ਇੰਗਲੈਂਡ ਤੋਂ ਦੀਪ ਦੇ ਸਾਰੇ ਕਾਗਜ਼ ਪੱਤਰ ਆ ਚੁੱਕੇ ਸਨ। ਤਸੀਲਦਾਰ ਨੇ ਆਪਣਾ ਸਾਰਾ ਲਾਮ-ਲਸ਼ਕਰ ਤਿਆਰ ਕਰ ਲਿਆ ਸੀ। ਕੋਈ ਐਰੀ-ਗੈਰੀ ਗੱਲ ਨਹੀਂ ਸੀ। ਤਸੀਲਦਾਰ ਦੀ ਇਕਲੌਤੀ ਧੀ ਦੀਪ ਦਾ ਵੀਜ਼ਾ ਲਗਵਾਉਣ ਦਿੱਲੀ ਜਾਣਾ ਸੀ। ਤਸੀਲਦਾਰ ਨੇ ਆਪਣੇ ਜੋਰ ਅਤੇ ਨੇੜਤਾ ਦੇ ਜ਼ਰੀਏ ਦਿੱਲੀ ਦੇ ਪੁਲੀਸ ਕਮਿਸ਼ਨਰ ਨੂੰ ਫ਼ੋਨ ਖੜਕਾ ਦਿੱਤਾ ਸੀ ਅਤੇ ਉਸ ਨੇ ਆਪਣੀ ਜਾਣ ਪਹਿਚਾਣ ਕਾਰਨ ਬ੍ਰਿਟਿਸ਼ ਅੰਬੈਸੀ ਵਿਚ ਦੀਪ ਦੀ 'ਅਪਾਇੰਟਮੈਂਟ' ਬਣਾ ਲਈ ਸੀ। ਦੀਪ ਨੂੰ ਅੰਬੈਸੀ ਦੇ ਦਰਵਾਜੇ 'ਤੇ ਖੜ੍ਹਨ ਦੀ ਲੋੜ ਨਹੀਂ ਸੀ। ਵਾਰੀ ਦੀ ਉਡੀਕ ਕਰਨ ਦੀ ਜ਼ਰੂਰਤ ਨਹੀਂ ਸੀ। ਸਾਰਾ ਪ੍ਰਬੰਧ ਕੀਤਾ ਜਾ ਚੁੱਕਾ ਸੀ। ਦੀਪ ਨੂੰ ਅੰਬੈਸੀ ਦੇ ਕਿਸੇ ਵਿਸ਼ੇਸ਼ ਕਰਮਚਾਰੀ ਨੇ ਅੰਬੈਸੀ ਦੇ ਅੰਦਰ ਲੈ ਕੇ ਜਾਣਾ ਸੀ।
ਜਦ ਉਹ ਦਿੱਲੀ ਬ੍ਰਿਟਿਸ਼ ਅੰਬੈਸੀ ਪਹੁੰਚੇ ਤਾਂ ਅੰਬੈਸੀ ਦਾ ਕਰਮਚਾਰੀ ਤਸੀਲਦਾਰ ਨੂੰ ਆ ਮਿਲਿ਼ਆ ਅਤੇ ਦੀਪ ਨੂੰ ਅੰਦਰ ਲੈ ਗਿਆ। ਤਸੀਲਦਾਰ ਨਾਲ਼ ਜਾਣਾ ਚਾਹੁੰਦਾ ਸੀ। ਪਰ ਦੀਪ ਤੋਂ ਬਿਨਾ ਕੋਈ ਅੰਦਰ ਨਹੀਂ ਜਾ ਸਕਦਾ ਸੀ। ਇਹ ਅੰਬੈਸੀ ਦਾ ਕਾਨੂੰਨ ਸੀ। ਜਿਸ ਅਨੁਸਾਰ ਚੱਲਣਾ ਹੀ ਪੈਣਾ ਸੀ। ਤਸੀਲਦਾਰ ਨੇ ਬਥੇਰਾ ਜੋਰ ਪਾਇਆ। ਪਰ ਕਰਮਚਾਰੀ ਨੇ ਇਕੋ ਵਿਚ ਹੀ ਨਬੇੜ ਦਿੱਤੀ।
-"ਸਰਦਾਰ ਜੀ, ਮੈਨੂੰ ਅਫ਼ਸੋਸ ਹੈ ਕਿ ਤੁਸੀਂ ਅੰਦਰ ਨਹੀਂ ਜਾ ਸਕਦੇ-ਅੰਦਰ ਸਿਰਫ਼ ਵੀਜ਼ਾ ਸੀਕਰ ਹੀ ਜਾ ਸਕਦਾ ਹੈ! ਹਾਂ, ਤੁਸੀਂ ਊਂ ਕਿਸੇ ਗੱਲ ਦੀ ਚਿੰਤਾ ਨਾ ਕਰੋ...! ਮੈਂ ਬੱਚੀ ਨੂੰ ਸਾਰੇ ਸੁਆਲਾਂ ਦਾ ਜਵਾਬ ਸਮਝਾ ਦਿਆਂਗਾ-ਵੀਜ਼ਾ ਲੱਗ ਜਾਵੇਗਾ-ਡੋਂਟ ਵਰੀ
ਅਬਾਊਟ ਦੈਟ...!" ਉਸ ਨੇ ਤਸੀਲਦਾਰ ਨੂੰ ਨਿਸ਼ਚਿੰਤ ਹੋਣ ਬਾਰੇ ਹਿੱਕ ਥਾਪੜ ਦਿੱਤੀ ਸੀ। ਤਸੀਲਦਾਰ ਵੀ ਸੰਤੁਸ਼ਟ ਹੋ ਗਿਆ ਸੀ। ਉਸ ਨੇ ਅੰਬ ਖਾਣੇ ਸਨ? ਜਾਂ ਦਰੱਖ਼ਤ ਗਿਣਨੇ ਸਨ? ਉਸ ਨੂੰ ਤਾਂ ਦੀਪ ਦੇ ਵੀਜ਼ੇ ਦੀ ਲੋੜ ਸੀ। ਹੋਰ ਅੰਬੈਸੀ ਅੰਦਰ ਜਾ ਕੇ ਉਸ ਨੇ ਕੋਈ ਤਾਜ ਮਹਿਲ ਤਾਂ ਨਹੀਂ ਦੇਖਣਾ ਸੀ। ਦੀਪ ਕਰਮਚਾਰੀ ਨਾਲ਼ ਅੰਦਰ ਚਲੀ ਗਈ।
ਇਕ ਘੰਟੇ ਦੇ ਕਰੀਬ ਇੰਟਰਵਿਊ ਹੋਈ।
ਤਸੀਲਦਾਰ ਬਾਹਰ ਸਰਕਾਰੀ ਸਾਹਣ ਵਾਂਗ ਗੇੜੇ ਦਿੰਦਾ ਰਿਹਾ ਸੀ। ਉਸ ਨੂੰ ਅੱਚਵੀ ਜਿਹੀ ਲੱਗੀ ਪਈ ਸੀ।
ਦੀਪ ਬਾਹਰ ਆ ਗਈ। ਇੰਟਰਵਿਊ ਵਿਚੋਂ ਦੀਪ ਪਾਸ ਸੀ। ਪਾਸਪੋਰਟ ਅਗਲੇ ਦਿਨ ਗਿਆਰਾਂ ਵਜੇ ਮਿਲਣਾ ਸੀ। ਤਸੀਲਦਾਰ ਨੇ ਕਰਮਚਾਰੀ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਸ਼ਾਮ ਨੂੰ ਰੈਡੀਸਨ ਹੋਟਲ ਵਿਚ ਆਉਣ ਬਾਰੇ ਦਾਅਵਤ ਦਿੱਤੀ। ਉਹ ਕਰਮਚਾਰੀ ਦਾ ਧੰਨਵਾਦੀ ਸੀ। ਜਿਸ ਨੇ ਉਸ ਦੀ ਧੀ ਨੂੰ ਖੱਜਲ਼ ਖ਼ੁਆਰ ਨਹੀਂ ਹੋਣ ਦਿੱਤਾ ਸੀ। ਪੁਲੀਸ ਕਮਿਸ਼ਨਰ ਦੇ ਆਖੇ ਉਸ ਦੀ ਧੀ ਦਾ ਸਾਰਾ ਕਾਰਜ ਨੇਪਰੇ ਚਾੜ੍ਹਿਆ ਸੀ।
ਸ਼ਾਮ ਨੂੰ ਰੈਡੀਸਨ ਹੋਟਲ ਵਿਚ ਪਾਰਟੀ ਚੱਲ ਰਹੀ ਸੀ। ਦੀਪ ਆਪਣੇ ਕਮਰੇ ਵਿਚ ਸੀ। ਉਹ ਪਤਾ ਨਹੀਂ ਵਾਰ ਵਾਰ ਕਿਸ ਨੂੰ ਫ਼ੋਨ ਘੁੰਮਾ ਰਹੀ ਸੀ? ਬੜੀ ਖ਼ੁਸ਼ੀ ਖ਼ੁਸ਼ੀ ਲੱਗੇ ਵੀਜ਼ੇ ਦੀ ਖ਼ਬਰ ਦੇ ਰਹੀ ਸੀ। ਥੱਲੇ ਗੈਸਟ-ਰੂਮ ਵਿਚ ਵਿਸਕੀ ਦੇ ਦੌਰ ਚੱਲ ਰਹੇ ਸਨ ਅਤੇ ਕੁੱਕੜ-ਬੱਕਰੇ ਚੱਬੇ ਜਾ ਰਹੇ ਸਨ। ਅੱਜ ਤਸੀਲਦਾਰ ਬਹੁਤ ਖ਼ੁਸ਼ ਨਜ਼ਰ ਆ ਰਿਹਾ ਸੀ। ਪੁਲੀਸ ਕਮਿਸ਼ਨਰ ਵੀ ਪਾਰਟੀ ਵਿਚ ਹਾਜ਼ਰ ਸੀ। ਚਾਹੇ ਉਹ ਤਸੀਲਦਾਰ ਨੂੰ ਪਹਿਲੀ ਵਾਰ ਮਿਲਿਆ ਸੀ। ਪਰ ਉਹ ਘੁਲ਼ੇ ਮਿਲ਼ੇ ਬੈਠੇ ਸਨ। ਮਹਿਸੂਸ ਹੀ ਨਹੀਂ ਹੋ ਰਿਹਾ ਸੀ ਕਿ ਉਹ ਉਹਨਾਂ ਦੀ ਪਹਿਲੀ ਮਿਲਣੀ ਸੀ।
ਅਗਲੇ ਦਿਨ ਗਿਆਰਾਂ ਵਜੇ ਅੰਬੈਸੀ ਤੋਂ ਵੀਜ਼ਾ ਲੱਗ ਕੇ ਦੀਪ ਦਾ ਪਾਸਪੋਰਟ ਮਿਲ਼ ਗਿਆ। ਸਾਰਾ ਕਾਫ਼ਲਾ ਤੁਰ ਪਿਆ। ਜਿਵੇਂ ਫ਼ੌਜ ਦੀ ਕੋਈ ਛਾਉਣੀ ਹਿੱਲੀ ਸੀ। ਉਹਨਾਂ ਨੇ ਆ ਕੇ ਦੀਪ ਦੇ ਸਹੁਰੀਂ ਡੇਰੇ ਲਾ ਲਏ। ਦੀਪ ਉਡੀ ਫਿਰਦੀ ਸੀ। ਤਸੀਲਦਾਰ ਨਾਲ਼ ਪੂਰੇ ਗਿਆਰਾਂ ਬੰਦੇ ਸਨ। ਸ਼ਰਾਬ ਦੀਆਂ ਬੋਤਲਾਂ ਖਾਲੀ ਹੁੰਦੀਆਂ ਜਾ ਰਹੀਆਂ ਸਨ। ਬੱਕਰੇ ਦਾ ਭਰਿਆ ਦੇਗਾ ਬੜੀ ਤੇਜ਼ੀ ਨਾਲ਼ ਊਣਾਂ ਹੁੰਦਾ ਜਾ ਰਿਹਾ ਸੀ। ਤਸੀਲਦਾਰ ਦੇ ਬੰਦੇ ਬੱਕਰਾ ਖਾਂਦੇ ਨਹੀਂ, ਸੜ੍ਹਾਕਦੇ ਸਨ। ਤੰਦੂਰੀ ਕੁੱਕੜ ਦੀਆਂ ਲੱਤਾਂ ਚੂਸ ਕੇ ਵਿਹੜੇ ਵਿਚ ਹੀ ਸੁੱਟੀਆਂ ਜਾ ਰਹੀਆਂ ਸਨ। ਹੱਡੀਆਂ ਦਾ ਢੇਰ ਲੱਗਦਾ ਜਾ ਰਿਹਾ ਸੀ। ਹਰਦੇਵ ਦੀ ਮਾਂ ਵਰਾਂਡੇ ਵਿਚ ਸਾਹ ਘੁੱਟੀ ਬੈਠੀ ਸੀ।
ਤਸੀਲਦਾਰ ਦੇ ਬੰਦਿਆਂ ਵੱਲੋਂ ਬੱਕਰੇ ਬੁਲਾਏ ਜਾ ਰਹੇ ਸਨ। ਹਰਦੇਵ ਦਾ ਬਾਪੂ ਵਾੜ 'ਚ ਫ਼ਸੇ ਬਿੱਲੇ ਵਾਂਗ ਘੁੱਟਾਂਬਾਟੀ ਝਾਕ ਰਿਹਾ ਸੀ। ਉਸ ਦੀ ਮਾਂ ਅੱਡ ਦੁਖੀ ਸੀ। ਉਹ ਸੋਚ ਰਹੀ ਸੀ ਕਿ ਤਸੀਲਦਾਰ ਆਪਣੀ ਕੁੜੀ ਦੇ ਸਹੁਰੀਂ ਆਇਆ ਸੀ ਜਾਂ ਖ਼ੁਦ ਆਪਣੇ ਸਹੁਰੀਂ? ਅੱਗੇ ਤਾਂ ਲੋਕ ਧੀ-ਧਿਆਣੀ ਦੇ ਘਰ ਦਾ ਪਾਣੀ ਨਹੀਂ ਪੀਂਦੇ ਸਨ। ਪਰ ਆਹ ਤਾਂ ਕਲ਼ਯੁੱਗ ਸੀ! ਧੀ ਦੇ ਸਹੁਰੀਂ ਸ਼ਰਾਬ ਤੇ ਮਾਸ! ਪਰ ਕਹਿਣ ਪੁੱਛਣ ਦੀ ਕਿਸੇ ਵਿਚ ਵੀ ਹਿੰਮਤ ਨਹੀਂ ਸੀ। ਸਾਰਾ ਪ੍ਰੀਵਾਰ ਸੁੱਸਰੀ ਬਣਿਆਂ, ਭਾਣਾ ਜਿਹਾ ਮੰਨੀ ਬੈਠਾ ਸੀ। ਤਸੀਲਦਾਰ ਦੇ ਬੰਦਿਆਂ ਵਿਚ ਅਸ਼ਲੀਲ ਗੱਲਾਂ ਹੋ ਰਹੀਆਂ ਸਨ। ਲੱਚਰ ਸ਼ਬਦਾਵਲੀ ਸੀ। ਤਸੀਲਦਾਰ ਦੀ ਢਾਣੀਂ ਵਿਚੋਂ ਹੀ ਕਿਸੇ ਨੇ ਪੱਕੀ ਰਾਈਫ਼ਲ ਵਿਚੋਂ ਫ਼ਾਇਰ ਕਰਨੇ ਸ਼ੁਰੂ ਕਰ ਦਿੱਤੇ। ਤੜਥੱਲ ਮੱਚ ਗਿਆ ਸੀ। "ਟੀਂਅ" ਕਰਦੀ ਗੋਲੀ ਸਿੱਧੀ ਅਸਮਾਨ ਨੂੰ ਚੜ੍ਹਦੀ ਸੀ। ਹਰਦੇਵ ਦਾ ਬਾਪੂ ਜਾਗਰ ਸਿੰਘ ਹੱਥ ਜੋੜੀ ਢਾਣੀਂ ਅੱਗੇ ਪੇਸ਼ ਹੋਇਆ।
-"ਸਰਦਾਰ ਜੀ, ਇਹ ਕੀ ਕਰਨ ਲੱਗ ਪਏ? ਕਿਰਪਾ ਕਰਕੇ ਪਿੰਡ ਦਾ ਖਿਆਲ ਕਰੋ...! ਦਿਨ ਦਿਹਾੜੇ ਦਾਰੂ ਪੀ ਕੇ ਫੈਰ ਕਰਨੇ ਪਿੰਡ 'ਚ ਸ਼ੋਭਾ ਨ੍ਹੀ ਦਿੰਦੇ!" ਉਸ ਦੇ ਮੂੰਹ ਵਿਚ ਜਿਵੇਂ ਘਾਹ ਪਾਇਆ ਹੋਇਆ ਸੀ। ਉਹ ਤਸੀਲਦਾਰ ਦੀ ਕੈਲੀ ਗਊ ਬਣਿਆਂ ਖੜ੍ਹਾ ਸੀ।
-"ਗੱਲ ਸੁਣ ਉਏ ਜਾਗਰਾ...! ਤੂੰ ਸਾਡੇ ਨਾਲ਼ ਆਬਦੀਆਂ ਰੋਜਨਾਮਚੇ ਆਲ਼ੀਆਂ ਗੱਲਾਂ ਨਾ ਕਰਿਆ ਕਰ! ਤੂੰ ਆਬਦਾ ਮੁਣਸ਼ੀਪੁਣਾਂ ਸਾਡੇ 'ਤੇ ਨਾ ਖਿਲਾਰਿਆ ਕਰ! ਮੈਂ ਤਸੀਲਦਾਰ ਐਂ, ਤਸੀਲਦਾਰ...! ਕੀਹਦੀ ਮਜਾਲ ਐ ਸਾਡੇ ਵੱਲੀਂ ਝਾਕ ਜੇ?" ਉਸ ਨੇ ਬਘਿਆੜ ਵਰਗਾ ਮੂੰਹ ਖੋਲ੍ਹਿਆ। ਉਸ ਦੀਆਂ ਤਿੱਖੀਆਂ ਖੜ੍ਹੀਆਂ ਮੁੱਛਾਂ ਤਰਸ਼ੂਲ ਵਾਂਗ ਹਿੱਲੀਆਂ ਸਨ।
-"ਸਰਦਾਰ ਜੀ, ਤੁਸੀਂ ਐਸ ਨੰਗ ਜਿਹੇ ਨਾਲ਼ ਕਿੱਥੋਂ ਨਾਤਾ ਜੋੜ ਲਿਆ...? ਇਹ ਤਾਂ ਜਮਾਂ ਈ ਗੁਰਦੁਆਰੇ ਦਾ ਗਰੰਥੀ ਜਿਆ ਲੱਗਦੈ!" ਇਕ ਕਰੜ ਬਰੜੀ ਜਿਹੀ ਦਾਹੜੀ ਵਾਲ਼ੇ ਨੇ ਕਿਹਾ। ਉਸ ਦੀਆਂ ਭਿਆਨਕ ਅੱਖਾਂ ਵਿਚੋਂ ਖੂਨ ਚੋਅ ਰਿਹਾ ਸੀ। ਮੌਲੇ ਦੇ ਸਿੰਗਾਂ ਵਰਗੀਆਂ ਮੁੱਛਾਂ ਜਿਵੇਂ ਜਾਗਰ ਸਿੰਘ ਨੂੰ 'ਡਾਂਟ' ਰਹੀਆਂ ਸਨ।
-"ਉਏ ਸੰਜੋਗ ਹੁੰਦੇ ਐ ਪੁੱਤਰਾ...! ਗਵੱਈਏ ਗਾਉਂਦੇ ਹੁੰਦੇ ਸੀ, ਅਖੇ ਕਿਸੇ ਦੇਵਤੇ ਮਗਰ ਚੁੜੇਲ ਲਾਈ ਤੇ ਕਿਸੇ ਪਰੀ ਨੂੰ ਬਖ਼ਸ਼ ਲੰਗੂਰ ਦਿੱਤਾ-ਸੰਯੋਗਾਂ ਦੀ ਗੱਲ ਐ! ਨਹੀਂ ਆਪਾਂ ਐਹੋ ਜੇ ਘਰ 'ਤੇ ਧਾਰ ਨ੍ਹੀ ਸੀ ਮਾਰਦੇ...!" ਤਸੀਲਦਾਰ ਨੇ ਚੌੜਾ ਹੋ ਕੇ ਆਖਿਆ। ਬੱਕਰੇ ਦੀ ਵੱਡੀ ਸਾਰੀ ਹੱਡੀ ਉਸ ਨੇ ਜਾਗਰ ਸਿਉਂ ਦੇ ਪੈਰਾਂ ਵੱਲ ਵਗਾਹ ਮਾਰੀ।
-"ਇਹ ਤਾਂ ਸਰਦਾਰ ਜੀ ਆਪਣੇ ਫ਼ਾਇਰ ਸੁਣ ਸੁਣ ਕੇ ਈ ਮੂਤੀ ਜਾਂਦੈ...? ਮੈਦਾਨੇ ਜੰਗ 'ਚ ਕੀ ਪੂਰੀਆਂ ਪਾਊ?" ਦੂਜੇ ਨੇ ਕਿਹਾ। ਉਸ ਦੇ ਮੱਥੇ 'ਤੇ ਲੱਗਿਆ ਟੱਕ ਡਰਾਉਂਦਾ ਸੀ। ਜਿਹੜਾ ਸ਼ਾਇਦ ਕਿਸੇ ਲੜਾਈ ਵਿਚ ਲੱਗਿਆ ਸੀ।
-"ਤੂੰ ਜਾਹ ਭਰਾਵਾ...! ਮਰਾਸੀਆਂ ਮਾਂਗੂੰ ਹੱਥ ਜੇ ਨਾ ਜੋੜੀ ਜਾਹ! ਕਿਤੇ ਸਾਥੋਂ ਤੇਰੇ ਨਾ ਘੋਗੇ ਆਲ਼ੀ ਥਾਂ ਵੱਜੇ!" ਇਕ ਹੋਰ ਚੜ੍ਹਦਾ ਚੰਦ ਬੋਲਿਆ। ਉਹ ਵਾਰ ਵਾਰ ਪੂਣੀਂ ਵਰਗੀ ਮੁੱਛ ਨੂੰ ਕਸੀਸ ਵੱਟ ਕੇ ਤਾਅ ਦਿੰਦਾ ਸੀ।
-"ਸਰਦਾਰ ਜੀ, ਹੋਰ ਤਾਂ ਕੋਈ ਗੱਲ ਨ੍ਹੀ-ਪਰ ਮੈਂ ਪਿੰਡ ਦਾ ਖਿਆਲ ਕਰਕੇ ਆਖਦੈਂ!" ਜਾਗਰ ਸਿੰਘ ਗਲ਼ ਵਿਚ ਇਕ ਤਰ੍ਹਾਂ ਨਾਲ਼ ਪੱਲੂ ਪਾਈ ਖੜ੍ਹਾ, ਲ੍ਹੇਲੜੀਆਂ ਕੱਢ ਰਿਹਾ ਸੀ।
-"ਪਿੰਡ ਆਲਿ਼ਆਂ ਦੀ ਮਾਂ ਦੀ...! ਅਸੀਂ ਪਿੰਡ ਨੂੰ ਕੀ ਸਮਝਦੇ ਐਂ? ਤੂੰ ਜਾਣਦਾ ਨ੍ਹੀ ਸਾਨੂੰ...?" ਇਕ ਹੋਰ ਨੇ ਆਪਣਾ ਬੋਕ ਵਰਗਾ ਮੂੰਹ ਖੋਲ੍ਹ ਕੇ ਆਖਿਆ। ਉਸ ਦੀ ਕਟਾਰ ਤੱਕਣੀਂ ਦਿਲ ਕੱਢਦੀ ਸੀ। ਉਸ ਨੇ ਦੋ ਫ਼ਾਇਰ ਕਰਕੇ ਚਾਰ ਲਲਕਾਰੇ ਵੀ ਮਾਰ ਦਿੱਤੇ ਅਤੇ ਨਿੱਸਰੇ ਬੋਤੇ ਵਾਂਗ ਬੁੱਕਿਆ।
ਜਾਗਰ ਸਿੰਘ ਮੁੜ ਗਿਆ। ਉਸ ਦੇ ਹੱਥ ਉਂਜ ਹੀ ਜੋੜੇ ਹੋਏ ਸਨ। ਉਸ ਦੀ ਕਿਸੇ ਨੇ ਸੁਣੀਂ ਨਹੀਂ ਸੀ।
ਦੇਰ ਸ਼ਾਮ ਤੱਕ ਦਾਰੂ ਪੀਤੀ ਜਾਂਦੀ ਰਹੀ।
ਬੱਕਰੇ ਚੂੰਡੇ ਜਾਂਦੇ ਰਹੇ।
ਬੱਕਰੇ ਬੋਲਦੇ ਰਹੇ।
ਤਸੀਲਦਾਰ ਦੀ ਫ਼ੌਜ ਰਾਤ ਨੂੰ ਗਈ। ਉਹਨਾਂ ਵਿਦਾਅ ਹੋਣ ਲੱਗਿਆਂ ਨੇ ਅਣਗਿਣਤ ਫ਼ਾਇਰ ਕੀਤੇ ਸਨ। ਅੱਗ ਵਰ੍ਹਾ ਦਿੱਤੀ ਸੀ। ਸ਼ਰਾਬੀ ਹੋਈ ਢਾਣੀਂ ਨੇ ਗੰਦੀਆਂ ਗਾਲ਼ਾਂ ਸਾਰੇ ਪਿੰਡ ਨੂੰ ਕੱਢੀਆਂ ਸਨ। ਸਾਰੇ ਪਿੰਡ ਦੀ ਮਾਂ-ਭੈਣ ਇਕ ਕੀਤੀ ਸੀ। ਲਲਕਾਰੇ ਮਾਰੇ ਸਨ। ਬੱਕਰੇ ਬੁਲਾਏ ਸਨ। ਜਾਗਰ ਸਿੰਘ ਮਾਊਂ ਬਣਿਆਂ ਅੰਦਰ ਬੈਠਾ ਸੀ। ਹਰਦੇਵ ਦੀ ਮਾਂ ਹਰ ਕੌਰ ਢਿੱਡ 'ਚ ਮੁੱਕੀਆਂ ਦੇਈ ਬੈਠੀ ਸੀ। ਦੀਪ ਅਗਲੇ ਅੰਦਰ ਬੇਪ੍ਰਵਾਹਾਂ ਵਾਂਗ ਸੁੱਤੀ ਹੋਈ ਸੀ। ਉਸ ਨੂੰ ਬਹੁਤਾ ਮਹਿਸੂਸ ਨਹੀਂ ਹੋਇਆ ਸੀ। ਤਸੀਲਦਾਰ ਦੇ ਘਰ ਅਜਿਹੀਆਂ ਪਾਰਟੀਆਂ ਆਮ ਹੀ ਹੁੰਦੀਆਂ ਸਨ। ਬੱਕਰੇ ਬੋਲਦੇ ਸਨ। ਲਲਕਾਰੇ ਵੱਜਦੇ ਸਨ। ਬੰਦੂਕਾਂ ਦੇ ਫ਼ਾਇਰ ਹੁੰਦੇ ਸਨ। ਗਾਲ਼ਾਂ ਨਿਕਲਦੀਆਂ ਸਨ। ਨਿੱਤ ਦਾ ਕੰਮ ਸੀ!
ਅਗਲੇ ਦਿਨ ਜਾਗਰ ਸਿੰਘ ਨੂੰ ਪੰਚਾਇਤ ਦਾ ਸੱਦਾ ਆ ਗਿਆ।
ਜਾਗਰ ਸਿਉਂ ਦੇ ਹੇਠੋਂ ਜਿਵੇਂ ਧਰਤੀ ਖਿਸਕ ਗਈ ਸੀ। ਉਹ ਸਾਰੇ ਪਿੰਡ ਦਾ ਦੇਣਦਾਰ ਸੀ। ਸਾਰੇ ਪਿੰਡ ਦਾ ਦੋਸ਼ੀ ਸੀ। ਉਸ ਦਾ ਤਸੀਲਦਾਰ ਕੁੜਮ ਬਿਨਾ ਗੱਲੋਂ ਸਾਰੇ ਪਿੰਡ ਦੇ ਮੂੰਹ ਮਿੱਟੀ ਮਲ਼ ਗਿਆ ਸੀ। ਸਾਰੇ ਪਿੰਡ ਦੀ ਇੱਜ਼ਤ 'ਤੇ ਥੁੱਕ ਗਿਆ ਸੀ। ਇਹ ਪਿੰਡ ਵਾਲਿ਼ਆਂ ਲਈ ਇਕ ਨਮੋਸ਼ੀ ਵਾਲ਼ੀ ਗੱਲ ਸੀ। ਬਰਦਾਸ਼ਤ ਤੋਂ ਬਾਹਰ ਸੀ!
ਜਾਗਰ ਸਿੰਘ ਸੱਥ ਵਿਚ ਪਹੁੰਚ ਗਿਆ।
-"ਕਿਉਂ ਬਈ ਜਾਗਰ ਸਿਆਂ? ਅਸੀਂ ਤਾਂ ਤੈਨੂੰ ਬੜਾ ਸਿਆਣਾ ਬੰਦਾ ਸਮਝਦੇ ਸੀ-ਪਰ ਤੂੰ ਤਾਂ ਆਪ ਸਾਰੇ ਪਿੰਡ ਦੀ ਦਾਹੜੀ 'ਚ ਮੁਤਾ ਦਿੱਤਾ?" ਸਰਪੰਚ ਅਤੀ ਅੰਤ ਖਿਝਿਆ ਹੋਇਆ ਸੀ।
-"......।" ਜਾਗਰ ਚੁੱਪ ਸੀ। ਨੀਵਂੀ ਨਹੀਂ ਚੁੱਕ ਰਿਹਾ ਸੀ।
-"ਸਾਰੇ ਧੀਆਂ ਭੈਣਾਂ ਆਲ਼ੇ ਬੈਠੇ ਐ-ਤੇਰੇ ਵੀ ਧੀਆਂ ਭੈਣਾਂ ਹੈਗੀਐਂ-ਇਹ ਕੋਈ ਲਾਇਕੀ ਦੀ ਗੱਲ ਐ?" ਮੈਂਬਰ ਨੇ ਆਖਿਆ। ਉਹ ਜਾਗਰ ਸਿਉਂ ਦਾ ਗੁਆਂਢੀ ਸੀ। ਉਸ ਨੇ ਨਾ ਸੁਣੀਆਂ ਜਾਣ ਵਾਲ਼ੀਆਂ ਨੰਗੀਆਂ ਗਾਲ਼ਾ ਕੰਨੀਂ ਸੁਣੀਆਂ ਸਨ। ਘਰੇ ਦੋ ਜੁਆਨ ਧੀਆਂ ਸਨ। ਪਰ ਉਹ ਦੱਬੀ ਘੁੱਟੀਦਾ ਪਿਆ ਰਿਹਾ ਸੀ।
-"ਉਹ ਅੱਧੀ ਰਾਤ ਤੱਕ ਨੰਗੇ ਨੱਚਦੇ ਰਹੇ ਐ-ਤੈਥੋਂ ਰੋਕ ਨਹੀਂ ਹੋਇਆ?"
-"ਪਿੰਡਾ...! ਗਰੀਬ ਦੀ ਝੁੱਗੀ ਹਾਥੀ ਵੜ ਗਿਐ-ਦੱਸੋ ਕਿਹੜੇ ਪਾਸੇ ਭੱਜੇ? ਚੋਰ ਦੀ ਮਾਂ ਤੇ ਕੋਠੀ 'ਚ ਮੂੰਹ!" ਜਾਗਰ ਨੇ ਇੱਕੋ ਵਿਚ ਹੀ ਨਬੇੜ ਦਿੱਤੀ।
-"ਹਾਥੀ ਦੇ ਤਾਂ ਸੰਗਲ਼ ਪਾ ਦਿੰਦੇ ਤਾਇਆ! ਪਰ ਰੋਕੀ ਘਰਦਿਆਂ ਨੇ ਰੱਖਿਆ-ਨਹੀਂ ਰਾਤ ਇਕ ਅੱਧਾ ਗੱਡੀ ਚਾੜ੍ਹਿਆ ਹੁੰਦਾ-ਫੇਰ ਪਿੱਛੋਂ ਜੋ ਹੋਣਾਂ ਸੀ? ਦੇਖੀ ਜਾਂਦੀ! ਇਕ ਵਾਰੀ ਤਾਂ ਬੱਕਰੇ ਮਾਂਗੂੰ ਉਲੱਦ ਕੇ ਮਾਰਨਾ ਸੀ, ਇਕ ਅੱਧੇ ਨੂੰ।" ਇਕ ਮੁੱਛ ਫ਼ੁੱਟ ਚੋਬਰ ਬੋਲਿਆ।
-"ਉਹ ਸਾਰੀ ਰਾਤ ਪਿੰਡ ਦੇ ਕੌਲਿ਼ਆਂ 'ਤੇ ਲੱਤ ਚੱਕ ਚੱਕ ਮੂਤਦੇ ਰਹੇ ਐ-ਤੇ ਤੂੰ ਤਾਂ ਭਲਿਆ ਮਾਣਸਾ ਕੁਛ ਵੀ ਨ੍ਹੀ ਬੋਲਿਆ?"
-"ਮੇਰੇ ਵੱਸ ਨ੍ਹੀ ਰਿਹਾ ਜੁਆਨਾ...! ਮੈਂ ਤਾਂ ਬਥੇਰਾ ਮੂੰਹ ਮੂਹਰੇ ਹੱਥ ਦਿੱਤਾ-ਪਰ ਅਹੁਦੇ ਦੇ ਨਸ਼ੇ 'ਚ ਬੰਦਾ ਧੀਆਂ ਭੈਣਾਂ ਭੁੱਲ ਜਾਂਦੈ!"
-"ਤਾਇਆ, ਜੇ ਤੂੰ ਈ ਖੱਸੀ ਹੋ ਗਿਆ ਸੀ...? ਸਾਨੂੰ 'ਵਾਜ ਮਾਰਦਾ-ਦੇਖ ਅਸੀਂ ਕਿਵੇਂ ਲਾਉਂਦੇ ਸੀ ਫ਼ੀਤੀਆਂ!" ਇਕ ਚੜ੍ਹਦੀ ਉਮਰ ਦੇ ਮੁੰਡੇ ਨੇ ਜਾਗਰ ਸਿੰਘ ਨੂੰ ਗੱਲ ਰੜਕਾਈ। ਢਾਣੀ ਬੜੀ ਹੀ ਤੱਤੀ ਸੀ। ਉਹਨਾਂ ਦੇ ਵੀ ਕੋਈ ਵੱਸ ਨਹੀਂ ਸੀ। ਧੀ ਭੈਣ ਦੀ ਗਾਲ਼ ਕੌਣ ਲੈਂਦੈ?
-"ਅਸੀਂ ਤਾਂ ਤਸੀਲਦਾਰੀ ਦੀ ਧਨੇਸੜੀ ਮਿੰਟ 'ਚ ਦੇ ਦਿੰਦੇ-ਜੇ ਮੁੜ ਕੇ ਪਿੰਡ ਵੱਲੀਂ ਝਾਕ ਵੀ ਜਾਂਦਾ-ਤਾਂ ਆਖਦੇ!"
-"ਮੇਰਾ ਕੋਈ ਕਸੂਰ ਨ੍ਹੀ ਚੋਬਰੋ...! ਗੱਲ ਮੇਰੇ ਬਿਤੋਂ ਬਾਹਰ ਹੋ ਗਈ-ਕਿਸੇ ਨੇ ਮੇਰੀ ਤਾਂ ਸੁਣੀਂ ਈ ਨ੍ਹੀ! ਆਬਦਾ ਈ ਧੂਤਕੜਾ ਪਾਉਂਦੇ ਰਹੇ-ਉਧਰੋਂ ਉਹ ਖੇਹ ਕਰ ਗਏ ਐ-ਤੇ ਹੁਣ ਤੁਸੀਂ ਜਿਹੜੇ ਛਿੱਤਰ ਮਾਰਨੇ ਐਂ-ਉਹ ਮਾਰ ਲਓ! ਪਰ ਸੱਚੀ ਗੱਲ ਇਹ ਐ ਬਈ ਮੇਰੇ ਬੱਸ ਕੋਈ ਨ੍ਹੀ-ਆਹ ਲਓ ਮੈਂ ਮੁਆਫ਼ੀ ਮੰਗਦੈਂ...!" ਜਾਗਰ ਸਿਉਂ ਨੇ ਆਪਣੀ ਪੱਗ ਲਾਹ ਕੇ ਸਰਪੰਚ ਦੇ ਪੈਰਾਂ ਵਿਚ ਰੱਖਣੀਂ ਚਾਹੀ। ਜਿਹੜੀ ਸਿਆਣੇ ਸਰਪੰਚ ਨੇ ਰਾਹ ਵਿਚ ਹੀ ਬੋਚ ਲਈ। ਸਾਰੇ ਪਿੰਡ ਦਾ ਗੁੱਸਾ ਠਰ ਗਿਆ। ਤੱਤੀ ਢਾਣੀ ਸ਼ਾਂਤ ਹੋ ਗਈ। ਪੰਚਾਇਤ ਨੇ ਅੱਗੋਂ ਸਾਵਧਾਨ ਰਹਿਣ ਅਤੇ ਪਿੰਡ ਵਾਲਿ਼ਆਂ ਨੂੰ ਸਾਵਧਾਨ ਹੋਣ ਲਈ ਆਖਿਆ। ਜੇ ਤਸੀਲਦਾਰ ਪਿੰਡ 'ਚ ਆ ਕੇ ਫਿਰ ਪੰਜ ਤਿੰਨ ਕਰੇ, ਪਿੰਡ ਵਾਲਿਆਂ ਨੂੰ ਨਿਪਟਣ ਲਈ ਹਦਾਇਤ ਕਰ ਦਿੱਤੀ।
ਜਾਗਰ ਸਿਉਂ ਘੋਰ ਉਦਾਸ ਘਰ ਮੁੜ ਆਇਆ। ਹਰ ਕੌਰ ਨੂੰ ਪਤਾ ਲੱਗਿਆ ਤਾਂ ਉਹ ਵੀ ਮਨ ਵਿਚ ਹੀ ਕਲ਼ਪ ਕੇ ਰਹਿ ਗਈ। ਨੂੰਹ ਨੂੰ ਉਹ ਆਖ ਵੀ ਕੀ ਸਕਦੀ ਸੀ? ਆ ਬੈਲ ਮੁਝੇ ਮਾਰ...? ਤਸੀਲਦਾਰ ਤਾਂ ਪਹਿਲਾਂ ਹੀ ਆਪਣੀ ਧੀ ਨੂੰ ਵਾਰ ਵਾਰ ਰੜਕਾਂ ਕੱਢਣ ਲਈ ਆਖ ਚੁੱਕਾ ਸੀ। ਆਪ ਦੀ ਇੱਜ਼ਤ ਆਪਣੇ ਹੱਥ! ਝੱਗਾ ਚੁੱਕੀਏ ਤਾਂ ਆਪਣਾ ਢਿੱਡ ਹੀ ਨੰਗਾ ਹੁੰਦਾ ਹੈ!
-"ਕੀ ਕਰੀਏ ਹਰ ਕੁਰੇ...? ਸਾਰੀ ਉਮਰ ਕਿਸੇ ਕੰਜਰ ਤੋਂ ਕਦੇ ਉਏ ਨਹੀਂ ਕਹਾਈ ਸੀ-ਅੱਜ ਪਰ੍ਹੇ 'ਚ ਮੈਨੂੰ ਸਰਪੈਂਚ ਦੇ ਪੈਰੀਂ ਪੱਗ ਰੱਖਣੀਂ ਪੈ ਗਈ।" ਜਾਗਰ ਸਿਉਂ ਦਾ ਦਿਲ ਰੋ ਰਿਹਾ ਸੀ।
-"ਕਾਹਦੇ ਡਾਢਿਆਂ ਨਾਲ਼ ਹੱਥ ਜੋੜੇ? ਖੇਹ ਹੋਈ ਪਈ ਐ...! ਰਾਤ ਸਾਰੇ ਟੱਬਰ ਨੂੰ ਕੰਜਰ ਬਣਾਇਆ ਪਿਆ ਸੀ-ਕੀ ਲੈਣਾ ਸੀ ਐਹੋ ਜੀਆਂ ਸਰਦਾਰੀਆਂ ਤੋਂ?" ਹਰ ਕੌਰ ਦਾ ਹਿਰਦਾ ਵੈਣ ਪਾਈ ਜਾ ਰਿਹਾ ਸੀ।
-"ਪਰ ਹੁਣ ਗੱਲ ਇਕ ਹੋਰ ਐ...!" ਜਾਗਰ ਨੇ ਕਿਹਾ। ਉਹ ਦੋਨੋਂ ਜੀਅ ਬੜੀ ਧੀਮੀ ਅਵਾਜ਼ ਵਿਚ ਗੱਲਾਂ ਕਰ ਰਹੇ ਸਨ।
-"ਕੀ...?" ਹਰ ਕੌਰ ਨੇ ਬੁਝੀਆਂ ਅੱਖਾਂ ਉਪਰ ਚੁੱਕੀਆਂ।
-"ਕੁੜੀ ਦਾ ਵੀਜਾ ਲੱਗ ਗਿਐ-ਇਹਨੂੰ ਟਿਗਟ ਟੁਗਟ ਬਾਰੇ ਪੁੱਛ...! ਉਹ ਜਾਣੇ ਹਰਦੇਵ ਸਿਉਂ ਕੋਲ਼ ਚਲੀ ਜਾਊਗੀ-ਫੇਰ ਤਸੀਲਦਾਰ ਨੇ ਸਾਡੇ ਕੋਲ਼ੇ ਆਉਣਾ ਵੀ ਕਿਸ ਕੰਮ ਐਂ? ਤੂੰ ਇਹਦੇ ਜਾਣ ਬਾਰੇ ਕਨਸੋਅ ਲੈ! ਓਸ ਗੱਲ ਦੇ ਆਖਣ ਮਾਂਗੂੰ ਗੱਲ ਸਿਆਣਪ ਨਾਲ਼ ਕਰੀਏ! ਸਿਆਣੇ ਆਖਦੇ ਐ: ਧੀਏ ਗੱਲ ਕਰ-ਨੂੰਹੇਂ ਕੰਨ ਕਰ...! ਗੱਲ ਧੀ ਨੂੰ ਕਹੀਏ ਤੇ ਸੁਣਾਈਏ ਨੂੰਹ ਨੂੰ! ਬੁੜ੍ਹੀਆਂ ਆਲ਼ੀ ਮੋਟੀ ਮੱਤ ਨਾ ਵਰਤਣ ਲੱਗ ਪਈਂ! ਤੇਰਾ ਡਮਾਕ ਕਦੇ ਕਦੇ ਚੱਕਿਆ ਜਾਂਦੈ-ਉਹ ਗੱਲ ਨਾ ਹੋਵੇ ਬਈ ਜਿਹੜੀ ਮਾੜੀ ਮੋਟੀ ਇੱਜ਼ਤ ਲਈ ਫਿਰਦੇ ਐਂ-ਉਹ ਵੀ ਖੂਹ ਖਾਤੇ ਪਾ ਲਈਏ! ਉਹਦੇ ਗੁੰਡੇ ਤੂੰ ਦੇਖ ਈ ਲਏ ਐ!" ਉਹ ਬੜੀ ਧੀਮੀਂ ਅਵਾਜ਼ ਵਿਚ ਗੱਲਾਂ ਕਰ ਰਹੇ ਸਨ।
-"ਤੂੰ ਫਿ਼ਕਰ ਨਾ ਕਰ...! ਮੈਂ ਵਡਿਆ ਕੇ ਇਹਦਾ ਮੂੰਹ ਸੁੰਘਦੀ ਐਂ-ਤੂੰ ਕੋਈ ਗੱਲ ਹਰਦੇਵ ਸਿਉਂ ਨੂੰ ਨਾ ਦੱਸੀਂ! ਸਿਆਣੇ ਆਖਦੇ ਐ-ਹਰਖ਼ ਦਾ ਮਾਰਿਆ ਧੀ ਪੁੱਤ, ਨਰਕ ਪੈ ਜਾਂਦੈ!" ਬੇਬੇ ਨੂੰ ਸਹੇ ਨਾਲੋਂ ਪਹੇ ਦਾ ਫਿ਼ਕਰ ਪੈ ਗਿਆ ਸੀ।
-"ਮੈਂ ਕਾਹਨੂੰ ਦੱਸੂੰ...? ਮੈਂ ਕਮਲ਼ੈਂ?" ਜਾਗਰ ਸਿਉਂ ਨੇ ਕਿਹਾ। ਫਿਰ ਉਹ ਦੀਪ ਨੂੰ ਆਪਣੇ ਵੱਲ ਆਉਂਦੀ ਦੇਖ ਕੇ ਚੁੱਪ ਵੱਟ ਗਏ।
ਪਿੰਡ ਵਿਚੋਂ ਕਿਸੇ ਹਰਦੇਵ ਦੇ ਦੋਸਤ ਨੇ ਪੰਚਾਇਤ ਵਾਲ਼ੀ ਸਾਰੀ ਗੱਲ ਹਰਦੇਵ ਨੂੰ ਫ਼ੋਨ 'ਤੇ ਦੱਸ ਦਿੱਤੀ। ਸੁਣ ਕੇ ਉਹ ਬੇਹੱਦ ਪ੍ਰੇਸ਼ਾਨ ਹੋ ਗਿਆ। ਘਰ ਦੀ ਇੱਜ਼ਤ ਸੱਥ ਵਿਚ ਜਾ ਢੇਰੀ ਹੋਈ ਸੀ। ਪੱਗ ਖਾਨਦਾਨ ਦੀ ਇੱਜ਼ਤ ਹੀ ਤਾਂ ਹੈ! ਪੱਗ ਪਿੱਛੇ ਲੋਕਾਂ ਦੀਆਂ ਖੂਹਣੀਆਂ ਖਪ ਜਾਂਦੀਐਂ! ਬਾਪੂ ਅੱਗੇ ਤਾਂ ਗਰੀਬੀ ਵੇਲ਼ੇ ਨਹੀਂ ਕੋਈ ਬੋਲਿਆ ਸੀ? ਅੱਜ ਤਾਂ ਬਾਪੂ ਕੋਲ਼ ਇਕ ਕਰੋੜ ਰੁਪਏ ਦੇ ਕਰੀਬ ਜਾਇਦਾਦ ਸੀ। ਬਾਪੂ ਨੂੰ ਫੇਰ ਵੀ ਪੰਚਾਇਤ 'ਚ ਪੈਰੀਂ ਪੱਗ ਰੱਖਣੀਂ ਪੈ ਗਈ? ਉਸ ਦੇ ਅੰਦਰ ਜੱਟਵਾਦ ਖੌਰੂ ਪਾਉਣ ਲੱਗ ਪਿਆ। ਉਸ ਦੇ ਹੋਰ ਤਾਂ ਕੋਈ ਵੱਸ ਨਹੀਂ ਰਹਿ ਗਿਆ। ਉਸ ਨੇ ਦਾਰੂ ਦੀ ਬੋਤਲ ਖੋਲ੍ਹ ਕੇ ਪਾਗਲਾਂ ਵਾਂਗ ਪੀਣੀਂ ਸ਼ੁਰੂ ਕਰ ਦਿੱਤੀ। ਪਰ ਦਾਰੂ ਉਸ ਨੂੰ ਕੁਝ ਕਰ ਨਹੀਂ ਰਹੀ ਸੀ! ਉਹ ਪੈੱਗਾਂ ਦੇ ਪੈੱਗ ਅੰਦਰ ਸੁੱਟਦਾ ਰਿਹਾ। ਪਰ ਉਸ ਨੂੰ ਮਾੜਾ ਮੋਟਾ ਸਰੂਰ ਆਉਣ ਤੋਂ ਸਿਵਾਏ ਪੱਤਾ ਵੀ ਨਹੀਂ ਹਿੱਲਿਆ ਸੀ। ਉਹ ਸੋਚਾਂ ਦੇ ਘਰਾਟਾਂ ਵਿਚ ਰਗੜਿਆ ਜਾ ਰਿਹਾ ਸੀ। ਕੀ ਫ਼ਾਇਦਾ ਹੋਇਆ ਅਮੀਰ ਘਰਾਣੇਂ ਨਾਲ਼ ਪੰਗਾ ਲੈ ਕੇ? ਸਿਰਫ਼ ਧੌਂਸਾਂ ਅਤੇ ਹੇਠੀ ਹੀ ਪੱਲੇ ਪਈ? ਸਾਡਾ ਸਮਾਜ ਵੀ ਅਜੀਬ ਕਿਸਮ ਦਾ ਹੈ! ਜੋਰਾਵਰ ਅੱਗੇ ਨਿਵਣਾਂ ਅਤੇ ਮਾੜੇ 'ਤੇ ਸ਼ੇਰ ਬਣ ਕੇ ਖੜ੍ਹ ਜਾਣਾ! ਕੀ ਮਾੜੀ ਸੀ ਵਿਚਾਰੀ ਮੀਤੀ? ਕਦੇ ਉਚਾ ਬੋਲ ਨਹੀਂ ਸੀ ਬੋਲੀ! ਤੂੰ ਉਸ ਨੂੰ ਠ੍ਹੋਕਰ ਮਾਰ ਕੇ ਮਿੱਤਰਾ ਹੁਣ ਠੇਡੇ ਹੀ ਖਾਂਵੇਂਗਾ! ਉਸ ਦੀ ਗੱਲ ਕੋਈ ਝੂਠ ਨਹੀਂ ਸੀ ਕਿ ਇਸ ਦੁਨਿਆਵੀ ਅਦਾਲਤ ਨਾਲੋਂ ਉਪਰ ਇਕ ਰੱਬੀ ਅਦਾਲਤ ਵੀ ਹੈ! ਬੰਦਾ ਇਸ ਦੁਨਿਆਵੀ ਅਦਾਲਤ ਤੋਂ ਤਾਂ ਸੌ ਢਕਵੰਜ ਕਰਕੇ ਬਚ ਜਾਂਦਾ ਹੈ। ਪਰ ਰੱਬੀ ਅਦਾਲਤ ਤੋਂ ਬੰਦਾ ਕਿਵੇਂ ਵੀ ਬਚ ਨਹੀਂ ਸਕਦਾ! ਤੂੰ ਨਿਰਦੋਸ਼ ਮੀਤੀ ਦਾ ਦਿਲ ਦੁਖਾਇਐ, ਤੇ ਹੁਣ ਉਸ ਦੀ ਸਜ਼ਾ ਭੁਗਤਣ ਲਈ ਤਿਆਰ ਰਹਿ, ਹਰਦੇਵ ਸਿਆਂ! ਇਹ ਨਰਕ ਤੈਨੂੰ ਭੋਗਣਾ ਹੀ ਪੈਣੈਂ! ਇਹ ਦਸੌਂਟਾ ਤੈਨੂੰ ਕੱਟਣਾ ਹੀ ਪੈਣੈਂ! ਕੱਟ ਲੈ ਮਨਾਂ ਚਿੱਤ ਲਾ ਕੇ, ਲਿਖੀਆਂ ਲੇਖ ਦੀਆਂ! ਮੀਤੀ ਦਾ ਸ਼ਰਾਪ ਤੈਨੂੰ ਹਰ ਰੋਜ਼ ਮਾਰੂਗਾ। ਕਤਰਾ ਕਤਰਾ ਕਰ ਕੇ ਤੂੰ ਉਸ ਨੂੰ ਸਤਾਇਆ। ਹੁਣ ਤੂੰ ਕੁਤਰਾ ਕੁਤਰਾ ਹੋ ਕੇ ਹਰ ਰੋਜ ਮਰੇਂਗਾ, ਹਰਦੇਵ ਸਿਆਂ! ਜਦੋਂ ਕਿਸੇ ਗਰੀਬ ਨੂੰ, ਕਿਸੇ ਮਜਬੂਰ ਨੂੰ ਸਤਾਈਏ, ਤਾਂ ਉਸ ਦੇ ਦੁਖੀ ਦਿਲ ਦੀ ਹੂਕ ਦਰਗਾਹ ਜਾ ਵੱਜਦੀ ਐ...! ਤੇ ਫਿਰ ਦਰਗਾਹ ਵੱਲੋਂ ਸੰਯੋਗ ਅਤੇ ਵਿਯੋਗ ਅਨੁਸਾਰ ਸਜ਼ਾ ਨਿਯੁਕਤ ਹੁੰਦੀ ਐ! ਤੂੰ ਮੀਤੀ ਦੇ ਦੁਖੀ ਦਿਲ 'ਤੇ ਜ਼ਖ਼ਮ ਕੀਤੇ। ਉਹਨਾਂ ਜ਼ਖ਼ਮਾਂ ਦਾ ਵਿਰਲਾਪ ਹੁਣ ਤੈਨੂੰ ਝੱਲਣਾ ਪੈਣੈਂ! ਉਸ ਨੇ "ਹਾਏ ਮੀਤੀ...! ਮੈਨੂੰ ਮੁਆਫ਼ ਕਰਦੇ!" ਆਖ ਕੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਸੋਫ਼ੇ 'ਤੇ ਹੀ ਟੇਢਾ ਹੋ ਗਿਆ। ਪਤਾ ਨਹੀਂ ਭੁੱਖਣਭਾਣੇ ਹਰਦੇਵ ਨੂੰ ਕਦੋਂ ਨੀਂਦ ਆ ਗਈ। ਉਸ ਦੇ ਘੁਰਾੜ੍ਹੇ ਸ਼ੁਰੂ ਹੋ ਚੁੱਕੇ ਸਨ।
ਅਗਲੇ ਦਿਨ ਐਤਵਾਰ ਦਾ ਦਿਨ ਸੀ। ਰਾਤ ਦੀ ਦਾਰੂ ਨੇ ਉਸ ਦਾ ਸਰੀਰ ਨਿਰਬਲ ਕਰ ਸੁੱਟਿਆ ਸੀ। ਨਿਰਨੇ ਕਾਲਜੇ ਪੀਤੀ ਦਾਰੂ ਨੇ ਅੰਦਰ ਖੁਰਚ ਧਰਿਆ ਸੀ। ਉਸ ਦਾ ਸਾਰਾ ਸਰੀਰ ਟੁੱਟੀ ਜਾ ਰਿਹਾ ਸੀ। ਜਿਵੇਂ ਕਿਸੇ ਨੇ ਡਾਂਗਾਂ ਨਾਲ਼ ਕੁੱਟਿਆ ਹੋਵੇ! ਉਸ ਨੇ ਇਕ ਅੰਡਾ ਬਣਾ ਕੇ ਬਰੇਕਫ਼ਾਸਟ ਕੀਤੀ। ਸਵੇਰੇ ਸਵੇਰੇ ਬੀਅਰ ਪੀ ਕੇ ਉਹ ਮੀਤੀ ਦੀ ਨਣਾਨ ਸਰਬਜੀਤ ਦੇ ਘਰ ਨੂੰ ਚੱਲ ਪਿਆ। ਪਤਾ ਨਹੀਂ ਉਸ ਨੂੰ ਸਰਬਜੀਤ ਤੱਕ ਕੀ ਕੰਮ ਸੀ? ਪਤਾ ਨਹੀਂ ਉਹ ਉਸ ਦੇ ਘਰ ਵੱਲ ਕਿਉਂ ਚੱਲ ਪਿਆ ਸੀ? ਬਗੈਰ ਕਿਸੇ ਗੱਲ ਦੇ? ਬਗੈਰ ਸੋਚੇ ਸਮਝੇ!
ਜਦ ਉਸ ਨੇ ਜਾ ਕੇ ਸਰਬਜੀਤ ਦੇ ਘਰ ਦੀ 'ਡੋਰ-ਬੈੱਲ' ਕੀਤੀ ਤਾਂ ਇਕ ਸਤਾਰਾਂ ਅਠਾਰਾਂ ਸਾਲ ਦੇ ਮੁੰਡੇ ਨੇ ਦਰਵਾਜਾ ਖੋਲ੍ਹਿਆ।
-"ਤੇਰੀ ਮੰਮ ਘਰੇ ਐ ਬੋਈ...?"
-"ਨਹੀਂ...!" ਉਸ ਨੇ ਬੜਾ ਸੰਖੇਪ ਉਤਰ ਦਿੱਤਾ।
-"ਕਿੱਥੇ ਗਈ ਐ?"
-"ਅੰਕਲ, ਵਨ ਮੰਥ, ਇਕ ਮਹੀਨਾ ਹੋ ਗਿਆ-ਕਾਰ ਐਕਸੀਡੈਂਟ ਵਿਚ ਮੰਮ ਦੀਆਂ ਦੋਨੋਂ ਲੈੱਗਸ ਬਰੇਕ ਹੋ ਗਈਆਂ ਸੀ-ਇਕ ਲੈੱਗ ਤਾਂ ਥੋਰੀ ਠੀਕ ਹੋ ਗਈ ਸੀ-ਬੱਟ, ਸੈਕਿੰਡ ਲੈੱਗ ਕੱਟ ਕਰਨੀ ਪਈ...।" ਮੁੰਡੇ ਨੇ ਅੱਧੀ ਅੰਗਰੇਜ਼ੀ ਅਤੇ ਅੱਧੀ ਪੰਜਾਬੀ ਵਿਚ ਖਿਚੜੀ ਜਿਹੀ ਬਣਾ ਕੇ ਹਰਦੇਵ ਅੱਗੇ ਪੇਸ਼ ਕੀਤੀ ਸੀ। ਹਰਦੇਵ ਦਾ ਕਾਲਜਾ ਨਿਕਲ ਗਿਆ। ਸਰਬਜੀਤ ਨੇ ਵੀ ਮੀਤੀ 'ਤੇ ਬੜਾ ਜ਼ੁਲਮ ਕੀਤਾ ਸੀ। ਉਸ ਨੂੰ ਤਾਹਨੇ ਮਿਹਣੇਂ ਮਾਰੇ ਸਨ ਅਤੇ ਮੈਨੂੰ ਵੀ ਤੁੱਖਣਾਂ ਦੇ ਕੇ ਉਸ ਨਾਲੋਂ ਵੱਖ ਕਰ ਦਿੱਤਾ ਸੀ। ਹੁਣ ਸਿੱਟੇ ਉਹ ਵੀ ਭੁਗਤ ਰਹੀ ਐ!
-"ਡਾਕਟਰਾਂ ਨੇ ਤੇਰੀ ਮੰਮ ਦੀ ਇਕ ਲੱਤ ਕੱਟ ਦਿੱਤੀ?" ਉਸ ਦੀਆਂ ਅੱਖਾਂ ਅੱਗੇ ਭੰਬੂਤਾਰੇ ਨੱਚ ਰਹੇ ਸਨ।
-"ਯੈੱਸ...! ਆਟੀ ਟੋਲਡ ਯੂ ਔਲਰੈਡੀ! ਮੈਂ ਦੱਸਿਆ ਹੀ ਹੈ-ਇਕ ਲੱਤ ਕੱਟ ਕਰ ਦਿੱਤੀ ਐ-!"
-"ਕਿਹੜੇ ਹੌਸਪੀਟਲ ਐ ਤੇਰੀ ਮੰਮ?"
-"ਕਿੰਗ ਜੌਰਜ ਹੌਸਪੀਟਲ!"
-"ਕਿੰਨਾ ਚਿਰ ਹੋਰ ਰਹੂ?"
-"ਆਈ ਡੋਂਟ ਨੋਅ! ਆਈ ਐੱਮ ਸੌਰੀ...! ਆਈ ਕਾਂਟ ਟੈੱਲ ਯੂ!"
ਹਰਦੇਵ ਮੁੜ ਆਇਆ।
ਉਸ ਦਾ ਦਿਮਾਗ ਸੋਚਾਂ ਨਾਲ ਉਪਰੋਥਲ਼ੀ ਹੋਇਆ ਪਿਆ ਸੀ।
0 0 0 0 0 0 0
ਹਰਦੇਵ ਦੀ ਮਾਂ ਹਰ ਕੌਰ ਨੇ ਦੀਪ ਤੋਂ ਬੜੇ ਢੰਗ ਅਤੇ ਪਿਆਰ ਨਾਲ਼ ਬਾਹਰ ਜਾਣ ਬਾਰੇ ਪੁੱਛਿਆ।
-"ਧੀਏ ਦੀਪ...! ਹੁਣ ਤਾਂ ਤੇਰਾ ਵੀਜਾ ਵੀ ਲੱਗ ਗਿਆ? ਹੁਣ ਤੂੰ ਹਰਦੇਵ ਸਿਉਂ ਕੋਲ਼ੇ ਕਦੋਂ ਜਾਣੈਂ? ਤੀਮੀਂ ਪੁੱਤ ਆਪਣੇ ਬੰਦੇ ਕੋਲ਼ੇ ਈ ਸਜਦੀ ਐ!"
-"ਬੀਜੀ, ਮੈਂ ਤਾਂ ਪਾਪਾ ਜੀ ਨੂੰ ਪੁੱਛ ਕੇ ਈ ਕੁਛ ਦੱਸ ਸਕਦੀ ਐਂ-ਮੈਨੂੰ ਕੋਈ ਪਤਾ ਨਹੀਂ! ਜਦੋਂ ਮੇਰੇ ਪਾਪਾ ਜੀ ਕਹਿਣਗੇ-ਮੈਂ ਚਲੀ ਜਾਊਂਗੀ!" ਉਸ ਨੇ ਬੜੀ ਲਾਪ੍ਰਵਾਹੀ ਨਾਲ਼ ਉਤਰ ਦਿੱਤਾ।
-"......।" ਹਰ ਕੌਰ ਜ਼ਹਿਰ ਘੋਲ਼ ਕੇ ਰਹਿ ਗਈ। ਉਸ ਦੇ ਦਿਲ ਵਿਚ ਸੀ ਕਿ ਨੂੰਹ ਉਹ ਇਸ ਘਰ ਦੀ ਹੋਵੇ, ਤੇ ਇੰਗਲੈਂਡ ਜਾਣ ਲਈ ਪੁੱਛੇ ਆਪਣੇ ਕੰਜਰ ਪਿਉ ਤੋਂ? ਉਲਟੇ ਬਾਂਸ ਬਰੇਲੀ ਨੂੰ? ਨੂੰਹਾਂ ਸੱਸ ਸਹੁਰੇ ਨੂੰ ਪੁੱਛਦੀਐਂ ਜਾਂ ਆਪਦੇ ਪਿਉ ਨੂੰ? ਇਹ ਕਿੱਧਰਲਾ ਸਿਧਾਂਤ ਸੀ? ਨੂੰਹਾਂ ਤਾਂ ਸੱਸ ਸਹੁਰੇ ਨੂੰ ਹੀ ਪੁੱਛ ਕੇ ਗੱਲ ਕਰਦੀਐਂ! ਤੇ ਇਹ ਕਾਲ਼ੇ ਮੂੰਹ ਆਲ਼ੀ ਆਬਦੇ ਪਿਉ ਨੂੰ ਪੁੱਛ ਕੇ, ਸਾਨੂੰ ਦੱਸੂ? ਅਸੀਂ ਇਹਦੇ ਪਿਉ ਦੇ ਨੌਕਰ ਐਂ ਨ੍ਹਾਂ...? ਉਸ ਦੇ ਮਨ ਅੰਦਰ ਵਟਣੇ ਚੜ੍ਹ ਰਹੇ ਸਨ। ਕੁੱਤੀ ਕਿੰਨੇ ਗਏ ਗੁਜਰੇ ਘਰ ਦੀ ਐ! ਸੱਸ ਸਹੁਰੇ ਦਾ ਤਾਂ ਇਹਨੂੰ ਕੁਪੱਤੀ ਨੂੰ ਡਰ ਈ ਕੋਈ ਨਹੀਂ! ਚੱਲ, ਜਾਣਾ ਤਾਂ ਇਹਨੇ ਹਰਦੇਵ ਸਿਉਂ ਕੋਲ਼ੇ ਈ ਐ? ਆਪੇ ਇਹਨੂੰ ਸਿੱਧੀ ਕਰ ਲਊ! ਪਤਾ ਤਾਂ ਉਦੋਂ ਲੱਗੂ ਜਦੋਂ ਉਥੇ ਆਬਦੇ ਪਤੰਦਰ ਕੋਲ਼ੇ ਪਹੁੰਚਗੀ! ਉਥੇ ਕਿਹੜੇ ਪਿਉ ਨੂੰ 'ਵਾਜ ਮਾਰੇਂਗੀ ਧਗੜਿਆਂ ਪਿੱਟੀਏ...? ਮਾਰ ਮਾਰ ਲੱਤਾਂ ਉਹਨੇ ਤੇਰੇ ਚੂਕਣੇ 'ਚ, ਤੇਰੀਆਂ ਸਾਰੀਆਂ ਚਤਰਾਈਆਂ ਕੱਢ ਮਾਰਨੀਐਂ! ਉਹ ਵੀ ਜਾਗਰ ਸਿਉਂ ਦਾ ਖ਼ੂਨ ਐਂ! ਪਰ ਹਰਦੇਵ ਸਿਉਂ ਤਾਂ ਕਹਿੰਦਾ ਸੀ ਬਈ ਉਥੇ ਪੁਲਸ ਤੀਮੀਂ ਨੂੰ ਹੱਥ ਨਹੀਂ ਲਾਉਣ ਦਿੰਦੀ? ਤੇ ਅਗਲੇ ਨੇ ਕਿਹੜਾ ਪੁਲਸ ਨੂੰ ਪੁੱਛ ਕੇ ਤੀਮੀਂ ਕੁੱਟਣੀ ਹੁੰਦੀ ਐ? ਉਥੇ ਕਿਹੜਾ ਇਹਦਾ ਧਗੜਾ ਬਾਪੂ ਬੈਠਾ ਹੋਊਗਾ, ਬਈ ਜੀਹਨੂੰ 'ਵਾਜ ਮਾਰਲੂ...? ਖਾ ਕੇ ਘਸੁੰਨ ਮੂੰਹ 'ਤੇ ਆਪੇ ਮਾੜੇ ਕੁੱਤੇ ਮਾਂਗੂੰ ਚੂਕ ਕੇ ਚੁੱਪ ਕਰ ਜਾਇਆ ਕਰੂ, ਕੁੱਤੀ!
ਦੀਪ ਨੇ ਸੁਨੇਹਾਂ ਭੇਜ ਕੇ ਆਪਣੇ ਪਾਪਾ ਜੀ ਦੀ ਕਾਰ ਮੰਗਵਾ ਲਈ। ਡਰਾਈਵਰ ਕਾਰ ਲੈ ਕੇ ਤੁਰੰਤ ਪਹੁੰਚਿਆ ਸੀ। ਦੀਪ ਬਿਨਾ ਕਿਸੇ ਨੂੰ ਕੁਝ ਦੱਸੇ ਪੁੱਛੇ, ਕਾਰ ਵਿਚ ਚੜ੍ਹ ਤੁਰ ਗਈ ਸੀ। ਉਸ ਨੇ ਸੱਸ ਸਹੁਰੇ ਦੇ ਪੈਰੀਂ ਹੱਥ ਵੀ ਨਹੀਂ ਲਾਏ ਸਨ।
ਰਾਤ ਨੂੰ ਰੋਟੀ ਖਾਣ ਤੋਂ ਬਾਅਦ ਹਰ ਕੌਰ ਨੇ ਆਪਣੇ ਅੰਦਰ ਛਿੜੇ ਜਹਾਦ ਦੀ ਚੱਕੀ ਜਾਗਰ ਸਿਉਂ ਕੋਲ਼ ਝੋਅ ਲਈ।
-"ਕਿੰਨੀ ਕੁੱਤੀ ਐ...! ਸੱਸ ਸਹੁਰੇ ਦੀ ਤਾਂ ਇਹਨੂੰ ਸ਼ਰਮ ਈ ਕੋਈ ਨ੍ਹੀ...! ਨਾ ਕਦੇ ਕੁਛ ਪੁੱਛੇ-ਨਾ ਦੱਸੇ! ਬੱਸ ਆਪਹੁਦਰੀ ਹੋਈ ਫਿਰਦੀ ਐ! ਪੇਕਿਆਂ ਤੋਂ ਕਾਰ ਮੰਗਵਾ ਲੈਂਦੀ ਐ ਤੇ 'ਫਰਰ' ਕਰਕੇ ਭੱਜ ਜਾਂਦੀ ਐ! ਸਿ਼ਕਾਰੀ ਕੁੱਤੀ ਮਾਂਗੂੰ ਪੈਰ ਈ ਨ੍ਹੀ ਧਰਤੀ 'ਤੇ ਲਾਉਂਦੀ? ਲੂਸ ਲੂਸ ਕਰਦੀ ਫਿਰਦੀ ਐ! ਪਤਾ ਨ੍ਹੀ ਕੀ ਦੀਂਹਦੈ ਇਹਨੂੰ? ਸਾਨੂੰ ਤਾਂ ਇਹ ਟਿੱਚ ਈ ਸਮਝਦੀ ਐ! ਪਾ ਕੇ ਸੈਂਡਲ਼ੀਆਂ ਜੀਆਂ-ਵਿਹੜੇ 'ਚ ਚਿੱਤੜ ਹਿਲਾਉਂਦੀ ਫਿਰੂ ਘੋੜਿਆਂ ਦੀ ਰੰਨ! ਬਈ ਤੂੰ ਸੱਸ ਦੀ ਨਹੀਂ ਤਾਂ ਕਾਲ਼ੇ ਮੂੰਹ ਆਲ਼ੀਏ ਆਬਦੇ ਕੰਜਰ ਸਹੁਰੇ ਦੀ ਸ਼ਰਮ ਤਾਂ ਖਾਹ! ਜਿਹੜੀ ਗੱਲ ਕਰੀਏ-ਪਾਪਾ ਜੀ ਨੂੰ ਪੁੱਛ ਕੇ ਦੱਸੂੰ! ਬਈ ਤੇਰਾ ਪਾਪਾ ਸਾਡੇ 'ਤੇ ਮੁਣਛੀ ਲੱਗਿਐ? ਚਲ, ਜਾਣਾ ਤਾਂ ਆਪਣੇ ਹਰਦੇਵ ਕੋਲ਼ੇ ਈ ਐ? ਵਲੈਤ 'ਚ ਕਿਹੜੇ ਭਾਅਪੇ ਨੂੰ ਭਾਲੂ...? ਮੈਂ ਹਰਦੇਵ ਸਿਉਂ ਨੂੰ ਕਹਿਣੈਂ ਬਈ ਇਹਦੇ ਕੁੱਤੀ ਰੰਨ ਦੇ ਸਾਰੇ ਵਲ਼ ਕੱਢ ਕੇ-ਤੱਕਲ਼ਾ ਬਣਾ ਕੇ ਰੱਖੀਂ! ਇਹ ਕੰਜਰੀ ਨਾ ਅੱਖ 'ਚ ਪਾਈ ਰੜਕਜੇ, ਕੁੱਤੀ! ਐਥੇ ਈ ਛੋਛੇ ਕਰ ਕਰਨ ਦਿਖਾਉਂਦੀ ਐ-ਉਥੇ ਸੱਪ ਮਾਂਗੂੰ ਵਲ਼ ਨਾ ਨਿਕਲੇ ਤਾਂ ਮੈਨੂੰ ਆਖੀਂ! ਅਸੀਂ ਸੋਚਦੇ ਐਂ ਬਈ ਕਾਹਨੂੰ-ਕਾਹਨੂੰ...! ਸਾਡਾ ਤਾਂ ਡਰ ਭੌਅ ਈ ਕੋਈ ਨ੍ਹੀ ਇਹਨੂੰ, ਹਰਾਮਦੀ ਨੂੰ!"
-"......।" ਜਾਗਰ ਸਿਉਂ ਹਰ ਕੌਰ ਕੋਲ਼ ਘੁੱਗੂ ਜਿਹਾ ਹੋਇਆ ਬੈਠਾ ਸੀ।
-"ਬਈ ਤੇਰਾ ਵੀਜਾ ਲੱਗ ਗਿਐ-ਐਥੇ ਬੈਠੀ ਕੀ ਤੂੰ ਪੀਹਣ ਕਰਦੀਂ ਐਂ? ਦੁੱਧ ਚੁੰਘਣੈਂ ਤੂੰ ਆਬਦੇ ਭਾਅਪੇ ਦਾ? ਆਬਦੇ ਖ਼ਸਮ ਕੋਲ਼ੇ ਦਫ਼ਾ ਹੋ! ਲੂਤ ਲੂਤ ਕਰਦੀ ਫਿਰਦੀ ਐਥੇ ਦੜੀ ਬੈਠੀ ਐਂ-ਜਿਵੇਂ ਛਪਾਰ ਦਾ ਮੇਲਾ ਦੇਖਣਾ ਹੁੰਦੈ! ਅਸੀਂ ਤਾਂ ਭਾਈ ਨਿੱਤ ਛਿੱਤਰ ਖਾਂਦੀਆਂ ਵੀ ਆਬਦੇ ਖਸਮ ਕੋਲ਼ ਨੂੰ ਭੱਜਦੀਆਂ ਸੀ! ਅੱਜ ਕੱਲ੍ਹ ਦੀਆਂ ਪੇਕਿਆਂ ਨੂੰ ਤੀੜ ਦੇ ਲੈਂਦੀਐਂ-ਜਿਵੇਂ ਪੇਕੀਂ ਆਂਡੇ ਰੱਖੇ ਹੁੰਦੇ ਐ! ਇਕ ਇਹਦਾ ਪਿਉ ਚੌਰਾ ਐ-ਬਈ ਕੰਜਰਾ! ਤੂੰ ਇਹਨੂੰ ਝਾਟੇ ਪਿੱਟੀ ਨੂੰ ਮੱਤ ਦੇਹ! ਇਹ ਜੁੰਡੇ ਖਿਲਾਰ ਲੈਂਦੀ ਐ-ਜਿਵੇਂ ਛਿਲਾ ਜਗਾਉਣਾ ਹੁੰਦੈ!"
-"ਇਹ ਪਿਉ ਦੀ ਸਿਰ 'ਤੇ ਚਾੜ੍ਹੀ ਵੀ ਐ-ਹਰਕੁਰੇ!"
-"ਐਹੋ ਜੀ ਦਾ ਲਚੜੇਂਵਾਂ ਮਿਲਟ 'ਚ ਲਹਿ ਜਾਂਦਾ ਹੁੰਦੈ-ਜਦੋਂ ਸਾਰੀ ਸਾਰੀ ਰਾਤ ਖ਼ਸਮ ਨ੍ਹੀ ਟਿਕਣ ਦਿੰਦਾ ਤੇ ਦਿਨੇ ਗੋਹੇ ਕੂੜੇ ਦੇ ਟੋਕਰੇ ਢੋਹਣੇ ਪੈਂਦੇ ਐ! ਐਹੋ ਜੀ ਗਜ ਮਾਂਗੂੰ ਸਿੱਧੀ ਹੋ ਜਾਂਦੀ ਐ! ਵਲ਼ ਤਾਂ ਇਹਦੇ ਹਰਦੇਵ ਸਿਉਂ ਈ ਕੱਢੂਗਾ।"
-"ਵਿਗੜੀ ਤੀਮੀਂ ਦੇ ਕਦੇ ਵਲ਼ ਨ੍ਹੀ ਨਿਕਲਦੇ, ਹਰਕੁਰੇ! ਅੜਬ ਘੋੜੀ ਤੇ ਵਿਗੜੀ ਤੀਮੀ ਕਦੇ ਲੋਟ ਨ੍ਹੀ ਆਉਂਦੀ! ਮੈਨੂੰ ਤਾਂ ਹੋਰ ਫਿ਼ਕਰ ਵੱਢ ਵੱਢ ਖਾਈ ਜਾਂਦੈ...!" ਜਾਗਰ ਸਿਉਂ ਨੇ ਗੁਟਾਹਰ ਵਰਗੀ ਅਵਾਜ਼ ਕੱਢੀ।
-"ਉਹ ਕਿਹੜਾ...?" ਹਰ ਕੌਰ ਵੀ ਪਿਆਸੇ ਕਾਂ ਵਾਂਗ ਝਾਕੀ।
-"ਮੈਂ ਮੀਂਹ ਤੋਂ ਨ੍ਹੀ-ਕਰੰਡ ਤੋਂ ਡਰਦੈਂ! ਮੈਨੂੰ ਤਾਂ ਇਹ ਫਿ਼ਕਰ ਐ ਬਈ ਕਿਤੇ ਇਹਦੇ ਕਰਕੇ ਆਪਣੇ ਨਾਲ ਆਪਣਾ ਹਰਦੇਵ ਸਿਉਂ ਵੀ ਫ਼ਤਹਿ ਨਾ ਬੁਲਾਜੇ?"
-"ਇਉਂ ਕਿਵੇਂ ਫ਼ਤਹਿ ਬੁਲਾਜੂ? ਉਹਨੂੰ ਅਸੀਂ ਪਾਲਿ਼ਆ, ਭੜਾਇਆ-!"
-"ਤੀਮੀ ਮਗਰ ਲੱਗ ਕੇ ਬੰਦਾ ਬਹੁਤ ਕੁਛ ਕਰ ਲੈਂਦੈ! ਦੁੱਧ ਤੇ ਬੁੱਧ ਫ਼ਟਦੀ ਦਾ ਪਤਾ ਨ੍ਹੀ ਲੱਗਦਾ!"
-"ਤੂੰ ਤਾਂ ਹੁਣ ਤੱਕ ਮੇਰੇ ਮਗਰ ਲੱਗਿਆ ਨ੍ਹਾਂ...? ਪਿੱਟ ਕੇ ਮਰਗੀ...! ਮੈਂ ਤਾਂ ਸਾਰੀ ਉਮਰ ਧੌੜੀ ਦੀ ਜੁੱਤੀ ਥੱਲੇ ਈ ਕੱਟਿਐ! ਠਿੱਬੇ ਛਿੱਤਰ ਖਾ-ਖਾ ਕੇ ਮੂੰਹ 'ਤੇ ਚਿੱਬ ਪਏ-ਪਏ ਐ!"
-"ਆਪਣਾ ਟੈਮ ਕੁਛ ਹੋਰ ਸੀ...! ਹੁਣ ਦੀਆਂ ਤਾਂ ਸੱਪ ਤੋਂ ਦੀ ਲਿਟਦੀਐਂ...!"
-"ਫੇਰ ਮੇਰੀ ਜਾਣਦੀ ਐ ਜੁੱਤੀ...! ਤੀਮੀਆਂ ਤਾਂ ਉਹਨੂੰ ਹੋਰ ਬੀਹ ਮਿਲ ਜਾਣਗੀਆਂ! ਮਾਂ ਪਿਉ ਕਿੱਥੋਂ ਲਿਆਊ?"
-"ਮੈਂ ਤਾਂ ਪਛਤਾਉਨੈਂ ਆਹ ਰਿਸ਼ਤਾ ਲੈ ਕੇ...!" ਜਾਗਰ ਸਿਉਂ ਨੇ ਸਿਰ ਫੇਰਿਆ।
-"ਹੁਣ ਸੱਪ ਤਾਂ ਖੱਡ 'ਚ ਵੜ ਗਿਆ-ਲੀਹ ਕੁੱਟਣ ਦਾ ਕੀ ਫ਼ੈਦਾ? ਮਾੜੇ ਵੇਲ਼ੇ ਪਤਾ ਨ੍ਹੀ ਇਹਨਾਂ ਨੂੰ ਕਿਵੇਂ ਹਾਂ ਕਰਤੀ? ਤੂੰ ਈ ਬਾਹਲ਼ੀ ਪੂਛ ਚੱਕੀ ਵੀ ਸੀ-ਅਖੇ, ਕੁੜੀ 'ਕੱਲੀ 'ਕੱਲੀ ਐ-ਸਾਰੀ ਜੈਦਾਤ ਹਰਦੇਵ ਸਿਉਂ ਨੂੰ ਆਊ! ਮੈਨੂੰ ਤਾਂ ਡਰ ਲੱਗਦੈ ਬਈ ਇਹਦਾ ਲੀਚੜ ਪਿਉ ਸਾਡੇ ਆਲ਼ੀ 'ਚੋਂ ਨਾ ਹਿੱਸਾ ਵੰਡਾ ਲਵੇ?" ਉਸ ਨੇ ਦਿਲ ਦਾ ਅਸਲ ਡਰ ਦੱਸਿਆ।
-"ਕਾਹਨੂੰ ਭੈੜ੍ਹੀਆਂ ਗੱਲਾਂ ਸੋਚਦੀ ਐਂ...? ਭੱਜਦਿਆਂ ਨੂੰ ਤਾਂ ਬਾਹਣ ਇੱਕੋ ਜੇ ਹੁੰਦੇ ਐ!"
-"ਅੱਗ ਲੱਗੜੇ ਮਗਰ ਦੇਖ ਤਾਂ ਲੈ...! ਕਤੀੜ੍ਹ ਕਿੰਨੀ ਐਂ? ਨਾਲ਼ੇ ਹੈ ਵੀ ਸਾਰੇ ਈ ਪੁੱਤ ਖਾਣੇ ਦੇ ਅਵਲ਼ੇ ਸਵਲ਼ੇ ਜੇ!"
-"ਚਲ ਬਾਹਲ਼ਾ ਨਾ ਕਲਪ...! ਇਹਨੂੰ ਗੱਦਾਂ ਈ ਯੱਧੀ ਨੂੰ ਕਿਵੇਂ ਨਾ ਕਿਵੇਂ ਦਫ਼ਾ ਕਰ ਤੇ ਰੱਬ 'ਤੇ ਡੋਰੀਆਂ ਰੱਖ! ਤੂੰ ਇਹਦੇ ਨਾਲ਼ ਨਾ ਬਿਗਾੜਲੀਂ! ਮੈਨੂੰ ਤੈਥੋਂ ਡਰ ਲੱਗਦੈ...। ਤੇਰੀ ਮੱਤ ਵੀ ਉਖਲ਼ੀ ਕੁੱਟ ਈ ਐ! ਮੁੱਖ ਮੰਤਰੀ ਦੀ ਸਾਹਿਬਜਾਦੀ ਤੂੰ ਵੀ ਹੈਨ੍ਹੀ! ਆਪਣੇ ਕੋਲ਼ੇ ਵੀ ਜੁਗਾੜ ਸਿਉਂ ਅਰਗੇ ਲੱਠਮਾਰ ਬੰਦੇ ਐ-ਜੇ ਲੋੜ ਪਈ ਤਾਂ ਪੰਜ ਸੱਤ ਹਜਾਰ ਦੇ ਕੇ ਸਾਲ਼ੇ ਦਾ ਰੱਸਾ ਖੋਲ੍ਹ ਦਿਆਂਗੇ-ਉਹਨੂੰ ਪੰਜ ਸੱਤ ਹਜਾਰ ਦੇ ਕੇ ਤਾਂ ਚਾਹੇ ਪਾਕਸਤਾਨ ਭੇਜਦੇ-ਜਮਾਂ ਨ੍ਹੀ ਜਰਕਦਾ...! ਤਸੀਲਦਾਰ ਉਹਦੇ ਮੂਹਰੇ ਕੀ ਚੀਜ ਐ? ਤਸੀਲਦਾਰ ਜਿਹੜੇ ਲਬੜਕੱਟੇ ਜੇ ਆਬਦੇ ਨਾਲ਼ ਲਈ ਫਿਰਦੈ ਨ੍ਹਾਂ? ਜਦੋਂ ਸਿਰ 'ਤੇ ਆ ਪੈਂਦੀ ਐ-ਉਦੋਂ ਪੱਤਰੇ ਬਾਚ ਜਾਂਦੇ ਐ! ਪੈਂਦੀਆਂ 'ਚ ਕੋਈ ਨ੍ਹੀ ਮੂਹਰੇ ਖੜ੍ਹਦਾ-ਊਂ ਸੌ ਕੋਈ ਬੋਦੀਆਂ ਖਿਲਾਰੀ ਜਾਵੇ!"
ਉਹਨਾਂ ਸਾਰੀ ਰਾਤ ਬੈਠਿਆਂ ਹੀ ਕੱਢ ਦਿੱਤੀ।
ਅਗਲੇ ਦਿਨ ਦੀਪ ਕਾਰ 'ਤੇ ਹੀ ਮੁੜ ਆਈ। ਕਾਰ ਵਿਹੜੇ ਵਿਚ ਖੜ੍ਹੀ ਸੀ। ਦੀਪ ਨੇ ਫਿਰ ਨਾ ਕਿਸੇ ਦੇ ਪੈਰੀਂ ਹੱਥ ਲਾਏ ਅਤੇ ਨਾ ਹੀ ਕਿਸੇ ਨੂੰ ਬਹੁਤਾ ਬੁਲਾਇਆ। ਸੱਸ ਭੁੱਜ ਕੇ ਕੋਲਾ ਹੋਈ ਪਈ ਸੀ। ਪੁੱਛਣਾ ਹੋਵੇ ਬਈ ਇਹ ਕੋਈ ਧਰਮਸਾਲਾ ਐ? ਜਿੱਥੇ ਤੂੰ ਠੁੰਮਕ ਠੁੰਮਕ ਕਰਦੀ ਆ ਵੜਦੀ ਐਂ ਤੇ ਜਦੋਂ ਦਿਲ ਕਰਦੈ, ਖੱਚਰ ਮਾਂਗੂੰ ਰੇਵੀਏ ਪੈ ਜਾਨੀ ਐਂ? ਪਰ ਉਸ ਦੀ ਕੋਈ ਵਾਹ ਨਹੀਂ ਜਾਂਦੀ ਸੀ। ਉਸ ਦਾ ਦਿਲ ਕਰਦਾ ਸੀ ਕਿ ਦੀਪ ਨੂੰ ਗੁੱਤੋਂ ਫੜ ਕੇ ਘਰੋਂ ਬਾਹਰ ਕਰ ਦੇਵੇ...! ਪਰ ਉਹ ਆਲ੍ਹਣੇਂ 'ਚੋਂ ਡਿੱਗੇ ਚਿੜੀ ਦੇ ਬੱਚੇ ਵਾਂਗ ਨਿਤਾਣੀ ਸੀ।
ਹਰ ਕੌਰ ਮਨ ਨੂੰ ਸਮਝਾ, ਬੁਝਾ ਕੇ ਦੀਪ ਕੋਲ਼ ਬੈਠ ਗਈ। ਦੀਪ ਬੜੀ ਤੇਜ਼ੀ ਨਾਲ਼ ਆਪਣਾ ਲੀੜਾ-ਲੱਤਾ ਅਤੇ ਗਹਿਣੇ ਗੱਟੇ ਅਟੈਚੀ ਵਿਚ ਪਾ ਰਹੀ ਸੀ। ਉਸ ਨੇ ਸੱਸ ਨੂੰ ਦੇਖ ਤਾਂ ਲਿਆ ਸੀ। ਪਰ ਉਸ ਨੇ ਲਾਪ੍ਰਵਾਹੀ ਵਿਚ ਕੋਈ ਧਿਆਨ ਨਹੀਂ ਦਿੱਤਾ ਸੀ। ਉਹ ਆਪਣੇ ਕੰਮ ਵਿਚ ਹੀ ਮਸ਼ਰੂਫ਼ ਰਹੀ ਸੀ!
-"ਦੀਪ...! ਕੀ ਕਹਿੰਦਾ ਪੁੱਤ ਤੇਰਾ ਭਾਅਪਾ ਜੀ?" ਹਰ ਕੌਰ ਨੇ ਬੜਾ ਨੇੜੇ ਹੋ ਕੇ ਅਪਣੱਤ ਨਾਲ਼ ਪੁੱਛਿਆ।
-"ਬੀਜੀ ਪਰਸੋਂ ਰਾਤ ਦੀ ਮੇਰੀ ਫ਼ਲਾਈਟ ਐ! ਪਾਪਾ ਜੀ ਕਹਿੰਦੇ ਸੀ ਬਈ ਜੇ ਤਾਂ ਤੁਸੀਂ ਚੜ੍ਹਾਉਣ ਆਉਣੈਂ-ਤਾਂ ਸਿੱਧੇ ਦਿੱਲੀ ਏਅਰਪੋਰਟ 'ਤੇ ਈ ਆ ਜਾਇਓ...! ਨਹੀਂ ਪਾਪਾ ਜੀ ਤੇ ਬੀਜੀ ਤਾਂ ਜਾਣਗੇ ਈ...! ਪਰਸੋਂ ਰਾਤ ਨੂੰ ਮੇਰੀ ਇਕ ਵੀਹ ਦੀ ਫ਼ਲਾਈਟ ਐ...!" ਉਸ ਨੇ ਬੜੀ ਬੇਪ੍ਰਵਾਹੀ ਨਾਲ਼ ਦੱਸਿਆ ਤਾਂ ਸੱਸ ਦੇ ਹਾਲਾਤਾਂ ਦੀ ਹੋਰ ਜੱਖਣਾਂ ਪੱਟੀ ਗਈ।
-"ਪਰਸੋਂ ਤੇਰੀ ਫਲੈਟ ਐ-ਤੇ ਤੂੰ ਹੁਣ ਆਹ ਕੱਪੜੇ ਜੇ ਬਕਸੇ 'ਚ ਕਾਹਤੋਂ ਪਾਈ ਜਾਨੀ ਐਂ?"
-"ਮੈਂ ਚੱਲੀ ਆਂ ਪਾਪਾ ਜੀ ਤੇ ਬੀਜੀ ਕੋਲੇ...! ਹੁਣ ਮੈਂ ਦੋ ਰਾਤਾਂ ਉਹਨਾਂ ਕੋਲ ਈ ਰਹੂੰਗੀ! ਜੇ ਤੁਸੀਂ ਮੈਨੂੰ 'ਸੀ ਆਫ਼' ਕਰਨਾ ਹੋਇਆ-ਤਾਂ ਤੁਸੀਂ ਸਿੱਧੇ ਦਿੱਲੀ ਏਅਰਪੋਰਟ 'ਤੇ ਈ ਆ ਜਾਇਓ! ਜੇ ਨਹੀਂ ਆਉਣਾ ਤਾਂ ਪਾਪਾ ਜੀ ਕਹਿੰਦੇ ਸੀ ਬਈ ਕੋਈ ਲੋੜ ਵੀ ਨਹੀਂ...! ਬਾਕੀ ਥੋਡੀ ਮਰਜ਼ੀ ਐ...!" ਤੇ ਉਹ ਬਿਨਾ ਕਿਸੇ ਨਾਲ ਹੋਰ ਗੱਲ ਕਰੇ ਅਟੈਚੀ ਰੱਖ ਕਾਰ ਵਿਚ ਬੈਠ ਗਈ।
ਉਹਨਾਂ ਦੇ ਮੂੰਹ 'ਤੇ ਧੂੰਏਂ ਦੀ ਕਾਲ਼ਸ ਮਲ਼ਦੀ ਕਾਰ ਤੁਰ ਗਈ।
ਹਰ ਕੌਰ ਦਾ ਸਰੀਰ ਵੀ ਧੂੰਆਂ ਛੱਡੀ ਜਾ ਰਿਹਾ ਸੀ।
-"ਲੈ...! ਲੈ ਕਰਲਾ ਹਰਦੇਵ ਸਿਉਂ ਦੇ ਬਾਪੂ ਘਿਉ ਨੂੰ ਭਾਂਡਾ...! ਚੋਪੜ ਲੈ ਸਿੰਗ ਇਹਦੇ...! ਪਾ ਲੈ ਇਹਨੂੰ ਸਲਾਮੀ, ਪੜ੍ਹੀ ਲਿਖੀ ਨੂੰਹ ਨੂੰ...! ਟੰਗ ਲੈ ਇਹਨੂੰ ਮੂਰਤ ਬਣਾ ਕੇ ਕੰਧ 'ਤੇ...! ਲਾ ਲੈ ਖਾਂਦੇ ਪੀਂਦੇ ਘਰ ਨਾਲ਼ ਮੱਥਾ...! ਇਹ ਹਰਾਮਦੀ ਸਾਨੂੰ ਬੰਦੇ ਈ ਨ੍ਹੀ ਸਮਝਦੀ! ਟਿੱਚ ਈ ਸਮਝਦੀ ਐ! ਇਹਨੇ ਤਾਂ ਆਪਾਂ ਨੂੰ 'ਕੱਲੀ ਨੇ ਈ ਕਿੱਲੇ ਨਾਲ਼ ਟੰਗਤਾ...? ਜਿਹੜੀ ਦੂਜੀ ਸੁਖਦੇਵ ਆਲ਼ੀ ਆਊ, ਉਹ ਪਤਾ ਨ੍ਹੀ ਕਿਹੜੇ ਪੰਘੂੜੇ ਝੁਟਾਊ...? ਹਾਏ ਲੋਹੜ੍ਹਾ...! ਇਹ ਚਰਮਖ਼ ਜੀ ਆਬਦੇ ਆਪ ਨੂੰ ਸਮਝਦੀ ਕੀ ਐ? ਜਦੋਂ ਬੋਲੂ, ਹਾਏ ਭਾਅਪਾ...! ਜਦੋਂ ਬੋਲੂ, ਹਾਏ ਭਾਅਪਾ...!" ਹਰ ਕੌਰ ਨੇ ਆਪਣੀ ਛਾਤੀ ਪਿੱਟੀ।
-"ਹੋਰ ਹੁਣ ਤੇਰੀ ਉਹ ਮਾਲਸ਼ ਕਰੇ...? ਨਾ ਹੋਰ ਹੁਣ ਉਹ ਤੇਰੀਆਂ ਲੱਤਾਂ ਘੁੱਟੂਗੀ...? ਲੱਗਪੀ ਕੀਰਨੇ ਪਾਉਣ, ਭੈਣ ਦੇਣੇ ਦੀਏ ਜੱਭਲ਼ੇ...? ਮੈਂ ਤੇਰੇ ਭਾਅ ਦਾ ਬਾਹਲ਼ਾ ਈ ਬਾਗੋਬਾਗ ਐਂ? ਨ੍ਹਾ ਮੈਂ ਮੋਗੇ ਦੀਆਂ ਤੀਆਂ 'ਚ ਫਿਰਦੈਂ...? ਲੱਗਪੀ ਸਿਆਪੇ ਕਰਨ, ਮਰਾਸਣ ਮਾਂਗੂੰ!"
-"ਪਾ ਲੈ ਪੜ੍ਹੀ ਲਿਖੀ ਨੂੰ ਨਿਉਂਦਾ...!"
-"ਤੂੰ ਹੁਣ ਚੁੱਪ ਨ੍ਹੀ ਕਰਦੀ ਭੈਣ ਦਾ ... ਈ ਯਹਾਵੀਏ! ਹੋਰ ਹੁਣ ਤੂੰ ਪੜ੍ਹੀ ਲਿਖੀ ਤੋਂ ਪੈਂਤੀ ਸਿੱਖਣੀਂ ਐਂ, ਯਾਰਾਂ ਨੂੰ ਖ਼ਤ ਪੱਤਰ ਲਿਖਣ ਆਸਤੇ? ਹੋਰ ਹੁਣ ਉਹ ਤੈਨੂੰ ਫੱਟੀ ਲਿਖਣੀ ਸਿਖਾਵੇ...? ਮਗਜ ਮਾਰਨੋਂ ਨ੍ਹੀ ਹਟਦੀ ਭੈਣ ਦਾ ਚਰਖਾ ਦੇਣੀਂ! ਦੁਖੀ ਕੀਤੇ ਪਏ ਐਂ...! ਦੁਖੀ ਨ੍ਹੀ ਕੀਤੇ ਪਏ, ਇਹਨੇ...?" ਹਰਖ਼ੇ ਜਾਗਰ ਸਿਉਂ ਨੇ ਹਰ ਕੌਰ ਦੇ ਧੌਲ਼ਾਂ ਜੜ ਦਿੱਤੀਆਂ। ਉਹ 'ਦਾਅੜ' ਕਰਦੀ ਮੂਧੇ ਮੂੰਹ ਵਿਹੜੇ ਵਿਚ ਜਾ ਡਿੱਗੀ। ਉਸ ਦੀ ਧੀ ਭਜਨੋਂ ਅੰਦਰ ਵੜ ਗਈ ਸੀ। ਉਹ ਹਰ ਰੋਜ ਦੇ ਕਲੇਸ਼ ਦੀ ਆਦੀ ਹੋਈ ਪਈ ਸੀ। ਸੁਖਦੇਵ ਕਲੇਸ਼ ਤੋਂ ਡਰਦਾ ਘਰੇ ਘੱਟ ਵੱਧ ਹੀ ਆਉਂਦਾ ਸੀ। ਉਹ ਜਿ਼ਆਦਾ ਖੇਤ ਹੀ ਰਹਿੰਦਾ। ਘਰੇ ਬਾਪੂ ਅਤੇ ਬੇਬੇ ਕਾਟੋ ਕਲੇਸ਼ ਕਰਦੇ ਰਹਿੰਦੇ! ਗੁਆਂਢੀ ਵੀ ਉਹਨਾਂ ਵੱਲੋਂ ਘੇਸਲ਼ ਹੀ ਮਾਰ ਛੱਡਦੇ! ਕਿਹੜਾ ਇਹ ਇਕ ਅੱਧੇ ਦਿਨ ਦਾ ਕੰਮ ਸੀ...? ਇਹ ਤਾਂ ਸੁੱਖ ਨਾਲ਼ ਹਰ ਰੋਜ਼ ਦਾ ਧੰਦਾ ਸੀ!
-"ਹਾਏ ਵੇ ਲੋਕੋ ਅਸੀਂ ਪੱਟੇ ਗਏ...!" ਹਰ ਕੌਰ ਵਿਹੜੇ ਵਿਚ ਬੈਠ ਕੇ ਪਿੱਟਣ ਲੱਗ ਪਈ। ਉਹ ਵਾਰ ਵਾਰ ਆਪਣੇ ਢਿੱਡ ਵਿਚ ਦੁਹੱਥੜ ਮਾਰਦੀ ਸੀ। ਜਾਗਰ ਦੇ ਸਿਰ ਨੂੰ ਵੀ ਫ਼ਤੂਰ ਚੜ੍ਹ ਗਿਆ। ਉਸ ਨੇ ਥਾਪੀ ਲੈ ਕੇ ਹਰ ਕੌਰ ਦੀ ਤਹਿ ਲਾ ਦਿੱਤੀ। ਛੋਟੀ ਕੁੜੀ ਨੇ ਅੰਦਰੋਂ ਚੰਘਿਆੜਾਂ ਛੱਡ ਦਿੱਤੀਆਂ। ਗੁਆਂਢੀਆਂ ਨੇ ਆ ਕੇ ਜਾਗਰ ਸਿੰਘ ਨੂੰ ਹਟਾਇਆ।
ਹਰ ਕੌਰ ਵਿਹੜੇ ਵਿਚ ਝੋਨੇ ਵਾਂਗ ਝੰਬੀ ਪਈ ਸੀ।
ਪਿੰਡ ਇਕੱਠਾ ਹੋ ਗਿਆ ਸੀ। ਪਰ ਕਿਸੇ ਨੂੰ ਕਿਸੇ ਗੱਲ ਦੀ ਸਮਝ ਨਹੀਂ ਪਈ ਸੀ, ਕਿ ਬੁੱਢੇ ਵਾਰੇ ਜਾਗਰ ਸਿਉਂ ਨੇ ਹਰ ਕੌਰ ਪੁਲਸੀਆ ਮਾਰ ਕਿਉਂ ਮਾਰੀ ਸੀ? ਲੋਕ ਮਨ ਵਿਚ ਹੀ ਤਰ੍ਹਾਂ ਤਰ੍ਹਾਂ ਦੇ ਲੱਖਣ ਲਾਉਂਦੇ ਤੁਰ ਗਏ ਸਨ। ਹਰ ਕੌਰ ਵਿਹੜੇ ਵਿਚ ਪਈ ਹੂੰਗਾ ਮਾਰ ਰਹੀ ਸੀ। ਕੁੜੀ ਭਜਨੋਂ ਨੇ ਉਸ ਨੂੰ ਉਠਾ ਕੇ ਮੰਜੇ 'ਤੇ ਪਾਇਆ ਸੀ। ਰੋੜਾ ਗਰਮ ਕਰਕੇ ਸੇਕ ਦਿੱਤਾ। ਹਰ ਕੌਰ ਕਮਲਿਆਂ ਵਾਂਗ ਧੀ ਵੱਲ ਦੇਖ ਰਹੀ ਸੀ। ਜਦ ਉਸ ਨੇ ਫਿਰ ਪਿੱਟਣਾ ਸ਼ੁਰੂ ਕਰ ਦਿੱਤਾ ਤਾਂ ਜਾਗਰ ਸਿੰਘ ਗੁੱਸੇ ਨਾਲ ਹਰਖਿ਼ਆ ਬਾਹਰ ਨਿਕਲ ਗਿਆ।
-"ਇਹ ਮਰਜੂ ਮੈਥੋਂ, ਸਾਲ਼ੀ...!" ਗਲੀ ਵਿਚ ਤੁਰਿਆ ਜਾਂਦਾ ਉਹ ਬਰੜਾਹਟ ਕਰਦਾ ਜਾ ਰਿਹਾ ਸੀ।
ਸਾਰੀ ਰਾਤ ਹਰ ਕੌਰ ਨੂੰ ਨੀਂਦ ਨਾ ਆਈ। ਉਹ ਬਰੜਾਹਟ ਕਰਦੀ ਰਹੀ। ਪੁੱਤ ਬਾਹਰ ਭੇਜਿਆ ਸੀ। ਚੰਗੇ ਘਰ ਵਿਆਹਿਆ ਸੀ। ਪਰ ਨੂੰਹ-ਪੁੱਤ ਦਾ ਸੁਖ ਤਾਂ ਉਸ ਨੂੰ ਨਸੀਬ ਹੀ ਨਹੀਂ ਹੋਇਆ ਸੀ? ਚਲੋ ਪੁੱਤ ਤਾਂ ਪ੍ਰਦੇਸ ਵਿਚ ਸੀ। ਪਰ ਅੱਗ ਲੱਗੜੀ ਨੂੰਹ ਹੀ ਨੂੰਹ ਨਹੀਂ ਬਣੀ ਸੀ? ਕੀ-ਕੀ ਰੰਗਲੇ ਸੁਪਨੇ ਲਏ ਸਨ ਹਰ ਕੌਰ ਨੇ? ਪਰ ਸਾਰੇ ਹੀ ਮਿੱਟੀ ਵਿਚ ਮਿਲ ਗਏ ਸਨ! ਉਸ ਦੇ ਸਰੀਰ ਨੂੰ ਤੋੜ ਲੱਗੀ ਹੋਈ ਸੀ। ਉਹ ਸਾਰੀ ਰਾਤ ਹੀ ਕੁਝ ਨਾ ਕੁਝ ਬੋਲਦੀ ਰਹੀ। ਮਨ ਵਿਚ ਕੀਰਨੇ ਪਾਉਂਦੀ ਰਹੀ। ਉਸ ਦੀਆਂ ਆਸਾਂ ਤਾਂ ਮਿੱਟੀ ਘੱਟੇ ਰੁਲ਼ ਗਈਆਂ ਸਨ।
ਤੀਜੇ ਦਿਨ ਜਾਗਰ ਸਿੰਘ ਨੇ ਹਰ ਕੌਰ ਨੂੰ ਮੱਲੋਮੱਲੀ ਦਿੱਲੀ ਜਾਣ ਲਈ ਤਿਆਰ ਕਰ ਲਿਆ। ਉਹ ਡੌਰ ਭੌਰਿਆਂ ਵਾਂਗ ਝਾਕ ਰਹੀ ਸੀ। ਉਸ ਦਾ ਦਿਮਾਗ ਟਿਕਾਣੇ ਨਹੀਂ ਲੱਗਦਾ ਸੀ। ਉਹ ਓਪਰਿਆਂ ਵਾਂਗ ਝਾਕ ਰਹੀ ਸੀ। ਹਰਦੇਵ ਦੇ ਭਰਾ ਸੁਖਦੇਵ ਨੇ ਇਕ ਕੁਆਇਲਸ ਕਿਰਾਏ 'ਤੇ ਕਰ ਲਈ ਸੀ। ਜਾਗਰ ਸਿੰਘ ਸੋਚਦਾ ਸੀ ਕਿ ਅਗਰ ਸਾਰਾ ਪ੍ਰੀਵਾਰ ਦੀਪ ਨੂੰ ਏਅਰਪੋਰਟ 'ਤੇ ਚੜ੍ਹਾਉਣ ਨਾ ਪੁੱਜਿਆ ਤਾਂ ਹਰਦੇਵ ਕੀ ਸੋਚੇਗਾ...? ਉਸ ਨੇ ਦੀਪ ਵਿਚ ਨਹੀਂ, ਸਾਡੇ ਵਿਚ ਗਲਤੀ ਕੱਢਣੀ ਸੀ! ਤੀਮੀਂ ਦਾ ਸਰੂਰ ਬੰਦੇ ਨੂੰ ਸੁੱਖੇ ਨਾਲੋਂ ਵੱਧ ਚੜ੍ਹਦੈ...! ਨਾਲ਼ੇ ਹੁਣ ਕੀ ਪਤਾ ਦੀਪ ਕਦੋਂ ਮੁੜੇ...? ਪ੍ਰਦੇਸ ਗਿਆਂ ਨੂੰ ਜੁਗੜੇ ਬੀਤ ਜਾਂਦੇ ਨੇ...! ਅੱਜ ਏਅਰਪੋਰਟ ਨਾ ਪਹੁੰਚੇ ਤਾਂ ਪੁੱਤ ਦੇ ਦਿਲ ਵਿਚ ਸ਼ੱਕ ਦਾ ਗੋਲ਼ਾ ਬੱਝ ਜਾਣਾ ਸੀ ਕਿ ਕਸੂਰ ਦੀਪ ਦਾ ਨਹੀਂ, ਸਾਡਾ ਸੀ...! ਪੁੱਤ ਨੂੰ ਆਪਣੇ ਨਾਲੋਂ ਟੁੱਟਦਾ ਉਹ ਕਦਾਚਿੱਤ ਵੀ ਜਰ ਨਹੀਂ ਸਕਦਾ ਸੀ! ਇਸ ਲਈ ਉਸ ਨੇ ਹਰ ਕੌਰ ਨੂੰ ਵੀ ਤਿਆਰ ਕਰ ਲਿਆ ਸੀ। ਜੇ ਅਸੀਂ ਦਿੱਲੀ ਨਾ ਗਏ, ਪਤਾ ਨਹੀਂ ਦੀਪ ਕੀ-ਕੀ ਹਰਦੇਵ ਨੂੰ ਕਹੇਗੀ...? ਪਤਾ ਨਹੀਂ ਕੀ-ਕੀ ਲੂਤੀਆਂ ਲਾਵੇਗੀ...? ਪਤਾ ਨਹੀਂ ਕਿੰਨੇ ਕੰਨ ਭਰੇਗੀ...? ਥੋਡਾ ਤਾਂ ਮੈਨੂੰ ਕੋਈ ਚੜ੍ਹਾਉਣ ਵੀ ਨਹੀਂ ਆਇਆ...! ਮੈਂ ਉਹਨਾਂ ਦੀ ਕਿਹੜੇ ਮੂੰਹ ਨਾਲ਼ ਇੱਜ਼ਤ ਕਰਾਂ...? ਦੀਪ ਦੀ ਲੱਤ ਸਦਾ ਲਈ ਹਰਦੇਵ ਦੇ ਉਤੇ ਹੋ ਜਾਵੇਗੀ...! ਇਹ ਜਾਗਰ ਸਿਉਂ ਚਾਹੁੰਦਾ ਨਹੀਂ ਸੀ। ਉਹ ਸਾਰੇ ਪ੍ਰੀਵਾਰ ਸਮੇਤ ਦਿੱਲੀ ਏਅਰਪੋਰਟ ਜਾਣਾ ਚਾਹੁੰਦਾ ਸੀ। ਦੀਪ ਲੱਖ ਆਖੇ, ਉਹ ਇਸ ਪੱਖੋਂ ਹਰ ਹਾਲਤ ਸੱਚਾ ਰਹਿਣਾ ਚਾਹੁੰਦਾ ਸੀ। ਪੁੱਤ ਤੋਂ ਉਹ ਕੋਈ ਸੌੜਾ ਉਲਾਂਭਾ ਨਹੀਂ ਖੱਟਣਾ ਚਾਹੁੰਦਾ ਸੀ।
ਸ਼ਾਮ ਨੂੰ ਪੰਜ ਕੁ ਵਜੇ ਉਹ ਦਿੱਲੀ ਏਅਰਪੋਰਟ 'ਤੇ ਪੁੱਜ ਗਏ। ਏਅਰਪੋਰਟ 'ਤੇ ਮੇਲਾ ਲੱਗਿਆ ਹੋਇਆ ਸੀ। ਕੋਈ ਆ ਰਿਹਾ ਸੀ। ਕੋਈ ਜਾ ਰਿਹਾ ਸੀ। ਕੋਈ ਵਿਛੜਿਆਂ ਨੂੰ ਮਿਲ਼ ਕੇ ਖ਼ੁਸ਼ ਹੋ ਰਿਹਾ ਸੀ ਅਤੇ ਕੋਈ ਵਿਛੜ ਜਾਣ ਦੇ ਦੁੱਖੋਂ ਰੋ ਰਿਹਾ ਸੀ। ਅਜੀਬ ਹੀ ਗੇੜ ਸੀ। ਅਜੀਬ ਹੀ ਆਵਾਗਵਣ ਦਾ ਚੱਕਰ ਸੀ।
ਸੁਖਦੇਵ, ਦੀਪ ਹੋਰਾਂ ਨੂੰ ਲੱਭਦਾ ਪਾਗਲ ਹੋ ਗਿਆ ਸੀ। ਉਹ ਔਟਲਿ਼ਆ ਇਧਰ ਉਧਰ ਭਟਕਦਾ ਫਿਰਦਾ ਸੀ। ਮੇਲੇ ਵਿਚ ਗੁਆਚੀ ਹੋਈ ਗਾਂ ਵਾਂਗ! ਰਾਤ ਦੇ ਕੋਈ ਦਸ ਕੁ ਵਜੇ ਤਸੀਲਦਾਰ ਦੀ ਫ਼ੌਜ ਪਹੁੰਚੀ। ਸਾਰੇ ਦਾਰੂ ਵਿਚ ਧੁੱਤ ਸਨ। ਤਸੀਲਦਾਰ ਏਅਰਪੋਰਟ 'ਤੇ ਦਾਰੂ ਨਾਲ਼ ਰੱਜਿਆ ਬਲ਼ਦ ਮੂਤਣੀਆਂ ਪਾ ਰਿਹਾ ਸੀ। ਜਦੋਂ ਸੁਖਦੇਵ ਨੇ ਤਸੀਲਦਾਰ ਨੂੰ "ਸਾਸਰੀਕਾਲ ਮਾਸੜ ਜੀ...!" ਆਖਿਆ ਤਾਂ ਤਸੀਲਦਾਰ ਨੇ ਉਸ ਨੂੰ ਗਹੁ ਨਾਲ਼ ਦੇਖਿਆ। ਉਸ ਦੀਆਂ ਅੱਖਾਂ ਵਿਚ ਦਾਰੂ ਦਾ ਨਸ਼ਾ ਦੀਵੇ ਦੀ ਲਾਟ ਵਾਂਗ ਡੋਲ ਰਿਹਾ ਸੀ।
-"ਮੈਂ ਸੁਖਦੇਵ ਆਂ ਮਾਸੜ ਜੀ...! ਹਰਦੇਵ ਦਾ ਭਰਾ!" ਉਸ ਨੇ ਜੋਰ ਦੇ ਕੇ ਤਸੱਲੀ ਕਰਵਾਉਣੀਂ ਚਾਹੀ।
-"ਮੈਂ ਅੰਨ੍ਹੈਂ...? ਨਾ ਮੈਨੂੰ ਦਿਸਦਾ ਨ੍ਹੀ? ਸਾਲ਼ੀ ਮੰਗ ਖਾਣੀਂ ਜਾਤ...!" ਉਸ ਨੇ 'ਸਾਸਰੀਕਾਲ' ਵੀ ਨਾ ਮੰਨੀ।
-"ਕਿੱਥੇ ਐ ਥੋਡਾ ਬੁੜ੍ਹਾ...?" ਤਸੀਲਦਾਰ ਦੇ ਆਖਣ 'ਤੇ ਸੁਖਦੇਵ ਬੇਚੈਨ ਹੋ ਗਿਆ।
-"ਉਹ ਔਧਰ ਕਾਰ 'ਚ ਬੈਠੇ ਐ ਜੀ...!"
-"ਜਾ ਲਿਆ ਬੁਲਾ ਕੇ ਉਹਨਾਂ ਨੂੰ...!" ਉਸ ਨੇ ਹੁਕਮੀਆ ਕਿਹਾ।
ਸੁਖਦੇਵ ਚੁੱਪ ਚਾਪ ਤੁਰ ਗਿਆ।
ਉਸ ਦੀ ਹੱਤਕ ਹੋ ਗਈ ਸੀ।
-"ਬਾਪੂ ਜੀ...! ਉਹ ਥੋਨੂੰ ਸੱਦ-ਦੇ ਐ!" ਉਸ ਨੇ ਸਿਰਫ਼ ਇਤਨਾ ਹੀ ਕਿਹਾ।
-"ਚੱਲ...!" ਜਾਗਰ ਸਿਉਂ ਨੇ ਹਰ ਕੌਰ ਨੂੰ ਵੀ ਆਸਰਾ ਦੇ ਕੇ ਕਾਰ 'ਚੋਂ ਉਠਾ ਲਿਆ। ਉਸ ਨੇ ਬਹੁਤੇ ਸੁਆਲ ਕਰਨੇ ਜਾਇਜ਼ ਨਹੀਂ ਸਮਝੇ ਸਨ। ਸੁਖਦੇਵ ਵੀ ਤਸੀਲਦਾਰ ਦਾ ਬੁਰਾ ਸਲੂਕ ਛੁਪਾਅ ਗਿਆ ਸੀ। ਹਰ ਕੌਰ ਨੇ ਕਾਰ ਵਿਚੋਂ ਖੰਡ ਅਤੇ ਪਾਣੀ ਦੀ ਗੜਵੀ ਚੁੱਕ ਲਈ ਅਤੇ ਉਹ ਸਾਰੇ ਤਸੀਲਦਾਰ ਦੇ ਕਾਫ਼ਲੇ ਵੱਲ ਨੂੰ ਹੋ ਤੁਰੇ।
-"ਸਾਸਰੀਕਾਲ ਜੀ ਤਸੀਲਦਾਰ ਸਾਹਬ...!" ਜਾਗਰ ਸਿੰਘ ਹੱਥ ਜੋੜ ਕੇ ਅਦਬ ਕੀਤਾ।
-"ਚੱਲ ਆ ਬਈ...! ਮਿਲੋ ਦੀਪ ਨੂੰ...! ਇਹਨੇ ਜਲਦੀ ਜਾਣੈਂ!" ਤਸੀਲਦਾਰ ਨੇ ਕਿਹਾ। ਉਸ ਦੇ ਨਾਲ਼ ਵਰਦੀ ਪਾਈ ਦਿੱਲੀ ਪੁਲੀਸ ਦੇ ਤਿੰਨ ਅਫ਼ਸਰ ਖੜ੍ਹੇ ਸਨ।
-"ਚੱਲ ਬਈ ਹਰ ਕੁਰੇ...!" ਜਾਗਰ ਸਿੰਘ ਨੇ ਹਰ ਕੌਰ ਨੂੰ ਇਸ਼ਾਰੇ ਨਾਲ਼ ਅੱਗੇ ਕੀਤਾ ਤਾਂ ਹਰ ਕੌਰ ਨੇ ਖੰਡ ਵਾਲੀ ਪੋਟਲੀ ਖੋਲ੍ਹ ਲਈ।
-"ਲੈ ਪੁੱਤ, ਮੂੰਹ ਮਿੱਠਾ ਕਰ...!" ਉਹ ਖੰਡ ਦੀ ਚੂੰਢੀ ਭਰ ਕੇ ਸ਼ਗਨ ਵਜੋਂ ਦੀਪ ਦੇ ਮੂੰਹ ਨੂੰ ਲਾਉਣ ਲੱਗੀ।
-"ਦੇਖੀਂ ਬੁੜ੍ਹੀਏ, ਕਿਤੇ ਇਹਨੂੰ ਕੋਈ ਸੈਂਖੀਆ ਨਾ ਦੇ ਦੇਈਂ...!" ਤਸੀਲਦਾਰ ਨੇ ਖੰਡ ਡੁਲ੍ਹਵਾ ਦਿੱਤੀ।
-"ਨਾ ਭਾਈ...! ਬੇਸ਼ਗਨੀ ਨਾ ਕਰੋ! ਸ਼ਗਨਾਂ ਦਾ ਖੱਟਿਆ ਈ ਖਾਈਦੈ! ਮੇਰੀ ਨੂੰਹ ਰਾਣੀਂ ਸੁੱਖ ਨਾ' ਵਲੈਤ ਜਾਣ ਲੱਗੀ ਐ-ਸਾਡੀ ਤਾਂ ਕੁਲ਼ ਦਾ ਦੀਵਾ ਐ ਭਾਈ ਇਹ...! ਲੈ ਧੀਏ ਮੂੰਹ ਅੱਡ...!" ਹਰ ਕੌਰ ਨੇ ਫਿਰ ਸਾਰੀਆਂ ਨਰਾਜ਼ਗੀਆਂ ਅਤੇ ਬਦਸਲੂਕੀਆਂ ਪਰਾਂਹ ਸੁੱਟ ਕੇ ਦੀਪ ਦਾ ਮੂੰਹ ਮਿੱਠਾ ਕਰਵਾਉਣਾ ਚਾਹਿਆ। ਪਰ ਤਸੀਲਦਾਰ ਅਫ਼ਸਰ ਖੜ੍ਹੇ ਕਰਕੇ ਸ਼ਰਮ ਖਾ ਗਿਆ। ਉਸ ਨੇ ਹਰ ਕੌਰ ਨੂੰ ਧੱਕਾ ਦੇ ਕੇ ਪਾਸੇ ਕਰ ਦਿੱਤਾ। ਹਰ ਕੌਰ ਦੀ ਮਨ ਇੱਛਾ ਮਨ ਵਿਚ ਹੀ ਰਹਿ ਗਈ।
-"ਹੁਣ ਪਰਾਂਹ ਵੀ ਹੋਜਾ...! ਕਾਹਤੋਂ ਪੈਰ ਮਿੱਧੀ ਜਾਨੀ ਐਂ...?" ਤਸੀਲਦਾਰ ਬਦਮਗਜਾਂ ਵਾਂਗ ਬੋਲਿਆ।
ਹਰ ਕੌਰ ਨੂੰ ਜਾਗਰ ਸਿੰਘ ਨੇ ਖਿੱਚ ਕੇ ਪਿੱਛੇ ਕਰ ਲਿਆ। ਉਹ ਰੇਲਵੇ ਇੰਜਣ ਵਾਂਗ ਅੱਗੇ ਹੀ ਵਧਦੀ ਜਾ ਰਹੀ ਸੀ।
ਸੁਖਦੇਵ ਵੀ ਚੁੱਪ ਹੀ ਖੜ੍ਹਾ ਸੀ। ਭਜਨੋਂ ਅੱਜ ਨਾਲ਼ ਨਹੀਂ ਆਈ ਸੀ।
-"ਇਹ ਅਣਪੜ੍ਹ ਉਜੱਡ ਬੁੜ੍ਹੀਆਂ ਵੀ ਹੱਦ ਕਰ ਦਿੰਦੀਐਂ! ਪੁੱਛਣਾ ਹੋਵੇ ਬਈ ਤੇਰੀ ਖੰਡ ਤੋਪ ਐ? ਜਿਹੜੀ ਰਾਖੀ ਕਰੂਗੀ? ਦੁਨੀਆਂ ਚੰਦ 'ਤੇ ਪਹੁੰਚ ਗਈ ਐ-ਤੇ ਇਹੇ ਅਜੇ ਵੀ ਚੱਚਰ ਕਰਨੋਂ ਨ੍ਹੀ ਹੱਟਦੇ!"
-"ਯੇਹ ਕੌਨ ਹੈ ਤਸੀਲਦਾਰ ਸਾਹਿਬ?" ਦਿੱਲੀ ਦੇ ਪੁਲੀਸ ਅਫ਼ਸਰ ਨੇ ਪੁੱਛਿਆ। ਉਸ ਨੂੰ ਪੰਜਾਬੀ ਦੀ ਬਹੁਤੀ ਕੋਈ ਸਮਝ ਨਹੀਂ ਆਈ ਸੀ।
-"ਯੇਹ ਦੀਪ ਕੇ ਸਸੁਰ ਵਾਲੋਂ ਕੇ ਨੌਕਰ ਹੈਂ-ਬਗੈਰ ਕਿਸੀ ਬਾਤ ਸੇ ਹਮਾਰਾ ਟਾਈਮ ਬਰਬਾਦ ਕਰ ਰਹੇ ਹੈਂ!" ਤਸੀਲਦਾਰ ਦੀ ਘਰਵਾਲ਼ੀ ਬੋਲੀ ਤਾਂ ਦੀਪ ਆਪਣੇ ਸੱਸ ਸਹੁਰੇ ਵੱਲ ਹੱਥ ਕਰ ਕੇ ਉਚੀ ਉਚੀ ਹੱਸ ਪਈ। ਦੀਪ ਦਾ ਵਿਅੰਗਨੁਮਾ ਹਾਸਾ ਹਰ ਕੌਰ ਦੇ ਸੱਪ ਵਾਂਗ ਲੜ ਗਿਆ। ਇਕ ਤਰ੍ਹਾਂ ਨਾਲ਼ ਕਟਾਰ ਬਣ ਸੀਨੇ ਵਿਚੋਂ ਦੀ ਸਾਰ-ਪਾਰ ਹੋ ਗਿਆ ਸੀ। ਇਕ ਨੂੰਹ ਹੀ ਆਪਣੇ ਸਹੁਰਿਆਂ ਦੀ ਬੇਇੱਜ਼ਤੀ 'ਤੇ ਹੱਸ ਰਹੀ ਸੀ? ਉਸ ਦਾ ਫ਼ਰਜ਼ ਤਾਂ ਬਣਦਾ ਸੀ ਕਿ ਆਪਣੀ ਮਾਂ ਨੂੰ ਫਿ਼ਟਕਾਰ ਪਾਉਂਦੀ, ਕਿ ਤੂੰ ਮੇਰੇ ਸੱਸ ਸਹੁਰੇ ਨਾਲ਼ ਕੀ ਦੁਰ ਵਿਵਹਾਰ ਕਰ ਰਹੀ ਹੈਂ? ਕੀ ਅਵਾ ਤਵਾ ਬੋਲਦੀ ਐਂ? ਮੇਰੇ ਸੱਸ ਸਹੁਰੇ ਨੂੰ ਨੌਕਰ ਹੀ ਦੱਸਦੀ ਹੈਂ? ਪਰ ਇਹ ਕਜਾਤ ਤਾਂ ਆਪ ਹੀ ਹੱਸਣ ਲੱਗ ਪਈ...? ਹਰ ਕੌਰ ਦੇ ਦਿਮਾਗ ਅੰਦਰ ਬੰਬ ਚੱਲੀ ਜਾ ਰਹੇ ਸਨ। ਉਹ ਬੋਲ਼ੀ ਹੋਈ ਖੜ੍ਹੀ ਸੀ।
-"ਚਲੋ, ਖ਼ੈਰ ਕੋਈ ਬਾਤ ਨਹੀਂ! ਯੇਹ ਲੋਗ ਅਪਨੇ ਮਾਲਕ ਸੇ ਕੁਛ ਨਾ ਕੁਛ ਆਸ ਤੋ ਰੱਖਤੇ ਹੀ ਹੈਂ-ਯੇਹ ਲੋ ਔਰ ਪੀਛੇ ਹਟੋ! ਹਮਨੇ ਜਲਦੀ ਅੰਦਰ ਜਾਨਾ ਹੈ!" ਦਿੱਲੀ ਪੁਲਸ ਅਫ਼ਸਰ ਨੇ ਹਰ ਕੌਰ ਨੂੰ ਦੀਪ ਦੇ ਸਹੁਰਿਆਂ ਦੀ ਨੌਕਰਾਣੀਂ ਸਮਝ ਕੇ ਸੌ ਰੁਪਏ ਦੇਣੇ ਚਾਹੇ। ਪਰ ਉਹ ਹੱਥ ਚੁੱਕ ਕੇ ਪਿੱਛੇ ਹਟ ਗਈ। ਉਸ ਦੀ ਜ਼ੁਬਾਨ ਠਾਕੀ ਜਾ ਚੁੱਕੀ ਸੀ ਅਤੇ ਸਿਰ ਵਿਚ ਤਿੱਖੇ ਵਦਾਣ ਵੱਜੀ ਜਾ ਰਹੇ ਸਨ।
-"ਅਗਰ ਲੇਨਾ ਹੈ ਤਾਂ ਲੋ-ਨਹੀਂ ਤੋ ਯੇਹ ਵੀ ਨਹੀਂ ਮਿਲੇਗਾ!" ਅਫ਼ਸਰ ਨੇ ਕਿਹਾ। ਜਦੋਂ ਕਿਸੇ ਨੇ ਨੋਟ ਨੂੰ ਹੱਥ ਨਾ ਹੀ ਪਾਇਆ ਤਾਂ ਅਫ਼ਸਰ ਸੌ ਦਾ ਨੋਟ ਆਪਣੀ ਜੇਬ ਵਿਚ ਪਾਉਂਦਿਆਂ ਬੜੇ ਕੁਰੱਖ਼ਤ ਸ਼ਬਦਾਂ ਨਾਲ਼ ਸੰਬੋਧਨ ਹੋਇਆ।
-"ਔਰ ਹਾਂ...! ਅਬ ਯਹਾਂ ਸੇ ਭਾਗੋ! ਅਗਰ ਅਬ ਆਪ ਨੇ ਹਮਾਰਾ ਸਮਾਂ ਬਰਬਾਦ ਕੀਆ ਨਾ? ਤੋ ਦੇਖ ਲੀਜੀਏ, ਵੋਹ ਹਾਲਤ ਕਰੂੰਗਾ ਬੁੜ੍ਹੀਆ, ਕਿ ਪੰਜਾਬ ਜਾਨੇ ਕੋ ਤਰਸ ਜਾਏਗੀ...! ਚਲੋ ਬੇਟੇ...! ਆਪ ਇਨਕੇ ਮੂੰਹ ਕਿਉਂ ਲੱਗਤੀ ਹੋ? ਯੇਹ ਲੋਕ ਤੋ ਭੀਖਾਰੀਓਂ ਕੀ ਤਰਹ ਹੋਤੇ ਹੈਂ-ਆਓ ਬੇਟੇ ਚਲੇਂ...!" ਤੇ ਪੁਲੀਸ ਅਫ਼ਸਰ ਦੀਪ ਨੂੰ ਅਗਵਾਈ ਦਿੰਦਾ ਅੱਗੇ ਲੱਗ ਤੁਰਿਆ। ਪਿੱਛੇ ਪਿੱਛੇ ਉਸ ਦੇ ਮਾਂ-ਬਾਪ ਸਨ। ਦੀਪ ਨੇ ਇਕ ਝਲਕ ਵੀ ਪਿੱਛੇ ਮੁੜ ਕੇ ਦੇਖਣ ਦੀ ਤਕਲੀਫ਼ ਨਹੀਂ ਕੀਤੀ। ਜਾਗਰ ਸਿੰਘ ਹੋਰੀਂ ਵਾਕਿਆ ਹੀ ਮੰਗਤਿਆਂ ਵਾਂਗ ਖੜ੍ਹੇ ਸਨ।
ਉਹ ਹਾਰੇ ਜੁਆਰੀਏ ਵਾਂਗ ਵਾਪਿਸ ਕਾਰ ਕੋਲ ਆ ਗਏ। ਕੋਈ ਕਿਸੇ ਨਾਲ਼ ਗੱਲ ਨਹੀਂ ਕਰ ਰਿਹਾ ਸੀ। ਸਾਰੇ ਪੱਥਰ ਦੇ ਬੁੱਤਾਂ ਵਾਂਗ ਸਿਲ਼-ਪੱਥਰ ਹੋਏ ਪਏ ਸਨ। ਲੈਣ ਤਾਂ ਉਹ ਇੱਕ ਤਰ੍ਹਾਂ ਨਾਲ਼ ਸ਼ਾਬਾਸ਼ੇ ਆਏ ਸਨ। ਪਰ ਉਹਨਾਂ ਦੇ ਤਾਂ ਉਸ ਤੋਂ ਵੀ ਕਿਤੇ ਜਿ਼ਆਦਾ ਬੇਇੱਜ਼ਤੀ ਅਤੇ ਬਦਨਾਮੀ ਹੀ ਪੱਲੇ ਪਈ ਸੀ। ਬਖ਼ਸ਼ਾਉਣ ਰੋਜ਼ੇ ਆਏ ਸਨ ਅਤੇ ਸਿਰ ਨਮਾਜ਼ਾਂ ਪੈ ਗਈਆਂ ਸਨ। ਦੀਪ ਦੀ ਮਾਂ ਹੀ ਉਹਨਾਂ ਨੂੰ ਲਾਗੀ ਅਤੇ ਭਿਖਾਰੀ ਬਣਾ ਕੇ ਤੁਰ ਗਈ ਸੀ...!
ਜਾਗਰ ਸਿੰਘ ਨੇ ਨਮੋਸ਼ੀ ਪਰਾਂਹ ਕਰਨ ਲਈ ਕਾਰ ਵਿਚ ਬੈਠਣ ਸਾਰ ਕਈ ਕਰੜੇ ਪੈੱਗ ਸੂਤ ਦਿੱਤੇ। ਹਰ ਕੌਰ ਦੀ ਹਾਲਤ ਅੱਗੇ ਨਾਲੋਂ ਵੀ ਭੈੜ੍ਹੀ ਅਤੇ ਤਰਸਯੋਗ ਬਣ ਗਈ ਸੀ। ਉਸ ਨੇ ਫਿਰ ਕਮਲ਼ ਜਿਹਾ ਮਾਰਨਾ ਸ਼ੁਰੂ ਕਰ ਦਿੱਤਾ।
-"ਆਹ ਤਾਂ 'ਨ੍ਹੇਰ ਐ ਭਾਈ...! ਨੂੰਹ ਦੀ ਮਾਂ ਈ ਕੁੜੀ ਦੇ ਸੱਸ ਸਹੁਰੇ ਨੂੰ ਨੌਕਰ ਹੀ ਦੱਸੇ...? ਚਲ ਪੁਲਸ ਆਲ਼ੇ ਦੇ ਤਾਂ ਵਿਚਾਰੇ ਦੇ ਕੀ ਬੱਸ ਐ? ਉਹਨੇ ਤਾਂ ਸਾਨੂੰ ਲਾਗੀ ਦੱਥਾ ਸਮਝ ਕੇ ਲਾਗ ਦੇਣਾ ਚਾਹਿਆ-ਉਹਦਾ ਕੋਈ ਕਸੂਰ ਨ੍ਹੀ, ਬਿਚਾਰੇ ਦਾ! ਪਰ ਕਸੂਰ ਤਾਂ ਸਾਰਾ ਆਬਦੀ ਨੂੰਹ ਦਾ ਐ! ਬਈ ਕੁੱਤੀਏ ਰੰਨੇ...! ਤੇਰੀ ਲੁੱਚੀ ਮਾਂ ਜਦੋਂ ਸਾਨੂੰ ਨੌਕਰ ਦੱਸਦੀ ਸੀ-ਤੈਥੋਂ ਮੂੰਹ 'ਤੇ ਨਾ ਮਾਰ ਹੋਇਆ? ਬਈ ਖ਼ਬਰਦਾਰ ਮਾਂ...! ਇਹ ਮੇਰੇ ਸੱਸ ਸਹੁਰਾ ਲੱਗਦੇ ਐ...!" ਹਰ ਕੌਰ ਨੂੰ ਹੱਥੂ ਆ ਗਿਆ। ਜਦੋਂ ਉਹ ਕਾਫ਼ੀ ਦੇਰ ਖੰਘਣੋਂ ਨਾ ਹਟੀ ਤਾਂ ਡਰਾਈਵਰ ਨੇ ਗੱਡੀ ਰੋਕ ਲਈ। ਸੁਖਦੇਵ ਨੇ ਉਸ ਨੂੰ ਪੀਣ ਲਈ ਪਾਣੀ ਦੀ ਬੋਤਲ ਦੇ ਦਿੱਤੀ।
ਜਾਗਰ ਸਿੰਘ ਕੁਝ ਨਾ ਬੋਲਿਆ। ਉਹ ਕਹਿਣਾ ਤਾਂ ਚਾਹੁੰਦਾ ਸੀ ਕਿ ਜੇ ਹੁਣ 'ਨ੍ਹੇਰ' ਹੈ, ਤਾਂ ਤੂੰ ਹੁਣ ਲਾਲਟੈਣ ਜਗਾਉਣੀਂ ਐਂ? ਚੁੱਪ ਨਹੀਂ ਕੀਤਾ ਜਾਂਦਾ? ਪਰ ਉਹ ਅਥਾਹ ਦੁਖੀ, ਆਪ ਚੁੱਪ ਸੀ। ਉਹ ਸੱਪ ਵਾਂਗ ਗੁੰਝਲੀ ਜਿਹੀ ਮਾਰੀ ਗੱਡੀ ਵਿਚ ਪਿਆ ਸੀ।
ਪਾਣੀ ਪੀਣ ਤੋਂ ਬਾਅਦ ਹਰ ਕੌਰ ਨੂੰ ਹੱਥੂ ਆਉਣੋਂ ਬੰਦ ਹੋ ਗਿਆ।
ਉਸ ਨੇ ਸਾਹ ਜਿਹਾ ਲੈ ਕੇ ਫਿਰ ਬਰੜਾਹਟ ਕਰਨਾ ਸ਼ੁਰੂ ਕਰ ਦਿੱਤਾ।
-"ਕਿੱਡੀ ਮਾੜੇ ਖਲ਼ਣੇ ਦੀ ਐ...? ਬਈ ਸਹੁਰੀਏ, ਆਬਦੇ ਸੱਸ ਸਹੁਰੇ ਦੀ ਤੂੰ ਇੱਜ਼ਤ ਨਹੀਂ ਕਰਨੀ, ਨਾ ਕਰ! ਪਰ ਆਬਦੀ ਕੁੱਤੀ ਮਾਂ ਦੇ ਤਾਂ ਲਗਾਮ ਪਾ...! ਉਹ ਤਾਂ ਸਾਨੂੰ ਲਾਗੀ ਦੱਥਾ ਈ ਦੱਸੀ ਜਾਂਦੀ ਐ! ਹੈਅ ਥੋਡੀ ਬੇੜੀ ਬਹਿਜੇ, ਥੋਡੀ...! ਸਾਰਾ ਆਵਾ ਈ ਊਤਿਆ ਪਿਐ! ਕੋਈ ਤਾਂ ਸਿੱਧੇ ਮੂੰਹ ਬੋਲੇ...? ਪਿਉ ਕੰਜਰ ਤਾਂ ਮੂੰਹ ਫ਼ੱਟ! ਮਾਂ ਊਂ ਲੁੱਚੀ ਤੇ ਆਪ...?"
-"ਚੱਲ ਬੱਸ ਵੀ ਕਰ ਹੁਣ, ਕੰਜਰ ਦੀਏ! ਲੱਗ ਪਈ ਫੇਰ ਕੁੱਤੇ ਮਾਂਗੂੰ ਭੌਂਕਣ! ਮੈਨੂੰ ਹੋਰ ਡਰ ਐ ਬਈ ਕਿਤੇ ਹੁਣ ਤੇਰੇ ਨਾ ਸੰਗਲ਼ ਲਾਉਣਾ ਪਵੇ...?" ਜਾਗਰ ਸਿੰਘ ਹਰ ਕੌਰ ਦੀ 'ਟੈਂ-ਟੈਂ' ਤੋਂ ਦੁਖੀ ਹੋ ਗਿਆ ਸੀ। ਦੁੱਖ ਉਸ ਨੂੰ ਵੀ ਸੀ! ਪਰ ਬੰਦਿਆਂ ਦਾ ਮਾਜਰਾ ਕਰੜਾ ਹੁੰਦੈ! ਉਹ ਮੁਰਕੜੀ ਜਿਹੀ ਮਾਰੀ ਹੀ ਪਿਆ ਰਿਹਾ।
-"ਕੀ ਹੁਣ ਕੋਈ ਜੂਨ ਐਂ ਆਪਣੀ...?" ਉਹ ਹੋਰ ਦੁਖੀ ਹੋ ਕੇ ਬੋਲੀ।
-"ਫੇਰ ਖੂਹ 'ਚ ਮਾਰ ਛਾਲ਼...! ਭੈਣ ਦਾ ਟਣਾਂ ਈ ਯਹਾਵੀ, ਕਮਲਿ਼ਆਂ ਮਾਂਗੂੰ ਬੋਲਣੋ ਈ ਨ੍ਹੀ ਹਟਦੀ-ਉਹ ਤੇਰੀ ਮਾਂ ਜਹਾਜ 'ਚ ਬੈਠੀ ਐ-ਤੇ ਤੂੰ ਸਾਨੂੰ ਕਥਾ ਸੁਣਾਈ ਜਾਨੀ ਐਂ, ਕੋਈ ਫ਼ਾਇਦਾ? ਜਾਂ ਤਾਂ ਉਦੋਂ ਉਹਦੀ ਹਿੱਕ 'ਚ ਮਾਰਦੀ ਟੱਕਰ...! ਤੈਨੂੰ ਚੱਕ ਵੀ ਲਿਆਉਂਦੇ! ਹੁਣ ਭੌਂਕਣ ਲੱਗੀ ਐਂ-ਹੁਣ ਦੱਸ ਕੀ ਲਾਭ...?"
ਉਹ ਲੜਦੇ ਝਗੜਦੇ ਘਰ ਪਹੁੰਚ ਗਏ।
ਹਰ ਕੌਰ ਦਾ ਦਿਮਾਗ ਵਾਕਿਆ ਹੀ ਹਿੱਲ ਗਿਆ ਸੀ। ਇਕੋ ਇਕ ਪੁੱਤ ਵਿਆਹਿਆ ਸੀ। ਉਸ ਦੀ ਤੀਵੀਂ ਵੀ ਸੱਸ ਸਹੁਰੇ ਦੀ ਇੱਜ਼ਤ ਨਹੀਂ ਕਰਦੀ ਸੀ। ਇੱਜ਼ਤ ਤਾਂ ਕੀ ਕਰਨੀ ਸੀ? ਸਾਰਾ ਟੱਬਰ ਉਹਨਾਂ ਨੂੰ ਨੌਕਰ ਗਰਦਾਨ ਰਿਹਾ ਸੀ। ਇਹ ਹਰ ਕੌਰ ਲਈ ਬੜੀ ਨਮੋਸ਼ੀ ਵਾਲ਼ੀ ਗੱਲ ਸੀ। ਉਸ ਨੂੰ ਧਰਤੀ ਵਿਹਲ ਨਹੀਂ ਦਿੰਦੀ ਸੀ। ਉਹ ਹੁਣ ਸਾਰੀ ਸਾਰੀ ਰਾਤ ਨਹੀਂ ਸੌਂਦੀ ਸੀ। ਜੇ ਕਦੇ ਸੌਂ ਵੀ ਜਾਂਦੀ ਤਾਂ ਸੁੱਤੀ ਪਈ ਵੀ ਬਰੜਾਹਟ ਕਰਨੋਂ ਨਹੀਂ ਹਟਦੀ ਸੀ। ਸਾਰੇ ਪ੍ਰੀਵਾਰ ਨੂੰ ਹੁਣ ਡਰ ਜਿਹਾ ਪੈ ਗਿਆ ਸੀ ਕਿ ਜੇ ਬੇਬੇ ਦੀ ਹਾਲਤ ਇਉਂ ਹੀ ਰਹੀ ਤਾਂ ਉਸ ਦੇ ਦਿਮਾਗ ਵਿਚ ਫ਼ਰਕ ਪੈ ਜਾਵੇਗਾ। ਬੇਬੇ ਕੋਲ਼ ਸਿਰਫ਼ ਇਕ ਹੀ ਦੁੱਖੜਾ ਹੁੰਦਾ, ਨੂੰਹ ਵਾਲ਼ਾ! ਜਾਗਰ ਸਿਉਂ ਦੀ ਹਾਲਤ ਵੀ ਬੁਰੀ ਸੀ। ਉਹ ਏਅਰਪੋਰਟ 'ਤੇ ਹੋਈ ਬੇਇੱਜ਼ਤੀ ਕਰਕੇ ਹੁਣ ਚੁੱਪ ਗੜੁੱਪ ਜਿਹਾ ਹੀ ਰਹਿਣ ਲੱਗ ਪਿਆ ਸੀ। ਏਅਰਪੋਰਟ ਵਾਲ਼ਾ ਜ਼ਖ਼ਮ ਅੰਦਰੇ ਅੰਦਰ ਨਾਸੂਰ ਬਣਦਾ ਜਾ ਰਿਹਾ ਸੀ। ਉਹ ਹੁਣ ਦਿਨੇ ਵੀ ਦਾਰੂ ਦੀ ਗਿਲਾਸੀ ਅੰਦਰ ਸੁੱਟੀ ਰੱਖਦਾ। ਪਰ ਕਿਸੇ ਨਾਲ਼ ਦਿਲ ਦਾ ਦੁੱਖ ਸਾਂਝਾ ਨਾ ਕਰਦਾ। ਉਸ ਦਾ ਦੁੱਖ ਹੁਣ ਦਿਨੋ ਦਿਨ ਖ਼ਰੂਦੀ ਰੂਪ ਧਾਰਨ ਕਰਦਾ ਜਾ ਰਿਹਾ ਸੀ! ਉਸ ਦੀ ਭਿਆਨਕ ਚੁੱਪ ਹੀ ਉਸ ਦੀ ਜਾਨ ਦਾ ਖੌਅ ਬਣੀ ਹੋਈ ਸੀ। ਹੋਰ ਤਾਂ ਹੋਰ...? ਹੁਣ ਤਾਂ ਉਹ ਬੋਲ ਕਬੋਲ ਕਰਦੀ ਹਰ ਕੌਰ ਨੂੰ ਵੀ ਕੁਝ ਨਾ ਆਖਦਾ! ਸਾਊ ਜਿਹਾ ਬਣ ਕੇ ਤੱਕਦਾ ਰਹਿੰਦਾ। ਜਾਗਰ ਸਿੰਘ ਇਕ ਤਰ੍ਹਾਂ ਨਾਲ਼ ਬੁੱਤ ਹੀ ਤਾਂ ਬਣ ਗਿਆ ਸੀ। ਇਕ ਤੁਰਦੀ ਫਿਰਦੀ ਲਾਅਸ਼! ਉਸ ਦਾ ਸਰੀਰ ਦਿਨੋਂ ਦਿਨ ਘਟਦਾ ਜਾ ਰਿਹਾ ਸੀ। ਹੁਣ ਉਹ ਖੇਤ ਵਿਚ ਖੜ੍ਹਾ ਡਰਨਾ ਹੀ ਜਾਪਦਾ!
ਬਾਕੀ ਅਗਲੇ ਹਫ਼ਤੇ...
No comments:
Post a Comment