇਹ ਨਹੀਂ ਸਮਝ ਆ ਰਹੀ ਸੀ ਕਿ ਇਹ ਔਰਤ ਮੀਤੀ ਨੂੰ ਇਤਨਾ ਨੇੜਿਓਂ ਕਿਵੇਂ ਜਾਣਦੀ ਸੀ? ਉਸ ਦੇ ਦਿਮਾਗ ਨੂੰ ਵੀ ਤੁਣਕੇ ਵੱਜੀ ਜਾ ਰਹੇ ਸਨ।
-"ਹਾਂ ਜੀ, ਉਹ ਜਾਗਰ ਸਿਉਂ ਦੀ ਕੁੜੀ ਈ ਐ, ਭੈਣ ਜੀ!" ਹਰਦੇਵ ਦੀ ਗੱਲ ਸੁਣ ਕੇ ਉਸ ਔਰਤ ਨੇ ਮੱਥਾ ਪਿੱਟਿਆ। ਹਰਦੇਵ ਹੋਰ ਡੂੰਘੀ ਖੱਡ ਵਿਚ ਜਾ ਡਿੱਗਿਆ। ਪਰ ਉਸ ਨੂੰ ਸਮਝ ਕਿਸੇ ਗੱਲ ਦੀ ਵੀ ਨਹੀਂ ਲੱਗੀ ਸੀ।
-"ਪਰ ਤੁਸੀਂ ਭੈਣ ਜੀ ਉਹਨੂੰ ਕਿਵੇਂ ਜਾਣਦੇ ਓਂ...?" ਹਰਦੇਵ ਦਾ ਮੂੰਹ ਅਚੰਭੇ ਵਿਚ ਅੱਡਿਆ ਗਿਆ ਸੀ।
-"ਉਹ ਤਾਂ ਤੇਰੇ ਨਾਲੋਂ ਭਾਈ ਬਾਹਵਾ ਵੱਡੀ ਹੋਊ?" ਉਸ ਨੇ ਹਰਦੇਵ ਦੀ ਗੱਲ ਵੱਲੋਂ ਲਾਪ੍ਰਵਾਹ ਹੋ ਕੇ ਪੁੱਛਿਆ।
-"ਹਾਂ ਜੀ, ਹੈਗਾ ਕੋਈ ਦਸ ਕੁ ਸਾਲ ਦਾ ਫ਼ਰਕ ਸਾਡਾ!"
-"ਬੱਸ, ਬੱਸ...! ਉਹੀ ਐ...!" ਉਸ ਨੇ ਉਂਗਲ਼ ਸੱਪ ਦੀ ਸਿਰੀ ਵਾਂਗ ਹਿਲਾਈ।
-"ਕੀ ਉਹੀ ਐ ਜੀ...? ਕੀ ਮਤਲਬ ਐ ਤੁਹਾਡਾ?" ਹੁਣ ਹਰਦੇਵ ਵੀ ਚੁਕੰਨਾਂ ਹੋ ਗਿਆ ਕਿ ਇੱਥੇ ਕੋਈ ਭੇਦ ਜ਼ਰੂਰ ਅੜਿਆ ਹੋਇਆ ਸੀ।
-"ਵੇ ਕੀ ਦੱਸਾਂ ਭਰਾਵਾ...? ਗੁੱਸਾ ਤਾਂ ਨ੍ਹੀ ਕਰਦਾ?"
-"ਨਾ ਭੈਣ ਜੀ ਮੈਂ ਗੁੱਸਾ ਕਿਉਂ ਕਰੂੰ?" ਉਹ ਵੀ ਸੁਚੇਤ ਚਿੱਤ ਹੋ ਕੇ ਬੈਠ ਗਿਆ।
-"ਵੇ ਕਮਲਿ਼ਆ ਭਰਾਵਾ...! ਉਹ ਪਹਿਲਾਂ ਮੇਰੇ ਭਰਾ ਨੂੰ ਵਿਆਹੀ ਵੀ ਸੀ...!" ਆਖ ਕੇ ਉਸ ਨੇ ਹਰਦੇਵ ਦੇ ਦਿਮਾਗ 'ਤੇ ਗਰਨੇਡ ਸੁੱਟ ਦਿੱਤਾ। ਉਸ ਦੀਆਂ ਅੱਖਾਂ ਅੱਗੇ ਧੂੰਆਂ ਰੋਲ਼ ਹੋ ਗਿਆ ਸੀ। ਉਸ ਨੂੰ ਕੁਝ ਸੁੱਝ ਨਹੀਂ ਰਿਹਾ ਸੀ ਕਿ ਉਸ ਔਰਤ ਨੂੰ ਕੀ ਕਹੇ ਅਤੇ ਕੀ ਪੁੱਛੇ? ਉਹ ਬੇਸੁਰਤ ਜਿਹਾ ਹੀ ਤਾਂ ਹੋ ਗਿਆ ਸੀ!
-"ਕੀ ਨਾਂ ਐਂ ਭੈਣ ਜੀ ਤੁਹਾਡਾ?"
-"ਮੇਰਾ ਨਾਂ ਸਰਬਜੀਤ ਐ, ਭਰਾਵਾ! ਤੂੰ ਮੈਨੂੰ ਆਬਦੀ ਭੈਣ ਈ ਸਮਝ, ਹੁਣ!"
-"ਭੈਣ ਜੀ, ਕਿੰਨਾ ਕੁ ਚਿਰ ਵਿਆਹੀ ਰਹੀ ਉਹ ਥੋਡੇ ਘਰੇ?"
-"ਉਹ ਤਾਂ ਵਿਆਹੀ ਰਹੀ ਐ ਸਾਡੇ ਘਰੇ ਅੱਠ ਸਾਲ ਤੋਂ ਵੀ ਉਪਰ! ਉਹਨੇ ਤਾਂ ਮੇਰੇ ਭਰਾ ਨੂੰ ਉਹ ਹੱਥ ਲੁਆਏ-ਬੱਸ ਰਹੇ ਰੱਬ ਦਾ ਨਾਂ!"
-"ਕਿਉਂ? ਕਾਹਤੋਂ?"
-"ਵੇ ਭਰਾਵਾ, ਜੇ ਗੁੱਸਾ ਨਾ ਕਰੇਂ...? ਮੈਂ ਤੈਨੂੰ ਸਾਰੀ ਘਾਣੀ ਈ ਦੱਸ ਦਿਆਂ।" ਉਸ ਨੇ ਗਿਰਝ ਵਾਂਗ ਟਿਕਟਿਕੀ ਲਾ ਕੇ ਹਰਦੇਵ ਦਾ ਚਿਹਰਾ ਪੜ੍ਹਿਆ। ਉਹ ਗੱਲੀਂ ਬਾਤੀਂ ਹਰਦੇਵ ਦਾ ਪੈਖੜ ਨਰੜਦੀ ਆ ਰਹੀ ਸੀ।
-"ਮੈਂ ਗੁੱਸਾ ਕਾਹਨੂੰ ਕਰਨੈਂ ਭੈਣ ਜੀ? ਮੇਰੇ ਨਾਲ਼ ਤਾਂ ਉਹ ਆਪ ਨ੍ਹੀ ਚੱਜ ਨਾਲ਼ ਬੋਲਦੀ!" ਮੀਤੀ ਦੀਆਂ ਖਾਮੀਆਂ ਜਾਨਣ ਲਈ ਹਰਦੇਵ ਨੇ ਕੋਰਾ ਝੂਠ ਬੋਲਿਆ ਸੀ। ਨਹੀਂ ਤਾਂ ਮੀਤੀ ਨੇ ਉਸ ਨੂੰ ਕਦੇ ਕੋਈ ਬੋਲ ਕਬੋਲ ਨਹੀਂ ਕੀਤਾ ਸੀ।
-"ਮੇਰਾ ਭਰਾ ਚੰਗਾ ਕੰਮ ਕਾਰ ਕਰਦੈ-ਚੰਗਾ ਕਮਾਉਂਦੈ-ਇਹਨੇ ਤਿੰਨਾਂ ਮਹੀਨੀਆਂ 'ਚ ਪਤਾ ਨ੍ਹੀ ਅੱਠ ਹਜਾਰ ਪੌਂਡ ਕਿੱਧਰ ਖਪਾ ਦਿੱਤਾ? ਖਬਰੇ ਆਬਦੇ ਪਿਉ ਨੂੰ ਭੇਜਤਾ...? ਗੁੱਸਾ ਨਾ ਕਰੀਂ ਮੇਰਾ ਵੀਰ, ਖਬਰੇ ਕਿਸੇ ਯਾਰ ਮਿੱਤਰ ਨੂੰ ਲੁਟਾਤਾ...? ਬੱਸ ਐਨੀ ਗੱਲ ਐ ਭਰਾ ਮੇਰਿਆ, ਬਈ, ਤਿੰਨਾਂ ਮਹੀਨਿਆਂ 'ਚ ਉਹਨੇ ਅੱਠ ਹਜਾਰ ਪੌਂਡ ਨੂੰ ਉੜਦੂ ਲਾ ਦਿੱਤਾ।"
-"ਫੇਰ...?" ਹਰਦੇਵ ਦੀਆਂ ਅੱਖਾਂ ਅੱਗੇ ਭੰਬੂਤਾਰੇ ਨੱਚਣ ਲੱਗ ਪਏ। ਉਹ ਘੁੱਟਾਂਬਾਟੀ ਸਰਬਜੀਤ ਦੇ ਮੂੰਹ ਵੱਲ ਝਾਕ ਰਿਹਾ ਸੀ।
-"ਫੇਰ ਕੀ...? ਮੇਰਾ ਭਰਾ ਕੰਮ ਕਾਰ ਆਲ਼ਾ ਬੰਦਾ! ਉਹਨੇ ਅੱਠ ਹਜਾਰ ਪੌਂਡ ਦਾ ਹਿਸਾਬ ਕਿਤਾਬ ਪੁੱਛਣਾ ਈ ਸੀ? ਅੱਠ ਹਜਾਰ ਪੌਂਡ ਭਰਾਵਾ, ਥੋੜ੍ਹਾ ਹੁੰਦੈ...?"
-"ਨਹੀਂ ਬਹੁਤ ਹੁੰਦੈ ਭੈਣ ਜੀ...!" ਹਰਦੇਵ ਗੱਲ ਸੁਣ ਕੇ ਹਿੱਲ ਗਿਆ।
-"ਤੇ ਭਰਾਵਾ, ਜਦੋਂ ਮੇਰੇ ਆਲ਼ਾ ਭਰਾ ਅੱਠ ਹਜਾਰ ਦਾ ਹਿਸਾਬ ਮੰਗਿਆ ਕਰੇ-ਮੱਟਰ ਜੀ ਹੋ ਕੇ ਬਹਿ ਜਾਇਆ ਕਰੇ-ਤੇ ਕੋਈ ਜਵਾਬ ਨਾ ਦਿਆ ਕਰੇ-ਤੇ ਮੇਰੇ ਆਲ਼ਾ ਭਰਾ ਚਿੜ ਗਿਆ!"
-"ਚਿੜਨਾ ਈ ਸੀ...! ਅੱਠ ਹਜਾਰ ਪੌਂਡ ਬਣਦਾ ਪਤਾ ਕਿਵੇਂ ਐਂ?"
-"ਉਹ ਮੱਚਦਾ ਬੁਝਦਾ ਵਿਚਾਰਾ ਸਾਡੇ ਕੋਲ਼ੇ ਆ ਕੇ ਰੋਣ ਪਿੱਟਣ ਲੱਗਿਆ! ਅਸੀਂ ਵੀ ਜਾ ਕੇ ਉਹਨੂੰ ਹਲੂਣਿਆਂ-ਹਿਸਾਬ ਕਿਤਾਬ ਦੀ ਗੱਲ ਚਲਾਈ-ਬੱਸ ਭਰਾਵਾ, ਉਹੀ ਬੈਂਹਾਂ ਅਤੇ ਉਹੀ ਕੁਹਾੜੀ! ਫੇਰ ਨਾ ਕੁਛ ਬੋਲੀ! ਡਰਨਾਂ ਬਣ ਕੇ ਖੜ੍ਹੀ ਰਹੀ-ਮੇਰੀ ਮਾਂ, ਤੇ ਮੇਰੇ ਬਾਪੂ ਨੇ ਵੀ ਉਹਨੂੰ ਪਲੋ਼ਸ ਕੇ ਪੁੱਛਿਆ-ਪਰ ਨਾ! ਕੋਈ ਉਤਰ ਨ੍ਹੀ! ਫੇਰ ਭਰਾਵਾ, ਮੇਰੇ ਆਲ਼ੇ ਭਰਾ ਨੇ ਡਾਇਵੋਰਸ ਅਪਲਾਈ ਕਰਤਾ-ਬੋਲੀ ਫੇਰ ਨਾ...! ਦੁਨੀਆਂ ਦੀ ਚੋਰ, ਬੋਲੇ ਕੀ? ਜਦੋਂ ਜੱਜ ਦੇ ਤਲਾਕ ਦੀ ਤਾਰੀਕ ਪਈ-ਉਥੇ ਵੀ ਗੂੰਗੀ ਬਣ ਕੇ ਬੈਠੀ ਰਹੀ ਤੇ ਢੀਠ ਬਣੀ ਗਿਰਝ ਮਾਂਗੂੰ ਝਾਕੀ ਜਾਵੇ! ਤੇ ਚੱਕ ਮੇਰੇ ਭਾਈ ਜੱਜ ਨੇ ਖਿਝ ਕੇ ਤਲਾਕ ਲਿਖਤਾ-ਤਾਂ ਅਸੀਂ ਜਾ ਕੇ ਇਹਤੋਂ ਖਹਿੜਾ ਛੁਡਾਇਆ...!" ਆਖ ਕੇ ਸਰਬਜੀਤ ਨੇ ਸੌਖਾ ਜਿਹਾ ਸਾਹ ਲਿਆ।
ਹਰਦੇਵ ਦੇ ਮਨ ਵਿਚ ਭੰਮੀਰੀਆਂ ਘੁਕੀ ਜਾ ਰਹੀਆਂ ਸਨ!
ਉਸ ਨੂੰ ਕੁਝ ਸੁੱਝ ਨਹੀਂ ਰਿਹਾ ਸੀ।
-"ਭਰਾਵਾ ਗੱਲ ਇਕ ਐ-ਆਬਦਾ ਘਰ ਜਮਾਂ ਨਾ ਤੋੜੀਂ! ਸਿਆਣਾ ਬਣ ਕੇ ਰਹਿ ਇਹਦੇ ਨਾਲ਼-ਪਰ ਪੈਸੇ ਦਾ ਇਹਤੋਂ ਹਿਸਾਬ ਕਿਤਾਬ ਜਰੂਰ ਲਿਆ ਕਰ! ਨਾਲ਼ੇ ਇਹਦੇ 'ਤੇ ਪੂਰੀ ਨਿਗਰਾਨੀ ਰੱਖਿਆ ਕਰ! ਸਿਆਣੇ ਆਖਦੇ ਐ ਬਈ ਗਧੇ ਨੂੰ ਡੰਡਾ ਤੇ ਸਿਆਣੇ ਬੰਦੇ ਨੂੰ ਤਾਂ ਇਸ਼ਾਰਾ ਈ ਬਹੁਤ ਹੁੰਦੈ! ਪੱਕੀ ਮੋਹਰ ਲੱਗ ਗਈ ਤੇਰੀ...?" ਸਰਬਜੀਤ ਕੋਚਰ ਵਾਂਗ ਹਰਦੇਵ ਵੱਲ ਝਾਕੀ।
-"ਬੱਸ ਭੈਣ ਜੀ ਅੱਜ ਕੱਲ੍ਹ 'ਚ ਲੱਗਣ ਆਲ਼ੀ ਐ-!"
-"ਪੱਕੀ ਮੋਹਰ ਲੈ ਲੁਆ, ਭਰਾਵਾ! ਤੇ ਬਾਹਲ਼ਾ ਚਿਰ ਇਹ ਤੇਰੇ ਨਾਲ਼ ਕੱਟਣ ਆਲ਼ੀ ਤੀਮੀਂ ਨ੍ਹੀ! ਤੀਮੀ ਨੂੰ ਲੱਗੀ ਘਤਿੱਤ ਕਦੇ ਨਾ ਕਦੇ ਤਾਂ ਜਾਗਦੀ ਐ! ਸਾਡੇ ਘਰੇ ਅੱਠ ਸਾਲ ਰਹਿਕੇ ਵੀ ਇਹ ਸਾਡੀ ਨ੍ਹੀ ਹੋਈ? ਤੇ ਤੇਰੀ ਦੋ ਸਾਲਾਂ 'ਚ ਕਿਵੇਂ ਬਣਜੂਗੀ? ਸੋਹਣਾ ਸੁਨੱਖਾ ਜੁਆਨ ਤੂੰ ਮੁੰਡੈਂ...! ਤੈਨੂੰ ਕੁੜੀਆਂ ਦਾ ਘਾਟੈ? ਤੂੰ ਜਰੂਰ ਇਸ ਬੁੱਢੀ ਮੱਝ ਤੋਂ ਪੈਰ ਮਿਧਵਾਉਣੇ ਐਂ? ਤੂੰ ਪੱਕਾ ਹੋ ਕੇ ਇਹਨੂੰ ਚੁੱਪ ਚਾਪ ਛੱਡ ਕੇ ਪਰ੍ਹੇ ਕਰ ਤੇ ਇੰਡੀਆ ਤੋਂ ਕੋਈ ਚੱਜ ਦੀ ਜੁਆਨ ਕੁੜੀ ਲਿਆ...! ਇਹਦੇ ਨਾਲੋਂ ਤਾਂ ਤੈਨੂੰ ਤੋੜ ਵਿਛੋੜੀ ਕਰਨੀਂ ਪੈਣੀ ਐਂ-ਅੱਜ ਕਰਲੀਂ, ਚਾਹੇ ਸਾਲ ਨੂੰ ਕਰਲੀਂ! ਅਖੇ ਨਾਈਆ ਵਾਲ਼ ਕਿੱਡੇ ਕਿੱਡੇ ਕੁ ਐ? ਕਹਿੰਦਾ ਭਾਈ ਸਬਰ ਕਰ-ਮੂਹਰੇ ਈ ਆ ਡਿੱਗਣੇ ਐਂ! ਉਹ ਗੱਲ ਤਾਂ ਭਰਾਵਾ ਇਹਦੀ ਐ! ਇਹਦਾ ਜਿੰਨਾ ਮਰਜ਼ੀ ਐ ਬਣ ਕੇ ਦੇਖ ਲਈਂ-ਇਹ ਟੱਬਰ ਤਾਂ ਅਮਰ ਵੇਲ ਅਰਗੈ-ਜਿਹੜੇ ਦਰੱਖ਼ਤ 'ਤੇ ਬੈਠੂ, ਉਸੇ ਦਰੱਖ਼ਤ ਦਾ ਈ ਭੱਠਾ ਬਿਠਾਊ! ਬਾਕੀ ਤੂੰ ਆਪ ਸੋਚ ਕਰਲੀਂ...!"
ਹਰਦੇਵ ਦੇ ਕੰਨਾਂ ਵਿਚ ਸੀਟੀਆਂ ਵੱਜੀ ਜਾ ਰਹੀਆਂ ਸਨ।
-"ਇਕ ਤੈਨੂੰ ਮੈਂ ਹੋਰ ਦੱਸਦੀ ਐਂ, ਭਰਾਵਾ! ਮੇਰਾ ਆਬਦਾ ਦਿਉਰ ਵਕੀਲ ਐ-ਜੇ ਤੈਨੂੰ ਕਿਸੇ ਸਲਾਹ ਸੱਪੇ ਦੀ ਲੋੜ ਪਵੇ-ਮੈਨੂੰ ਦੱਸ ਦੇਈਂ! ਆਪੇ ਤੈਨੂੰ ਮੁਫ਼ਤ ਸਲਾਹ ਦਿਊ-ਇਹ ਮੇਰੀ ਗਰੰਟੀ ਐ!" ਉਸ ਨੇ ਹਿੱਕ ਥਾਪੜ ਦਿੱਤੀ।
-"ਇਹਦਾ ਭੈਣ ਜੀ ਕਿਸੇ ਨਾਲ਼ ਊਂ ਤਾਂ ਨ੍ਹੀ ਚੱਕਰ ਚੁੱਕਰ ਸੀ?"
-"ਵੇ ਭਰਾਵਾ ਰੱਬ ਜਾਣੇ! ਪਰ ਤੂੰ ਖ਼ੁਦ ਸੋਚ! ਬਈ ਤਿਨਾਂ ਮਹੀਨਿਆਂ 'ਚ ਅੱਠ ਹਜਾਰ ਪੌਂਡ ਖੰਭ ਲਾ ਕੇ ਉਡ ਤਾਂ ਗਿਆ ਨ੍ਹੀ? ਕਿਸੇ ਨੂੰ ਤਾਂ ਦਿੱਤਾ ਈ ਐ? ਜਾਂ ਕਿਸੇ ਯਾਰ ਨੂੰ ਤੇ ਜਾਂ ਆਬਦੇ ਪਿਉ ਨੂੰ?"
-"ਪਿਉ ਤਾਂ ਇਹਦਾ ਪਿੱਛੇ ਜਿਹੇ ਚੜ੍ਹਾਈ ਕਰ ਗਿਆ-ਘਰੇ ਵੀ ਕੋਈ ਪੈਸਾ ਲੱਗਿਆ ਨਹੀਂ ਦਿਸਦਾ-ਕਿਉਂਕਿ ਇਹਨਾਂ ਦਾ ਘਰ ਮੈਂ ਆਪ ਦੇਖਿਐ-ਪਰ ਗਾਂਹਾਂ ਮੈਨੂੰ ਕੋਈ ਪਤਾ ਨਹੀ!"
-"ਕਦੋਂ ਮਰਿਐ ਇਹਦਾ ਪਿਉ?"
-"ਆਹ ਤਿੰਨ ਕੁ ਹਫ਼ਤੇ ਈ ਹੋਏ ਐ-।"
-"ਬਮਾਰ ਠਮਾਰ ਸੀ?"
-"ਪਤਾ ਨ੍ਹੀ! ਰੱਬ ਜਾਣੇ! ਮੈਨੂੰ ਕਿਹੜਾ ਕੁਛ ਦੱਸਦੀ ਐ?"
-"ਇਹ ਤਾਂ ਭਾਈ ਆਪਹੁਦਰੀ ਤੀਮੀ ਐਂ-ਜੁਆਕ ਇਹਨੂੰ ਨ੍ਹੀ ਹੁੰਦਾ! ਕਿੱਥੇ ਲੈ ਕੇ ਜਾਣੀ ਐਂ ਕਮਾਈ ਬੰਦੇ ਨੇ...? ਕਾਹਦੇ ਵਾਸਤੇ ਕਮਾਉਂਦੈ ਬੰਦਾ? ਜੇ ਲੋਕਾਂ ਦੇ ਭਾਗਾਂ ਨੂੰ ਈ ਕਮਾਉਣੈਂ-ਤਾਂ ਕੀ ਫ਼ਾਇਦਾ ਐਹੋ ਜੀ ਕਮਾਈ ਦਾ...? ਤੈਨੂੰ ਪਤੈ ਬਈ ਇਹਨੂੰ ਕੋਈ ਜੁਆਕ ਜੱਲਾ ਨ੍ਹੀ ਹੋ ਸਕਦਾ?"
-"ਹਾਂ ਪਤੈ ਭੈਣ ਜੀ...।"
-"ਫੇਰ ਭਰਾਵਾ ਮੈਨੂੰ ਤਾਂ ਸਮਝ ਨ੍ਹੀ ਆਉਂਦੀ ਬਈ ਤੂੰ ਅੱਖੀਂ ਦੇਖ ਕੇ ਮੱਖੀ ਕਾਹਤੋਂ ਨਿਗਲ਼ਦੈਂ? ਬੰਦੇ ਦੇ ਜੁਆਕ ਜੱਲਾ ਹੋਵੇ-ਉਹ ਜਾਣੇ-ਕਦੇ ਬਿਮਾਰ ਠਮਾਰ ਨੂੰ ਸਾਂਭਦੈ-ਪਰ ਅੱਗ ਲਾਉਣੈਂ ਪੈਸਾ ਬੰਦੇ ਨੇ-ਜਦੋਂ ਅੱਗੇ ਆਬਦੀ ਕੁਲ਼ ਈ ਨਾ ਵਧੀ? ਬੰਦੇ ਦੀ ਹੱਡ ਭੰਨਵੀਂ ਕਮਾਈ 'ਤੇ ਤਾਂ ਫੇਰ ਗਿੱਦੜ ਈ ਕਲੋਲਾਂ ਕਰਦੇ ਐ! ਔਤ ਦੇ ਕੌਲਿ਼ਆਂ 'ਤੇ ਤਾਂ ਭਾਈ ਮੁੜ ਕੇ ਕੁੱਤੇ ਈ ਲੱਤ ਚੱਕ ਕੇ ਮੂਤਦੇ ਐ...!"
ਹਰਦੇਵ ਚੁੱਪ ਚਾਪ ਤੁਰ ਆਇਆ।
ਉਸ ਨੇ ਨਾ ਤਾਂ ਟੂਲ-ਬੌਕਸ ਲਿਆ ਅਤੇ ਨਾ ਹੀ ਅਗਲੇ ਦੇ ਘਰੇ ਬੁਆਇਲਰ ਠੀਕ ਕਰਨ ਪਹੁੰਚਿਆ। ਪਰ ਉਸ ਨੇ ਨਾ ਆ ਸਕਣ ਬਾਰੇ ਉਹਨਾਂ ਨੂੰ ਫ਼ੋਨ ਜ਼ਰੂਰ ਕਰ ਦਿੱਤਾ ਸੀ, ਕਿ ਅਗਲੇ ਕੁੱਤੇ ਝਾਕ ਵਿਚ ਨਾ ਰਹਿਣ!
ਉਸ ਦਿਨ ਤੋਂ ਹਰਦੇਵ ਦਾ ਵਤੀਰਾ ਮੀਤੀ ਪ੍ਰਤੀ ਅਤੀਅੰਤ ਰੁੱਖਾ ਹੋ ਗਿਆ। ਬਲ਼ਦੀ 'ਤੇ ਤੇਲ ਜਿਉਂ ਪੈ ਗਿਆ ਸੀ। ਸਰਬਜੀਤ ਨੇ ਖੁਰੀਆਂ ਹੀ ਤਾਂ ਲਾ ਦਿੱਤੀਆਂ ਸਨ। ਔਲ਼ਾਦ ਖਾਤਿਰ ਹੀ ਤਾਂ ਬੰਦਾ ਭੱਜਿਆ ਫਿਰਦੈ! ਭੈਣ ਭਾਈ ਮੇਰੇ ਕੱਲ੍ਹ ਨੂੰ ਕਦੋਂ ਮਿੱਤ ਹੋਏ? ਰੱਸੀਆਂ ਧਰ ਕੇ ਮਿਣਦੇ ਲੋਕੀ, ਔਤ ਗਿਆਂ ਦੀਆਂ ਥਾਂਵਾਂ...! ਸਿਆਣੇ ਐਵੇਂ ਤਾਂ ਨਹੀਂ ਗਾ ਗਏ? ਅੱਜ ਕੱਲ੍ਹ ਤਾਂ ਦੁਨੀਆਂ ਪੈਸੇ ਅਤੇ ਗੌਂਅ ਦੀ ਹੈ! ਜੇ ਤੁਹਾਡੇ ਕੋਲ਼ ਪੈਸਾ ਹੈ, ਤਾਂ ਲੋਕ ਤੁਹਾਡੇ ਅੱਗੇ ਪਿੱਛੇ ਫਿ਼ਰਨਗੇ। ਤੇ ਜੇ ਤੁਸੀਂ ਨੰਗ ਹੋ, ਤਾਂ ਤੁਹਾਨੂੰ ਮਰਦਿਆਂ ਨੂੰ ਵੀ ਕੋਈ ਚੁੱਕਣ ਨਹੀਂ ਆਉਂਦਾ।
ਬਾਪੂ ਦਾ ਹਾਲ ਦੇਖ ਲੈ...! ਜਦੋਂ ਖਾਖੀ ਨੰਗ ਸੀ। ਉਦੋਂ ਕੋਈ ਵੱਢੀ ਉਂਗਲ 'ਤੇ ਨਹੀਂ ਮੂਤਦਾ ਸੀ। ਤੇ ਜਦੋਂ ਹੁਣ ਚਾਰ ਪੈਸੇ ਕੋਲ਼ ਆ ਗਏ। ਹਰ ਕੋਈ 'ਸਾਸਰੀਕਾਲ ਜੀ' ਬੁਲਾ ਕੇ, ਫੇਰ ਕੋਲ਼ ਦੀ ਲੰਘਦੈ! ਬੰਦੇ ਦੀ ਬੁਨਿਆਦ ਔਲ਼ਾਦ ਦੇ ਸਿਰ 'ਤੇ ਬੱਝਦੀ ਐ। ਨੀਂਹ ਬਿਨਾ ਮਕਾਨ ਕਦੋਂ ਕੁ ਤੱਕ ਖੜੂ? ਜੇ ਮੈਂ ਇਉਂ ਈ ਦਿਨ ਰਾਤ ਬਲ਼ਦ ਵਾਂਗੂੰ ਕਮਾਈ ਕਰਦਾ ਰਿਹਾ? ਕਿੱਥੇ ਲੈ ਕੇ ਜਾਣੈਂ ਇਹ ਪੈਸਾ...? ਕੋਈ ਆਪਦਾ ਬਾਲ ਬੱਚਾ ਹੋਊ, ਤਾਂ ਅਗਲਾ ਦੁਨੀਆਂ ਦੀ ਸ਼ਰਮ ਜਾਂ ਲੋਭ ਲਾਲਚ ਨੂੰ ਹੀ ਹਾਲ ਚਾਲ ਪੁੱਛੂ! ਨਹੀਂ ਭਰਾ ਭਤੀਜੇ ਮੈਨੂੰ ਬੁੜ੍ਹੇ ਹੋਏ ਨੂੰ ਕਦੋਂ ਚੂਰੀ ਦੇਣ ਲੱਗੇ ਐ? ਐਥੇ ਇੰਗਲੈਂਡ ਦਾ ਹਾਲ ਤੂੰ ਦੇਖੀ ਜਾਨੈ? ਜੀਹਦੇ ਕੋਈ ਬਾਲ ਬੱਚਾ ਹੈਨੀ, ਅਗਲੇ ਨੂੰ "ਕੇਅਰ ਸੈਂਟਰ" ਵਾਲ਼ੇ ਲੈ ਜਾਂਦੇ ਐ, ਅਤੇ ਅਗਲਾ ਉਥੇ ਹੀ ਲਾਵਾਰਿਸਾਂ ਵਾਂਗ ਅੱਡੀਆਂ ਰਗੜ ਰਗੜ ਕੇ ਮਰ ਜਾਂਦੈ! ਨਾ ਕੋਈ ਰੋਵੇ, ਨਾ ਅਫ਼ਸੋਸ ਕਰੇ! ਔਲ਼ਾਦ ਹੋਊ, ਤਾਂ ਘੱਟੋ ਘੱਟ ਬੰਦੇ ਦਾ ਸਸਕਾਰ ਤਾਂ ਕਰੂ! ਫ਼ੁੱਲ ਤਾਂ ਪਾਊ? ਚਾਹੇ ਲੋਕ ਲਾਜ ਨੂੰ, ਦੂਜਿਆਂ ਦੇ ਮੂੰਹ ਨੂੰ ਹੀ ਕਰੇ? ਬੰਦਾ ਔਤਰਿਆਂ ਵਾਂਗ ਤਾਂ ਨਹੀਂ ਮਰਦਾ? ਨਹੀਂ ਤਾਂ ਕੇਅਰ ਸੈਂਟਰ ਵਾਲ਼ੇ ਤਾਂ, ਬੰਦਾ ਮਰਿਆ, ਚੱਕ ਕੇ ਫ਼ੂਕ ਦਿੱਤਾ ਅਤੇ ਰਜਿ਼ਸਟਰ ਵਿਚ ਦਰਜ਼ ਕਰ ਲਿਆ ਕਿ ਫ਼ਲਾਨਾ ਸਿਉਂ ਸੁਰਗਵਾਸ ਹੋ ਗਿਆ, ਤੇ ਚੱਕ ਮੇਰੇ ਭਾਈ! ਕੀ ਜਿ਼ੰਦਗੀ ਐ ਇਹੇ...? ਕਾਹਦੀ ਖਾਤਰ ਕਮਾਈ ਐ ਇਹੇ? ਜੇ ਧੰਦ ਹੀ ਪਿੱਟਣੈਂ, ਬੰਦਾ ਕੋਈ ਨਿਸ਼ਾਨਾ ਸਮਝ ਕੇ ਤਾਂ ਪਿੱਟੇ? ਬਿਨਾ ਗੱਲੋਂ ਕੋਹਲੂ ਦੇ ਬੈਲ ਵਾਂਗ ਚਕਰੀ-ਗੇੜੇ ਪਏ ਫਿਰਨਾ? ਕੀ ਕਮਾਈ ਕਿਸੇ ਅਰਥ ਹੈ...?
ਪਰ ਮੀਤੀ ਨੇ ਤਾਂ ਬਾਂਝ ਹੋਣ ਬਾਰੇ ਤੇਰੇ ਨਾਲ਼ ਤੇ ਬਾਪੂ ਨਾਲ਼ ਸਿੱਧੀ-ਸਪੱਸ਼ਟ ਗੱਲ ਕੀਤੀ ਸੀ। ਉਸ ਨੂੰ ਕੀ ਕਹੇਂਗਾ? ਪਰ ਮੀਤੀ ਆਪ ਕਿਹੜਾ ਦੁੱਧ ਧੋਤੀ ਐ? ਪਹਿਲੇ ਸਹੁਰਿਆਂ ਨਾਲ਼ ਨਹੀਂ ਥਾਂ-ਸਿਰ ਨਿਭੀ, ਮੇਰੇ ਨਾਲ਼ ਕੀ ਨਿਭੂਗੀ...? ਉਹਨੇ ਪਹਿਲੇ ਸਹੁਰਿਆਂ ਦਾ ਵੀ ਅੱਠ ਹਜ਼ਾਰ ਦਾ ਘਪਲ਼ਾ ਕੀਤਾ ਹੀ ਐ! ਮੇਰੇ ਨਾਲ਼ ਕਿਤੇ ਘੱਟ ਕਰੂਗੀ? ਮੀਤੀ ਦੇ ਮਗਰ ਲੱਗ ਕੇ ਮੈਂ 'ਔਤ' ਹੀ ਮਰ ਜਾਵਾਂ...? ਚਲੋ ਉਹਦੇ ਤਾਂ ਕੋਈ ਵੱਸ ਨਹੀਂ! ਉਸ ਨੂੰ ਤਾਂ ਬੱਚਾ ਹੋ ਹੀ ਨਹੀਂ ਸਕਦਾ! ਉਸ ਨੂੰ ਤਾਂ ਇਹ ਭਾਣਾ ਮੰਨਣਾ ਈ ਪੈਣੈਂ! ਜੇ ਉਹਨੂੰ ਬੱਚਾ ਨਹੀਂ ਹੋ ਸਕਦਾ, ਤਾਂ ਤੂੰ ਵੀ ਔਤਰਾ ਈ ਜੱਗੋਂ ਜਾਣੈਂ...? ਪਰ ਤੂੰ ਤਾਂ ਮੀਤੀ ਨਾਲ਼ ਧੁਰ ਤੱਕ ਤੋੜ ਨਿਭਾਉਣ ਦਾ ਵਾਅਦਾ ਕੀਤਾ ਸੀ? ਹੁਣ ਮੀਤੀ ਨੂੰ ਖੜ੍ਹਾ ਖੜੋਤਾ ਧੋਖਾ ਦੇਵੇਂਗਾ...? ਪਰ ਮੀਤੀ ਨੇ ਕਿਤੇ ਆਪਣੇ ਪਹਿਲੇ ਸਹੁਰਿਆਂ ਨੂੰ ਧੋਖਾ ਨਹੀਂ ਦਿੱਤਾ? ਜਿਹੜਾ ਕਰਦੈ, ਉਹਦੇ ਅੱਗੇ ਤਾਂ ਸਾਰਾ ਕੁਛ ਆਉਂਦਾ ਈ ਐ? ਮੀਤੀ ਵੀ ਭੁਗਤੂਗੀ...! ਜਿਹੋ ਜਿਹੀ ਕਰਨੀ, ਉਹੋ ਜਿਹੀ ਭਰਨੀ...! ਮੀਤੀ ਵੀ ਦੁੱਧ ਧੋਤੀ ਨਹੀਂ! ਕਿਸੇ ਮਗਰ ਲੱਗ ਕੇ ਆਪ ਦੀ ਜਿ਼ੰਦਗੀ ਖ਼ਰਾਬ ਕਰਨੀ, ਕਿੱਡੀ ਮੂਰਖ਼ਤਾ ਹੈ? ਇਹ ਕਲਯੁੱਗ ਐ, ਹਰਦੇਵ ਸਿਆਂ! ਆਪਦੇ ਬਾਰੇ ਸੋਚ! ਭੱਠ 'ਚ ਪਵੇ ਦੁਨੀਆਂ...! ਪਰ ਮੀਤੀ ਨਾਲ਼ ਜ਼ੁਬਾਨ ਕਰ ਕੇ ਨਰਕਾਂ ਦਾ ਭਾਗੀ ਹੋਵੇਂਗਾ! ਪਰ ਕਿਹੜਾ ਨਰਕ...? ਅੱਗਾ ਕਿਸੇ ਨੇ ਦੇਖਿਐ? ਆਹ ਜੱਗ ਮਿੱਠਾ, ਅਗਲਾ ਕਿਸ ਡਿੱਠਾ? ਕਦੇ ਕਿਸੇ ਨੇ 'ਉਪਰ' ਜਾ ਕੇ ਘਰਦਿਆਂ ਨੂੰ ਟੈਲੀਗਰਾਮ ਕੀਤੀ ਐ? ਬਈ ਮੈਂ ਸਵਰਗਾਂ ਵਿਚ ਰਾਜੀ ਖ਼ੁਸ਼ੀ ਹਾਂ, ਆਪ ਜੀ ਦੀ ਰਾਜੀ ਖ਼ੁਸ਼ੀ ਪ੍ਰਮਾਤਮਾ ਪਾਸੋਂ ਨੇਕ ਚਾਹੁੰਦੇ ਹਾਂ...? ਇਹ ਤਾਂ ਸਭ ਵਹਿਮ ਨੇ...! ਨਿਰੇ ਢੌਂਗ...! ਮਾਨਸਿਕ ਤੌਰ 'ਤੇ ਉਲਝਾਏ ਲੋਕ! ਜਦੋਂ ਕਿਸੇ ਨੇ ਅੱਗਾ ਦੇਖਿਆ ਹੀ ਨਹੀਂ, ਬੰਦਾ ਕਿਵੇਂ ਹਿੱਕ ਥਾਪੜ ਕੇ ਹਾਂਮੀ ਭਰ ਸਕਦੈ, ਬਈ ਅੱਗੇ ਸਵਰਗ ਐ, ਜਾਂ ਨਰਕ ਐ? ਕਾਮਰੇਡ ਤਾਂ ਆਖਦੇ ਐ ਕਿ ਬੰਦਾ ਮਰਿਆ, ਕੰਮ ਖਤਮ! ਕੋਈ ਅੱਗਾ ਨਹੀਂ, ਪਿੱਛਾ ਨਹੀਂ, ਕਹਾਣੀ ਖ਼ਤਮ! ਕੀਹਦੀ ਗੱਲ ਮੰਨੀਏ? ਕਾਮਰੇਡਾਂ ਦੀ ਜਾਂ ਸਾਧਾਂ ਸੰਤਾਂ ਦੀ...? ਰੱਬ ਨੂੰ ਤਾਂ ਕੋਈ ਵੀ ਨਹੀਂ ਮਿਲ਼ ਕੇ ਆਇਆ...?
ਪਰ ਬਾਪੂ ਨੂੰ ਕੀ ਜਵਾਬ ਦੇਵੇਂਗਾ? ਬਾਪੂ ਨੇ ਵੀ ਆਪਣੇ ਮਿੱਤਰਾਂ ਦੋਸਤਾਂ ਸਾਹਮਣੇਂ ਮੀਤੀ ਨੂੰ ਧੋਖਾ ਨਾ ਦੇਣ ਦਾ ਪ੍ਰਣ ਕੀਤਾ ਸੀ? ਪਰ ਬਾਪੂ, ਮੇਰਾ ਬਾਪੂ ਐ ਜਾਂ ਮੀਤੀ ਦਾ? ਉਹਨੇ ਮੇਰੀ ਗੱਲ ਮੰਨਣੀਂ ਐਂ ਕਿ ਮੀਤੀ ਦੀ? ਉਹਨੂੰ ਮੈਂ ਪੈਸੇ ਭੇਜਦੈਂ ਜਾਂ ਮੀਤੀ? ਤੇ ਬਾਪੂ ਦੇ ਮਿੱਤਰ ਕੀ ਆਖਣਗੇ...? ਜਿਹਨਾਂ ਮੂਹਰੇ ਉਸ ਨੇ ਮੀਤੀ ਨਾਲ ਮੇਰਾ ਧੁਰ ਤੱਕ ਨਿਭਣ ਦਾ ਵਾਅਦਾ ਕੀਤਾ ਸੀ? ਉਸ ਵਾਅਦੇ ਦਾ ਕੀ ਬਣੂੰ? ਬਾਪੂ ਦੀ ਤਾਂ ਸੱਥ 'ਚ ਬੇਇੱਜ਼ਤੀ ਹੋਊ...! ਲੋਕ ਥੂਹ-ਥੂਹ ਕਰਨਗੇ! ਪਰ ਹਰਦੇਵ ਸਿਆਂ! ਸਭ ਮਿੱਤਰ ਦੋਸਤ, ਸਿਰ ਖੜ੍ਹੇ ਦੇ ਖ਼ਾਲਸੇ ਐ! ਚਾਰ ਬੋਤਲਾਂ ਦਾਰੂ ਦੀਆਂ ਤੇ ਚਾਰ ਮੁਰਗੇ, ਮਿੱਤਰ, ਦੋਸਤ ਜਾਂ ਵਾਅਦੇ ਤਾਂ ਕੁੱਕੜਾਂ ਦੀਆਂ ਟੰਗਾਂ 'ਚ ਈ ਮੂਧੇ ਵੱਜ ਜਾਣਗੇ! ਤੇਰੇ ਕੋਲ਼ੇ ਪੈਸੈ! ਤੂੰ ਦੇਖ ਤਾਂ ਸਹੀ ਰੰਗ ਪੈਸੇ ਦੇ...! ਕੌੜ ਕੁੱਤੇ ਨੂੰ ਵੀ ਮਾਸ ਦੀ ਬੋਟੀ ਅੱਗੇ ਸੁੱਟ ਦਿਓ, ਉਹ ਵੀ ਪੂਛ ਮਾਰਨ ਲੱਗ ਪੈਂਦੈ! ਪੈਸਾ ਕੀ ਨਹੀਂ ਕਰਦਾ...? ਨਾਲ਼ੇ ਬਾਪੂ ਦੇ ਮਿੱਤਰ ਤਾਂ ਹੈ ਹੀ ਕੌਲੀ ਚੱਟ! ਜਦੋਂ ਬੋਟੀ ਅੱਗੇ ਸੁੱਟੀ, ਪੈਰ ਚੱਟਣ ਲੱਗ ਜਾਣਗੇ! ਤੇ ਨਾਲ਼ੇ ਹਿਲਾਉਣਗੇ ਪੂਛ...! ਦੇਖ ਲਵੀਂ, ਜਦੋਂ ਦੋ ਦਿਨ ਖੁੱਲ੍ਹੀ ਡੁੱਲ੍ਹੀ ਦਾਰੂ ਤੇ ਸੈਂਖੀਆਂ ਦੀ ਬਾਟੀ ਵਰਤਾਈ, ਅਗਲੇ ਬੋਲੀ ਈ ਕੋਈ ਹੋਰ ਬੋਲਣ ਲੱਗ ਪੈਣਗੇ! ਜਿਵੇਂ ਤੋਤਾ ਬੰਦੇ ਕੋਲ਼ੇ ਰਹਿਕੇ "ਗੰਗਾ ਰਾਮ ਚੂਰੀ ਖਾਣੀ ਐਂ" ਰਟਣ ਲੱਗ ਪੈਂਦੈ! ਪੈਸਾ ਬੰਦੇ ਨੂੰ ਡਾਕੂ ਤੋਂ ਮੰਤਰੀ ਬਣਾ ਦੇਵੇ? ਤੂੰ ਗੱਲਾਂ ਕਾਹਦੀਆਂ ਸੋਚੀ ਜਾਨੈਂ...? ਦਿਲ ਕੱਢ ਤੇ ਇੰਡੀਆ ਤੋਂ ਕੋਈ ਲਵੀ ਜਿਹੀ ਨੱਢੀ ਵਿਆਹ ਕੇ ਲਿਆ...! ਐਸ਼ ਕਰ...! ਪੂਛ ਚੱਕ ਚੱਕ ਕੇ ਮੋਕ ਨਾ ਮਾਰ! ਤੂੰ ਜੱਟ ਦਾ ਪੁੱਤ ਐਂ...! ਇਹ ਜੁਆਨੀ ਚਾਰ ਦਿਹਾੜੇ ਐ! ਜਦੋਂ ਨਿਕਲ਼ ਗਈ, ਪਿੱਠ 'ਤੇ ਹੱਥ ਧਰ ਕੇ ਉਠਿਆ ਕਰੇਂਗਾ! ਜਿਵੇਂ ਠਰਕੀ ਬੰਦੇ ਬੋਲੀ ਪਾਉਂਦੇ ਹੁੰਦੇ ਐ, ਤੇਰੀ ਸਾਰ ਨਾ ਕਿਸੇ ਨੇ ਲੈਣੀ, ਬੁੱਢੀ ਹੋਈ ਤਰਸੇਂਗੀ...! ਕੁਛ ਕਰ...! ਮਸਾਲਿਆਂ 'ਚ ਤੇਲ ਈ ਨਾ ਫ਼ੂਕੀ ਜਾਹ! ਰੂੜੀਆਂ ਵਿਚ ਖੁਰ-ਵੱਢ ਹੀ ਨਾ ਕਰੀ ਚੱਲ!
ਉਸ ਦਾ ਮਨ ਅਤੇ ਜ਼ਮੀਰ ਉਸ ਨੂੰ ਹੁੱਝਾਂ ਮਾਰੀ ਜਾ ਰਹੇ ਸਨ!
ਹਰਦੇਵ ਨੇ ਬਾਪੂ ਨੂੰ ਵੀ ਮੀਤੀ ਦੇ ਖਿ਼ਲਾਫ਼ ਤੁੱਖਣਾਂ ਦੇਣੀ ਸ਼ੁਰੂ ਕਰ ਦਿੱਤੀ। ਬਾਪੂ ਵੀ ਹਰਦੇਵ ਦੀ 'ਹਾਂ' ਵਿਚ ਹੀ ਹਾਂ ਮਿਲਾਉਣ ਲੱਗ ਪਿਆ। ਪੈੜ ਵਿਚ ਪੈਰ ਧਰਨ ਲੱਗ ਪਿਆ। ਬਾਪੂ ਦੀ ਤਾਂ ਉਹ ਗੱਲ ਹੋ ਗਈ ਸੀ ਕਿ ਮਜ੍ਹਬੀ ਜਾਣ ਲੱਗੇ ਬੀਕਾਨੇਰ ਨੂੰ ਮਕਾਣ। ਬਠਿੰਡੇ ਤੋਂ ਉਹਨਾਂ ਨੇ ਰੇਲ ਗੱਡੀ 'ਤੇ ਜਾਣਾ ਸੀ। ਜਦੋਂ ਜਾ ਕੇ ਦੇਖਿਆ, ਤਾਂ ਬੀਕਾਨੇਰ ਨੂੰ ਜਾਂਦੇ ਹੀ ਸਿਰਫ਼ ਦੋ ਡੱਬੇ ਸਨ। ਦੋਨੋਂ ਡੱਬੇ ਸਵਾਰੀਆਂ ਨਾਲ਼ ਭਰੇ ਹੋਏ! ਤੇ ਇਕ ਅਣਜਾਣ ਜਿਹਾ ਮਜ੍ਹਬੀ ਵਿਚਾਰਾ ਡੱਬਿਆਂ ਦੇ ਜੋੜ 'ਤੇ ਜਾ ਕੇ, ਦੋਨੇਂ ਲੱਤਾਂ ਲਮਕਾ ਕੇ ਬੈਠ ਗਿਆ। ਕਹਿੰਦਾ, ਆਜੋ...! ਜਗਾਹ ਬਥੇਰੀ ਐ...! ਬਾਪੂ ਨੇ ਤਾਂ ਪੁੱਤ ਦੀ ਹਮਾਇਤ ਹੀ ਕਰਨੀ ਸੀ? ਬਾਪੂ ਤਾਂ ਆਪ ਆਖਣ ਲੱਗ ਪਿਆ ਸੀ, ਤੂੰ ਚੁੱਪ ਕਰਕੇ ਸਾਡੇ ਕੋਲ਼ੇ ਆਜਾ! ਤੂੰ ਇਹਤੋਂ ਚਗਲ਼ ਤੋਂ ਕੀ ਲੈਣੈਂ? ਤੈਨੂੰ ਕੁੜੀਆਂ ਦਾ ਘਾਟੈ? ਕੁੜੀਆਂ ਦੀ 'ਲੈਣ' ਲਾ ਦਿਆਂਗੇ! ਤੇਰੀ ਪੱਕੀ ਮੋਹਰ ਲੱਗ ਈ ਗਈ ਐ! ਤੂੰ ਹੁਣ ਜਰੂਰੀ ਇਹਦੀਆਂ ਲਾਲ਼ਾਂ ਚੱਟਣੀਐਂ? ਬਾਪੂ ਦੀ ਗੱਲ ਸੁਣ ਕੇ ਹਰਦੇਵ ਸ਼ੇਰ ਹੋ ਗਿਆ। ਉਹ ਤਾਂ ਜਿਹੜਾ ਮਾੜਾ ਮੋਟਾ ਡਰਦਾ ਸੀ, ਬਾਪੂ ਤੋਂ ਹੀ ਡਰਦਾ ਸੀ! ਹੁਣ ਉਸ ਨੂੰ ਕੋਈ ਡਰ-ਭੈਅ ਨਹੀਂ ਸੀ! ਕਿਸੇ ਨੂੰ ਡੱਕਾ ਦਬਾਲ਼ ਨਹੀਂ ਸੀ!
ਉਸ ਨੇ ਬਿਨਾ ਗੱਲੋਂ ਮੀਤੀ ਨਾਲ਼ ਜਿ਼ਆਦਤੀਆਂ ਸ਼ੁਰੂ ਕਰ ਦਿੱਤੀਆਂ। ਪੁਰਾਣੀਆਂ ਗੱਲਾਂ ਕਬਰਾਂ ਵਿਚੋਂ ਕੱਢ ਲਈਆਂ ਅਤੇ ਉਸ ਨੂੰ ਮਿਹਣੇ ਦੇਣੇ ਸ਼ੁਰੂ ਕਰ ਦਿੱਤੇ।
-"ਜਦੋਂ ਤੂੰ ਕੰਮ 'ਤੇ ਜਾਂਦੀ ਸੀ? ਮੈਂ ਦਾਲ਼ ਸਬਜੀ ਬਣਾਉਂਦਾ ਸੀ ਕਿ ਨਹੀਂ ਸੀ ਬਣਾਉਂਦਾ?"
-"ਤੇ ਮੈਂ ਕਦੋਂ ਕਹਿੰਨੀ ਐਂ ਬਈ ਨਹੀਂ ਸੀ ਬਣਾਉਂਦੇ?" ਮੀਤੀ ਨਿਰਦੋਸ਼ ਸੀ। ਉਸ ਨੇ ਤਾਂ ਕੁਝ ਕਿਹਾ ਹੀ ਨਹੀਂ ਸੀ।
-"ਤੇ ਤੂੰ ਮੈਨੂੰ ਚੌਂਕੀਦਾਰ ਈ ਸਮਝਦੀ ਸੀ?" ਉਹ ਬਗੈਰ ਮਤਲਬ ਤੋਂ ਅੱਗਾ ਵਗਲ਼ਦਾ ਆ ਰਿਹਾ ਸੀ।
-"ਮੈਂ ਤੁਹਾਨੂੰ ਕਿਹਾ ਵੀ ਕਦੋਂ ਸੀ ਕਿ ਦਾਲ਼ ਜਾਂ ਸਬਜ਼ੀ ਬਣਾਓ? ਉਹ ਤਾਂ ਤੁਸੀਂ ਆਪ ਈ, ਆਬਦੀ ਖ਼ੁਸ਼ੀ ਨਾਲ ਈ ਬਣਾਉਂਦੇ ਸੀ?"
-"ਤੇ ਤੂੰ ਕਹਿ ਨ੍ਹੀ ਸੀ ਸਕਦੀ ਬਈ ਇਹ ਕੰਮ ਨਾ ਕਰਿਆ ਕਰ? ਤੂੰ ਤਾਂ ਮੈਨੂੰ ਸਮਝ ਲਿਆ ਸੀ, ਸੇਵਾਦਾਰ!"
-"ਹੁਣ ਤੁਸੀਂ ਮੈਨੂੰ ਕਹਿਣਾ ਕੀ ਚਾਹੁੰਦੇ ਹੋ?" ਉਸ ਨੇ ਸਿੱਕੇ ਦਾ ਇਕ ਪਾਸਾ ਹੀ ਦੇਖਣਾ ਚਾਹਿਆ। ਉਸ ਦੇ ਮਨ ਤੋਂ ਤਾਂ ਪਹਿਲੇ ਟੱਬਰ ਦਾ ਕਲੇਸ਼ ਨਹੀਂ ਉਤਰਿਆ ਸੀ? ਹੁਣ ਨਵਾਂ ਕਲੇਸ਼ ਮੱਲੋਮੱਲੀ ਉਸ ਦੇ ਸੱਪ ਬਣ ਗਲ਼ ਪੈ ਰਿਹਾ ਸੀ।
-"ਮੈਂ ਚਾਹੁੰਨੈਂ ਤਲਾਕ!" ਉਸ ਨੇ ਇਕ ਵਿਚ ਹੀ ਨਬੇੜ ਧਰੀ।
ਮੀਤੀ ਸਤੰਭ ਰਹਿ ਗਈ। ਹਰਦੇਵ ਬਿਨਾ ਕਿਸੇ ਗਲਤੀ ਦੇ, ਬਿਨਾ ਕਿਸੇ ਕਾਰਨ ਦੇ ਤਲਾਕ ਮੰਗ ਰਿਹਾ ਸੀ?
-"ਮੈਂ ਤੁਹਾਨੂੰ ਕਹਿ ਵੀ ਕੀ ਦਿੱਤਾ? ਕੀ ਗਲਤੀ ਕਰ ਦਿੱਤੀ? ਜਿਸ ਕਰਕੇ ਤੁਸੀਂ ਤਲਾਕ ਮੰਗਦੇ ਹੋ?" ਉਸ ਨੇ ਗੱਲ ਹੱਥ ਵਿਚ ਲੈ ਕੇ ਸਾਂਭਣ ਦੀ ਕੋਸਿ਼ਸ਼ ਕੀਤੀ।
-"ਤੂੰ ਮੈਨੂੰ ਕਹੇਂਗੀ ਵੀ ਕੀ...? ਹੈ ਹਿੰਮਤ ਕੁਛ ਆਖਣ ਦੀ? ਮੈਂ ਤੇਰੇ ਪਹਿਲੇ ਖਸਮ ਅਰਗਾ ਬੇਵਕੂਫ਼ ਨ੍ਹੀ! ਬਈ ਤੂੰ ਅੱਠ ਅੱਠ ਹਜ਼ਾਰ ਨੂੰ ਲਾਂਬੂ ਲਾਈ ਜਾਵੇਂਗੀ-ਤੇ ਮੈਂ ਬੁੱਤ ਬਣਿਆਂ ਦੇਖੀ ਜਾਊਂ! ਮੈਂ ਤਾਂ ਲਿਆਦੂੰ 'ਨ੍ਹੇਰੀ...!"
-"......।" ਮੀਤੀ ਦੇ ਮਨ ਵਿਚ ਆਇਆ ਕਿ ਹਰਦੇਵ ਨੂੰ ਕਿਸੇ ਨੇ ਮੇਰੀ ਪੁਰਾਣੀ ਗੱਲ ਦੱਸ ਦਿੱਤੀ ਹੈ ਅਤੇ ਹੋ ਸਕਦੈ ਇਸ ਨੂੰ ਇਹ ਗੱਲ ਮੇਰੇ ਪਹਿਲੇ ਪਤੀ ਨੇ ਹੀ ਦੱਸੀ ਹੋਵੇ...? ਬਿਲਡਰ ਦਾ ਕੰਮ ਹੀ, ਘਰ ਘਰ ਜਾ ਕੇ ਕੰਮ ਕਰਨਾ ਹੈ! ਨਿੱਤ ਨਵੀਂ ਦੁਨੀਆਂ ਮਿਲ਼ਦੀ ਹੈ। ਸਦਾ ਦਿਵਾਲ਼ੀ ਸਾਧ ਦੀ ਤੇ ਚੋਰਾਂ ਦੀਆਂ ਰਾਤਾਂ! ਪਤਾ ਨਹੀਂ ਇਸ ਨੂੰ ਵੀ ਮੇਰਾ ਪਤੀ ਜਾਂ ਉਸ ਦੇ ਪ੍ਰੀਵਾਰ ਦਾ ਕੋਈ ਜੀਅ ਮਿਲ਼ ਪਿਆ ਹੋਵੇ? ਉਹ ਪ੍ਰੀਵਾਰ ਤਾਂ ਮੇਰੇ ਨਾਲ਼ ਪਹਿਲਾਂ ਹੀ ਰੰਜਿਸ਼ ਰੱਖਦਾ ਹੈ! ਉਸ ਪ੍ਰੀਵਾਰ ਨੇ ਮੇਰੇ ਨਾਲ਼ ਵਫ਼ਾ ਕਦੋਂ ਕੀਤੀ? ਉਸ ਪ੍ਰੀਵਾਰ ਨੇ ਤਾਂ ਆਪਣੀ ਪੁਰਾਣੀ ਖੁੰਧਕ ਕੱਢਣ ਵਾਸਤੇ ਇਕ ਦੀਆਂ ਸੌ ਜੋੜ ਕੇ ਦੱਸੀਆਂ ਹੋਣਗੀਆਂ। ਪਰ ਮੀਤੀ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ। ਉਹ ਸੋਚ ਰਹੀ ਸੀ ਕਿ ਮੇਰਾ ਘਰ ਵਸਦਾ ਰਹਿ ਜਾਵੇ! ਉਹ ਮਾਨਸਿਕ ਤੌਰ 'ਤੇ ਕਿਸੇ ਨਾਲ਼ ਹੱਥ ਕੱਢ ਕੇ ਲੜਨ ਦੀ ਸਮਰੱਥਾ ਨਹੀਂ ਰੱਖਦੀ ਸੀ। ਇਕ ਤਰ੍ਹਾਂ ਨਾਲ਼ ਮਾਨਸਿਕ ਤੌਰ 'ਤੇ ਨਿਰਬਲ ਸੀ! ਅਤੰਤ ਸੀ!
-"ਨਾ ਹੁਣ ਬੋਲਦੀ ਨ੍ਹੀ...? ਸੱਪ ਸੁੰਘ ਗਿਆ...? ਤੂੰ ਮੈਨੂੰ ਫ਼ੁੱਦੂ ਈ ਸਮਝਦੀ ਐਂ...? ਮੈਂ ਘਾਟ ਘਾਟ ਦਾ ਪਾਣੀ ਪੀਤੈ!" ਹਰਦੇਵ ਬੋਲਦਾ ਗਿਆ। ਪਰ ਮੀਤੀ ਚੁੱਪ ਰਹੀ। ਉਸ ਨੇ ਬੋਲ ਕੇ ਕਿਹੜਾ ਕੁਝ ਜਿੱਤਣਾ ਸੀ? ਬੋਲਣ ਵਿਚ ਫ਼ਾਇਦਾ ਹੀ ਕੀ ਸੀ? ਆਪਣੇ ਘਰੇ ਸਿਰਫ਼ ਅਤੇ ਸਿਰਫ਼ ਝੱਜੂ ਹੀ ਪੈਣਾ ਸੀ ਅਤੇ ਲੋਕਾਂ ਨੇ ਤਮਾਸ਼ਾ ਦੇਖਣਾ ਸੀ। ਤਮਾਸ਼ਾ ਤਾਂ ਉਹ ਪਹਿਲਾਂ ਹੀ ਬਹੁਤ ਬਣ ਚੁੱਕੀ ਸੀ। ਉਸ ਨੇ ਇਹ ਘੋਰ ਗ਼ਲਤੀ ਕਰ ਲਈ ਸੀ ਕਿ ਉਹ ਆਪਣੇ ਇਸ ਸਹੁਰਿਆਂ ਦੇ ਸ਼ਹਿਰ ਹੀ ਆ ਵਸੀ ਸੀ! ਪਰ ਜਾਂਦੀ ਵੀ ਕਿੱਥੇ? ਇੰਗਲੈਂਡ ਵਿਚ ਤਾਂ ਸਕੇ ਸੋਧਰੇ ਮੁੱਖ ਮੋੜ ਜਾਂਦੇ ਨੇ! ਇੱਥੇ ਤਾਂ ਕੋਈ ਮਰਦੇ ਦਾ ਹਾਲ ਚਾਲ ਪੁੱਛਣ ਨਹੀਂ ਆਉਂਦਾ! ਹੋਰ ਮੱਦਦ ਤਾਂ ਕਿਸੇ ਨੇ ਕੀ ਕਰਨੀ ਸੀ?
ਹਰਦੇਵ ਕਈ ਦਿਨ ਕਲੇਸ਼ ਕਰਦਾ ਰਿਹਾ। ਮੀਤੀ ਚੁੱਪ ਹੀ ਰਹਿੰਦੀ। ਲੜਨ ਦੀ ਉਸ ਵਿਚ ਹਿੰਮਤ ਨਹੀਂ ਸੀ। ਹਰਦੇਵ ਇਸ ਗੱਲ ਤੋਂ ਖਿਝ ਗਿਆ ਕਿ ਮੀਤੀ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੀ ਸੀ? ਉਸ ਨੂੰ ਹੋਰ ਤਾਂ ਕੁਝ ਸੁੱਝਿਆ ਨਾ, ਉਸ ਨੇ ਕਿਸੇ ਵਕੀਲ ਰਾਹੀਂ ਤਲਾਕ ਦੇ ਕਾਗਜ਼ ਭਿਜਵਾ ਦਿੱਤੇ।
ਮੀਤੀ ਦੀਆਂ ਸੱਤੇ ਮਾਰੀਆਂ ਗਈਆਂ ਕਿ ਹਰਦੇਵ ਤਾਂ ਵਾਕਿਆ ਹੀ ਤਲਾਕ ਲੈਣ ਲਈ ਮੁੱਠੀਆਂ ਵਿਚ ਥੁੱਕੀ ਫਿਰਦਾ ਸੀ। ਮੀਤੀ ਨੇ ਬੈਠ ਕੇ ਫਿਰ ਹਰਦੇਵ ਨੂੰ ਸਮਝਾਉਣ ਦੀ ਕੋਸਿ਼ਸ਼ ਕੀਤੀ।
-"ਮੈਂ ਤੇਰੇ ਬੁੜ੍ਹੀ ਨਾਲ਼ ਰਹੂੰਗਾ...?" ਉਸ ਨੇ ਮੂੰਹ ਪਾੜ ਕੇ ਕਿਹਾ ਤਾਂ ਮੀਤੀ ਸੁੰਨ ਹੋ ਗਈ ਅਤੇ ਉਸ ਦੇ ਸਿਰ ਨੂੰ ਵੀ ਫ਼ਤੂਰ ਚੜ੍ਹ ਗਿਆ। ਅਕਸਰ ਉਹ ਵੀ ਹੱਡ ਮਾਸ ਦੀ ਬਣੀ, ਇਕ ਇਨਸਾਨ ਸੀ। ਕੋਈ ਬ੍ਰਹਮ ਗਿਆਨੀ ਤਾਂ ਹੈ ਨਹੀਂ ਸੀ?
-"ਤੁਸੀਂ ਉਦੋਂ ਮੇਰੇ ਨਾਲ਼ ਕਾਰਮਿਆਂ ਨ੍ਹੀਂ ਸੀ? ਬਈ ਮੈਂ ਅਖੀਰ ਤੱਕ ਤੇਰੇ ਨਾਲ਼ ਰਹੂੰਗਾ?"
-"ਸਮੇਂ ਸਮੇਂ ਦੀਆਂ ਗੱਲਾਂ ਹੁੰਦੀਐਂ, ਮੀਤੀ! ਬਿਨਾ ਜੁਆਕਾਂ ਦੇ, ਬੁੜ੍ਹਾਪਾ ਕਦੋਂ ਨਿਕਲਿ਼ਆ...?" ਹਰਦੇਵ ਵੀ ਕੁਝ ਸ਼ਾਂਤ ਹੋ ਗਿਆ। ਉਸ ਨੂੰ ਕਦਾਚਿੱਤ ਉਮੀਦ ਨਹੀਂ ਸੀ ਕਿ ਮੀਤੀ ਇਹ ਗੱਲ ਉਖੜੀ ਕੁਹਾੜੀ ਵਾਂਗ ਉਸ ਦੇ ਕਪਾਲ਼ 'ਚ ਮਾਰੇਗੀ? ਪਰ ਸਤਿਆ ਅਤੇ ਦੁਖੀ ਬੰਦਾ ਵੀ ਅਕਸਰ ਕੀ ਕਰੇ?
-"ਤੁਹਾਡੇ ਨਾਲ਼ ਤੇ ਬਾਪੂ ਜੀ ਨਾਲ਼ ਮੈਂ ਬੈਠ ਕੇ, ਤਾਂ ਹੀ ਸਿੱਧੀ ਸਪੱਸ਼ਟ ਗੱਲ ਕੀਤੀ ਸੀ ਕਿ ਕੱਲ੍ਹ ਨੂੰ ਮੈਨੂੰ ਕੋਈ ਬਾਂਝ ਹੋਣ ਦਾ ਮਿਹਣਾ ਨਾ ਮਾਰੇ-ਤੇ ਉਹ ਹੀ ਗੱਲ ਮੇਰੇ ਸਾਹਮਣੇ ਆ ਗਈ! ਮੈਨੂੰ ਤਾਂ ਇੰਗਲੈਂਡ ਦੇ ਸਰਾਪੇ ਪਾਣੀ ਦਾ ਪਹਿਲਾਂ ਹੀ ਪਤਾ ਸੀ-ਵਿਆਹ ਮੈਂ ਇਸੇ ਕਰਕੇ ਈ ਨ੍ਹੀ ਕਰਵਾਉਂਦੀ ਸੀ-ਬਈ ਕੱਲ੍ਹ ਨੂੰ ਇਹ ਗੱਲਾਂ ਫਿਰ ਮੇਰੇ ਸਾਹਮਣੇ ਸੱਪ ਬਣ ਬਣ ਡਿੱਗਣਗੀਆਂ-ਜੇ ਮੈਂ ਕੋਈ ਲਕੋ ਰੱਖਿਆ ਸੀ-ਕੋਈ ਗੱਲ ਤੁਹਾਡੇ ਤੋਂ, ਜਾਂ ਬਾਪੂ ਜੀ ਤੋਂ ਛੁਪਾਈ ਸੀ-ਤਾਂ ਤੁਸੀਂ ਮੇਰੀ ਝੋਲ਼ੀ 'ਚ ਪਾਓ! ਦੱਸੀ ਸੀ ਨ੍ਹਾ ਸਾਰੀ ਗੱਲ ਥੋਨੂੰ ਮੈਂ ਖੋਲ੍ਹ ਕੇ...?"
-"......।" ਹਰਦੇਵ ਦੀ ਬੋਲਤੀ ਬੰਦ ਹੋ ਗਈ। ਝੂਠਾ ਬੰਦਾ ਬੋਲੇ ਤਾਂ ਕੀ ਬੋਲੇ? ਸਾਰੀਆਂ ਗੱਲਾਂ ਮੀਤੀ ਨੇ ਚਾਦਰ ਵਾਂਗ ਤਾਂ ਅੱਗੇ ਵਿਛਾਅ ਧਰੀਆਂ ਸਨ। ਹੁਣ ਹਰਦੇਵ ਮੀਤੀ ਨੂੰ ਕਿਸੇ ਗੱਲੋਂ ਵੀ ਝੂਠੀ ਸਾਬਤ ਨਹੀਂ ਕਰ ਸਕਦਾ ਸੀ।
-"ਹੁਣ ਸਿਰਫ਼ ਤੇ ਸਿਰਫ਼ ਗੱਲ ਇਹ ਐ, ਹਰਦੇਵ! ਬਈ ਤੁਹਾਡੀ ਲੱਗ ਗਈ ਐ ਪੱਕੀ ਮੋਹਰ! ਹੁਣ ਤੁਹਾਨੂੰ ਮੈਂ ਬੁੜ੍ਹੀ ਤੇ ਹੋਰ ਪਤਾ ਨ੍ਹੀ ਹੋਰ ਕੀ ਕੀ ਲੱਗਣ ਲੱਗ ਪਈ? ਬਾਂਝ ਤਾਂ ਮੈਂ ਪਹਿਲਾਂ ਹੀ ਸੀ! ਇਸ ਵਿਚ ਤੁਹਾਡਾ ਕਸੂਰ ਕੋਈ ਨਹੀਂ! ਇਹ ਕਸੂਰ ਸਰਾਸਰ ਵਲੈਤ ਦੀ ਧਰਤੀ, ਤੇ ਐਥੋਂ ਦੇ ਪਾਣੀ ਦਾ ਐ! ਇਸ 'ਚ ਨਾ ਕਸੂਰ ਥੋਡਾ ਤੇ ਨਾ ਕਸੂਰ ਮੇਰਾ।" ਮੀਤੀ ਹਾਉਕਾ ਭਰ ਕੇ ਚੁੱਪ ਹੋ ਗਈ।
-"......।" ਹਰਦੇਵ ਵੀ ਚੁੱਪ ਸੀ।
-"ਹੁਣ ਮੇਰੇ ਮਨ 'ਤੇ ਐਨਾ ਬੋਝ ਜਾਂ ਦੁੱਖ ਨਹੀਂ-ਜਿੰਨਾ ਮੈਨੂੰ ਜਿਉਂਦੇ ਪਿਉ ਵੇਲੇ ਸੀ-ਮੈਂ ਸੋਚਦੀ ਸੀ ਬਈ ਜੇ ਆਹ ਗੱਲ ਹੋ ਗਈ-ਜੇ ਆਹ ਗੱਲ ਸੁਣ ਲਈ-ਬਾਪੂ ਜੀ ਦਾ ਦਿਲ ਦੁਖੀ ਹੋਊ! ਪਰ ਮੇਰਾ ਹੁਣ ਹੈ ਵੀ ਕੌਣ...? ਜਿਹੜਾ ਮੇਰੀ ਗੱਲ ਸੁਣ ਕੇ ਦੁਖੀ ਹੋਊ? ਕੋਈ ਵੀ ਤਾਂ ਨਹੀਂ...! ਮਾਸੀ ਐ ਬਿਚਾਰੀ-ਉਹਨੂੰ ਮੇਰੇ ਬਾਰੇ ਪਤਾ ਈ ਐ ਬਈ ਮੈਂ ਜਿਸ ਦਿਨ ਮਰਨੈਂ-ਭੁੱਜ ਕੇ ਈ ਮਰਨੈਂ! ਉਹਦੀ ਮੈਨੂੰ ਕੋਈ ਚਿੰਤਾ ਨਹੀਂ-ਅਗਰ ਤੁਸੀਂ ਮੇਰੇ ਕੋਲ਼ੋਂ ਤਲਾਕ ਚਾਹੁੰਦੇ ਹੀ ਹੋ-ਤਾਂ ਮੈਂ ਐਹਨਾਂ ਕਾਗਜ਼ਾਂ 'ਤੇ ਦਸਖ਼ਤ ਕਰ ਦਿੰਨੀ ਐਂ-ਪਰ ਇਕ ਗੱਲ ਯਾਦ ਰੱਖਿਓ...! ਕਿਸੇ ਦੁਖੀ ਨੂੰ ਬਿਨਾ ਗੱਲੋਂ ਦੁਖੀ ਕਰਨ ਵਾਲ਼ਾ-ਇਕ ਦਿਨ ਆਪ ਉਸ ਰਾਹ 'ਤੇ ਆ ਖੜ੍ਹਦੈ! ਬੰਦਾ ਦੁਨਿਆਵੀ ਅਦਾਲਤ ਤੋਂ ਬਚ ਜਾਵੇ-ਸੌ ਵਾਰੀ ਬਚ ਜਾਵੇ! ਪਰ ਔਸ ਰੱਬ ਦੀ ਅਦਾਲਤ ਵੱਲੋਂ ਕਦੇ ਨ੍ਹੀ ਬਚਦਾ-ਬੰਦੇ ਨੂੰ ਰੱਬ 'ਤੇ ਮੌਤ ਨੂੰ ਜਰੂਰ ਯਾਦ ਰੱਖਣਾ ਚਾਹੀਦੈ! ਅਜੇ ਤਾਂ ਮੌਤ ਆਉਂਦੀ ਹੀ ਚੁੱਪ ਚਾਪ ਐ-ਚੁੱਪ ਚਾਪ ਆਉਂਦੀ ਕਰਕੇ ਵੀ ਲੋਕ ਚੀਕਦੇ ਐ-ਜੇ ਕਿਤੇ ਗਰਜਦੀ ਆਵੇ-ਪਤਾ ਨਹੀਂ ਲੋਕ ਕੀ ਕਰਨ?" ਮੀਤੀ ਨੇ ਹਰਦੇਵ ਦੇ ਵਕੀਲ ਵੱਲੋਂ ਭੇਜੇ ਹੋਏ ਤਲਾਕ ਦੇ ਕਾਗਜ਼ਾਂ 'ਤੇ ਬਿਨਾ ਕਿਸੇ ਝਿਜਕ ਦੇ ਦਸਤਖ਼ਤ ਕਰ ਦਿੱਤੇ।
ਹਰਦੇਵ ਚੁੱਪ ਚਾਪ ਕੰਮ 'ਤੇ ਚਲਾ ਗਿਆ।
ਉਸ ਨੇ ਕਾਗਜ਼ ਵੀ ਨਾ ਚੁੱਕੇ।
ਮੀਤੀ ਵੀ ਸੱਚੀਆਂ ਗੱਲਾਂ ਆਖ ਕੇ ਹੌਲ਼ੀ ਹੋ ਗਈ ਸੀ। ਉਹ ਕਿੰਨੇ ਸਾਲਾਂ ਤੋਂ ਕਦੇ ਕਿਸੇ ਨਾਲ਼ ਨਹੀਂ ਬੋਲੀ ਸੀ। ਕਦੇ ਕਿਸੇ ਦੀ ਮੰਦੀ ਗੱਲ ਦਾ ਵੀ ਉਤਰ ਨਹੀਂ ਦਿੱਤਾ ਸੀ। ਕਦੇ ਆਪਣੇ ਦਿਲ 'ਤੇ ਜੰਮੀ ਦੁੱਖ ਦੀ ਜਿਲਬ ਨਹੀਂ ਲਾਹੀ ਸੀ। ਜਿਹੜਾ, ਜੋ ਕੁਝ ਬੋਲ ਗਿਆ ਸੀ, ਉਸ ਨੇ 'ਸਤਿ' ਕਰਕੇ ਮੰਨ ਲਿਆ ਸੀ। ਕਦੇ ਕਿਸੇ ਨੂੰ ਉਲਟਾ ਕੇ ਮਿਹਣਾ ਨਹੀਂ ਦਿੱਤਾ ਸੀ। ਪਰ ਅੱਜ ਉਸ ਨੇ ਤਰਦੀਆਂ ਤਰਦੀਆਂ ਗੱਲਾਂ ਹਰਦੇਵ ਨੂੰ ਸੁਣਾ ਦਿੱਤੀਆਂ ਸਨ। ਗੱਲਾਂ ਸੱਚੀਆਂ ਹੀ ਤਾਂ ਸਨ! ਇਸ ਵਿਚ ਝੂਠ ਵੀ ਕੀ ਸੀ? ਸਾਰਾ ਕੁਝ ਤਾਂ ਮੀਤੀ ਨੇ ਹਰਦੇਵ ਨਾਲ਼ ਵਿਆਹ ਤੋਂ ਪਹਿਲਾਂ ਖੋਲ੍ਹ ਲਿਆ ਸੀ। ਸੱਚਾ ਬ੍ਰਿਤਾਂਤ ਸੁਣਾ ਧਰਿਆ ਸੀ। ਜੇ ਅੱਜ ਹਰਦੇਵ ਬਿਨਾ ਕਿਸੇ ਗੱਲੋਂ ਉਸ ਨੂੰ ਤਲਾਕ ਦੇ ਰਿਹਾ ਸੀ, ਤਾਂ ਇਸ ਵਿਚ ਮੀਤੀ ਦਾ ਕੋਈ ਕਸੂਰ ਨਹੀਂ ਸੀ। ਜਦੋਂ ਕਿਸੇ ਦੇ ਨਾ ਵਸਣਾ ਹੋਵੇ, ਤਾਂ ਚੰਗੇ ਭਲੇ ਖਾਂਦੇ ਬੰਦੇ ਦੀ ਦਾਹੜੀ ਹਿੱਲਣ ਲੱਗ ਪੈਂਦੀ ਹੈ!

ਬਾਕੀ ਅਗਲੇ ਹਫ਼ਤੇ...

No comments:

Post a Comment