ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 16)


ਸ਼ਾਮ ਦਾ ਵੇਲ਼ਾ ਸੀ।
ਹਰਦੇਵ ਅਜੇ ਕੰਮ ਤੋਂ ਆਇਆ ਹੀ ਸੀ। ਫ਼ੋਨ ਖੜਕ ਪਿਆ। ਉਸ ਦਾ ਦਿਲ ਕਰਦਾ ਸੀ ਕਿ ਫ਼ੋਨ ਨੂੰ ਚਲਾ ਕੇ ਮਾਰੇ। ਉਸ ਦਾ ਦਿਲ ਕਿਸੇ ਨਾਲ਼ ਗੱਲ ਕਰਨ ਨੂੰ ਨਹੀਂ ਕਰਦਾ ਸੀ। ਦੀਪ ਆਪਣੇ ਕੱਪੜੇ ਲੱਤੇ ਚੁੱਕ ਕੇ ਸੁਮੀਤ ਨਾਲ਼ ਕੈਨੇਡਾ, ਪਤਾ ਨਹੀਂ ਅਮਰੀਕਾ ਚਲੀ ਗਈ ਸੀ। ਹਰਦੇਵ ਨੇ ਆਪਣੇ ਵਕੀਲ ਕੋਲੋਂ ਤਲਾਕ ਦੇ ਕਾਗਜ਼ ਲੈ ਆਂਦੇ ਸਨ। ਦੀਪ ਨੇ ਕਿਹਾ ਸੀ ਕਿ ਜਦੋਂ ਉਹ ਅਮਰੀਕਾ ਅਤੇ ਕੈਨੇਡਾ ਦੇ ਟੂਰ ਤੋਂ ਵਾਪਿਸ ਪਰਤੇਗੀ ਤਾਂ ਦਸਤਖ਼ਤ ਕਰ ਦੇਵੇਗੀ। ਪਰ ਪਹਿਲਾਂ ਉਸ ਨੇ ਆਪਣੇ ਪਾਪਾ ਜੀ ਤੋਂ ਕੋਈ ਸਲਾਹ ਲੈਣੀਂ ਸੀ। ਹਰਦੇਵ ਨੇ ਚੁੱਪ ਚਾਪ ਕਾਗਜ਼ ਫ਼ੋਨ ਕੋਲ਼ ਰੱਖ ਦਿੱਤੇ ਸਨ।
ਜਦੋਂ ਫ਼ੋਨ ਦੀ ਘੰਟੀ ਨਾ ਹੀ ਵੱਜਣੋਂ ਹਟੀ ਤਾਂ ਉਸ ਨੇ ਖਿਝ ਕੇ ਫ਼ੋਨ ਚੁੱਕ ਲਿਆ।
ਫ਼ੋਨ 'ਤੇ ਛੋਟਾ ਭਾਈ ਸੁਖਦੇਵ ਸੀ!
-"ਹੈਲੋ...! ਹਾਂ ਹਰਦੇਵ ਵੀਰੇ...! ਆਹ ਲੈ ਬਾਪੂ ਜੀ ਨਾਲ਼ ਗੱਲ ਕਰਲੈ...!" ਉਸ ਨੇ ਅੱਗੇ ਬਾਪੂ ਨੂੰ ਫ਼ੋਨ ਫੜਾਇਆ ਤਾਂ ਬਾਪੂ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ। 

-"ਹਾਂ ਬਾਪੂ ਜੀ? ਸਾਸਰੀਕਾਲ!"

-"ਸਾਸਰੀਕਾਲ ਪੁੱਤ! ਤੂੰ ਦੀਪ ਨਾਲ਼ ਕੋਈ ਤਲਾਕ ਦਾ ਮਸਲਾ ਵਿੱਢਿਐ?"
-"ਆਹੋ ਬਾਪੂ ਜੀ! ਮੈਂ ਤਾਂ ਨ੍ਹੀ ਵਿੱਢਿਆ-ਪਰ ਉਹਦੇ ਵਸਣ ਦੇ ਇਰਾਦੇ ਨਹੀਂ-ਉਹ ਕਿਸੇ ਲੰਡਰ ਜੇ ਮੁੰਡੇ ਨੂੰ ਨਾਲ਼ ਲੈ ਕੇ ਕੈਨੇਡਾ ਨੂੰ ਜਹਾਜ ਚੜ੍ਹਗੀ ਐ!"
-"ਤੂੰ ਗੋਲ਼ੀ ਮਾਰ ਪੁੱਤ ਦੀਪ ਨੂੰ! ਉਹਦੇ ਤਸੀਲਦਾਰ ਪਿਉ ਨੇ ਤਾਂ ਸਾਡੇ ਨੱਕ 'ਚ ਨਕੇਲ ਪਾਉਣੀਂ ਕੀਤੀ ਐ!"
-"ਕਾਹਤੋਂ?"
-"ਉਹ ਕਹਿੰਦੈ ਬਈ ਹਰਦੇਵ ਦੇ ਹਿੱਸੇ ਦੀ ਅੱਧੀ ਜ਼ਮੀਨ ਦੀਪ ਦੇ ਨਾਂ ਕਰਵਾਵੋ-ਫੇਰ ਤਲਾਕ ਮਿਲੂਗਾ!"
-"ਬਾਪੂ ਜੀ! ਦੇਕੇ ਫ਼ਾਹਾ ਵੱਢੋ! ਬਥੇਰੀ ਜ਼ਮੀਨ ਬਣਾ ਲਵਾਂਗੇ! ਤੁਸੀਂ ਇਹ ਬਦਚਲਣ ਔਰਤ ਮੇਰੇ ਮਗਰੋਂ ਲਾਹੋ! ਤਸੀਲਦਾਰ ਜਿਹੜਾ ਕੁਛ ਮੰਗਦੈ-ਦੇ ਕੇ ਮੱਥਾ ਡੰਮ੍ਹ ਦਿਓ! ਪਰ ਕਿਰਪਾ ਕਰਕੇ ਇਸ ਡੈਣ ਤੋਂ ਮੇਰਾ ਪਿੱਛਾ ਛੁਡਾਓ! ਜੋ ਮੰਗਦੈ-ਬੱਸ ਦੇ ਦਿਓ!"
ਬਾਪੂ ਨੇ ਫ਼ੋਨ ਰੱਖ ਦਿੱਤਾ। 
ਹਰਦੇਵ ਵੀ ਫ਼ੋਨ ਰੱਖ ਕੇ ਉਚੀ-ਉਚੀ ਰੋ ਪਿਆ। 
ਸੱਤ ਏਕੜ ਜ਼ਮੀਨ ਹਰਦੇਵ ਨੂੰ ਵੰਡੀ ਹੋਈ ਆਉਂਦੀ ਸੀ। ਸਾਢੇ ਤਿੰਨ ਏਕੜ ਜ਼ਮੀਨ ਜਾਗਰ ਸਿੰਘ ਨੇ ਦੀਪ ਦੇ ਨਾਂ ਕਰ ਦਿੱਤੀ ਅਤੇ ਕਾਗਜ਼ ਤਸੀਲਦਾਰ ਦੇ ਹੱਥ ਜਾ ਫੜਾਏ। ਤਸੀਲਦਾਰ ਨੇ ਕਾਗਜ਼ ਪੜ੍ਹ ਕੇ ਉਸ ਨੂੰ ਜਾਣ ਲਈ ਹੱਥ ਚੁੱਕ ਦਿੱਤਾ ਸੀ। ਬਾਪੂ ਟੱਪਰੀਵਾਸਾਂ ਵਾਂਗ ਹੱਥ ਜੋੜੀ ਮੁੜ ਆਇਆ ਸੀ। ਨਾਲ਼ੇ ਜ਼ਮੀਨ ਦਿੱਤੀ ਸੀ। ਨਾਲ਼ੇ ਧੌਂਸਾਂ ਸਹੀਆਂ ਸਨ। ਰੰਨ ਗਈ ਨਾਲ਼ੇ ਕੰਨ ਪਾਟੇ ਵਾਲ਼ੀ ਗੱਲ ਹੋਈ ਸੀ। ਪਰ ਹੱਥ ਕੁਝ ਵੀ ਨਹੀਂ ਆਇਆ ਸੀ। 
ਜ਼ਮੀਨ ਦੇ ਕਾਗਜ਼ ਦੇ ਕੇ ਜਾਗਰ ਸਿੰਘ ਘਰ ਆ ਗਿਆ। ਜਦ ਭਜਨੋ ਨੇ ਉਸ ਨੂੰ ਪਾਣੀ ਫੜਾਇਆ ਤਾਂ ਉਹ ਪਾਣੀ ਪੀਣ ਲੱਗਿਆ ਬੈਠਾ ਹੀ ਮੰਜੇ 'ਤੇ ਲੁੜਕ ਗਿਆ। ਭਜਨੋ ਨੇ ਚੀਕ ਮਾਰੀ। ਸੁਖਦੇਵ ਡਾਕਟਰ ਨੂੰ ਲੈਣ ਭੱਜ ਗਿਆ। ਜਦੋਂ ਡਾਕਟਰ ਨੇ ਆ ਕੇ ਟੂਟੀ ਜਿਹੀ ਲਾ ਕੇ ਦੇਖਿਆ ਤਾਂ ਡਾਕਟਰ ਸਿਰ ਫ਼ੇਰ ਗਿਆ। ਬਾਪੂ ਪੂਰਾ ਹੋ ਚੁੱਕਾ ਸੀ। 
ਘਰ ਵਿਚ ਰੋਣ ਪਿੱਟਣ ਪੈ ਗਿਆ।
ਹਰਦੇਵ ਨੂੰ ਫ਼ੋਨ ਕੀਤਾ ਗਿਆ। ਹਰਦੇਵ ਦਾ ਕਿਸੇ ਦੇ ਘਰੇ ਕੰਮ ਚਲਦਾ ਸੀ। ਉਸ ਕੰਮ ਨੂੰ ਛੱਡ ਕੇ ਉਹ ਆ ਨਹੀਂ ਸਕਦਾ ਸੀ। ਦੂਜਾ ਦੀਪ ਨਾਲ਼ ਤਲਾਕ ਦਾ ਮਸਲਾ ਅਜੇ ਵਿਚੇ ਹੀ ਸੀ। ਜੇ ਦੀਪ ਤੋਂ ਹੁਣ ਦਸਤਖ਼ਤ ਨਾ ਕਰਵਾਏ, ਹੋ ਸਕਦੈ ਇੰਡੀਆ ਜਾ ਕੇ ਮੁੱਕਰ ਹੀ ਜਾਵੇ? ਜੇ ਕੰਮ ਛੱਡ ਦਿੱਤਾ, ਤਾਂ ਮਕਾਨ ਦੀ ਮੌਰਗੇਜ਼ ਅਤੇ ਕੌਂਸਲ ਟੈਕਸ ਕਿੱਥੋਂ ਭਰਾਂਗਾ? ਬੈਂਕ ਵਾਲਿ਼ਆਂ ਨੇ ਤਾਂ ਮਕਾਨ ਆ ਦੱਬਣਾ ਸੀ? ਉਹ ਕਈ ਮਸਲਿਆਂ ਵਿਚ ਉਲਝਿਆ ਪਿਆ ਸੀ। 
ਉਸ ਨੇ ਛੋਟੇ ਭਰਾ ਸੁਖਦੇਵ ਨੂੰ ਬਾਪੂ ਦਾ ਸਸਕਾਰ ਕਰਨ ਵਾਸਤੇ ਆਖ ਦਿੱਤਾ। 
ਰਿਸ਼ਤੇਦਾਰਾਂ ਨੇ ਹਰਦੇਵ ਦੇ ਨਾ ਪਹੁੰਚਣ ਦਾ ਬੜਾ ਦੁੱਖ ਮੰਨਿਆਂ। ਪਰ ਹਰਦੇਵ ਦੀ ਕਿਸੇ ਵੀ ਮਜਬੂਰੀ ਨੂੰ ਸਮਝਣ ਦੀ ਕਿਸੇ ਨੇ ਕੋਈ ਕੋਸਿ਼ਸ਼ ਨਾ ਕੀਤੀ। ਦੁੱਖਾਂ ਸੁੱਖਾਂ ਵਿਚ ਭਾਈਵਾਲ਼ ਬਾਪੂ ਜਹਾਨ ਨੂੰ 'ਝਾਤ' ਆਖ ਕੇ ਕੂਚ ਕਰ ਗਿਆ ਸੀ। ਪਿੱਛੇ ਰਹਿ ਗਿਆ ਸੀ ਹਰਦੇਵ! ਦਸੌਂਟੇ ਕੱਟਣ ਲਈ...! ਦੁੱਖ ਭਰਨ ਲਈ ਅਤੇ ਆਪਣੇ ਕੀਤੇ ਦਾ ਲੇਖਾ ਜੋਖਾ ਪੂਰਾ ਕਰਨ ਲਈ! ਉਹ ਦਾਰੂ ਪੀ ਕੇ, ਬਾਪੂ ਨੂੰ ਰੱਜ ਕੇ ਰੋਇਆ।   
ਅਗਲੇ ਦਿਨ ਉਹ ਕੰਮ 'ਤੇ ਨਾ ਗਿਆ।
ਸਾਰੇ ਭਾਈਬੰਦ ਵੀ ਉਸ ਦਾ ਦੁੱਖ ਸਮਝਦੇ ਸਨ। ਸਾਰਿਆਂ ਨੇ ਬਾਪੂ ਦੇ ਅਫ਼ਸੋਸ ਵਿਚ ਛੁੱਟੀ ਕਰ ਲਈ।
ਦੁਪਿਹਰ ਤੱਕ ਉਹ ਘਰ ਹੀ ਬੈਠਾ ਰਿਹਾ। ਮੌਸਮ ਸੁਹਾਵਣਾ ਸੀ। ਪਰ ਹਰਦੇਵ ਦੇ ਮਨ ਦਾ ਮੌਸਮ ਖ਼ੁਸ਼ਕ ਸੀ! ਉਹ ਚੁੱਪ ਚਾਪ ਲੰਡਨ ਪਾਰਕ ਨੂੰ ਤੁਰ ਪਿਆ। ਅੱਜ ਉਹ ਬੜੇ ਚਿਰਾਂ ਬਾਅਦ ਪਾਰਕ ਜਾ ਰਿਹਾ ਸੀ।
ਲੰਡਨ ਪਾਰਕ ਵਿਚ ਬਸੰਤ ਭਲਵਾਨ ਹੋਰਾਂ ਦੀ ਮਹਿਫ਼ਲ ਜੰਮੀ ਬੈਠੀ ਸੀ। 
ਅਚਾਨਕ ਫ਼ੌਜੀ ਪੈਰਾਂ ਹੇਠੋਂ ਮਿੱਟੀ ਕੱਢਦਾ ਭੂਤ ਵਾਂਗ ਆ ਵੱਜਿਆ। ਹੱਥ ਵਿਚ ਬੀਅਰ ਦੇ ਡੱਬੇ ਉਸ ਨੇ ਜੁਆਕ ਵਾਂਗ ਚੁੱਕੇ ਹੋਏ ਸਨ। ਇਕ ਵੱਖ ਝੋਲੇ ਵਿਚ ਕੋਕ ਅਤੇ ਬੋਤਲ ਪਾਈ ਹੋਈ ਸੀ। ਸਾਰੇ ਉਸ ਵੱਲ ਦੇਖ ਕੇ ਹੈਰਾਨ ਰਹਿ ਗਏ ਕਿ ਸਾਂਤਮਈ ਫ਼ੌਜੀ ਅੱਜ ਸਾਹਣ ਵਾਂਗ ਖੁਰਗੋ ਕਿੳਂੁ ਪੱਟੀ ਜਾ ਰਿਹਾ ਸੀ? ਉਹ ਝਿਰਖੀ ਪਏ ਤਵੇ ਵਾਂਗ ਇੱਕੋ ਮਸਲੇ ਨੂੰ ਹੀ ਵਾਰ-ਵਾਰ ਰਿੜਕੀ ਜਾ ਰਿਹਾ ਸੀ, "ਬੱਸ ਬਾਈ...! ਹੁਣ ਬਸੇਬਾ ਮੁਸ਼ਕਲ ਐ-ਬੱਸ ਹੁਣ ਤਲਾਕ ਦੇ ਦੇਣੈਂ...!" ਫ਼ੌਜੀ ਨੇ ਦੁਹਾਈ ਦਿੱਤੀ। ਹਰਦੇਵ ਸੋਚ ਰਿਹਾ ਸੀ ਕਿ ਇਸ ਚੰਦਰੇ ਤਲਾਕ ਦਾ ਮਸਲਾ ਘਰ-ਘਰ ਅੱਗ ਵਾਂਗ ਮੱਚਦਾ ਸੀ!
-"ਕੀ ਗੱਲ ਹੋਗੀ ਫ਼ੌਜੀਆ...? ਅੱਜ ਬਾਹਲ਼ਾ ਈ ਪਾਰਾ ਖ਼ਤਰੇ ਆਲ਼ੀ ਸੂਈ 'ਤੇ ਕਰੀ ਫਿ਼ਰਦੈਂ?" ਸੁੱਖੇ ਘੈਂਟ ਨੇ ਬੀਅਰ ਦੀ ਘੁੱਟ ਮਾਰਦਿਆਂ ਪੁੱਛਿਆ। 
-"ਬੱਸ ਸੁੱਖਿਆ! ਸੌ ਹੱਥ ਰੱਸਾ ਸਿਰੇ 'ਤੇ ਗੰਢ-ਤੈਨੂੰ ਆਖਤਾ ਬਈ ਹੁਣ ਬਸੇਬਾ ਮੁਸ਼ਕਲ ਐ-ਹੁਣ ਇਕ ਪਾਸਾ ਕਰ ਕੇ ਰਹਿਣੈਂ! ਹੁਣ ਜਾਂ ਟਾਂਡਿਆਂ ਆਲ਼ੀ ਤੇ ਜਾਂ ਭਾਂਡਿਆਂ ਆਲ਼ੀ...!" ਫ਼ੌਜੀ ਮੁੜ੍ਹਕੋ ਮੁੜ੍ਹਕੀ ਹੋਇਆ ਪਿਆ ਸੀ। 
-"ਮੂਲੋਂ ਈ ਅੱਕਲ਼ਕਾਨ ਹੋਇਆ ਪਿਐਂ-ਕੋਈ ਗੱਲ ਤਾਂ ਦੱਸ?" ਤਰੇਲੋ ਤਰੇਲੀ ਹੋਏ ਫ਼ੌਜੀ ਨੂੰ ਸੈਦੋ ਵਾਲੇ ਬਸੰਤ ਭਲਵਾਨ ਨੇ ਪੁੱਛਿਆ। 
-"ਭਲਵਾਨਾ, ਅੱਜ ਦੀਆਂ ਤੀਮੀਆਂ ਐਡੀਆਂ ਭੈਣ ਦੇਣੀਐਂ-ਬੱਸ ਪੁੱਛ ਨਾ...!" 
-"ਕੋਈ ਸੱਪ ਵੀ ਕੱਢੇਂਗਾ...? ਜਾਂ ਬੀਨ ਈ ਬਜਾਈ ਜਾਵੇਂਗਾ?" ਅਜਮੇਰ ਬਾਬਾ ਬੋਲਿਆ।
-"ਆਹ ਯਾਰ ਜਿਹੜੀ ਮੇਰੀ ਘਰਾਂਆਲੀ ਐ ਨ੍ਹਾ? ਮੈਂ ਉਹਤੋਂ ਬੜਾ ਦੁਖੀ ਹੋਇਆ ਪਿਐਂ-ਪਹਿਲਾਂ ਸਾਲੀ ਅੱਖ 'ਚ ਪਾਈ ਨ੍ਹੀ ਸੀ ਰੜਕਦੀ...! ਹੁਣ ਆਨੇ ਕੱਢਦੀ ਐ!" ਫ਼ੌਜੀ ਨੇ ਤੋੜਾ ਝਾੜਿਆ।
-"ਘਰਾਂ 'ਚ ਵੀਹ ਗੱਲਾਂ ਹੋ ਜਾਂਦੀਐਂ-ਜਿਗਰਾ ਰੱਖੀਦੈ!" ਕਾਮਰੇਡ ਨੇ ਬਲ਼ਦੀ 'ਤੇ ਪਾਣੀ ਛਿੜਕਿਆ।
-"ਦੋ ਭਾਂਡੇ ਤਾਂ ਖੜਕਦੇ ਈ ਰਹਿੰਦੇ ਐ।" ਬਾਈ ਅਜੀਤ ਸਿੰਘ ਬਰਾੜ ਬੋਲਿਆ। 
-"ਯਾਰ ਦੋ ਭਾਂਡੇ ਵੀ ਜੇ ਬਰਾਬਰ ਦੇ ਹੋਣ ਤਾਂ ਈ ਚੰਗੇ ਲੱਗਦੇ ਐ-ਜੇ ਕੌਲੀ 'ਚ ਪਰਾਂਤ ਠਾਹ ਠਾਹ ਵੱਜੂ-ਦੱਸੋ ਕਿੱਥੇ ਬਸੇਬਾ ਹੋਊ?" ਫ਼ੌਜੀ ਗੱਲ ਦੇ ਨੇੜੇ ਹੋਇਆ। 
-"ਕੁਝ ਸਮਝਾਵੇਂਗਾ-ਤਾਂ ਈ ਸਮਝ ਆਊ-ਜੇ ਆਸੇ ਪਾਸੇ ਈ ਫ਼ੈਰ ਦਾਗੀ ਜਾਵੇਂਗਾ-ਕੋਈ ਫ਼ਾਇਦਾ ਨ੍ਹੀ!" ਬਸੰਤ ਭਲਵਾਨ ਨੇ ਆਖਿਆ। ਉਸ ਨੂੰ ਫ਼ੌਜੀ ਦੇ ਦੁੱਖ ਦਾ ਕੋਈ ਲੱਲ ਨਹੀਂ ਲੱਗ ਰਿਹਾ ਸੀ।
-"ਯਾਰ ਕੀ ਦੱਸਾਂ...? ਆਹ ਬਾਬਾ ਨ੍ਹੀ ਸੀ ਇੰਗਲੈਂਡ ਆਇਆ, ਜੋਗਾ ਕਰਵਾਉਣ ਆਲਾ?" 
-"ਜੋਗਾ ਨ੍ਹੀ-ਯੋਗਾ ਆਖ...!" ਕਾਮਰੇਡ ਨੇ ਕਿਹਾ।
-"ਚਾਹੇ ਕੁਛ ਆਖਲੈ! ਆਇਆ ਸੀ ਨ੍ਹਾਂ...?"
-"ਆਹੋ...! ਫੇਰ ਕੀ ਹੋਇਆ? ਉਹ ਤਾਂ ਲੋਕਾਂ ਨੂੰ ਸਿੱਧੇ ਰਸਤੇ ਈ ਪਾਉਂਦੈ-ਯੋਗੇ ਰਾਹੀਂ ਰੋਗ ਦੂਰ ਕਰਨ ਦੀ ਵਿਧੀ ਦੱਸਦੈ-ਕੋਈ ਮਾੜੀ ਗੱਲ ਤਾਂ ਨ੍ਹੀ ਕਰਦਾ!" ਕਾਮਰੇਡ ਨੇ ਸਿਆਣਪ ਮੂਜਵ ਮੱਤ ਦਿੱਤੀ। 
-"ਯਾਰ ਜਿੱਦੇਂ ਦੀ ਮੇਰੇ ਘਰਾਂਆਲ਼ੀ ਉਹਦਾ ਸ਼ੋਅ ਜਿਆ ਦੇਖ ਕੇ ਆਈ ਐ-ਮੈਨੂੰ ਮੈਦ ਐ ਉਹ ਤਾਂ ਕਮਲ਼ੀ ਹੋਗੀ! ਉਹਦੇ ਡਮਾਕ 'ਚ ਫ਼ਰਕ ਪੈ ਗਿਆ...!" ਫ਼ੌਜੀ ਨੇ ਲੰਮਾ ਸਾਹ ਲੈਂਦਿਆਂ ਪੂਰੇ ਤੰਤ ਨਾਲ ਦੱਸਿਆ। 
-"ਯੋਗੇ ਨਾਲ ਦਿਮਾਗ 'ਚ ਫ਼ਰਕ? ਕੀ, ਹੋ ਕੀ ਗਿਆ...?" ਬਸੰਤ ਭਲਵਾਨ ਦਾ ਮੂੰਹ ਅੱਡਿਆ ਗਿਆ।
-"ਲੈ ਸੁਣ ਫੇਰ...!" ਫ਼ੌਜੀ ਨੇ ਭਲਵਾਨ ਦੇ ਪੱਟ 'ਤੇ ਧੱਫ਼ੀ ਜਿਹੀ ਮਾਰਦਿਆਂ ਆਖਣਾ ਸ਼ੁਰੂ ਕੀਤਾ।
-"ਸਾਰਾ ਫਿੱਟਣੀਆਂ ਦਾ ਫ਼ੇਟ ਤਾਂ ਬਾਈ ਟੁੰਡਾ ਐ!"
-"ਕਿਹੜਾ ਬਾਈ ਟੁੰਡਾ...?"
-"ਆਹ ਪੰਜਗਰਾਈਆਂ ਆਲ਼ਾ...!"
-"ਕਾਹਤੋਂ...?" 
-"ਉਹ ਮੇਰੇ ਘਰਾਂਆਲੀ ਨੂੰ ਕਹਿੰਦਾ ਅਖੇ ਚੱਲ ਜੋਗੇ ਆਲ਼ੇ ਬਾਬੇ ਨੇ ਆਉਣੈਂ-ਤੇ ਚੱਲ ਤੂੰ ਵੀ ਦਰਸ਼ਣ ਕਰ ਆਈਂ-ਅਖੇ ਸਾਰੀਆਂ ਬਿਮਾਰੀਆਂ ਚੱਕੀਆਂ ਜਾਣਗੀਆਂ! ਅਖੇ ਚੱਕਦੂ ਅੱਖਾਂ ਦੀ ਲਾਲੀ...!"
-"........।"
-"ਸੱਤਰ ਪੌਂਡ ਦੀ ਲਈ ਟਿਗਟ-ਸੱਤਰ ਪੌਂਡ ਸਾਲੇ ਸਾਨੂੰ ਹਫ਼ਤੇ 'ਚ ਮਸਾਂ ਬਚਦੇ ਐ! ਖ਼ੈਰ, ਪੂਰਾ ਹਫ਼ਤਾ ਜੋਗਾ ਕਰਨ ਜਾਂਦੇ ਰਹੇ-ਮੈਨੂੰ ਪਤਾ ਨਾ ਬਈ ਉਹ ਉਥੇ ਕਰਵਾਉਂਦੇ ਕੀ ਐ? ਤੈਨੂੰ ਪਤੈ ਬਈ ਮੈਂ ਸਵੇਰੇ ਛੇ ਵਜੇ ਕੰਮ 'ਤੇ ਨਿਕਲ ਜਾਨੈਂ-ਤੇ ਰੱਬ ਤੇਰਾ ਭਲਾ ਕਰੇ-ਰਾਤ ਨੂੰ ਅੱਠ ਨੌਂ ਵਜੇ ਘਰੇ ਵੜਦੈਂ-।"
-"ਆਹੋ! ਉਹ ਤਾਂ ਪਤੈ ਬਾਈ...!" ਭਲਵਾਨ ਨੇ ਲਮਕਾ ਕੇ ਜਿਹੇ ਕਿਹਾ।
-"ਇਕ ਦਿਨ ਕੀ ਹੋਇਆ...? ਮੀਂਹ ਪੈਣ ਲੱਗ ਪਿਆ-ਅਸੀਂ ਕੰਕਰੀਟ ਪਾਉਣਾ ਸੀ-ਮੈਂ ਕੰਮ ਅਗਲੇ ਦਿਨ 'ਤੇ ਛੱਡ ਕੇ ਆਥਣੇ ਚਾਰ ਕੁ ਵਜੇ ਈ ਘਰੇ ਆ ਗਿਆ-ਜਦੋਂ ਮੈਂ ਆ ਕੇ ਦਰਵਾਜਾ ਖੋਲ੍ਹਿਆ-ਤਾਂ ਉਹ ਤਾਂ ਭਾਈ ਸਿਟਿੰਗ ਰੂਮ 'ਚ ਸਮਾਧੀ ਜੀ ਲਾਈ ਬੈਠੀ ਤੇ ਢਿੱਡ ਜਿਆ ਘੁੰਮਾਈ ਜਾਵੇ! ਮਛਕ ਮਾਂਗੂੰ ਢਿੱਡ ਕਦੇ ਅੰਦਰ ਨੂੰ-ਕਦੇ ਬਾਹਰ ਨੂੰ! ਨਾਲੇ ਭੂਤਰੀ ਬਾਂਦਰੀ ਮਾਂਗੂੰ ਲੰਮੇ ਲੰਮੇ ਸਾਹ ਜੇ ਲਈ ਜਾਵੇ! ਮੈਂ ਸੋਚਾਂ ਬਈ ਇਹ ਸਾਲੀ ਕਰੀ ਕੀ ਜਾਂਦੀ ਐ...? ਇਹਨੂੰ ਹੋ ਕੀ ਗਿਆ...? ਮੈਂ ਤਾਂ ਭਾਈ ਡਰ ਗਿਆ ਬਈ ਕਿਤੇ ਸਾਲੀ ਨੂੰ ਕੋਈ ਭੂਤ-ਪ੍ਰੇਤ ਨਾ ਆ ਚੁੰਬੜਿਆ ਹੋਵੇ? ਪਰ ਫੇਰ ਸੋਚਿਆ ਬਈ ਇਹਦੇ ਕੋਲੇ ਕਿਸੇ ਭੂਤ-ਪ੍ਰੇਤ ਨੇ ਆ ਕੇ ਮਰਨੈਂ? ਇਹ ਤਾਂ ਸਾਲੀ ਆਪ ਕੱਚੀ ਕਚੀਲ੍ਹ ਜਿੰਨ ਅਰਗੀ ਐ! ਮੈਂ ਬੁਲਾਵਾਂ, ਸਾਲੀ ਬੋਲੇ ਨਾ! ਬੁੱਲ੍ਹਾਂ 'ਤੇ ਉਂਗਲ ਰੱਖ ਕੇ ਸਾਲੀ 'ਛੀਅ-ਛੀਅ' ਜੀ ਕਰੀ ਜਾਵੇ-ਜਿਵੇਂ ਜੁਆਕ ਨੂੰ ਮੁਤਾਉਣਾ ਹੁੰਦੈ! ਮੈਨੂੰ ਕੋਈ ਸਮਝ ਨਾ ਪਈ-ਮੈਂ ਮਜੌਰਾਂ ਦੀ ਬੇਬੇ ਮਾਂਗੂੰ ਝਾਕੀ ਜਾਵਾਂ-ਫੇਰ ਮੈਂ ਆਬਦੇ ਮੁੰਡੇ ਨੂੰ 'ਵਾਜ ਮਾਰੀ-ਉਹ ਵੀ ਮੁੱਖ ਮੰਤਰੀ ਬਣਿਆਂ ਉਪਰੋਂ ਈ "ਵਾਅਟ ਡੈਅਡ?" ਦੇ ਹੋਕਰੇ ਜੇ ਮਾਰੀ ਜਾਵੇ! ਮੈਂ ਉਪਰ ਚਲਿਆ ਗਿਆ-ਜਦੋਂ ਮੈਂ ਉਪਰ ਜਾ ਕੇ ਦੇਖਿਆ-ਸਾਲਾ ਲੱਤਾਂ 'ਕੱਠੀਆਂ ਕਰਕੇ ਗਰੜਪੌਂਕ ਜਿਆ ਉਹ ਬਣਿਆਂ ਬੈਠਾ! ਮੈਂ ਸੋਚਿਆ, ਬਈ ਇਹ ਸਾਲਾ ਸਾਰਾ ਆਵਾ ਈ ਊਤ ਗਿਆ...? ਜਦੋਂ ਮੈਂ ਮੁੰਡੇ ਨੂੰ ਪੁੱਛਿਆ, ਆਹ ਕੀ ਕਰਦੈਂ ਉਏ? ਤਾਂ ਮੈਨੂੰ ਬਣਾ ਸਮਾਰ ਕੇ ਕਹਿੰਦਾ, ਅਖੇ ਜੋਗਾ ਕਰਦੈਂ! ਮੈਂ ਕਿਹਾ ਸਾਲਿਓ, ਹੋਰ ਘਰ 'ਚ ਕੰਮ ਕਰਨ ਨੂੰ ਕੋਈ ਨ੍ਹੀ...? ਸਾਰੇ ਜੋਗੇ ਜੋਕਰੇ ਈ ਰਹਿ ਗਏ...? ਤੇ ਮੁੰਡਾ ਭਾਈ, ਡੋਂਟ ਡਿਸਟਰਬ ਮੀ ਡੈਅਡ, ਆਖ ਕੇ ਮੇਰੇ ਗਲ ਪੈ ਚੱਲਿਆ-ਮੈਂ ਮੱਚਦਾ ਕੁੜ੍ਹਦਾ ਹੇਠਾਂ ਆ ਗਿਆ-।" ਫ਼ੌਜੀ ਨੇ ਲੰਬਾ ਸਾਹ ਛੱਡਦਿਆਂ ਗੱਲ ਅੱਗੇ ਜਾਰੀ ਰੱਖੀ। ਬਾਕੀ ਸਾਰੇ ਬੜੀ ਸ਼ਾਂਤੀ ਨਾਲ ਉਸ ਦੀ ਗੱਲ ਵਿਚ ਖੁੱਭੇ ਹੋਏ ਸਨ।
-"ਜਦੋਂ ਮੈਂ ਥੱਲੇ ਆਇਆ-ਜੁਆਕਾਂ ਦੀ ਮਾਂ ਮੇਰੇ ਅਲੀ-ਅਲੀ ਕਰਕੇ ਗਲ ਪੈਗੀ-ਅਖੇ, ਹਮ ਜੋਗਾ ਕਰ ਰਹੇ ਥੇ-ਆਪ ਹਮੇਂ ਡਿਸਟਰਬ ਮੱਤ ਕਰਿਆ ਕਰੋ...!" ਫ਼ੌਜੀ ਨੇ ਵਿਅੰਗ ਨਾਲ ਹਿੰਦੀ ਸ਼ੁਰੂ ਕਰ ਦਿੱਤੀ।
-"ਮੈ ਆਖਿਆ, ਸਾਲੀਏ ਜਿਹੋ ਜੀ ਗਰਮੀਆਂ ਦੇ ਮਹੀਨੇ ਮੱਝ ਛੱਪੜ 'ਚੋਂ ਉਠਾ ਲਈ-ਜਿਹੋ ਜਿਆ ਤੈਨੂੰ ਬੈੱਡ 'ਚੋਂ ਬਾਹਰ ਕੱਢ ਲਿਆ! ਹੁਣ ਤੂੰ ਚੌਂਕੜਾ ਜਿਆ ਮਾਰ ਕੇ ਮਹਾਤਮਾ ਬੁੱਧ ਬਣੀ ਬੈਠੀ ਐਂ-ਇਹ ਕੀ ਲੱਛਣ ਫੜਿਐ ਤੂੰ? ਮੈਨੂੰ ਉਹਦੇ 'ਤੇ ਖੁੰਧਕ ਚੜ੍ਹਗੀ-ਚੜ੍ਹਨੀ ਈ ਸੀ...? ਜਦੋਂ ਲੱਛਣ ਜੇ ਕਰਨੋਂ ਨ੍ਹੀ ਸੀ ਹੱਟਦੀ...! ਮੈਨੂੰ ਬਣਾ ਸੁਆਰ ਕੇ ਕਹਿੰਦੀ ਅਖੇ, ਹਮ ਆਪਣੇ ਸਰੀਰ ਕਾ ਖਿਆਲ ਰੱਖਤੇ ਹੈਂ-ਅਖੇ ਤੇਰੇ ਅਰਗੇ ਢੱਗੇ ਨ੍ਹੀ ਬਈ ਕੰਮ ਕੀਤਾ-ਦਾਰੂ ਡੱਫ਼ ਲਈ ਤੇ ਘੁਰਾੜ੍ਹੇ ਮਾਰ ਛੱਡੇ-ਉਹਨੇ ਤਾਂ ਸਾਲੀ ਨੇ ਮੇਰੇ ਟੈਰ ਵੀ ਪੈਂਚਰ ਕਰ ਕੇ ਰੱਖਤੇ! ਮੈਂ ਆਖਿਆ ਕੁੱਤਿਆ ਰਵਿਆ! ਮੈਂ ਥੋਡੇ ਆਸਤੇ ਤਾਂ ਕਮਾਉਨੈਂ-ਹੋਰ ਕੀਹਦੀ ਖਾਤਰ ਕੰਮ ਕਰਦੈਂ ਮੈਂ...? ਚਲੋ ਗੱਲ ਆਈ ਗਈ ਹੋ ਗਈ-ਉਹ ਵੀ ਸਿਆਣੀ ਵਗੀ-ਅੱਗਿਓਂ ਕੁਛ ਨਾ ਬੋਲੀ-।"
-"ਅੱਗਿਓਂ ਬੋਲ ਕੇ ਉਹਨੇ ਗੰਧਾਲੇ ਖਾਣੇ ਸੀ...?" ਸੁੱਖਾ ਘੈਂਟ ਵਿਚ ਦੀ ਵਾਰੀ ਲੈ ਗਿਆ।
-"ਜੇ ਉਹ ਉਦੇਂ ਅੱਗਿਓਂ ਕੁਛ ਬੋਲ ਦਿੰਦੀ ਤਾਂ ਮੈਂ ਤਾਂ ਕਰ ਦੇਣਾ ਸੀ ਸਰਾਧ ਉਹਦੇ ਆਲਾ! ਪੂਜ ਦੇਣਾ ਸੀ ਗੁੱਗਾ! ਅਗਲੇ ਦਿਨ ਭਾਈ ਮੀਂਹ ਫੇਰ ਨਾ ਹਟਿਆ-ਕੰਮ ਤੋਂ ਫੇਰ ਛੁੱਟੀ ਕਰਨੀ ਪਈ-ਮੈਂ ਸੋਚਿਆ ਅੱਜ ਦੂਜੇ ਮਕਾਨ ਦੀ ਮੌਰਗੇਜ ਆਲ਼ਾ ਕੰਮ ਈ ਕਰ ਲਈਏ-ਘਰੇ ਵਿਹਲੇ ਕੀ ਕਰਾਂਗੇ? ਜਦੋਂ ਭਾਈ ਮੈਂ ਕੁੜਤਾ ਪ੍ਰੈੱਸ ਕਰਨ ਨੂੰ ਕਿਹਾ-ਬੜਾ ਬਣਾ ਸਮਾਰ ਕੇ ਕਹਿੰਦੀ-ਅਖੇ, ਮੈਂ ਤਾਂ ਜੋਗਾ ਕਰਨੈਂ! ਮੈਂ ਕਿਹਾ ਭੈਣ ਦੇਣੇ ਦੀਏ ਕੁੱਤੀਏ ਜਾਤੇ! ਜੋਗਾ ਗੁਰੂ ਮਹਾਰਾਜ ਦਾ ਨਿੱਤਨੇਮ ਐਂ ਬਈ ਲੇਟ ਹੋਜੇਂਗੀ...? ਭਾਈ ਫੇਰ ਢੀਠ ਸਾਧ ਮਾਂਗੂੰ ਸਮਾਧੀ ਜੀ ਲਾ ਕੇ ਬਹਿਗੀ-ਕਦੇ ਸਾਹ ਐਧਰਲੀ ਨਾਸ 'ਚੋਂ ਲਵੇ ਤੇ ਦੂਜੀ ਵਿਚ ਦੀ ਬਾਹਰ ਕੱਢੀ ਜਾਵੇ! ਫੇਰ, ਓਦੂੰ ਬਾਅਦ ਫੇਰ ਢਿੱਡ ਜਿਆ ਘੁੰਮਾਉਣ ਲੱਗਪੀ-ਜਿਵੇਂ ਛਿਲਾ ਜਗਾਉਣਾ ਹੁੰਦੈ-ਉਹ ਤਾਂ ਤੀਏ ਪਾਂਜੇ ਜੇ ਕਰਨੋਂ ਈ ਨਾ ਹਟੇ! ਅੱਧਾ ਘੰਟਾ ਦਧਨ ਹੋਇਆ ਮੈਂ ਉਹਦੇ ਛੋਛੇ ਜਰਦਾ ਰਿਹਾ-ਜੋਗਾ ਪੂਰਾ ਹੋਇਆ-ਤਾਂ ਕੰਜਰ ਦੀ ਨੇ ਕਮੀਜ ਪ੍ਰੈੱਸ ਕਰ ਕੇ ਦਿੱਤੀ-ਸੁੱਖਿਆ ਇਕ ਪੈੱਗ ਪਾ ਯਾਰ...!"
-"ਪੈੱਗ ਜਿੰਨੇ ਮਰਜੀ ਬਾਈ...! ਜੇ ਸਾਡੀ ਭਰਜਾਈ ਨ੍ਹੀ ਸਾਡੇ ਬਾਈ ਨੂੰ ਕੁਛ ਸਮਝਦੀ-ਅਸੀਂ ਤਾਂ ਬਾਈ ਦੇ ਤਾਬਿਆਦਾਰ ਐਂ...।" ਸੁੱਖੇ ਨੇ ਬੋਤਲ ਦਾ ਗਲ਼ ਕੁੱਕੜ ਵਾਂਗ ਫੜ ਲਿਆ।
-"ਫੇਰ ਜਦੋਂ ਮੈਂ ਮੌਰਗੇਜ ਦਾ ਕੰਮ ਨਬੇੜ ਕੇ ਘਰੇ ਆਇਆ ਤਾਂ ਸਾਲੀ ਹੋਰ ਈ ਸਿਆਪਾ ਖੜ੍ਹਾ ਕਰੀ ਬੈਠੀ।" ਉਸ ਨੇ ਪੈੱਗ ਸੂਤਦਿਆਂ ਗੱਲ ਫਿਰ ਸ਼ੁਰੂ ਕੀਤੀ।
-"ਉਹ ਕਿਹੜਾ...?" ਸੁੱਖਾ ਫ਼ੌਜੀ ਵੱਲ ਅੱਖਾਂ ਦੀ ਸਿ਼ਸ਼ਤ ਬੰਨ੍ਹੀ ਬੈਠਾ ਮੁਸਰਾਈ ਜਾ ਰਿਹਾ ਸੀ।
-"ਕੰਜਰ ਦੀ ਨੇ ਸੌਣ ਆਲੇ ਕਮਰੇ 'ਚੋਂ ਟੈਲੀਵੀਜਨ ਚੱਕ ਕੇ ਰਸੋਈ 'ਚ ਲਿਆ ਰੱਖਿਆ-।"
-"ਲੈ...! ਕਰਲੋ ਬਾਤ....!" ਬਾਈ ਅਜੀਤ ਸਿੰਘ ਬਰਾੜ ਅੱਭੜ੍ਹਵਾਹੇ ਬੋਲਿਆ।
-"ਨਾਲੇ ਤਾਂ ਆਟਾ ਗੁੰਨ੍ਹੀ ਜਾਵੇ ਤੇ ਨਾਲੇ ਟੈਲੀਵੀਜਨ 'ਤੇ ਜੋਗਾ ਦੇਖੀ ਜਾਵੇ-ਆਟਾ ਥੱਲੇ ਡੁੱਲ੍ਹੀ ਜਾਵੇ-ਮੈਂ ਕਿਹਾ ਕੰਜਰ ਦੀਏ ਸਿੱਧਰੀਏ! ਆਟਾ ਤਾਂ ਦੇਖ ਕੇ ਗੁੰਨ੍ਹ ਲੈ-ਇਹਨੂੰ ਫੇਰ ਪਾ ਲਈਂ ਸਲਾਮੀ ਜਿਹੜੀ ਪਾਉਣੀ ਐਂ! ਮੈਨੂੰ ਬਣਾ ਸਮਾਰ ਕੇ ਕਹਿੰਦੀ ਅਖੇ, ਇਹ ਸਾਰੀ ਦਿਹਾੜੀ ਨ੍ਹੀ ਚੱਲਦਾ-ਟੀ. ਵੀ. ਆਲੇ ਤੇਰੇ ਮਾਂਗੂੰ ਬਿਹਲੇ ਨ੍ਹੀ ਬਈ ਸਾਰੀ ਦਿਹਾੜੀ ਜੋਗਾ ਸ਼ੋਅ ਈ ਚਲਾਈ ਰੱਖਣਗੇ-ਉਹਨਾਂ ਨੇ ਹੋਰ ਵੀ ਕੁਛ ਦਿਖਾਉਣਾ ਹੁੰਦੈ ਲੋਕਾਂ ਨੂੰ! ਮੈਨੂੰ ਇਕ ਚੜ੍ਹੇ ਤੇ ਭਲਵਾਨਾ ਇਕ ਉਤਰੇ! ਬਈ ਇਹ ਸਾਲੀ ਅੱਜ ਮੈਨੂੰ ਮੱਤਾਂ ਦੇਣ ਲੱਗਪੀ? ਸਾਡੀ ਬਿੱਲੀ ਸਾਨੂੰ ਮਿਆਓਂ? ਜਿੱਦੇਂ ਇੰਡੀਆ ਤੋਂ ਆਈ ਸੀ-ਸਾਲੀ ਤੋਂ ਸੁੱਥਣ ਨ੍ਹੀ ਸੀ ਲੋਟ ਆਉਂਦੀ-ਟੁਆਇਲਟ 'ਤੇ ਦੋਨੋਂ ਪੈਰ ਧਰਕੇ ਬਹਿ ਜਾਂਦੀ ਸੀ-ਮਸਾਂ ਟੋਚਨ ਪਾ ਕੇ ਮੈਂ ਇਹਨੂੰ ਉਤੋਂ ਲਾਹੁੰਦਾ ਸੀ! ਮੇਰਾ ਦਿਲ ਕਰੇ ਬਈ ਫੜ ਕੇ ਗੁੱਤ ਨੂੰ ਦੇ ਲਵਾਂ ਵਟਾ-ਤੇ ਮਾਰ ਮਾਰ ਹੂਰੇ ਪੱਸਲੀਆਂ 'ਚ ਚਿੱਬ ਪਾ ਦਿਆਂ-ਸਾਲੀ ਹੋਈ ਐ ਜੋਗੇ ਦੀ! ਮੈਂ ਦਿਲ 'ਤੇ ਪੱਥਰ ਰੱਖ ਕੇ ਨਹਾਉਣ ਚਲਿਆ ਗਿਆ-ਜਦੋਂ ਮੈਂ ਫੇਰ ਮੁੜ ਕੇ ਆਇਆ ਤਾਂ ਉਹੀ ਧੂਤਕੜਾ ਫੇਰ! ਨਾਲੇ ਸਬਜੀ ਨੂੰ ਤੜਕਾ ਲਾਈ ਜਾਵੇ ਤੇ ਨਾਲੇ ਸਾਲੀ ਠੱਕੇ ਦੀ ਮਾਰੀ ਬੱਕਰੀ ਮਾਂਗੂੰ ਕੋਡੀ ਜੀ ਹੋਈ ਖੜ੍ਹੀ ਕੰਬੀ ਜੀ ਜਾਵੇ! ਮੇਰਾ ਡਮਾਕ ਖਰਾਬ ਹੁੰਦਾ ਜਾਵੇ ਬਈ ਇਹਨੂੰ ਸਾਲੀ ਨੂੰ ਹੋ ਕੀ ਗਿਆ...? ਇਹ ਤਾਂ ਮੰਜੇ 'ਚੋਂ ਨ੍ਹੀ ਸੀ ਉਠਦੀ?" 
-"ਸ਼ੁਭ ਮੌਕੇ ਦਾ ਲਾਹਾ ਲੈ ਲੈਣਾ ਸੀ?" ਸੁੱਖੇ ਨੇ ਟਾਂਚ ਕੀਤੀ। ਬਾਬਾ ਅਜਮੇਰ ਹੱਸ ਪਿਆ।
-"ਕਾਹਦਾ ਲਾਹਾ ਐ ਸੁੱਖਿਆ? ਮੇਰੇ ਸਾਲੇ ਗੁੱਸੇ 'ਚ ਫਿ਼ਊਜ ਸੜੇ ਪਏ ਐ! ਕਮਾਊ ਬਲ਼ਦ ਜੇਠ ਹਾੜ੍ਹ ਦੇ ਤਪਾੜ  ਯਾਦ ਕਰ ਕੇ ਪੋਹ ਮਹੀਨੇ ਹਰੀ ਬਰਸੀਨ ਦੀ ਬੁਰਕੀ ਮੂੰਹੋਂ ਸਿੱਟ ਦਿੰਦੈ! ਫੇਰ ਭਾਈ ਤੜਕਾ ਮੱਚੀ ਜਾਵੇ-ਤੇ ਆਪ ਟੀ. ਵੀ. ਵੱਲੀਂ ਦੇਖ-ਦੇਖ ਆਬਦੇ ਪੈਰੀਂ ਆਪ ਈ ਹੱਥ ਜੇ ਲਾਈ ਜਾਵੇ-ਤੜਕਾ ਮੱਚਣ ਨਾਲ ਮੈਨੂੰ ਤਾਂ ਸਾਹ ਆਉਣੋਂ ਬੰਦ ਹੋ ਗਿਆ-ਤੈਨੂੰ ਪਤੈ ਬਈ ਮੈਨੂੰ ਸਾਹ ਦੀ ਸ਼ਕਾਇਤ ਹੋ ਜਾਂਦੀ ਐ! ਘਰ 'ਚ ਸੰਘੱਟ ਆਇਆ ਪਿਆ-ਮੈਨੂੰ ਚੜ੍ਹ ਗਿਆ ਕਰੋਧ-ਮੈਂ ਆਖਿਆ, ਇਹਨੂੰ ਭੈਣ ਦੇ ਯਾਰ ਦੀ ਨੂੰ ਹਿਲਾ ਹਿਲੂ ਵੀ ਲੈ! ਅਛਟ-ਬੱਕਰ ਫੇਰ ਬਣ ਲਈਂ-ਸਾਲੀ ਫੇਰ ਚੁੱਪ....!"
-"ਫੇਰ ਵੀ ਨ੍ਹੀ ਬੋਲੀ...?" ਬਾਈ ਅਜੀਤ ਸਿੰਘ ਬਰਾੜ ਨੇ ਕਾਫ਼ੀ ਦੇਰ ਬਾਅਦ ਮੂੰਹ ਪੁੱਟਿਆ ਸੀ।
-"ਕਾਹਨੂੰ...! ਜਦੋਂ ਪਤਾ ਹੁੰਦੈ ਬਈ ਪਤੰਦਰ ਗੁੱਸੇ 'ਚ ਐ-ਸਾਲੀ ਗੁੱਗਲ਼ ਬਣ ਜਾਂਦੀ ਐ-ਬੋਲਦੀ ਈ ਨ੍ਹੀ!" 
-"ਫੇਰ....?" 
-"ਫੇਰ ਮੌਸਮ ਖੁੱਲ੍ਹ ਗਿਆ-ਅਸੀਂ ਅਗਲੇ ਦਿਨ ਸਾਰੀ ਦਿਹਾੜੀ ਕੰਕਰੀਟ ਪਾਉਂਦੇ ਰਹੇ-ਸਵੇਰੇ ਛੇ ਵਜੇ ਦਾ ਮੈਂ ਘਰੋਂ ਨਿਕਲਿਆ ਰਾਤ ਨੂੰ ਅੱਠ ਵਜੇ ਘਰੇ ਵੜਿਆ-ਘਰੇ ਉਹੀ ਟਟਬੈਰ ਫੇਰ! ਘਰਾਂਆਲੀ ਨੂੰ ਤਾਂ ਜਿਹੜਾ ਹਲ਼ਕ ਛੁੱਟਿਆ ਸੀ, ਉਹ ਤਾਂ ਛੁੱਟਿਆ ਈ ਸੀ! ਸਾਲੇ ਜੁਆਕ ਵੀ ਸਿਟਿੰਗ-ਰੂਮ 'ਚ ਜੋਗੇ ਦੀ ਕਲਾਸ ਲਾਈ ਬੈਠੇ! ਆਪ ਜੁਆਕਾਂ 'ਚ ਸਾਲੀ ਪ੍ਰਧਾਨ ਮੰਤਰੀ ਬਣੀ ਬੈਠੀ ਉਪਦੇਸ਼ ਦੇਈ ਜਾਵੇ! ਅਖੇ ਸਾਹ ਲੰਮਾ ਅੰਦਰ ਨੂੰ ਲਵੋ...ਜੀਹਦੇ ਨਾਲ ਫੇਫੜੇ ਸਾਰੇ ਹਵਾ ਨਾਲ ਭਰ ਜਾਣ....ਫੇਰ ਪੂਰੇ ਜੋਰ ਨਾਲ ਬਾਹਰ ਕੱਢੋ...ਇਹਦੇ ਨਾਲ ਖ਼ਤਰਨਾਕ ਬੈਕਟੀਰੀਆ ਬਾਹਰ ਨਿਕਲਦੈ...ਐਰਾ ਬਗੈਰਾ...ਲਟਰਮ ਪਟਰਮ...! ਉਹ ਤਾਂ ਸਾਲਾ ਸਾਰਾ ਟੱਬਰ ਈ ਘਰ ਨੂੰ ਜੋਗਾ ਆਸ਼ਰਮ ਬਣਾਈ ਬੈਠਾ! ਮੇਰਾ ਦਿਲ ਤਾਂ ਕੀਤਾ ਬਈ ਪਹਿਲਾਂ ਇਹਦੇ ਆਲਾ ਬੈਕਟੀਰੀਆ ਤਾਂ ਬਾਹਰ ਕੱਢਾਂ? ਫੇਰ ਮੈਂ ਜੁਆਕ ਬੈਠੇ ਦੇਖ ਕੇ ਚੁੱਪ ਵੱਟ ਗਿਆ-ਮੇਰੇ ਮਨ ਨੂੰ ਐਨੀ 'ਨ੍ਹੇਰੀ ਚੜ੍ਹੀ-ਪਰ ਮੈਂ ਚੁੱਪ ਚਾਪ ਕਿਚਨ 'ਚ ਜਾ ਕੇ ਇਕ ਲੰਡੂ ਜਿਆ ਪੈੱਗ ਠੋਕਿਆ ਤੇ ਨਹਾਉਣ ਚਲਿਆ ਗਿਆ-ਜਦੋਂ ਮੈਂ ਨਹਾ ਕੇ ਥੱਲੇ ਉਤਰਿਆ-ਉਹਦਾ ਸਾਲੀ ਦਾ ਸਕੂਲ ਫੇਰ ਵੀ ਖ਼ਤਮ ਨਾ ਹੋਇਆ-ਮੈਂ ਫੇਰ ਸਮਾਈ ਜੀ ਕਰ ਕੇ ਆਖਿਆ ਬਈ ਲਿਆ ਕੁਛ ਖਾਣ ਖੂਣ ਨੂੰ ਈ ਦੇ-ਦੇ, ਸੁੱਕੀ ਦਾਰੂ ਤਾਂ ਤੰਗ ਕਰੂਗੀ-ਕੁੜੀ ਯਾਵ੍ਹੇ ਦੀ ਮੱਚੀ ਸੜੀ ਵੀ ਮੇਰੇ ਮੂਹਰੇ ਮਤਰੇਏ ਜੁਆਕ ਮਾਂਗੂੰ ਨੂਣ ਆਲੀਆਂ ਪਕੌੜੀਆਂ ਜੀਆਂ ਸਿੱਟਗੀ ਤੇ ਫੇਰ ਜਾ ਕੇ ਸੂਲ ਹੋਣ ਆਲਿ਼ਆਂ ਮਾਂਗੂੰ ਮੇਹਲਣ ਲੱਗਪੀ! ਮੈਂ ਫੇਰ ਮਨ ਨੂੰ ਸਮਝਾਈ ਰੱਖਿਆ ਬਈ ਮਨਾਂ, ਕਾਹਨੂੰ! ਤੇ ਇਕ ਪੈੱਗ ਹੋਰ ਸਿੱਟ ਲਿਆ-ਤੈਨੂੰ ਪਤੈ ਭਲਵਾਨਾ ਬਈ ਜਦੋਂ ਬੰਦਾ ਕਰੋਧ 'ਚ ਹੋਵੇ-ਪੈੱਗ ਵੱਡਾ ਮਾਰਦੈ!"
-"ਬਿਲਕੁਲ ਬਾਈ ਫ਼ੌਜੀਆ....!" ਭਲਵਾਨ ਨੇ ਵੀ ਵੋਟ ਉਸ ਦੇ ਹੱਕ 'ਚ ਭੁਗਤਾਈ।
-"ਮੈਂ ਸਾਰੇ ਦਿਨ ਦਾ ਥੱਕਿਆ ਹੰਭਿਆ ਹੋਇਆ-ਗੁਰਦੁਆਰੇ ਦੇ ਕੁੱਤੇ ਮਾਂਗੂੰ ਰੋਟੀ ਦੀ ਝਾਕ 'ਚ ਬੈਠਾ-ਸਾਲੀ ਹਟਣ ਦਾ ਨਾਂ ਈ ਨਾ ਲਵੇ! ਉਹੀ ਘਤਿੱਤਾਂ-ਕਦੇ ਢਿੱਡ ਜਿਆ ਹਿਲਾਉਣ ਲੱਗਪੇ-ਕਦੇ ਨਾਸਾਂ 'ਚੋਂ ਲੰਮੇ ਲੰਮੇ ਸਾਹ ਜੇ ਖਿੱਚਣ ਲੱਗਪੇ-ਕਦੇ ਆਬਦੀਆਂ ਉਂਗਲਾਂ ਜੀਆਂ ਆਪ ਈ ਦੱਬਣ ਡਹਿਜੇ-ਕਦੇ ਨਹੁੰਆਂ ਨਾਲ਼ ਨਹੁੰ ਜੇ ਰਗੜਨ ਲੱਗਪੇ-ਕਦੇ ਕੁਛ ਸਿਆਪਾ, ਕਦੇ ਕੁਛ...!"
-"ਫੇਰ....?" ਸੁੱਖਾ ਬੋਲਿਆ।
-"ਬੱਸ ਫੇਰ ਸੁੱਖਾ ਸਿਆਂ-ਜੁਆਕ ਤਾਂ ਚਲੇ ਗਏ ਸੌਣ-ਤੇ ਅਜੇ ਮੈਂ ਰੋਟੀ ਬਾਰੇ ਈ ਆਖਿਆ ਸੀ-ਫੇਰ ਡੂੰਮਣੇ ਮਖਿਆਲ਼ ਮਾਂਗੂੰ ਮੇਰੇ ਮਗਰ ਪੈਗੀ-ਅਖੇ ਰੋਟੀ ਨੂੰ ਐਡੀ ਛੇਤੀ ਜਾਨ ਨਿਕਲਦੀ ਐ? ਮੈਂ ਜੋਗਾ ਤਾਂ ਕਰਲਾਂ! ਮੈਂ ਸਾਰੇ ਦਿਨ ਦਾ ਸਤਿਆ ਵਿਆ-ਤੇ ਬੀਰ ਮੇਰਿਆ, ਮੈਂ ਚੱਪਲੀ ਲਈ ਚੱਕ ਤੇ ਜਿੱਥੇ ਪੈਂਦੀ ਐ ਪੈਣ ਦੇ...! ਚੰਗੀ ਦੁਰਬੜੀ ਲਾਈ! ਨਾਲੇ ਤਾਂ ਮੈਂ ਧੌਣ 'ਚ ਚੱਪਲੀਆਂ ਠੋਕੀ ਜਾਵਾਂ ਤੇ ਨਾਲੇ ਆਖਾਂ, ਲਿਆ ਕੱਢ ਆਬਦੇ ਜੋਗੇ ਆਲੇ ਜੰਤਰ...!"
ਹਾਸੜ ਮੱਚ ਗਈ।
-"ਜੁਆਕਾਂ ਨੂੰ ਨ੍ਹੀ ਪਤਾ ਲੱਗਿਆ...?" ਬਾਈ ਬਰਾੜ ਨੇ ਹਾਸਾ ਰੋਕ ਕੇ ਪੁੱਛਿਆ।
-"ਜੁਆਕ ਆਬਦੇ ਆਬਦੇ ਕਮਰੇ ਬੰਦ ਕਰਕੇ ਸੌਂ ਗਏ-ਉਹ ਸਾਰੀ ਰਾਤ ਸਾਡੇ 'ਚ ਈ ਕੰਨ ਰੱਖਦੇ?"
-"ਤੇ ਚੱਕ ਮੇਰੇ ਭਾਈ...! ਸਾਲੀ ਚੱਕ ਕੇ ਪੁਲਸ ਨੂੰ ਫ਼ੂਨ ਘੁਮਾਉਣ ਲੱਗੀ-ਫ਼ੂਨ ਦਾ ਰਿਸੀਵਰ ਦੇਖ ਕੇ ਮੇਰੀ ਵੀ ਦਾਰੂ ਜੀ ਉਤਰਗੀ-ਮੈਂ ਵੀ ਓਪਰੇ ਜਿਹੇ ਹੱਥ ਨਾਲ ਫ਼ੋਨ ਹੱਥ 'ਚੋਂ ਫੜ ਲਿਆ-ਉਹਨੇ ਵੀ ਬਹੁਤੀ ਕੋਈ ਹੀਲ ਹੁੱਜਤ ਨਾ ਕੀਤੀ-ਫੇਰ ਵੀ ਘਰਆਲ਼ੀ ਸੀ? ਰੋਟੀ ਲਾਹਤੀ-ਮੈਂ ਜਿਹੜੀ ਮਾੜੀ ਮੋਟੀ ਖਾਣੀ ਸੀ, ਖਾ ਲਈ-ਭੁੱਖ ਤਾਂ ਮੇਰੀ ਊਂ ਈਂ ਮਰਗੀ ਸੀ...!" 
-"ਹੁਣ ਕਿਮੇਂ ਐਂ....?" 
-"ਹੁਣ ਕੀ ਸੁਆਹ ਹੋਣਾ ਸੀ? ਬੱਸ ਉਹ ਹੀ ਬੈਂਹਾਂ ਤੇ ਉਹੀ ਕੁਹਾੜੀ...! ਸਮਝ ਸਾਲੀ ਨੂੰ ਉਹਨੂੰ ਵੀ ਲੱਗ ਗਈ ਬਈ ਪੁਲਸ ਤੋਂ ਡਰਦਾ ਮੈਨੂੰ ਕੁੱਟਦਾ ਨ੍ਹੀ-ਹੁਣ ਜਦੋਂ ਵੀ ਮੈਂ ਘਰੇ ਆਉਨੈਂ ਬੱਸ ਢਿੱਡ ਜਿਆ ਹਿਲਾਈ ਜਾਂਦੀ ਹੁੰਦੀ ਐ-ਰੋਟੀ ਮੇਰੀ ਲਾਹ ਕੇ ਪਹਿਲਾਂ ਈ ਰੱਖੀ ਹੁੰਦੀ ਐ-ਬੀਰ ਮੇਰਿਓ...! ਰੋਟੀ ਮਾਈਕਰੋਵੇਵ 'ਚ ਤੱਤੀ ਕਰ ਲਈਦੀ ਐ ਤੇ ਝੁਲ਼ਸ ਲਈਦੀ ਐ-ਕੀ ਸੁਆਹ ਜੂਨ ਐਂ ਮੇਰੀ...? ਕੰਮ ਵੀ ਕਿਹੜੇ ਕੰਜਰ ਆਸਤੇ ਕਰਨੈਂ? ਜਦੋਂ ਘਰ 'ਚ ਈ ਪੁੱਛ ਗਿੱਛ ਨ੍ਹੀ! ਹੁਣ ਮੇਰਾ ਤਲਾਕ ਬਿਨਾ ਸਰਨਾ ਨ੍ਹੀ-ਚੰਗੇ ਭਲੇ ਘੁੱਗ ਵਸਦੇ ਸੀ-ਚਿੜੀ ਚੂਕਦੀ ਨ੍ਹੀ ਸੀ ਸੁਣਦੀ-ਆਹ ਦੇਖਲੋ ਕੱਖੋਂ ਹੌਲਾ ਹੋਇਆ ਬੈਠੈਂ ਮਿੱਤਰੋ!" ਦਾਰੂ ਦੇ ਨਸ਼ੇ ਵਿਚ ਫ਼ੌਜੀ ਰੋਣ ਲੱਗ ਪਿਆ। ਸਾਰੇ ਉਸ ਨੂੰ ਧਰਵਾਸ ਦਿੰਦੇ, ਵਿਰਾਉਂਦੇ ਰਹੇ। ਪਰ ਫ਼ੌਜੀ "ਹਾਏ ਜੋਗਾ...!" ਆਖ ਕੇ ਵਾਰ ਵਾਰ ਧਾਹ ਮਾਰਦਾ ਰਿਹਾ...! 
ਹਰਦੇਵ ਉਸ ਦਾ ਰੰਡੀ ਰੋਣਾ ਸੁਣ ਕੇ ਘਰ ਨੂੰ ਆ ਗਿਆ। ਉਹ ਗਿਆ ਤਾਂ ਮਨ ਹੌਲ਼ਾ ਕਰਨ ਲਈ ਸੀ। ਪਰ ਦੁੱਖ ਸਬਾਇਆ ਜੱਗ, ਵਾਂਗ ਉਥੇ ਤਾਂ ਸਾਰੇ ਹੀ ਦੁਖੀ ਸਨ। 
ਅਗਲੇ ਦਿਨ ਦੀਪ ਦਾ ਫ਼ੋਨ ਆ ਗਿਆ। 
ਉਹ ਅਮਰੀਕਾ ਅਤੇ ਕੈਨੇਡਾ ਦੇ ਟੂਰ ਤੋਂ ਵਾਪਸ ਆ ਗਈ ਸੀ। ਪਾਪਾ ਜੀ ਨਾਲ਼ ਉਸ ਦੀ ਗੱਲ ਬਾਤ ਹੋ ਗਈ ਸੀ ਅਤੇ ਉਹ ਤਲਾਕ ਦੇ ਕਾਗਜ਼ਾਂ 'ਤੇ ਦਸਤਖ਼ਤ ਕਰਨ ਲਈ ਤਿਆਰ ਸੀ। ਪਾਪਾ ਜੀ ਨੇ ਉਸ ਨੂੰ ਹਰੀ ਝੰਡੀ ਦੇ ਦਿੱਤੀ ਸੀ। ਉਸ ਨੇ ਆਪਣੇ ਵੱਲੋਂ ਵਕੀਲ ਤੋਂ ਇਕ ਐਫ਼ੀਡੇਵਿਟ ਵੀ ਤਿਆਰ ਕਰਵਾ ਲਿਆ ਸੀ। ਜਿਹੜਾ ਉਸ ਦੀ ਗ਼ੈਰਹਾਜ਼ਰੀ ਵਿਚ ਤਲਾਕ ਲੈਣ ਦੀ ਪੁਸ਼ਟੀ ਕਰੇਗਾ। ਉਸ ਨੇ ਹਰਦੇਵ ਨੂੰ ਡੋਰਿੰਟ ਹੋਟਲ ਬੁਲਾਇਆ ਸੀ। ਕੀ ਖੱਟਿਆ ਦੂਜਾ ਵਿਆਹ ਕਰਕੇ? ਕੀਤੀ ਕਮਾਈ ਕਿਸ ਰਾਸ ਆਈ? ਮੀਤੀ ਨੂੰ ਛੱਡ ਕੇ, ਦੂਜਾ ਵਿਆਹ ਕਰਕੇ ਹੁਣ ਜੁਆਕਾਂ ਦਾ ਪਿਉ ਬਣ ਗਿਆ? ਮੈਂ ਤਾਂ ਜਿੰਨੀ ਕੁ ਜੋਕਰਾ ਸੀ, ਸਾਲ਼ੀ ਨੇ ਉਹ ਵੀ ਖ਼ੱਸੀ ਕਰ ਧਰਿਆ! ਕਰ ਲਈ ਐਸ਼ ਨਵੀਂ ਜਨਾਨੀ ਨਾਲ਼? ਮੀਤੀ ਕੀ ਮਾੜੀ ਸੀ? ਦੁੱਖ ਸੁੱਖ ਦੀ ਭਾਈਵਾਲ਼ ਤਾਂ ਸੀ! ਬਾਪੂ ਬੇਬੇ ਨੂੰ ਫ਼ੋਨ ਕਰਦੀ ਰਹਿੰਦੀ ਸੀ। ਇਹਨੇ ਤਾਂ ਕਦੇ ਬੇਬੇ ਬਾਪੂ ਦਾ ਨਾਂ ਵੀ ਬੁੱਲ੍ਹਾਂ 'ਤੇ ਨਹੀਂ ਲਿਆਂਦਾ? ਹਰਦੇਵ ਅੰਦਰੋਂ ਬੁਰੀ ਤਰ੍ਹਾਂ ਨਾਲ਼ ਟੁੱਟ ਗਿਆ ਸੀ। ਉਸ ਦੇ ਉਲੀਕੇ ਅਰਮਾਨ ਕੁਚਲੇ ਗਏ ਸਨ। ਭਾਵਨਾਵਾਂ ਫ਼ੱਟੜ ਹੋ ਗਈਆਂ ਸਨ। ਚਾਅ ਮੁਰਝਾ ਕੇ ਸੁੱਕ ਗਏ ਸਨ ਅਤੇ ਸੁਪਨੇ ਚੂਰ ਚੂਰ ਹੋ ਗਏ ਸਨ।
ਬਿਨਾ ਦੇਰ ਕੀਤੀ ਹਰਦੇਵ ਡੋਰਿੰਟ ਹੋਟਲ ਪਹੁੰਚ ਗਿਆ। 
ਦੀਪ ਅਤੇ ਸੁਮੀਤ ਬੀਅਰ ਬਾਰ ਵਿਚ ਬੈਠੇ ਸਨ। ਉਸ ਨੇ ਤਲਾਕ ਦੇ ਕਾਗਜ਼ ਅੱਗੇ ਰੱਖ ਦਿੱਤੇ। ਦੀਪ ਨੇ ਦਸਤਖ਼ਤ ਕਰ ਦਿੱਤੇ ਅਤੇ ਆਪਣੇ ਵੱਲੋਂ ਤਿਆਰ ਕਰਵਾਇਆ ਐਫ਼ੀਡੇਵਿਟ ਉਸ ਨੂੰ ਦੇ ਦਿੱਤਾ। ਇਸ ਵਿਚ ਸਪੱਸ਼ਟ ਲਿਖਿਆ ਹੋਇਆ ਸੀ ਕਿ ਮੈਂ ਹਰਦੇਵ ਤੋਂ ਤਲਾਕ ਚਾਹੁੰਦੀ ਹਾਂ ਅਤੇ ਇੰਗਲੈਂਡ ਛੱਡ ਕੇ ਜਾ ਰਹੀ ਹਾਂ। ਜਦੋਂ ਸਾਡਾ ਤਲਾਕ ਹੋ ਜਾਵੇ, ਕਿਰਪਾ ਕਰਕੇ ਪ੍ਰਵਾਨੇ ਮੈਨੂੰ ਇਸ ਭਾਰਤ ਦੇ ਪਤੇ ਉਪਰ ਭੇਜ ਦਿੱਤੇ ਜਾਣ! ਥੱਲੇ ਉਸ ਦੇ ਦਸਤਖ਼ਤ ਸਨ।
ਕਾਗਜ਼ ਲੈ ਕੇ ਹਰਦੇਵ ਮੁੜ ਆਇਆ ਅਤੇ ਸਾਰਾ ਕੁਝ ਆਪਣੇ ਵਕੀਲ ਦੇ ਹਵਾਲੇ ਕਰ ਦਿੱਤਾ।
ਹਰਦੇਵ ਦਾ ਕੰਮ ਅੱਜ ਖਤਮ ਹੋ ਗਿਆ ਸੀ। ਨਵਾਂ ਕੰਮ ਲੈਣ ਨੂੰ ਉਸ ਦਾ ਦਿਲ ਨਹੀਂ ਕਰਦਾ ਸੀ। ਕੰਮ ਕਰਨਾ ਵੀ ਕਿਸ ਲਈ ਸੀ? ਕਿਹੜਾ ਭਾਨੋ ਨੂੰ ਤੁੰਗਲ਼ ਬਣਵਾ ਕੇ ਦੇਣੇ ਸਨ? ਕੰਮ ਵਾਲਿ਼ਆਂ ਤੋਂ ਪੈਸੇ ਲੈ ਕੇ ਉਸ ਨੇ ਬੈਂਕ ਵਿਚ ਜਮਾਂਹ ਕਰਵਾ ਦਿੱਤੇ। ਹੁਣ ਉਸ ਅੱਗੇ ਸਿਰਫ਼ ਦੋ ਹੀ ਗੱਲਾਂ ਸਨ। ਭੈਣ ਅਤੇ ਭਾਈ ਦਾ ਵਿਆਹ ਕਰਨਾ! ਇਸ ਪਾਸੇ ਵੱਲ ਉਸ ਨੇ ਸੋਚਣਾ ਸ਼ੁਰੂ ਕਰ ਦਿੱਤਾ ਸੀ। ਭਾਈਬੰਦਾਂ ਤੋਂ ਕੁਝ ਪੈਸੇ ਹੱਥ-ਉਧਾਰ ਵੀ ਫੜ ਲਏ।
ਮਹੀਨੇ ਕੁ ਬਾਅਦ ਉਸ ਦੇ ਕੇਸ ਦੀ ਤਾਰੀਖ਼ ਨਿਕਲੀ। ਦੀਪ ਦੀ ਗ਼ੈਰਹਾਜ਼ਰੀ ਵਿਚ ਹੀ ਤਲਾਕ ਮੰਨ ਲਿਆ ਗਿਆ। ਐਫ਼ੀਡੇਵਿਟ ਦੀਪ ਵੱਲੋਂ ਹਾਂਮੀ ਭਰ ਰਿਹਾ ਸੀ। ਜਦੋਂ ਹਫ਼ਤੇ ਕੁ ਬਾਅਦ ਉਸ ਨੂੰ ਤਲਾਕ ਦੇ ਪ੍ਰਵਾਨੇ ਮਿਲੇ ਤਾਂ ਉਸ ਨੇ ਦੋ ਮਹੀਨੇ ਦੀ ਮੌਰਗੇਜ਼ ਅਤੇ ਕੌਂਸਲ ਟੈਕਸ ਭਰਿਆ ਅਤੇ ਦੋ ਮਹੀਨੇ ਲਈ ਭਾਰਤ ਉਡਾਰੀ ਮਾਰ ਗਿਆ। 
ਸਭ ਤੋਂ ਪਹਿਲਾਂ ਉਸ ਨੇ ਭੈਣ ਦਾ ਵਿਆਹ ਕੀਤਾ। ਮਾਂ ਤਾਂ ਬਿਮਾਰ ਹੀ ਰਹਿੰਦੀ ਸੀ। ਉਹ ਕਿਸੇ ਨਾਲ਼ ਬਹੁਤੀ ਗੱਲ ਨਹੀਂ ਕਰਦੀ ਸੀ। ਮੰਜੇ 'ਤੇ ਹੀ ਬੈਠੀ ਰਹਿੰਦੀ। ਜੇ ਕੁਝ ਖਾਣ ਨੂੰ ਮਿਲ ਜਾਂਦਾ ਤਾਂ ਖਾ ਲੈਂਦੀ, ਨਹੀਂ ਤਾਂ ਕਦੇ ਕੁਝ ਮੰਗਦੀ ਵੀ ਨਹੀਂ ਸੀ! ਦੇਖਣ ਪਾਖਣ ਤੋਂ ਲੱਗਦਾ ਸੀ ਕਿ ਵਾਕਿਆ ਹੀ ਉਸ ਦਾ ਦਿਮਾਗ ਹਿੱਲ ਗਿਆ ਸੀ। ਥੋੜਾ ਸਮਾਂ ਪਾ ਕੇ ਉਸ ਨੇ ਛੋਟੇ ਭਰਾ ਸੁਖਦੇਵ ਦਾ ਵਿਆਹ ਵੀ ਕਰ ਦਿੱਤਾ। ਖੇਤ ਵਾਲ਼ਾ ਘਰ ਉਸ ਨੂੰ ਸੰਭਾਲ਼ ਦਿੱਤਾ ਅਤੇ ਅੱਧੀ ਜ਼ਮੀਨ ਉਸ ਨੂੰ ਦੇ ਦਿੱਤੀ। ਪਸ਼ੂ ਸਾਰੇ ਹੀ ਉਸ ਨੇ ਸੁਖਦੇਵ ਨੂੰ ਰਜਾਮੰਦੀ ਨਾਲ਼ ਹੀ ਸੌਂਪ ਦਿੱਤੇ ਸਨ। ਕਿਹੜਾ ਉਸ ਨੇ ਹੁਣ ਮੱਝਾਂ ਦੀ ਧਾਰ ਕੱਢਣੀ ਸੀ? ਜਾਂ ਹਲ਼ ਵਾਹੁੰਣਾ ਸੀ? ਆਪਣੇ ਹਿੱਸੇ ਦੀ ਜ਼ਮੀਨ ਉਸ ਨੇ ਸਰਪੰਚ ਨੂੰ ਪੰਜ ਸਾਲ ਲਈ ਠੇਕੇ 'ਤੇ ਦੇ ਦਿੱਤੀ ਅਤੇ ਪੰਜ ਸਾਲ ਦਾ ਠੇਕਾ ਪੇਸ਼ਗੀ ਲੈ ਕੇ ਪੰਜ ਸਾਲ ਲਈ ਫਿ਼ਕਸ ਡਿਪੌਜਿ਼ਟ ਕਰਵਾ ਬੈਂਕ ਵਿਚ ਰੱਖ ਦਿੱਤਾ।
ਅਜੇ ਉਹ ਇਕੱਠੇ ਹੀ ਇਸ ਘਰ ਵਿਚ ਰਹਿੰਦੇ ਸਨ। 
ਹਰਦੇਵ ਦਾ ਇੰਗਲੈਂਡ ਵਾਪਸ ਜਾਣ ਨੂੰ ਉਕਾ ਹੀ ਦਿਲ ਨਹੀਂ ਕਰਦਾ ਸੀ। ਉਹ ਬੇਬੇ ਨਾਲ਼ ਗੱਲਾਂ ਕਰਨੀਆਂ ਚਾਹੁੰਦਾ। ਪਰ ਬੇਬੇ ਸਿੱਧੀ ਸਲੋਟ ਹੀ ਹਰਦੇਵ ਵੱਲ ਝਾਕੀ ਜਾਂਦੀ। ਹਰਦੇਵ ਦਾ ਦਿਲ ਅਤੀਅੰਤ ਦੁਖੀ ਹੋ ਜਾਂਦਾ। ਉਹ ਬੇਬੇ ਨੂੰ ਸ਼ਹਿਰੋਂ ਕੁਝ ਖਾਣ ਪੀਣ ਨੂੰ ਲਿਆ ਕੇ ਦਿੰਦਾ। ਪਰ ਬੇਬੇ ਖਾਂਦੀ ਘੱਟ। ਪਰ ਖਿਲਾਰਦੀ ਬਹੁਤਾ ਸੀ। ਉਸ ਨੂੰ ਕੋਈ ਸੁਰਤ-ਸੁੱਧ ਨਹੀਂ ਸੀ। ਬੇਬੇ ਬਿਲਕੁਲ ਹੀ ਚੁੱਪ ਸੀ। ਹਰਦੇਵ ਉਸ ਨੂੰ ਬੁਲਾਉਣ ਦੀ ਕੋਸਿ਼ਸ਼ ਕਰਦਾ। ਪਰ ਉਹ ਬੋਲਦੀ ਨਹੀਂ ਸੀ। ਡਾਕਟਰਾਂ ਤੋਂ ਰਾਇ ਲਈ ਸੀ। ਉਹ ਬੇਬੇ ਨੂੰ ਕੋਈ ਅਸਹਿ ਸਦਮਾ ਲੱਗਿਆ ਹੀ ਦੱਸਦੇ ਸਨ। ਉਸ ਨੂੰ ਬਾਪੂ ਦੀ ਟੈਲੀਫ਼ੋਨ 'ਤੇ ਆਖੀ ਗੱਲ ਵਾਰ ਵਾਰ ਯਾਦ ਆਉਂਦੀ।
-"ਉਹਦੀ ਮਾਂ ਤੇ ਪਿਉ ਨੇ ਸਾਡੀ ਬੇਇੱਜ਼ਤੀ ਕਰਨ ਦੀ ਕੋਈ ਕਸਰ ਨ੍ਹੀ ਛੱਡੀ, ਹਰਦੇਵ ਸਿਆਂ! ਤੇਰੀ ਬੇਬੇ ਤਾਂ ਓਦਣ ਦੀ ਕਮਲ਼ ਜਿਆ ਮਾਰਨੋ ਈ ਨ੍ਹੀ ਹੱਟਦੀ।" ਪਰ ਹੁਣ ਤਾਂ ਬੇਬੇ ਕੋਈ ਕਮਲ਼ ਵੀ ਨਹੀਂ ਮਾਰਦੀ ਸੀ। ਬੋਲਦੀ ਹੀ ਨਹੀਂ ਸੀ। 
ਬੇਬੇ ਨੂੰ ਉਸ ਨੇ ਫਿਰ ਸ਼ਹਿਰ ਡਾਕਟਰ ਨੂੰ ਦਿਖਾਇਆ। ਉਸ ਨੇ ਆਖਿਆ ਕਿ ਸਦਮੇ ਨਾਲ਼ ਜ਼ਰੂਰੀ ਨਹੀਂ ਕਿ ਮਰੀਜ਼ ਕਮਲਿ਼ਆਂ ਵਾਂਗੂੰ ਬਰੜਾਹਟ ਹੀ ਕਰੇ। ਕਈ ਵਾਰ ਮਰੀਜ਼ ਸਦੀਵੀ ਚੁੱਪ ਵੀ ਧਾਰ ਲੈਂਦਾ ਹੈ! ਹਰਦੇਵ ਬੇਬੇ ਨੂੰ ਲੈ ਕੇ ਮੁੜ ਆਇਆ ਸੀ। ਉਸ ਦਾ ਮਨ ਕਰਦਾ ਸੀ ਕਿ ਬੇਬੇ ਉਸ ਨਾਲ਼ ਰੱਜ ਕੇ ਗੱਲਾਂ ਕਰੇ! ਲਾਹ ਸੁੱਟੇ ਉਹ ਜਿਲਬ ਮੇਰੇ ਸੀਨੇ ਉਪਰੋਂ ਜਿਹੜੀ ਮੈਂ ਵਲਾਇਤ ਵਿਚੋਂ ਨਾਲ਼ ਲੱਦ ਲਿਆਇਆ ਸੀ। ਉਹ ਸੋਚਦਾ ਸੀ ਕਿ ਜਦੋਂ ਮੈਂ 'ਬੇਬੇ' ਆਖਾਂ ਤਾਂ ਬੇਬੇ 'ਬੁੱਸ-ਬੁੱਸ' ਕਰਦੀ, ਘੁੱਟ ਲਵੇ ਮੈਨੂੰ ਆਪਣੀ ਨਿੱਘੀ ਬੁੱਕਲ ਵਿਚ, ਤੇ ਉਤਾਰ ਦੇਵੇ ਮੇਰੇ ਗੱਡੇ ਵਰਗੇ ਭਾਰੇ ਦਿਮਾਗ ਦਾ ਬੋਝ! ਬੇਬੇ ਹੱਸ ਕੇ ਲਾਡ ਨਾਲ਼ ਅੱਗੇ ਵਾਂਗ 'ਕੁੱਤਾ' ਆਖੇ ਤਾਂ ਉੱਡ ਜਾਵੇ ਮੇਰੀ ਮਾਨਸਿਕ ਪਰੇਸ਼ਾਨੀ, ਜੋ ਮੈਂ ਵਲਾਇਤ 'ਚੋਂ ਨਾਲ਼ ਧੂਹ ਲਿਆਇਆ ਸੀ! ਬੇਬੇ ਇਕ ਵਾਰ 'ਵਾਰੀ ਪੁੱਤ' ਆਖੇ ਤਾਂ ਹੋ ਜਾਵਾਂਗਾ ਹੌਲਾ-ਹੌਲਾ ਫੁੱਲ ਵਰਗਾ! ਪਰ ਬੇਬੇ ਤਾਂ ਬੋਲਦੀ ਹੀ ਨਹੀਂ ਸੀ! ਉਹ ਕਈ ਵਾਰ ਆਪ ਕਮਲਿਆਂ ਵਾਂਗ ਉਚੀ ਸਾਰੀ 'ਬੇਬੇ' ਆਖਦਾ। ਪਰ ਬੇਬੇ ਦੇ ਮਨ 'ਤੇ ਕੋਈ ਅਸਰ ਨਹੀਂ ਹੁੰਦਾ ਸੀ। ਉਹ ਉਸ ਵੱਲ ਝਾਕ ਕੇ ਜਾਂ ਤਾਂ ਘੇਸਲ਼ ਜਿਹੀ ਵੱਟ ਜਾਂਦੀ ਅਤੇ ਜਾਂ ਫਿਰ ਪੈ ਜਾਂਦੀ। ਛੋਟਾ, ਸੁਖਦੇਵ ਆਪਣੀ ਘਰਵਾਲ਼ੀ ਨਾਲ਼ ਖੇਤ ਵਾਲ਼ੇ ਮਕਾਨ ਵਿਚ ਹੀ ਰਹਿੰਦਾ ਸੀ। ਉਹ ਆਪਣੀ ਪਤਨੀ ਨਾਲ਼ ਰੁੱਝ ਗਿਆ ਸੀ। ਭਜਨੋ ਵੀ ਕਦੇ ਕਦੇ ਆਪਣੇ ਪ੍ਰਾਹੁਣੇਂ ਨਾਲ਼ ਆ ਕੇ ਮਿਲ਼ ਜਾਂਦੀ। ਬੇਬੇ ਅਤੇ ਹਰਦੇਵ ਦੀ ਰੋਟੀ ਸੁਖਦੇਵ ਹੀ ਖੇਤੋਂ ਲੈ ਆਉਂਦਾ ਸੀ। ਹਰਦੇਵ ਨੇ ਵੀ ਉਸ ਦੀ ਮੁਹਾਰ ਖੋਲ੍ਹੀ ਹੋਈ ਸੀ ਕਿ ਉਹ ਆਪਣੇ ਘਰ ਵੱਲ ਧਿਆਨ ਦੇਵੇ! ਬੇਬੇ ਦਾ ਫਿ਼ਕਰ ਨਾ ਕਰੇ!
ਇਕ ਦਿਨ ਅੱਧੀ ਕੁ ਰਾਤ ਨੂੰ ਬੇਬੇ ਨੇ ਰੌਲ਼ਾ ਜਿਹਾ ਪਾਉਣਾ ਸ਼ੁਰੂ ਕਰ ਦਿੱਤਾ। ਜਿਵੇਂ ਉਸ ਨੂੰ 'ਦਾਬਾ' ਆ ਗਿਆ ਸੀ। ਹਰਦੇਵ ਸੁੱਤਾ ਪਿਆ-ਪਿਆ ਅੱਭੜਵਾਹੇ ਉਠਿਆ। ਲਾਈਟ ਜਗਾਈ। ਬੇਬੇ ਦੇ ਹੱਥ ਹਿੱਕ ਦੇ ਦੋਹੀਂ ਪਾਸੀਂ ਸ਼ਾਂਤ ਪਏ ਸਨ। ਉਸ ਨੇ ਬੇਬੇ ਨੂੰ ਪਾਣੀ ਦਿੱਤਾ। ਬੇਬੇ ਤੋਂ ਪੀਤਾ ਨਾ ਗਿਆ। ਉਹ ਬੋਲਣਾ ਚਾਹੁੰਦੀ ਸੀ। ਪਰ ਉਸ ਤੋਂ ਬੋਲਿਆ ਨਹੀਂ ਜਾ ਰਿਹਾ ਸੀ। ਪਤਾ ਨਹੀਂ ਬੇਬੇ ਕੀ ਆਖਣਾ ਚਾਹੁੰਦੀ ਸੀ? ਹਰਦੇਵ ਨੇ ਗੁਆਂਢੀਆਂ ਨੂੰ ਅਵਾਜ਼ ਮਾਰੀ। ਪਿੰਡ ਵਿਚੋਂ ਕਾਰ ਲਿਆਂਦੀ ਗਈ ਅਤੇ ਬੇਬੇ ਨੂੰ ਹਸਪਤਾਲ਼ ਪਹੁੰਚਾਇਆ ਗਿਆ। ਡਾਕਟਰਾਂ ਨੇ ਬੇਬੇ ਨੂੰ ਸਾਂਭ ਕੇ ਦਾਖ਼ਲ ਕਰ ਲਿਆ। ਐਕਸਰੇ ਅਤੇ ਸਕੈਨਿੰਗ ਕਰਵਾਈ ਗਈ। ਗੁਲੂਕੋਜ਼ ਸ਼ੁਰੂ ਕੀਤਾ ਗਿਆ। ਹੱਥਾਂ ਦੀਆਂ ਨਾੜਾਂ ਵਿਚ ਗੁਲੂਕੋਜ਼ ਨਹੀਂ ਚੱਲਿਆ ਸੀ। ਇਸ ਲਈ ਗਿੱਟੇ ਦੀ ਨਾੜ ਵਿਚ ਗੁਲੂਕੋਜ਼ ਲਾਇਆ ਗਿਆ ਸੀ। 
ਐਕਸਰੇ ਅਤੇ ਸਕੈਨਿੰਗ ਦੀਆਂ ਰਿਪੋਰਟਾਂ ਦੱਸ ਰਹੀਆਂ ਸਨ ਕਿ ਬੇਬੇ ਦੇ ਦਿਮਾਗ ਦੀਆਂ ਨਾੜੀਆਂ ਰੁਕ ਗਈਆਂ ਸਨ। ਹਫ਼ਤਾ ਭਰ ਇਲਾਜ਼ ਚੱਲਦਾ ਰਿਹਾ। ਬੇਬੇ ਠੀਕ ਨਹੀਂ ਹੋ ਰਹੀ ਸੀ, ਸਗੋਂ ਕਦੇ ਕਦੇ ਲੰਮੀ ਬੇਹੋਸ਼ੀ ਵਿਚ ਚਲੀ ਜਾਂਦੀ ਸੀ। ਸੁਖਦੇਵ ਵੀ ਦਿਨ ਵਿਚ ਦੋ-ਦੋ ਗੇੜੇ ਮਾਰ ਜਾਂਦਾ। ਉਸ ਦੇ ਘਰਵਾਲ਼ੀ ਵੀ ਆਉਂਦੀ। ਪਰ ਹਰਦੇਵ ਸਾਰਿਆਂ ਨੂੰ ਤੋਰ ਦਿੰਦਾ। ਡਾਕਟਰ ਨੇ ਹਰਦੇਵ ਨੂੰ ਬਹੁਤ ਵਾਰ ਕਿਹਾ ਕਿ ਉਹ ਬੇਬੇ ਨੂੰ ਘਰ ਲੈ ਜਾਵੇ ਅਤੇ ਸੇਵਾ ਕਰੇ! ਹੁਣ ਬੇਬੇ ਦਾ ਅੰਤਿਮ ਸਮਾਂ ਆ ਗਿਆ ਹੈ! ਪਰ ਘਰ ਸੇਵਾ ਕਰਨ ਵਾਲਾ ਹੈ ਵੀ ਕੌਣ ਸੀ? ਕੋਈ ਵੀ ਤਾਂ ਨਹੀਂ! ਉਸ ਨੇ ਬੇਬੇ ਨੂੰ ਹਸਪਤਾਲ਼ ਰੱਖਣਾ ਹੀ ਬਿਹਤਰ ਸਮਝਿਆ। ਸਾਰੀਆਂ ਜੱਦੋਜਹਿਦਾਂ ਅਤੇ ਕੋਸਿ਼ਸਾਂ ਦੇ ਬਾਵਜੂਦ ਵੀ ਬੇਬੇ ਨੂੰ ਅਰਾਮ ਨਾ ਆਇਆ ਅਤੇ ਉਹ ਗਿਆਰ੍ਹਵੇਂ ਦਿਨ ਪੂਰੀ ਹੋ ਗਈ...! ਹਰਦੇਵ ਜੀਅ ਭਰ ਕੇ ਰੋਇਆ। ਜਿਹੜੀ ਕਸਰ ਰਹਿੰਦੀ ਸੀ। ਉਹ ਅੱਜ ਬੇਬੇ ਮਰੀ ਤੋਂ ਰੋ ਕੇ ਪੂਰੀ ਕਰ ਲਈ ਅਤੇ ਭਰਿਆ ਮਨ ਹੌਲ਼ਾ ਕਰ ਲਿਆ ਸੀ।     
ਬੇਬੇ ਦੀ ਮਿੱਟੀ ਪਿੰਡ ਲਿਆਂਦੀ ਗਈ। ਰਿਸ਼ਤੇਦਾਰਾਂ ਨੂੰ ਖ਼ਬਰ ਦਿੱਤੀ ਗਈ। ਰਿਸ਼ਤੇਦਾਰ ਪਹੁੰਚਣ 'ਤੇ ਬੇਬੇ ਦਾ ਸਸਕਾਰ ਕਰ ਦਿੱਤਾ ਗਿਆ। ਸਧਾਰਨ ਪਾਠ ਦਾ ਭੋਗ ਪਾਇਆ ਅਤੇ ਬੇਬੇ ਦੇ ਫ਼ੁੱਲ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤੇ ਗਏ। ਇਸ ਬਹਾਨੇ ਹਰਦੇਵ ਨੇ ਮਾਛੀਵਾੜੇ ਦੇ ਜੰਗਲ, ਸਰਸਾ ਨਦੀ, ਪ੍ਰੀਵਾਰ ਵਿਛੋੜਾ ਦੇ ਦਰਸ਼ਨ ਵੀ ਕਰ ਲਏ। ਪੀਰ ਸਾਈਂ ਬੁੱਢਣ ਸ਼ਾਹ ਦੀ ਜਗਾਹ ਅਤੇ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ ਜਾ ਕੇ ਵੀ ਮੱਥਾ ਟੇਕਿਆ ਸੀ।  
ਬੇਬੇ ਦਾ ਸਾਰਾ ਕਿਰਿਆ ਕਰਮ ਅਤੇ ਅੰਤਿਮ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਹਰਦੇਵ ਨੇ ਇਕ ਦਿਨ ਆਪਣੇ ਛੋਟੇ ਭਰਾ ਸੁਖਦੇਵ ਨੂੰ ਬੁਲਾਇਆ। 
-"ਦੇਖ ਛੋਟੇ ਭਾਈ! ਜਿੰਨੀ ਕੁ ਜੋਕਰਾ ਮੈਂ ਸੀ-ਕੋਈ ਕਸਰ ਬਾਕੀ ਨਹੀਂ ਛੱਡੀ! ਜਿੰਨਾ ਮੈਥੋਂ ਹੋਇਆ-ਮੈਂ ਕਰਦਾ ਰਿਹਾ! ਮੈਂ ਚੱਲਿਐਂ ਇੰਗਲੈਂਡ ਵਾਪਸ! ਹੁਣ ਤੂੰ ਇਉਂ ਕਰੀਂ! ਖੇਤ ਵਾਲ਼ਾ ਘਰ ਤੇਰਾ...! ਤੇ ਆਹ ਅੰਦਰਲਾ ਘਰ ਮੇਰਾ! ਠੀਕ ਐ...? ਕਦੇ ਲੋੜ ਪਵੇ ਤਾਂ ਬਾਈ ਨੂੰ ਜ਼ਰੂਰ ਯਾਦ ਕਰੀਂ, ਹਾਜ਼ਰ ਹੋਊਂਗਾ! ਪਰ ਆਹ ਮੇਰੇ ਆਲ਼ਾ ਘਰ ਜਿਵੇਂ ਵੀ ਹੈ-ਇਹਨੂੰ ਇਵੇਂ ਹੀ ਰਹਿਣ ਦੇਈਂ! ਇਹਨੂੰ ਨਾ ਛੇੜੀਂ! ਇਸ ਘਰ ਨਾਲ਼ ਮੇਰੀ ਜਿ਼ੰਦਗੀ ਦੀਆਂ ਵੱਡਮੁੱਲੀਆਂ ਯਾਦਾਂ ਜੁੜੀਆਂ ਹੋਈਐਂ...! ਇਹਨੂੰ ਮੈਂ ਜਿੰਦਰਾ ਲਾ ਚੱਲਿਐਂ-ਚਾਬੀ ਮੈਂ ਆਬਦੇ ਨਾਲ਼ ਲੈ ਜਾਨੈਂ! ਜੇ ਐਸ ਘਰ ਵਿਚ ਤੇਰੀ ਕੋਈ ਚੀਜ ਵਸਤ ਹੈ-ਤਾਂ ਅੱਜ ਈ ਲੈ ਜਾਹ! ਮੁੜ ਕੇ ਮੇਰਾ ਨਿੱਕਾ ਵੀਰ ਬਣਕੇ ਜਿੰਦਰਾ ਨਾ ਭੰਨੀਂ...! ਤੇ ਨਾ ਈਂ ਕਿਸੇ ਨੂੰ ਭੰਨਣ ਦੇਈਂ! ਇਹ ਮੇਰੀ ਹਦਾਇਤ ਸਮਝਲਾ-ਨਸੀਹਤ ਸਮਝਲਾ-ਬੇਨਤੀ ਸਮਝਲਾ! ਮੈਂ ਸਾਲ ਨੂੰ ਮੁੜਾਂ-ਤੇ ਚਾਹੇ ਵੀਹਾਂ ਸਾਲਾਂ ਨੂੰ ਮੁੜਾਂ! ਇਹ ਜਿੰਦਰਾ ਮੈਂ ਆਪੇ ਆ ਕੇ ਖੋਲੂੰ-ਇਹਨੂੰ ਕੋਈ ਨਾ ਖੋਲ੍ਹੇ! ਪਰ ਇਸ ਘਰ ਦਾ ਤੂੰ ਖਿਆਲ ਜਰੂਰ ਰੱਖੀਂ! ਪਰ ਬਾਹਰੋ ਬਾਹਰ...!" ਹਰਦੇਵ ਨੇ ਸੁਖਦੇਵ ਨੂੰ ਸੁਣਾਈ ਕੀਤੀ।
-"ਤੂੰ ਬਾਈ ਹੁਣ ਆਵੇਂਗਾ ਕਦੋਂ?" ਸੁਖਦੇਵ ਦਾ ਵੀ ਮਨ ਭੈੜਾ ਹੋ ਗਿਆ।
-"ਵਾਹਿਗੁਰੂ ਜਾਣੇ ਨਿੱਕਿਆ...! ਹੋ ਸਕਦੈ ਮੇਰੇ ਫ਼ੁੱਲ ਈ ਆਉਣ, ਮੈਂ ਨਾ ਆਵਾਂ? ਤੇ ਹੋ ਸਕਦੈ-ਮੇਰੇ ਫ਼ੁੱਲ ਵੀ ਨਾ ਆਉਣ...? ਪਰ ਤੂੰ ਚਿੰਤਾ ਨਾ ਕਰੀਂ...! ਜਿੰਨਾਂ ਚਿਰ ਮੈਂ ਜਿਉਨੈਂ-ਤੈਨੂੰ ਪਿੱਛਾ ਨਹੀਂ ਦਿੰਦਾ! ਮੈਨੂੰ ਚਿੱਠੀ ਪੱਤਰ ਜ਼ਰੂਰ ਪਾਉਂਦਾ ਰਹੀਂ! ਤੇ ਇਕ ਗੱਲ ਹੋਰ ਯਾਦ ਰੱਖੀਂ...!"
-"......।" ਸੁਖਦੇਵ ਨੇ ਸਿਰ ਉਪਰ ਚੁੱਕਿਆ। ਉਸ ਦਾ ਮਨ ਭਰਿਆ ਹੋਇਆ ਸੀ।
-"ਆਹ ਗੱਲ ਮੇਰੀ ਧਿਆਨ ਦੇ ਕੇ ਸੁਣੀਂ! ਬਾਪੂ ਦੀ ਕੁਲ਼ ਹਰੀ ਰੱਖਣੀਂ ਐਂ-ਦੋ ਚਾਰ ਮੁੰਡੇ ਦੱਬ ਕੇ ਬਣਾਈਂ...! ਤੈਨੂੰ ਹੁਣ ਮੇਰਾ ਤਾਂ ਪਤਾ ਈ ਐ-ਵਿਆਹ ਕਰਵਾਵਾਂ-ਨਾ ਕਰਵਾਵਾਂ...? ਮੈਂ ਸੰਜੋਗ ਵਿਜੋਗ ਦੇ ਬਥੇਰੇ ਰੰਗ ਦੇਖ ਲਏ ਐ! ਕਾਠ ਦੀ ਹੱਡੀ ਛੋਟਿਆ ਵਾਰ ਵਾਰ ਨ੍ਹੀ ਚੜ੍ਹਦੀ-ਛੋਟੀ ਭਰਜਾਈ ਨਾਲ਼ ਬਣਾ ਕੇ ਰੱਖੀਂ-ਲੜੀਂ ਜਮਾਂ ਨਾ...! ਲੜਾਈ 'ਚ ਕੁਛ ਨ੍ਹੀ ਰੱਖਿਆ ਨਿੱਕਿਆ! ਰਲ਼ ਮਿਲ਼ ਕੇ ਰਿਹੋ! ਲੜਾਈਆਂ ਭੜਾਈਆਂ 'ਚੋਂ ਕੁਛ ਨਹੀਂ ਨਿਕਲਦਾ! ਆਹ ਦੇਖ ਲੈ! ਤੇਰੇ ਸਾਹਮਣੇ ਈ ਐਂ? ਦੋ ਵਿਆਹ ਕਰਵਾਕੇ ਵੀ ਬੋਤੇ ਦੀ ਪੂਛ ਅਰਗਾ ਲੰਡਾ ਈ ਫਿਰਦੈਂ! ਪਰ ਮੇਰੀ ਇਕ ਗੱਲ ਨਾ ਭੁੱਲੀਂ...! ਆਪਾਂ ਸਾਰਾ ਟੱਬਰ ਔਤ ਈ ਨਾ ਮਰ ਜਾਈਏ!" 
-"ਤੂੰ ਫਿ਼ਕਰ ਨਾ ਕਰ ਬਾਈ...! ਰੱਬ ਭਲੀ ਕਰੂਗਾ! ਮੈਂ ਆਪਣੇ ਪ੍ਰੀਵਾਰ ਦੇ ਗਰੀਬੀ-ਅਮੀਰੀ, ਦੋਨਾਂ ਦੇ ਹਾਲਾਤਾਂ ਤੋਂ ਬੜੇ ਸਬਕ ਸਿੱਖੇ ਐ! ਜਿ਼ੰਦਗੀ ਭਰ ਮਾਰ ਨ੍ਹੀ ਖਾਂਦਾ!" ਸੁਖਦੇਵ ਬਾਈ ਦੀ ਹਿੱਕ ਨਾਲ਼ ਚਿੰਬੜ ਗਿਆ। ਬੱਚੇ ਵਾਂਗ...! ਹਰਦੇਵ ਉਸ ਨੂੰ ਕੁੱਛੜ ਚੁੱਕ ਕੇ ਤਾਂ ਖਿਡਾਉਂਦਾ ਰਿਹਾ ਸੀ। 
ਹਰਦੇਵ ਨੇ ਆਪਣੇ ਪਿੰਡ ਵਾਲ਼ੇ ਘਰ ਨੂੰ ਜਿੰਦਰਾ ਮਾਰਿਆ ਅਤੇ ਫਿਰ ਇੰਗਲੈਂਡ ਆ ਗਿਆ ਸੀ। ਉਸੇ ਕੋਹਲੂ ਗੇੜ ਵਿਚ! 
  
ਬਾਕੀ ਅਗਲੇ ਹਫ਼ਤੇ...

No comments:

Post a Comment