ਹਾਜੀ ਲੋਕ ਮੱਕੇ ਵੱਲ ਜਾਂਦੇ (ਕਾਂਡ 9)

ਸਵੇਰ ਦਾ ਹੀ ਮੌਕਾ ਸੀ।
ਸਰਦੀ ਕੁਝ ਜਿ਼ਆਦਾ ਹੀ ਦੰਦੀਆਂ ਵੱਢਣ ਲੱਗ ਪਈ ਸੀ। ਜਾਗਰ ਸਿੰਘ ਅਜੇ ਚਾਹ ਪੀ ਕੇ ਹੀ ਹਟਿਆ ਸੀ। ਧੁੱਪ ਉਸ ਨੂੰ ਕੁਝ ਜਿ਼ਆਦਾ ਹੀ ਨਿੱਘੀ-ਨਿੱਘੀ ਲੱਗ ਰਹੀ ਸੀ। ਉਹ ਸੋਚ ਰਿਹਾ ਸੀ ਕਿ ਜੁਗਾੜ ਸਿਉਂ ਨੂੰ ਗਏ ਨੂੰ ਤਿੰਨ ਦਿਨ ਹੋ ਗਏ। ਕੰਜਰ ਅਜੇ ਤੱਕ ਨਹੀਂ ਬਹੁੜਿਆ। ਕਿਤੇ ਪੰਜ ਸੌ ਲੈ ਕੇ ਤਿੱਤਰ ਹੀ ਨਾ ਹੋ ਗਿਆ ਹੋਵੇ? ਬੈਲੀ ਬੰਦਿਆਂ ਦਾ ਕੀ ਇਤਬਾਰ? ਨਾਲੇ ਜੁਗਾੜ ਸਿਉਂ ਦਾ ਤਾਂ ਕੋਈ ਪਤਾ ਟਿਕਾਣਾ ਵੀ ਨਹੀਂ ਸੀ, ਜਿੱਥੋਂ ਉਸ ਬਾਰੇ ਪੁੱਛ ਪੜਤਾਲ਼ ਹੋ ਸਕਦੀ? ਓਡਾਂ ਦੀ ਗੱਦੋਂ ਦਾ ਕੀ ਭਰੋਸਾ? ਬਾਬੇ ਦੇ ਯਾਰ, ਗਿੱਦੜ ਤੇ ਬਘਿਆੜ! ਉਹਦੇ ਮਿੱਤਰ-ਬੇਲੀ ਵੀ ਉਹਦੇ ਵਰਗੇ ਹੀ ਹਨ! ਕੀ ਪਤਾ ਕਿੱਥੇ ਟਿਕਾਣਾ ਕਰ ਲੈਣ? ਉਹ ਅਜੇ ਸੋਚ ਹੀ ਰਿਹਾ ਸੀ ਕਿ ਬਾਹਰੋਂ ਕਿਸੇ ਨੇ ਅਵਾਜ਼ ਮਾਰੀ।
_"ਜਾਗਰ ਸਿਆਂ ਘਰੇ ਈ ਐਂ...?"
ਉਸ ਨੇ ਪਿੱਠ ਭੁਆ ਕੇ ਦੇਖਿਆ ਤਾਂ ਜੰਗੀਰ ਚੌਂਕੀਦਾਰ ਡਾਂਗ ਲਈ ਦਰਵਾਜੇ ਵਿਚ ਅੜਿਆ ਜਿਹਾ ਖੜ੍ਹਾ ਸੀ।
-"ਉਏ ਆ ਬਈ ਜੰਗੀਰ...! ਕਿਵੇਂ ਸਾਝਰੇ ਈ ਦਰਸ਼ਣ ਦਿੱਤੇ? ਆ ਜਾਹ ਬੈਠ, ਚਾਹ ਪੀ...!"
-"ਨਹੀਂ ਜਾਗਰ ਸਿਆਂ, ਗੁਰੂ ਜਾਅਦੇ ਦੇਵੇ-ਮੈਂ ਕਾਹਲ਼ੀ 'ਚ ਐਂ!"

-"ਕੋਈ ਕੰਮ ਆਇਆ ਸੀ...?"
-"ਤੈਨੂੰ ਪੰਚੈਤ 'ਚ ਸੱਦਿਐ...।" ਚੌਂਕੀਦਾਰ ਨੇ ਦੱਸਿਆ।
-"ਕਿਉਂ...?" ਜਾਗਰ ਘੋਰ ਹੈਰਾਨ ਹੋ ਗਿਆ।
-"ਉਥੇ ਪੰਚੈਤ 'ਕੱਠੀ ਹੋਣੀ ਐਂ ਅੱਜ-ਤੈਨੂੰ ਪਤਾ ਈ ਨ੍ਹੀ...?" ਅੱਗਿਓਂ ਚੌਂਕੀਦਾਰ ਵੀ ਹੈਰਾਨ ਸੀ।
-"ਨ੍ਹਾ...! ਸਹੁੰ ਗੁਰੂ ਦੀ! ਕੀ, ਗੱਲ ਕੀ ਐ...?" ਜਾਗਰ ਦਾ ਮੂੰਹ ਗਿੱਦੜ ਦੀ ਖੱਡ ਵਾਂਗ ਖੁੱਲ੍ਹਾ ਸੀ।
-"ਸਾਰੇ ਪਿੰਡ 'ਚ ਤਾਂ ਬੂਅ-ਬੂਅ ਹੋਈ ਪਈ ਐ, ਜਾਗਰ ਸਿਆਂ-ਕਿੱਥੇ ਰਹਿੰਨੈਂ?"
-"ਰਹੀਦਾ ਤਾਂ ਪਿੰਡ 'ਚ ਈ ਐ-ਪਰ ਕਿਸੇ ਗੱਲ ਦਾ ਨ੍ਹੀ ਪਤਾ-ਸਹੁੰ ਦੁਆ ਲੈ!"
-"ਉਹ ਵੱਡੇ ਘਰ ਆਲ਼ੇ ਹਰਮਨ ਸਿਉਂ ਦੀ ਕੁੜੀ ਦਾ ਰੌਲ਼ਾ ਜਿਆ ਚੱਲਦੈ ਨਾ, ਕਨੇਡੇ ਆਲ਼ੇ ਪ੍ਰਾਹੁਣੇ ਨਾਲ਼।"
-"ਅੱਛਾ...! ਉਹ ਅਜੇ ਨਿੱਬੜਿਆ ਈ ਨ੍ਹੀ...?"
-"ਕਾਹਨੂੰ...! ਨਿੱਬੜੂ ਕਿੱਥੋਂ? ਅਗਲਾ ਤੀਹ ਲੱਖ ਦੀ ਢੂਹੀ ਮਾਰ ਕੇ ਗੱਡੀ ਬਣਿਆਂ! ਬਿਚਾਰੀ ਕੁੜੀ ਦੀ ਖੁਆਰੀ ਬਾਧੂ ਹੋਈ। ਐਹੋ ਜੇ ਪ੍ਰਾਹੁਣੇ ਦੇ ਤਾਂ ਜਾਗਰ ਸਿਆਂ ਸੱਥ 'ਚ ਖੜ੍ਹਾ ਕੇ ਗੋਲ਼ੀ ਮਾਰੇ...!"
-"ਨਾਲ਼ੇ ਕਸੂਰ 'ਕੱਲੇ ਪ੍ਰਾਹੁਣੇ ਦਾ ਈ ਨ੍ਹੀ-ਇਹਨਾਂ ਦਾ ਆਬਦਾ ਕਸੂਰ ਵੀ ਬਥੇਰੈ! ਤੂੰ ਬੈਠ! ਚਾਹ ਪਾਣੀ ਤਾਂ ਪੀਅ! ਕਾਹਨੂੰ ਭੱਜੂੰ ਭੱਜੂੰ ਕਰਦੈਂ...?"
-"ਨਹੀਂ ਜਾਗਰ ਸਿਆਂ, ਮੈਂ ਹੋਰ ਘਰੀਂ ਵੀ ਸੁਨੇਹੇਂ ਦੇਣੇ ਐਂ-ਮੈਂ ਬਹੁਤ ਕਾਹਲ਼ੀ 'ਚ ਐਂ!" 
-"ਚੱਲ ਠੀਕ ਐ! ਪੰਚੈਤ ਕਿੰਨੇ ਵਜੇ 'ਕੱਠੀ ਹੋਣੀ ਐਂ?"
-"ਬੱਸ ਤੂੰ ਤੁਰ ਪਾ...! ਅੱਗੇ ਈ ਲੇਟ ਐਂ।" ਤੇ ਚੌਂਕੀਦਾਰ ਆਪਣੀ ਡਾਂਗ ਸੰਭਾਲ਼ਦਾ ਤੁਰ ਗਿਆ।
ਜਾਗਰ ਸਿੰਘ ਸੋਚਾਂ ਵਿਚ ਪੈ ਗਿਆ।
......ਅਸਲ ਵਿਚ ਇਸ ਪਿੰਡ ਦੀ ਇਕ ਕੁੜੀ ਕੈਨੇਡਾ ਦੇ 'ਮੁੰਡੇ' ਨੂੰ ਵਿਆਹੀ ਹੋਈ ਸੀ। ਪਚਵੰਜਾ ਸਾਲਾਂ ਦਾ 'ਮੁੰਡਾ' ਜਦੋਂ ਕੈਨੇਡਾ ਤੋਂ ਪੰਜਾਬ ਆਇਆ ਤਾਂ ਉਸ ਨੇ ਪੰਜਾਬੀ ਦੇ ਇਕ ਮਸ਼ਹੂਰ ਅਖ਼ਬਾਰ ਵਿਚ "ਜੀਵਨ ਸਾਥਣ ਦੀ ਲੋੜ" ਦਾ ਇਸ਼ਤਿਹਾਰ ਦਿੱਤਾ। ਉਸ ਇਸ਼ਤਿਹਾਰ ਵਿਚ ਉਸ ਦੀ ਇਕ ਸਖ਼ਤ ਸ਼ਰਤ ਇਹ ਸੀ ਕਿ ਕੁੜੀ "ਬਾਂਝ" ਹੋਣੀਂ ਚਾਹੀਦੀ ਹੈ! ਗੱਲ ਕੀ? ਕੁੜੀਆਂ ਦਾ ਤਾਂਤਾ ਲੱਗ ਗਿਆ। ਮੁੰਡਾ ਫਿਰ ਵੀ ਕੈਨੇਡਾ ਤੋਂ ਆਇਆ ਹੋਇਆ ਸੀ। ਕੋਈ ਲੱਲੋ-ਪੱਤੋ ਗੱਲ ਤਾਂ ਨਹੀਂ ਸੀ? ਪਰ ਉਸ ਬੁੱਢੇ ਲਾੜੇ ਨੂੰ ਕੋਈ 'ਬਾਂਝ' ਕੁੜੀ ਨਹੀਂ ਮਿਲ਼ ਰਹੀ ਸੀ। ਮਿਲ਼ਦੀ ਵੀ ਕਿੱਥੋਂ? ਕੁੜੀ ਦੇ ਤਾਂ ਵਿਆਹ ਤੋਂ ਬਾਅਦ ਹੀ ਪਤਾ ਲੱਗਣਾ ਸੀ ਕਿ ਕੁੜੀ ਬੱਚਾ-ਬੱਚੀ ਜੰਮਣ ਦੇ ਕਾਬਲ ਹੈ ਵੀ ਕਿ ਨਹੀਂ? ਕੁਆਰੀ ਕੁੜੀ ਬਾਰੇ ਕਿੱਥੋਂ ਪਤਾ ਲੱਗ ਜਾਂਦਾ? ਇਸ਼ਤਿਹਾਰ ਦੇਣ ਵਾਲਾ ਵੀ ਬੇਵਕੂਫ਼ ਸੀ! ਜਾਂ ਤਾਂ ਉਹ ਇਸ਼ਤਿਹਾਰ ਵਿਚ ਇਹ ਵੇਰਵਾ ਪਾਉਂਦਾ ਕਿ ਛੱਡੀ ਛੁਡਾਈ ਜਾਂ ਤਲਾਕਸ਼ੁਦਾ ਬਾਂਝ 'ਔਰਤ' ਦੀ ਲੋੜ ਹੈ। ਗੱਲ ਫਿਰ ਵੀ ਸਮਝ ਵਿਚ ਆਉਣ ਵਾਲ਼ੀ ਸੀ। 
ਪਰ ਪੜ੍ਹੀਆਂ ਲਿਖੀਆਂ, ਵੀਹ-ਵੀਹ, ਬਾਈ-ਬਾਈ ਸਾਲ ਦੀਆਂ ਕਾਲਜੀਏਟ ਕੁੜੀਆਂ ਬਗੈਰ ਕਿਸੇ ਤਹਿਕੀਕਾਤ ਤੋਂ ਉਸ ਲਾੜੇ ਵੱਲ ਨੂੰ ਵਹੀਰਾਂ ਘੱਤ ਕੇ ਤੁਰ ਪਈਆਂ! ਸੋਚਣ ਦੀ ਕਿਸੇ ਨੇ ਕੋਈ ਜ਼ਰੂਰਤ ਹੀ ਨਹੀਂ ਸਮਝੀ ਸੀ! ਉਹ ਤਾਂ ਕੈਨੇਡਾ ਦਾ ਨਾਂ ਪੜ੍ਹ ਕੇ ਹੀ ਬੌਰੀਆਂ-ਬਾਂਵਰੀਆਂ ਹੋ ਤੁਰੀਆਂ। ਉਹਨਾਂ ਕੁੜੀਆਂ ਦੀ ਕਤਾਰ ਵਿਚ ਇਸ ਪਿੰਡ ਦੀ ਮਾਲੂਕ ਉਮਰ ਦੀ ਪੜ੍ਹੀ ਲਿਖੀ ਕੁੜੀ ਸੀਤਲ ਵੀ ਸੀ। ਜਦ ਉਸ ਨੇ ਇਹ ਇਸ਼ਤਿਹਾਰ ਆਪਣੇ ਮਾਂ-ਬਾਪ ਨੂੰ ਪੜ੍ਹਾਇਆ, ਤਾਂ ਉਹ ਵੀ ਦੁਬਿਧਾ ਵਿਚ ਪੈ ਗਏ। ਪਰ ਕੈਨੇਡਾ ਵਸਣ ਦੀ ਲਾਲਸਾ ਨੂੰ ਉਹਨਾਂ ਨੇ ਵੀ ਨਾ ਤਿਆਗਿਆ। ਹੁਣ ਵੱਡਾ ਰੌਲ਼ਾ ਤਾਂ 'ਬਾਂਝ' ਸਾਬਤ ਕਰਨ ਦਾ ਸੀ! 
ਉਹਨਾਂ ਦੇ ਘਰ ਵਿਚ ਰਾਤ ਨੂੰ ਇਕ 'ਪ੍ਰੀਵਾਰਕ-ਮੀਟਿੰਗ' ਹੋਈ। ਸਾਰੇ ਪ੍ਰੀਵਾਰ ਨੂੰ ਕੈਨੇਡਾ ਦਾ ਰਿਸ਼ਤਾ ਹੱਥੋਂ ਨਿਕਲ਼ ਜਾਣ ਦੇ ਡਰੋਂ ਗਸ਼ ਪੈਣ ਵਾਲ਼ੀ ਹੋਈ ਪਈ ਸੀ। 
-"ਤੁਸੀਂ ਇਕ ਕੰਮ ਕਰੋ...!" ਕੁੜੀ ਦੇ ਭਰਾ ਬਿੱਲੂ ਨੇ ਸ਼ੁਰੂਆਤ ਕੀਤੀ।
-"ਹਾਂ ਬੋਲ...?" ਸਾਰੇ ਗਿੱਦੜ ਹੁਆਂਕਣ ਵਾਂਗ ਉਸ ਵੱਲ ਝਾਕੇ।
-"ਤੁਸੀਂ ਜਾ ਕੇ ਮੁੰਡੇ ਦਾ ਮੂੰਹ ਸੁੰਘੋ!" 
-"ਭਲਿਓ ਮਾਣਸੋ, ਬਾਜ ਆ ਜਾਓ...! ਜਦੋਂ ਅਗਲੇ ਨੇ ਸ਼ਰਤ ਈ ਬਾਂਝ ਦੀ ਰੱਖੀ ਐ-ਤੁਸੀਂ ਅੱਡੀਆਂ ਚੱਕ ਕੇ ਜਰੂਰੀ ਫ਼ਾਹਾ ਲੈਣੈਂ...?" ਸੀਤਲ ਦੇ ਦਾਦੇ ਨੇ ਸਿਆਣੀਂ ਗੱਲ ਕੀਤੀ। ਉਹ ਫ਼ੌਜ ਵਿਚੋਂ ਕਰਨਲ ਪੈਨਸ਼ਨ ਆਇਆ ਹੋਇਆ ਸੀ।
-"ਬਾਪੂ ਤੂੰ ਚੁੱਪ ਕਰ ਜਿਆ ਕਰ...! ਤੈਨੂੰ ਪਤਾ ਨ੍ਹੀ ਸੁਤਾ ਨ੍ਹੀ-ਵਿਚ ਆਬਦਾ ਈ ਘੋੜ੍ਹਾ ਭਜਾ ਤੁਰਦੈਂ-ਤੈਥੋਂ ਜਾ ਕੇ ਪਿਆ ਨ੍ਹੀ ਜਾਂਦਾ? ਬੈਠਾ ਬੁੜ੍ਹੀਆਂ ਦੀਆਂ ਕੱਛਾਂ ਸੁੰਘੀ ਜਾਨਾ ਰਹਿੰਨੈਂ?" ਉਸ ਦੀ ਨੂੰਹ ਨੇ ਮੀਸਣਾਂ ਹਾਸਾ ਹੱਸ ਕੇ ਬਾਬੇ ਦੀ ਤਹਿ ਲਾ ਦਿੱਤੀ।
-"ਉਏ ਕਮਲਿ਼ਆ ਟੱਬਰਾ...! ਫੇਰ ਵੀ ਧੀ ਦਾ ਧਨ ਐਂ-ਕੁਛ ਤਾਂ ਸੋਚੋ! ਕਨੇਡਾ ਦਾ ਨਾਂ ਪੜ੍ਹ ਕੇ ਕਾਹਤੋਂ ਕਮਲ਼ੇ ਹੋ ਗਏ? ਆਪਣੇ ਘਰੇ ਕਾਹਦਾ ਘਾਟੈ?" ਬਜ਼ੁਰਗ ਨੇ ਦੁਹਾਈ ਦਿੱਤੀ। ਉਸ ਨੂੰ ਪੋਤੀ ਦੀ ਹੋਣੀਂ ਤੋਂ ਭੈਅ ਆਇਆ ਸੀ।
-"ਬਾਪੂ, ਤੈਨੂੰ ਬੇਇੱਜ਼ਤੀ ਕਰਵਾਉਣ ਦਾ ਕੋਈ ਚਾਅ ਐ? ਚੁੱਪ ਕਰਕੇ ਜਾ ਕੇ ਪਿਆ ਨ੍ਹੀ ਜਾਂਦਾ...?" ਉਸ ਦੇ ਪੁੱਤ ਹਰਮਨ ਸਿੰਘ ਨੇ ਵੀ ਆਪਣੀ ਘਰਵਾਲ਼ੀ ਪਰਮ ਕੌਰ ਦਾ ਪੱਖ ਹੀ ਪੂਰਿਆ ਤਾਂ ਬਜ਼ੁਰਗ "ਸੱਚੇ ਪਾਤਿਸ਼ਾਹ ਸਮੁੱਤ ਬਖ਼ਸ਼ ਇਹਨਾਂ ਨੂੰ" ਆਖ ਕੇ ਸੌਣ ਚਲਾ ਗਿਆ। ਪਰ ਉਸ ਦੇ ਹੱਥ ਵਾਲੀ ਡੰਗੋਰੀ ਜ਼ਰੂਰ ਕੰਬੀ ਸੀ!
-"ਲਓ, ਭਾਨੀਮਾਰ ਤਾਂ ਗਿਆ, ਚਲਿਆ-ਹੁਣ ਆਪਾਂ ਗੱਲ ਕਰੋ...!" ਮੁੰਡੇ ਬਿੱਲੂ ਨੇ ਆਖਿਆ।
-"ਇਹਨੂੰ ਹਰ ਕੰਮ 'ਚ ਲੱਤ ਅੜਾਉਣ ਦਾ ਬਾਹਲ਼ਾ ਈ ਚਾਅ ਚੜ੍ਹਿਆ ਰਹਿੰਦੈ-ਪਤਾ ਨ੍ਹੀ ਮਰ ਕੇ ਕਦੋਂ ਮਗਰੋਂ ਲਹੂ? ਇਹਦੇ ਭਾਅ ਦਾ ਅਸੀਂ ਸਾਰੇ ਕਮਲ਼ੇ ਈ ਤੁਰੇ ਫਿ਼ਰਦੇ ਐਂ!" ਬਾਬੇ ਦੀ ਨੂੰਹ ਪਰਮ ਕੌਰ ਗੁੱਝਾ ਜਿਹਾ ਹਾਸਾ ਹੱਸ ਕੇ ਬੋਲੀ।
-"ਪਾਪਾ ਜੀ ਈ ਬਾਹਲ਼ੀ ਚਾਪਲ਼ੂਸੀ ਕਰਨ ਲੱਗ ਜਾਂਦੇ ਐ-ਨਹੀਂ ਬਾਪੂ ਜੀ ਨੂੰ ਤਾਂ ਤਲੈਂਬੜ ਚਾਹੀਦੇ ਐ।" ਬਾਬੇ ਦਾ ਪੋਤਾ ਬਿੱਲੂ ਬਦਤਮੀਜ਼ਾਂ ਵਾਂਗ ਬੋਲਿਆ ਤਾਂ ਸਾਰੇ ਹੱਸ ਪਏ।
-"ਗੱਲ ਕਰਨ ਆਲ਼ੀ ਕਰੋ...!" ਸੀਤਲ ਦੇ ਪੜ੍ਹੇ ਲਿਖੇ ਬਾਪ ਹਰਮਨ ਸਿੰਘ ਨੇ ਆਖਿਆ। ਉਹ ਖੇਤੀਬਾੜੀ ਮਹਿਕਮੇਂ ਵਿਚ ਇੰਸਪੈਕਟਰ ਲੱਗਿਆ ਹੋਇਆ ਸੀ ਅਤੇ ਉਸ ਦੇ ਘਰਵਾਲ਼ੀ ਪਰਮ ਕੌਰ ਹਾਈ ਸਕੂਲ ਵਿਚ ਹੈੱਡ-ਮਾਸਟਰਨੀ ਸੀ। ਗੱਲ ਕੀ, ਸਾਰਾ ਪ੍ਰੀਵਾਰ ਹੀ ਪੜ੍ਹਿਆ ਲਿਖਿਆ ਹੋਇਆ ਸੀ। ਸੀਤਲ ਨੇ ਵੀ ਡਬਲ ਐੱਮ. ਏ. ਕਰ ਕੇ ਹੁਣ ਬੀ. ਐੱਡ ਕਰ ਰਹੀ ਸੀ। ਉਸ ਦਾ ਭਰਾ ਬਿੱਲੂ ਐੱਮ. ਐੱਸ. ਸੀ. ਕਰ ਰਿਹਾ ਸੀ। 
-"ਤੁਸੀਂ ਕੱਲ੍ਹ ਨੂੰ ਉਸ ਤੋਂ ਅਪਾਇੰਟਮੈਂਟ ਲਵੋ ਤੇ ਸਾਰੀ ਗੱਲ ਦੀ ਕਨਸੋਅ ਕੱਢੋ!" ਬਿੱਲੂ ਕੈਨੇਡਾ ਜਾਣ ਲਈ ਕੁਝ ਜਿ਼ਆਦਾ ਹੀ 'ਤੱਤਾ' ਸੀ।
-"ਪਰ ਗੱਲ ਹੋਰ ਐ-!" ਪਾਪਾ ਜੀ ਨੇ ਆਖਿਆ।
-"ਕੀ...?" ਉਸ ਦੇ ਘਰਵਾਲ਼ੀ ਬੋਲੀ।
-"ਹੁਣ ਤੁਸੀਂ ਨਾ ਬਾਪੂ ਜੀ ਵਾਂਗੂੰ ਕੋਈ ਨਵਾਂ ਸੱਪ ਕੱਢ ਲਿਓ! ਐਹੋ ਜੇ ਰਿਸ਼ਤੇ ਨਿੱਤ ਨਿੱਤ ਨ੍ਹੀ ਮਿਲ਼ਦੇ, ਜਨਾਬ!" ਉਹ ਆਪਣੇ ਘਰਵਾਲ਼ੇ ਵੱਲ ਇੰਜ ਝਾਕ ਰਹੀ ਸੀ। ਜਿਵੇਂ ਗੁਰਦੁਆਰੇ ਦਾ ਕੁੱਤਾ ਰੋਟੀ ਵਾਸਤੇ ਗਿਆਨੀ ਵੱਲ ਝਾਕਦੈ। 
-"ਉਏ, ਨਹੀਂ...! ਮੇਰੀ ਗੱਲ ਤਾਂ ਸੁਣ ਲਓ...!"
-"ਦੱਸੋ...?"
-"ਆਪਣੀ ਸੀਤਲ ਦੀ ਉਮਰ ਹੈਗੀ ਐ ਤੇਈ ਸਾਲ ਦੀ-ਤੇ ਇਸ਼ਤਿਹਾਰ ਅਨੁਸਾਰ ਉਸ ਮੁੰਡੇ ਦੀ ਉਮਰ ਲਿਖੀ ਐ ਪਚਵੰਜਾ ਸਾਲ!"
-"ਫੇਰ...? ਕੀ ਮਤਲਬ...?" ਸਾਰੇ ਉਸ ਵੱਲ ਵੱਢਖਾਣੀ ਝਾਕਣੀ ਝਾਕੇ। ਜਿਵੇਂ ਪਾਪਾ ਜੀ ਰਿਸ਼ਤੇ ਲਈ 'ਨਾਂਹ' ਕਰਨ ਲੱਗੇ ਸਨ। 
-"ਮਤਲਬ ਇਹ ਐ ਬਈ ਕੁੜੀ ਮੁੰਡੇ ਦਾ ਬੱਤੀ ਸਾਲ ਦਾ ਫ਼ਰਕ ਐ-।"
-"ਫੇਰ ਕੀ ਲੋਹੜ੍ਹਾ ਆ ਗਿਆ ਜੀ? ਤੁਸੀਂ ਵੀ ਬਣਦੇ ਕੰਮ ਵਿਗਾੜਨ ਆਲ਼ੇ ਓਂ-ਮੈਂ ਵੀ ਤੁਹਾਡੇ ਨਾਲੋਂ ਦਸ ਸਾਲ ਵੱਡੀ ਹੀ ਹਾਂ-ਆਪਾਂ ਵੀ ਤਾਂ ਬੜਾ ਵਧੀਆ ਵਸਦੇ ਰਸਦੇ ਆਂ?" ਉਸ ਨੇ 'ਰਸਦੇ' 'ਤੇ ਕਾਫ਼ੀ ਜ਼ੋਰ ਦਿੱਤਾ ਸੀ।
-"ਉਏ ਪਰਮ ਕੌਰੇ! ਮੁੰਡਾ ਹੈਗਾ ਪਚਵੰਜਾ ਸਾਲਾਂ ਦਾ-ਤੇ ਮੈਂ ਹੈਗਾਂ ਛਪੰਜਾ ਸਾਲਾਂ ਦਾ! ਕਹਿਣ ਦਾ ਮਤਲਬ, ਮੇਰਾ ਤੇ ਉਸ ਲੜਕੇ ਦਾ ਸਿਰਫ਼ ਇਕ ਸਾਲ ਦਾ ਈ ਫ਼ਰਕ ਐ-!"
-"ਫੇਰ ਕੀ ਪਰਲੋਂ ਆ ਗਈ?" ਘਰਵਾਲ਼ੀ ਤੁਰੰਤ ਬੋਲੀ।
-"ਵ੍ਹਾਏ ਆਰ ਯੂ ਸੋ ਮੈਡ, ਮੈਨ? ਲੋਕ ਕੀ ਆਖਣਗੇ? ਪ੍ਰਾਹੁਣਾਂ ਪਿਉ ਦੀ ਉਮਰ ਦਾ ਐ?"
-"ਲੋਕਾਂ ਦੇ ਮਾਰੋ ਗੋਲੀ਼...! ਆਪਾਂ ਪਿੰਡ 'ਚ ਵਿਆਹ ਕਰਨਾ ਈ ਨ੍ਹੀ! ਆਪਾਂ ਵਿਆਹ ਕਰਾਂਗੇ ਈ ਮੈਰਿਜ ਪੈਲਿਸ ਦੇ ਵਿਚ, ਸ਼ਹਿਰ...! ਗੱਲ ਮੁੱਕੀ ਰਾਂਦ ਕੱਟੀ!" ਪਰਮ ਕੌਰ ਨੇ ਉਸ ਦੀ ਅਗਲੀ ਮੁਸ਼ਕਿਲ ਵੀ ਹੱਲ ਕਰ ਦਿੱਤੀ। 
-"ਤੇ ਅਗਲੀ ਗੱਲ-!"
-"ਅਗਲੀ ਗੱਲ ਕੀ? ਹੁਣ ਹੋਰ ਕੀ ਰਹਿ ਗਿਆ, ਪਾਪਾ ਜੀ...?" ਸੀਤਲ ਬੋਲੀ। ਉਹ ਵੀ ਆਪਣੇ ਆਪ ਨੂੰ ਕੈਨੇਡਾ ਵਾਲੇ ਜਹਾਜ ਵਿਚ ਬੈਠੀ ਮਹਿਸੂਸ ਕਰ ਰਹੀ ਸੀ। ਜਿਹੜਾ ਵੈਨਕੂਵਰ ਜਾਂ ਟਰਾਂਟੋ ਉਡਾਰੀ ਮਾਰਨ ਲਈ ਤਿਆਰ ਸੀ।
-"ਇਸ਼ਤਿਹਾਰ ਵਿਚ ਸਾਫ਼ ਲਿਖਿਆ ਹੈ ਕਿ ਉਸ ਨੂੰ ਬਾਂਝ ਕੁੜੀ ਦੀ ਲੋੜ ਐ।"
-"ਦੇਖੋ ਜੀ...! ਅਗਲੇ ਦੀਆਂ ਵੀਹ ਮਜਬੂਰੀਆਂ ਹੁੰਦੀਐਂ-ਆਪਾਂ ਨੂੰ ਕੀ? ਆਪਾਂ ਅਗਲੇ ਦੀ ਪ੍ਰਾਈਵੇਸੀ 'ਚ ਕਿਉਂ ਦੇਖੀਏ? ਖਾਵੇ ਖਸਮਾਂ ਨੂੰ! ਅਗਲੇ ਦਾ ਪਹਿਲਾਂ ਵਿਆਹ ਕਰਵਾਇਆ ਹੋਣੈਂ? ਤੇ ਬੱਚੇ ਜੁਆਨ ਹੋਣਗੇ? ਅਗਲਾ ਇਹ ਈ ਸੋਚਦਾ ਹੋਊ ਬਈ ਅਗਲੀ ਦੇ ਕੋਈ ਬੱਚਾ ਨਾ ਹੋਵੇ-ਤਾਂ ਕਿ ਪਹਿਲੀ ਔਲ਼ਾਦ ਦਾ ਹਿੱਸਾ ਨਾ ਮਾਰਿਆ ਜਾਵੇ-ਮਤਲਬ ਪਹਿਲੀ ਔਲ਼ਾਦ ਦਾ ਕੋਈ ਸ਼ਰੀਕ ਨਾ ਜੰਮੇਂ-ਆਪਾਂ ਬੱਚੇ ਤੋਂ ਕਰਵਾਉਣਾ ਵੀ ਕੀ ਐ? ਬਥੇਰੀ ਦੁਨੀਆਂ ਬਗੈਰ ਔਲ਼ਾਦ ਤੋਂ ਫਿਰਦੀ ਐ-ਉਹ ਕਿਤੇ ਮਰ ਜਾਂਦੇ ਐ...?"
-"ਪਾਪਾ ਜੀ ਇਕ ਗੱਲ ਦੱਸਾਂ...? ਟੂ ਬੀ ਵੈਰ੍ਹੀ ਫ਼ਰੈਂਕ...! ਕੈਨੇਡਾ ਜਾਣ ਲਈ ਮੈਂ ਆਪਣੀ ਬੱਚੇਦਾਨੀ ਕਢਵਾਉਣ ਲਈ ਤਿਆਰ ਹਾਂ...!" ਕੁੜੀ ਨੇ ਅਜੀਬ ਹੀ ਭਾਖਿ਼ਆ ਦਿੱਤੀ।
-"......।" ਸਾਰੇ ਉਸ ਦੇ ਕਹਿਣ 'ਤੇ ਦੰਗ ਰਹਿ ਗਏ। ਆਪ ਕੈਨੇਡਾ ਪਹੁੰਚਣ ਅਤੇ ਪ੍ਰੀਵਾਰ ਨੂੰ ਕੈਨੇਡਾ ਪਹੁੰਚਾਉਣ ਲਈ ਸੀਤਲ ਸੂਲ਼ੀ 'ਤੇ ਚੜ੍ਹਨ ਲਈ ਤਿਆਰ ਖੜ੍ਹੀ ਸੀ!
-"ਮੇਰੇ ਬੇਸ 'ਤੇ ਤੁਸੀਂ ਸਾਰਾ ਪ੍ਰੀਵਾਰ ਕੈਨੇਡਾ ਪਹੁੰਚ ਜਾਵੋਂਗੇ-ਸੈੱਟਲ ਹੋ ਜਾਵੋਂਗੇ-ਦੁਨੀਆਂ ਆਪਣੇ ਭੈਣਾਂ ਭਰਾਵਾਂ ਲਈ ਆਪਣੀ ਕੁਰਬਾਨੀ ਦਿੰਦੀ ਆਈ ਐ-ਮੈਂ ਕੈਨੇਡਾ ਪਹੁੰਚਣ ਤੇ ਤੁਹਾਨੂੰ ਕੈਨੇਡਾ ਪਹੁੰਚਾਣ ਲਈ ਆਪਣੀ ਬੱਚੇਦਾਨੀ ਦੀ ਬਲੀ ਦਿਆਂਗੀ!" 
-"ਉਏ ਹਟਜੋ! ਉਏ ਦੁਸ਼ਟੋ...!!" ਪਾਸੇ ਇਕ ਖੂੰਜੇ ਵਿਚ ਖੜ੍ਹਾ ਬਜ਼ੁਰਗ ਚੀਕਿਆ। ਉਸ ਨੇ ਪਾਸੇ ਖੜ੍ਹ ਕੇ ਸਾਰੀਆਂ ਗੱਲਾਂ ਹੀ ਸੁਣ ਲਈਆਂ ਸਨ। ਬੱਚੇਦਾਨੀ ਕਢਵਾਉਣ ਵਾਲੀ ਮਨਹੂਸ ਗੱਲ ਉਸ ਤੋਂ ਜਰੀ ਨਹੀਂ ਗਈ ਸੀ।
-"ਉਏ, ਉਏ ਹਰਮਨ ਸਿਆਂ...! ਰੱਬ ਔਰਤ ਨੂੰ ਸਰਿਸ਼ਟੀ ਅੱਗੇ ਤੋਰਨ ਵਾਸਤੇ ਬੱਚੇਦਾਨੀ ਇਕ ਵਰਦਾਨ, ਇਕ ਦਾਤ ਵਜੋਂ ਬਖ਼ਸ਼ਦੈ! ਜੀਹਦੇ ਔਲ਼ਾਦ ਨਹੀਂ ਹੁੰਦੀ-ਲੋਕ ਉਸ ਔਰਤ ਨੂੰ ਡੈਣ ਆਖ ਕੇ ਦੁਰਕਾਰਦੇ ਐ! ਤੇ ਤੁਸੀਂ? ਤੁਸੀਂ ਆਪ ਇਹ ਦੁਰਕਾਰ ਹੱਥੀਂ ਕਬੂਲਣ ਦੀ ਗੱਲ ਕਰਦੇ ਓਂ? ਨਾ ਉਏ...! ਨਾ ਇਹ ਜੁਲਮ ਕਰੋ! ਨਾ ਰੱਬ ਦੇ ਸ਼ਰੀਕ ਬਣੋਂ ਉਏ! ਨਾ ਇਹ ਕਹਿਰ ਕਰੋ! ਉਹਤੋਂ ਡਰੋ...!" ਬਜ਼ੁਰਗ ਫਿਰ ਕੁਰਲਾਇਆ। ਉਹ ਵੀ ਪੜ੍ਹਿਆ ਲਿਖਿਆ, ਤੁਰਿਆ ਫਿਰਿਆ ਇਨਸਾਨ ਸੀ। ਰੱਬ ਨੂੰ ਮੰਨਣ ਵਾਲ਼ਾ ਬੰਦਾ ਸੀ।
-"ਇਹਨੂੰ ਤੋਰੋ ਤੁਸੀਂ! ਨਹੀਂ ਮੈਥੋਂ ਕੁਛ ਵੱਜੂ ਇਹਦੇ ਅੱਜ...!" ਪਰਮ ਕੌਰ ਨੇ ਆਪਣੇ ਘਰਵਾਲ਼ੇ ਨੂੰ ਆਖਿਆ।
-"ਬਾਪੂ, ਤੈਥੋਂ ਜਾ ਕੇ ਪਈਦਾ ਨ੍ਹੀ..? ਆਪਣੀ ਛੋਤ ਲੁਹਾਉਣ ਦਾ ਚਾਅ ਐ ਕੋਈ ਤੈਨੂੰ...?" 
-"ਉਏ ਮੈਂ ਤਾਂ ਤੁਰ ਜਾਨੈਂ! ਪਰ ਤੁਸੀਂ ਐਡਾ ਕਹਿਰ ਨਾ ਕਮਾਓ! ਸਾਰੇ ਪਛਤਾਵੋਂਗੇ...!" ਉਹ ਫਿ਼ੱਟ੍ਹ ਲਾਹਣਤ ਜਿਹੀ ਪਾ ਕੇ ਸੌਣ ਤੁਰ ਗਿਆ। ਗੱਲ ਸੁਣ ਕੇ ਬਜ਼ੁਰਗ ਨੂੰ ਅੱਚਵੀ ਹੀ ਤਾਂ ਲੱਗ ਗਈ ਸੀ।
-"ਤੁਸੀਂ ਗੱਲ ਕਰੋ! ਮੂੜ੍ਹ ਈ ਖ਼ਰਾਬ ਕਰਤਾ!" ਪਰਮ ਕੌਰ ਖਿਝ ਗਈ ਸੀ।
-"ਹਾਂ, ਤੁਸੀਂ ਈ ਦੱਸੋ ਮਾਲਕੋ!" ਹਰਮਨ ਸਿੰਘ ਨੇ ਪਰਮ ਕੌਰ ਨੂੰ ਕਿਹਾ। 
-"ਕੱਲ੍ਹ ਨੂੰ ਮੁੰਡੇ ਨਾਲ ਅਪਾਇੰਟਮੈਂਟ ਬਣਾਓ! ਤੇ ਸਾਰੀ ਗੱਲ ਦਾ ਜਾਇਜਾ ਲਵੋ!" ਪਰਮ ਕੌਰ ਨੇ ਆਪ ਹੀ ਗੱਲ ਨਬੇੜ ਦਿੱਤੀ।
ਹਰਮਨ ਸਿੰਘ ਨੇ ਬੜੀ ਵੱਡੀ ਕੋਠੀ ਆਪਣੇ ਪਿੰਡ, ਖੇਤਾਂ ਵਿਚ ਹੀ ਬਣਾਈ ਹੋਈ ਸੀ। ਪੈਸੇ ਦੀ ਕੋਈ ਕਮੀ ਨਹੀਂ ਸੀ। ਪ੍ਰਦੂਸ਼ਣ ਦੇ ਡਰੋਂ ਉਹ ਸ਼ਹਿਰ ਵਸਣੋਂ ਸੰਕੋਚ ਹੀ ਕਰ ਗਿਆ ਸੀ। ਗੱਲ ਅਗਲੇ ਦਿਨ 'ਤੇ ਛੱਡ ਕੇ ਸਾਰੇ ਸੌਂ ਗਏ। ਸੀਤਲ ਸਾਰੀ ਰਾਤ ਕੈਨੇਡਾ ਵਾਲ਼ੇ 'ਮੁੰਡੇ' ਦੀ ਬੁੱਕਲ਼ ਵਿਚ ਵੜੀ ਗੁੜ ਭੋਰਦੀ ਰਹੀ ਸੀ। ਆਪਣੇ ਕੈਨੇਡੀਅਨ ਲਾੜੇ ਨਾਲ ਡਲਹੌਜ਼ੀ ਦੀਆਂ ਪਹਾੜੀਆਂ ਵਿਚ 'ਹਨੀਮੂਨ' ਮਨਾਉਂਦੀ ਰਹੀ ਸੀ। ਕਦੇ ਦਿੱਲੀ ਦੇ ਏਅਰਪੋਰਟ 'ਤੇ ਫ਼ਲਾਈਟ ਦੀ ਉਡੀਕ ਕਰਦੀ ਸੀਤਲ ਆਪਣੇ ਆਪ ਨੂੰ 'ਵੇਟਿੰਗ-ਰੂਮ' ਵਿਚ ਬੈਠੀ ਦੇਖਦੀ। 
ਸਵੇਰੇ ਜਦ ਮਾਂ ਨੇ ਉਸ ਨੂੰ ਉਠਾਇਆ ਤਾਂ ਉਹ ਕੈਨੇਡੀਅਨ ਲਾੜੇ ਦੀਆਂ ਮਾਲੂਕ ਬਾਂਹਾਂ ਦੀ ਜਗਾਹ ਮਾਂ ਨੂੰ ਦੇਖ ਕੇ ਮੁਸਕਰਾ ਪਈ।
ਅਗਲੇ ਦਿਨ ਸੀਤਲ ਦੇ ਬਾਪ ਹਰਮਨ ਸਿੰਘ ਨੇ ਕੈਨੇਡੀਅਨ ਲਾੜੇ ਨਾਲ ਅਪਾਇੰਟਮੈਂਟ ਬਣਾ ਲਈ। ਅਗਲੇ ਦਿਨ ਚੰਡੀਗੜ੍ਹ ਦੇ ਫ਼ਾਈਵ ਸਟਾਰ ਹੋਟਲ ਵਿਚ ਮਿਲਣ ਦਾ, ਸਵੇਰੇ ਦਸ ਵਜੇ ਦਾ ਸਮਾਂ ਮਿਲ ਗਿਆ। ਹਰਮਨ ਸਿੰਘ ਨੇ ਆਪਣੀ ਕਾਰ ਧੋ ਸੁਆਰ ਲਈ। ਚੰਡੀਗੜ੍ਹ ਜਾਣ ਦੀ ਤਿਆਰੀ ਜੰਗੀ ਪੱਧਰ 'ਤੇ ਹੋ ਗਈ। 
ਮਾਂ ਦੇ ਆਖਣ 'ਤੇ ਅਗਲੇ ਦਿਨ ਸਾਝਰੇ ਹੀ ਸੀਤਲ 'ਬਿਊਟੀ ਪਾਰਲਰ' ਵੀ ਜਾ ਆਈ। ਉਹ ਤਾਂ ਵੈਸੇ ਹੀ ਬਹੁਤ ਸੁੰਦਰ ਸੀ। ਸੁਨੱਖੀ ਸੀ। ਬਿਊਟੀ ਪਾਰਲਰ ਜਾਣ ਦੀ ਤਾਂ ਉਸ ਨੂੰ ਵੈਸੇ ਵੀ ਕੋਈ ਜ਼ਰੂਰਤ ਨਹੀਂ ਸੀ। ਪਰ ਕੈਨੇਡੀਅਨ ਲਾੜੇ ਨੂੰ ਖ਼ੁਸ਼ ਕਰਨਾ ਸੀ। ਉਸ ਦੀ ਮਾਂ ਪਰਮ ਕੌਰ ਵੀ ਉਸ ਦੇ ਨਾਲ ਬਿਊਟੀ ਪਾਰਲਰ ਗਈ ਸੀ। ਜਿਵੇਂ ਮੰਡੀ 'ਤੇ ਲਿਜਾਣ ਤੋਂ ਪਹਿਲਾਂ ਬੁੱਢੀ ਮੱਝ ਦੇ, ਕਾਲ਼ੇ ਤੇਲ ਨਾਲ ਸਿੰਗ ਚੋਪੜ ਕੇ, ਰੰਗੀਲੀਆਂ ਨੱਥਾਂ ਪਾਈਦੀਐਂ! ਸੀਤਲ ਦੇ ਬਹਾਨੇ ਪਰਮ ਕੌਰ ਨੇ ਵੀ ਆਪਣੇ ਮੁਖੜੇ 'ਤੇ ਪਏ ਚਿੱਬ ਸਿੱਧੇ ਕਰਵਾ ਲਏ ਸਨ! ਦੇਖ ਕੇ ਹਰਮਨ ਦੰਗ ਰਹਿ ਗਿਆ।
-"ਪਰਮ, ਤੂੰ ਤਾਂ ਬਈ ਅੱਜ ਜਮਾਂ ਈ...! ਬਚ ਕੇ ਮੋੜ ਤੋਂ...!" ਉਸ ਨੇ ਘਰਵਾਲ਼ੀ ਨੂੰ ਛੇੜਿਆ, ਤਾਂ ਪਰਮ ਬੁੱਢੀ ਘੋੜ੍ਹੀ ਲਾਚੜ ਗਈ।
-"ਮੈਂ ਬੁੜ੍ਹੀ ਲੱਗਦੀ ਕਦੋਂ ਸੀ?" ਉਸ ਨੇ ਪਾਇਆ ਹੋਇਆ ਸੁਰਮਾਂ ਮਟਕਾਇਆ।
ਬਿੱਲੂ, ਸੀਤਲ, ਪਰਮ ਕੌਰ ਅਤੇ ਹਰਮਨ ਸਿੰਘ ਚੰਡੀਗੜ੍ਹ ਨੂੰ ਰਵਾਨਾ ਹੋ ਗਏ। 
ਉਹਨਾਂ ਦੀ ਕਾਰ ਉਡੀ ਜਾ ਰਹੀ ਸੀ।
ਤਕਰੀਬਨ ਸਾਢੇ ਕੁ ਨੌਂ ਵਜੇ ਉਹ ਚੰਡੀਗੜ੍ਹ ਪਹੁੰਚ ਗਏ। 
ਫ਼ਾਈਵ ਸਟਾਰ ਹੋਟਲ ਲੱਭਦਿਆਂ ਉਹਨਾਂ ਨੂੰ ਕੋਈ ਦੇਰ ਨਾ ਲੱਗੀ। ਹਰਮਨ ਲੱਗਭੱਗ ਸਾਰੇ ਚੰਡੀਗੜ੍ਹ ਤੋਂ ਹੀ ਵਾਕਿਫ਼ ਸੀ। ਉਹਨਾਂ ਨੇ ਹੋਟਲ ਦੀ ਪਾਰਕਿੰਗ ਵਿਚ ਕਾਰ ਖੜ੍ਹੀ ਕਰ ਦਿੱਤੀ। ਦਰਬਾਨ ਨੇ ਉਹਨਾਂ ਨੂੰ ਸਲੂਟ ਮਾਰਿਆ ਅਤੇ ਕਾਰ ਦਾ ਦਰਵਾਜਾ ਖੋਲ੍ਹਿਆ।
-"ਕੋਈ ਹੁਕਮ ਸਰ...?" ਦਰਬਾਨ ਨੇ ਬੜੀ ਨਿਮਰਤਾ ਨਾਲ ਲਿਫ਼ ਕੇ ਅਰਜ਼ ਕੀਤੀ।
-"ਅਸੀਂ ਮਿਸਟਰ ਬਲਰਾਜ ਬਰਾੜ ਨੂੰ ਮਿਲਣੈਂ!"
-"ਆ ਜਾਓ ਸਰ...!" ਦਰਬਾਨ ਉਹਨਾਂ ਨੂੰ ਅਗਵਾਈ ਦਿੰਦਾ ਹੋਇਆ ਅੱਗੇ ਲੱਗ ਤੁਰਿਆ। ਲਿਫ਼ਟ ਵਿਚ ਉਹਨਾਂ ਨੂੰ ਉਪਰ ਪਹੁੰਚਣ ਲਈ ਕੋਈ ਬਹੁਤਾ ਸਮਾਂ ਨਾ ਲੱਗਿਆ। ਤੀਜੀ ਮੰਜਿ਼ਲ 'ਤੇ ਪਹੁੰਚ ਕੇ ਦਰਬਾਨ ਨੇ ਇਕ 'ਸੁਈਟ' ਦੀ ਡੋਰ-ਬੈੱਲ ਖੜਕਾਈ। ਜਦੋਂ ਕਿਸੇ ਨੇ ਦਰਵਾਜਾ ਖੋਲ੍ਹਿਆ ਤਾਂ ਹਰਮਨ ਸਿੰਘ ਨੇ ਦਰਬਾਨ ਦਾ ਧੰਨਵਾਦ ਕਰਦਿਆਂ ਉਸ ਵਿਅਕਤੀ ਨੂੰ "ਮਿਸਟਰ ਬਲਰਾਜ ਬਰਾੜ" ਹੀ ਆਖਿਆ ਤਾਂ ਉਹ ਸਮਝ ਗਿਆ।
-"ਓਹ, ਯੈੱਸ...! ਮਿਸਟਰ ਬਲਰਾਜ ਬਰਾੜ? ਯੈੱਸ! ਆਓ-ਆਓ! ਪਲੀਜ਼ ਕਮ ਇੰਨ-ਪਲੀਜ਼ ਕਮ ਇੰਨ, ਸਰ!" ਉਹ ਸੋਹਣਾ ਸੁਨੱਖਾ ਵਿਅਕਤੀ ਦਰਬਾਨ ਨਾਲੋਂ ਵੀ ਜਿ਼ਆਦਾ ਲਿਫ਼-ਲਿਫ਼ ਪੈਂਦਾ ਸੀ।
ਜਦ ਉਹ ਅੱਗੇ 'ਲਾਊਂਜ' ਵਿਚ ਗਏ ਤਾਂ ਦਰਵਾਜਾ ਖੋਲ੍ਹਣ ਵਾਲੇ ਬੰਦੇ ਨੇ ਅੱਗੇ ਜਾਣ ਦਾ ਇਸ਼ਾਰਾ ਕਰ ਦਿੱਤਾ। ਇਕ ਅੱਧਖੜ੍ਹ ਆਦਮੀ ਬਾਲਕੋਨੀ ਵਿਚ ਬੈਠਾ ਕੌਫ਼ੀ ਪੀ ਰਿਹਾ ਸੀ। ਸਿਰ 'ਤੇ ਨਾਈਕੀ-ਟੋਪੀ, ਕੋਟ ਪੈਂਟ ਪਾਇਆ ਹੋਇਆ, ਟਾਈ ਲਾਈ ਹੋਈ ਅਤੇ ਧੁੰਦਲੇ ਜਿਹੇ ਮੌਸਮ ਵਿਚ ਵੀ ਉਸ ਨੇ ਕਾਲੀਆਂ ਐਨਕਾਂ ਲਾਈਆਂ ਹੋਈਆਂ ਸਨ। ਦੇਖਣ ਪਾਖਣ ਤੋਂ ਉਹ ਵਾਕਿਆ ਹੀ ਕੋਈ ਅਮੀਰ ਬੰਦਾ ਲੱਗਦਾ ਸੀ। 
ਉਸ ਨੇ ਉਠ ਕੇ ਬਿੱਲੂ ਅਤੇ ਹਰਮਨ ਸਿੰਘ ਨਾਲ ਹੱਥ ਮਿਲਾਇਆ।
ਹਰਮਨ ਨੇ ਆਪਣੇ ਪ੍ਰੀਵਾਰ ਦੀ ਜਾਣ-ਪਹਿਚਾਣ ਕਰਵਾਈ।
-"ਆਈ ਐੱਮ ਬਲਰਾਜ ਬਰਾੜ! ਹਾਓ ਆਰ ਯੂ...?" ਉਸ ਨੇ ਪੁੱਛਿਆ। ਦੇਖਣ ਤੋਂ ਤਾਂ ਹੱਟਾ ਕੱਟਾ, ਪਰ ਬੋਲਣ ਤੋਂ ਉਹ ਦਮੇਂ ਦਾ ਮਰੀਜ਼ ਜਿਹਾ ਲੱਗਦਾ ਸੀ। ਜਦ ਉਸ ਨੇ ਆਪਣੀ ਟੋਪੀ ਲਾਹ ਕੇ ਸਿਰ 'ਤੇ ਹੱਥ ਫੇਰਿਆ ਤਾਂ ਉਸ ਦਾ ਗੰਜ ਲਾਲਟੈਨ ਵਾਂਗ ਜਗਿਆ। ਗਿੱਚੀ ਪਿਛਲੇ ਵਾਲ਼ ਉਸ ਨੇ ਕਾਲ਼ੇ ਕੀਤੇ ਹੋਏ ਸਨ। ਉਸ ਨੇ ਕਾਲੀਆਂ ਐਨਕਾਂ ਲਾਹੀਆਂ ਤਾਂ ਚਿੱਤ-ਕਬਰੀਆਂ ਜਿਹੀਆਂ ਅੱਖਾਂ ਪਰਮ ਕੌਰ ਨੂੰ ਦੇਖ ਕੇ ਬੈਟਰੀ ਵਾਂਗ ਇਕ ਦਮ ਚਮਕੀਆਂ। ਕੈਨੇਡੀਅਨ ਹਰਮਨ ਦੀ ਘਰਵਾਲ਼ੀ ਨੂੰ ਨਿੱਖਰੀ ਤਿੱਖਰੀ ਦੇਖ ਕੇ ਹੀ ਬਾਂਦਰ ਵਾਂਗ ਲਾਚੜ ਗਿਆ ਸੀ। ਉਸ ਨੇ ਪਰਮ ਕੌਰ ਨੂੰ ਹੀ 'ਲਾੜੀ' ਸਮਝ ਲਿਆ ਸੀ।
-"ਇਹ ਲੜਕੀ...?" ਅਜੇ ਉਸ ਨੇ ਜ਼ੁਬਾਨ ਖੋਲ੍ਹੀ ਹੀ ਸੀ ਕਿ ਹਰਮਨ ਸਿੰਘ ਹਲ਼ਕਿਆਂ ਵਾਂਗ ਬੋਲ ਉਠਿਆ।
-"ਇਹ ਤਾਂ ਮੇਰੀ ਵਾਈਫ਼ ਹੈ, ਬਰਾੜ ਸਾਹਿਬ! ਅਸੀਂ ਤਾਂ ਆਪਣੀ ਆਹ ਲੜਕੀ ਤੁਹਾਨੂੰ ਦਿਖਾਉਣ ਆਏ ਸੀ।" ਹਰਮਨ ਨੇ ਸੀਤਲ ਵੱਲ ਹੱਥ ਕੀਤਾ ਤਾਂ ਕੈਨੇਡੀਅਨ ਦੀਆਂ ਅੱਖਾਂ ਵਿਚ ਫ਼ੁੱਲਝੜ੍ਹੀਆਂ ਜਗਣ ਬੁਝਣ ਲੱਗ ਪਈਆਂ। ਦਿਮਾਗ ਵਿਚ ਘੰਟੀਆਂ ਖੜਕੀਆਂ। 
-"ਓਹ ਯੈਅ! ਔਲ ਰਾਈਟ! ਔਲ ਰਾਈਟ! ਪਰ ਤੁਸੀਂ ਪੂਰਾ ਇਸ਼ਤਿਹਾਰ ਨਹੀਂ ਪੜ੍ਹਿਆ ਹੋਣਾ? ਮੈਂ ਉਸ ਵਿਚ ਬਾਂਝ ਕੁੜੀ ਬਾਰੇ ਲਿਖਿਆ ਸੀ-ਨਾ ਕਿ ਕੁਆਰੀ ਕੁੜੀ ਵਾਸਤੇ!" ਸ਼ਾਇਦ ਕੈਨੇਡੀਅਨ ਲਾੜਾ ਕੁੜੀ ਦੀ ਜਿ਼ੰਦਗੀ ਬਰਬਾਦ ਕਰਨ ਤੋਂ ਜਰਕਦਾ ਸੀ। ਉਹ ਹਰਮਨ ਅਤੇ ਸੀਤਲ ਵੱਲ ਦੇਖ ਕੇ ਹੱਸ ਪਿਆ।
-"ਕੈਨ ਆਈ ਟਾਕ ਟੂ ਯੂ, ਸਰ...?" ਸੀਤਲ ਨੇ ਠੰਢੀ ਸੀਤ ਅਵਾਜ਼ ਹੀ ਤਾਂ ਕੱਢੀ ਸੀ।
-"ਓਹ ਯੈੱਸ...! ਸ਼ੁਅਰ-ਸ਼ੁਅਰ! ਗੋ ਔਨ...! ਸਪੀਕ...!" ਕੈਨੇਡੀਅਨ ਬੇਸੁਰਤ ਹੋਣ ਵਾਲਾ ਹੀ ਤਾਂ ਹੋ ਗਿਆ ਸੀ।
-"ਅਸੀਂ ਆਪਣੇ ਘਰ ਰੈਅ ਕੀਤੀ ਸੀ-।"
-"ਕੀ...?" ਉਸ ਨੇ ਫਿਰ ਕਾਲੀਆਂ ਐਨਕਾਂ ਚਾੜ੍ਹ ਲਈਆਂ। ਉਹ ਖੂਹ 'ਤੇ ਜੋੜੇ ਬੋਤੇ ਵਰਗਾ ਲੱਗਣ ਲੱਗ ਪਿਆ ਸੀ।
-"ਮੈਂ ਕੁਆਰੀ ਕੁੜੀ ਹਾਂ-ਬਾਂਝ ਹੋਣ ਜਾਂ ਨਾ ਹੋਣ ਦਾ ਮੈਨੂੰ ਕੋਈ ਪਤਾ ਨਹੀਂ-ਪਰ ਮੈਂ ਆਪ ਦੀ ਸ਼ਰਤ ਪੂਰੀ ਕਰਨ ਲਈ ਆਪਣੀ ਬੱਚੇਦਾਨੀ ਕਢਵਾ ਸਕਦੀ ਹਾਂ!" ਸੀਤਲ ਨੇ ਗੱਲ ਪੂਰੀ ਕੀਤੀ ਤਾਂ ਕੈਨੇਡੀਅਨ ਕੁੜੀ ਦੇ ਅਨੋਖੇ ਅਤੇ ਭਿਆਨਕ ਫ਼ੈਸਲੇ 'ਤੇ ਸਤੰਭ ਰਹਿ ਗਿਆ। 
-"ਵਾਅਟ? ਇਤਨਾ ਵੱਡਾ ਫ਼ੈਸਲਾ ਕਿਉਂ?" ਕੈਨੇਡੀਅਨ ਨੇ ਹੈਰਾਨ ਹੋ ਕੇ ਪੁੱਛਿਆ ਤਾਂ ਗੱਲ ਸੀਤਲ ਦੀ ਮਾਂ ਨੇ ਆਪਣੇ ਹੱਥ ਲੈ ਲਈ। 
-"ਬਰਾੜ ਸਾਹਬ ਗੱਲ ਇਹ ਐ-ਕਿ ਸੀਤਲ ਬੜੀ ਪੜ੍ਹੀ ਲਿਖੀ ਕੁੜੀ ਹੈ-ਡਬਲ ਐੱਮ. ਏ. ਕਰਕੇ ਬੀ. ਐੱਡ ਕਰ ਰਹੀ ਹੈ-ਇਸ ਦੀ ਸਿਰਫ਼ ਇਕ ਹੀ ਸ਼ਰਤ ਕਹਿ ਲਵੋ ਜਾਂ ਜਿ਼ਦ ਆਖ ਲਵੋ ਕਿ ਜੇ ਵਿਆਹ ਕਰਵਾਉਣਾ ਹੈ, ਤਾਂ ਕਿਸੇ ਕੈਨੇਡੀਅਨ ਮੁੰਡੇ ਨਾਲ ਹੀ ਕਰਵਾਉਣਾ ਹੈ, ਨਹੀਂ ਤਾਂ, ਨਹੀਂ...!" ਪਰਮ ਕੌਰ ਨੇ ਸਾਫ਼ ਗੱਲ ਆਖ ਦਿੱਤੀ।
-"ਠੀਕ ਹੈ! ਆਈ ਕੈਨ ਅੰਡਰਸਟੈਂਡ ਦੈਟ! ਪਰ ਇਹ ਸੋਹਣੀ ਸੁਨੱਖੀ ਕੁੜੀ ਐ-ਇਹਨੂੰ ਤਾਂ ਬਹੁਤ ਸੋਹਣੇ ਸੁਨੱਖੇ ਜੁਆਨ ਮੁੰਡੇ ਮਿਲ ਜਾਣਗੇ-ਮੇਰੀ ਉਮਰ ਦਾ ਆਪ ਨੂੰ ਪਤਾ ਹੀ ਹੈ?" ਕੈਨੇਡੀਅਨ ਸੀਤਲ ਨਾਲ ਵਿਆਹ ਕਰਵਾਉਣ ਤੋਂ ਮੁਨੱਕਰ ਸੀ। ਪਰ ਮਾਪੇ ਉਸ ਨੂੰ ਕੈਨੇਡੀਅਨ ਨਾਲ 'ਨਰੜਨ' ਲਈ ਮੁੱਠੀਆਂ ਵਿਚ ਥੁੱਕੀ ਬੈਠੇ ਸਨ। ਪੱਬਾਂ ਭਾਰ ਹੋਏ ਪਏ ਸਨ!
-"ਯੈੱਸ! ਆਈ ਨੋਅ ਅਬਾਊਟ ਯੂਅਰ ਏਅਜ! ਡੋਂਟ ਵਰੀ ਅਬਾਊਟ ਦੈਟ, ਸਰ! ਆਈ ਵਾਂਟ ਟੂ ਮੈਰੀ ਯੂ!" ਸੀਤਲ ਨੇ ਉਸ ਨੂੰ ਅੰਗਰੇਜ਼ੀ ਵਿਚ ਉਤਰ ਦਿੱਤਾ। ਜਦ ਕਿ ਕੈਨੇਡੀਅਨ ਪੰਜਾਬੀ ਬੋਲਣ ਵਿਚ ਹੀ ਮਾਣ ਮਹਿਸੂਸ ਕਰਦਾ ਸੀ।
-"ਮੇਰੀ ਉਮਰ ਪਚਵੰਜਾ ਸਾਲ ਦੀ ਐ-ਮੇਰੀ ਪਹਿਲੀ ਘਰਵਾਲ਼ੀ ਹਾਰਟ ਅਟੈਕ ਹੋਣ ਕਾਰਨ ਐਕਸਪਾਇਰ ਹੋ ਚੁੱਕੀ ਐ-ਮੇਰੇ ਤਿੰਨ ਬੱਚੇ ਨੇ-ਉਹਨਾਂ ਦੀ ਉਮਰ ਬੱਤੀ ਸਾਲ ਤੋਂ ਅਠਾਈ ਸਾਲਾਂ ਦੇ ਵਿਚਕਾਰ ਹੈ-ਮੇਰੇ ਤਾਂ ਬੱਚੇ ਵੀ ਤੁਹਾਡੇ ਨਾਲੋਂ ਵੱਡੇ ਐ-।"
-"ਆਈ ਡੋਂਟ ਕੇਅਰ, ਬਰਾੜ ਸਾਹਿਬ...! ਬਿਲੀਵ ਮੀ...! ਮੈਨੂੰ ਕੋਈ ਫ਼ਰਕ ਨਹੀਂ-ਤੁਸੀਂ ਮੇਰੇ 'ਤੇ ਵਿਸ਼ਵਾਸ ਕਰੋ!" ਸੀਤਲ ਨੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਆਖਰੀ ਫ਼ੈਸਲਾ ਸੁਣਾ ਦਿੱਤਾ।
ਬਰਾੜ ਹੱਸ ਪਿਆ।
ਉਸ ਨੂੰ ਕੁੜੀ ਦੇ ਘਾਤਿਕ ਫ਼ੈਸਲੇ ਬਾਰੇ ਮਹਿਸੂਸ ਕਰ ਲਿਆ ਸੀ।
-"ਆਪਾਂ ਇਉਂ ਕਰਦੇ ਐਂ...! ਤੁਸੀਂ ਕੱਲ੍ਹ ਆ ਜਾਓ-ਫੇਰ ਕੋਈ ਫ਼ੈਸਲਾ ਕਰ ਲਵਾਂਗੇ...! ਹੋ ਸਕਦੈ, ਉਸ ਤੋਂ ਪਹਿਲਾਂ ਮੈਨੂੰ ਮੇਰੀ ਇੱਛਾ ਅਨੁਸਾਰ ਕੋਈ ਕੁੜੀ ਮਿਲ ਜਾਵੇ..?" ਬਰਾੜ ਨੇ ਕਿਹਾ। ਉਹ ਪੜ੍ਹੀ ਲਿਖੀ ਕੁੜੀ ਨਾਲ ਖਿਲਵਾੜ੍ਹ ਕਦਾਚਿੱਤ ਨਹੀਂ ਕਰਨਾ ਚਾਹੁੰਦਾ ਸੀ। ਸਾਰੇ ਮਾਯੂਸ ਜਿਹੇ ਹੋ ਗਏ। ਉਹਨਾਂ ਦੀਆਂ ਆਸਾਂ 'ਤੇ ਪਾਣੀ ਫਿਰਦਾ ਨਜ਼ਰ ਆਉਂਦਾ ਸੀ।
-"ਕਦੋਂ ਆਈਏ ਬਰਾੜ ਸਾਹਿਬ...?" ਸੀਤਲ ਉਸ ਦਾ ਖਹਿੜ੍ਹਾ ਨਹੀਂ ਛੱਡ ਰਹੀ ਸੀ।
-"ਸਾਨੂੰ ਪੱਕਾ ਟਾਈਮ ਦੇ ਦਿਓ...!" ਸੀਤਲ ਦੀ ਮਾਂ ਪਰਮ ਕੌਰ, ਚੋਰ ਨਾਲੋਂ ਪੰਡ ਕਾਹਲ਼ੀ ਸੀ।
-"ਤੁਸੀਂ ਪਰਸੋਂ ਦਸ ਵਜੇ ਹੀ ਆ ਜਾਓ...! ਵਿਚਾਰ ਕਰ ਲਵਾਂਗੇ...।"
ਉਹ ਨਿਰਾਸ਼ ਜਿਹੇ ਹੋ ਕੇ ਮੁੜ ਆਏ। 
ਉਹਨਾਂ ਦੀ ਮਨ ਵਿਚ ਚਿਤਵੀ ਖ਼ੁਸ਼ੀ ਪੂਰੀ ਨਹੀਂ ਹੋਈ ਸੀ। ਉਹ ਤਾਂ ਸਾਰਾ ਟੱਬਰ ਹੀ ਰੰਗੀਲੇ ਸੁਪਨੇ ਲੈ ਰਿਹਾ ਸੀ। ਪਰ ਸੁਪਨੇ ਤਾਂ ਅਧੂਰੇ ਹੀ ਰਹਿੰਦੇ ਨਜ਼ਰ ਪੈ ਰਹੇ ਸਨ। ਸਾਰੇ ਪ੍ਰੀਵਾਰ ਨੂੰ ਕੈਨੇਡਾ ਜਾਣ ਦਾ ਜਨੂੰਨ ਸਿਰ ਨੂੰ ਚੜ੍ਹਿਆ ਹੋਇਆ ਸੀ। ਬਾਹਰ ਵਸਣ ਦੀ ਅੱਚਵੀ ਜਿਹੀ ਲੱਗੀ ਹੋਈ ਸੀ। ਕੈਨੇਡਾ ਪਹੁੰਚਣ ਦਾ ਝੱਲ ਸੀ! ਕੁੜੀ ਚਾਹੇ ਡਿੱਗੇ ਅੰਨ੍ਹੇ ਬੋਲ਼ੇ ਖੂਹ 'ਚ! ਨਾਲੇ ਕੁੜੀ ਕਿਹੜਾ ਘੱਟ ਸੀ? ਉਹ ਕੈਨੇਡੀਅਨ ਦੀ ਪਤਨੀ ਬਣਨ ਲਈ ਆਪਣੀ ਬੱਚੇਦਾਨੀ ਦੀ ਬਲੀ ਦੇਣ ਲਈ ਤਿਆਰ ਸੀ। ਸਿਰਫ਼ ਇਕ ਵਾਰ ਕੈਨੇਡੀਅਨ, ਬਰਾੜ ਦੀ 'ਹਾਂ' ਦੀ ਹੀ ਲੋੜ ਸੀ! ਉਧਰ ਕੈਨੇਡੀਅਨ ਫਿਰ ਵੀ ਇਸ ਪੱਖੋਂ ਮਾੜਾ ਨਹੀਂ ਸੋਚ ਰਿਹਾ ਸੀ। ਉਹ ਕੁੜੀ ਦਾ ਖ਼ੁਸ਼ਹਾਲ ਜੀਵਨ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਸੀਤਲ ਆਪਣੀ ਬੱਚੇਦਾਨੀ ਕਢਵਾਵੇ! ਪ੍ਰਮਾਤਮਾ ਔਰਤ ਨੂੰ ਵੇਲ ਵਧਾਉਣ ਲਈ ਬੱਚੇਦਾਨੀ ਦਾ ਵਰ, ਇਕ ਸਾਧਨ ਪ੍ਰਦਾਨ ਕਰਦਾ ਹੈ। ਪਰ ਸੀਤਲ ਦੀ ਸੁੰਦਰਤਾ ਦੇਖ ਕੇ ਉਹ ਡੋਲ ਜ਼ਰੂਰ ਗਿਆ ਸੀ। ਸੁੰਦਰਤਾ ਦੇਖ ਕੇ ਤਾਂ ਦੇਵਤੇ ਅਤੇ ਸਾਧ ਸੰਤ ਡੋਲ ਜਾਂਦੇ ਹਨ। ਫਿਰ ਕੈਨੇਡੀਅਨ, ਬਰਾੜ ਤਾਂ ਕਿਹੜੇ ਬਾਗ਼ ਦੀ ਮੂਲ਼ੀ ਸੀ? 
ਤੀਜੇ ਦਿਨ ਹਰਮਨ ਸਿੰਘ ਹੋਰੀਂ ਦਿੱਤੇ ਸਮੇਂ ਅਨੁਸਾਰ ਬਰਾੜ ਕੋਲ਼ ਭੂਤ ਵਾਂਗ ਜਾ ਵੱਜੇ! ਵਿਚਕਾਰਲਾ ਸਮਾਂ ਉਹਨਾ ਦਾ ਮਸਾਂ ਹੀ ਬੀਤਿਆ ਸੀ। ਰੁਕਿਆ ਸਮਾਂ ਉਹਨਾਂ ਨੇ 'ਰੱਬ-ਰੱਬ' ਕਰਕੇ ਲੰਘਾਇਆ ਸੀ। ਜਿਵੇਂ ਟਾਈਮ ਉਹਨਾਂ ਦਾ ਵੈਰੀ ਸੀ। ਜਿਹੜਾ ਜਲਦੀ ਨਹੀਂ ਬੀਤਦਾ ਸੀ। 
ਬਰਾੜ ਨੇ ਉਹਨਾਂ ਦਾ ਸੁਆਗਤ ਕੀਤਾ।
ਗੱਲਾਂ ਬਾਤਾਂ ਹੋਈਆਂ ਤਾਂ ਸੀਤਲ ਦੀ ਮਾਂ ਪਰਮ ਕੌਰ ਨੇ ਇੱਕੋ ਵਿਚ ਹੀ ਗੱਲ ਨਬੇੜ ਦਿੱਤੀ।
-"ਬਰਾੜ ਸਾਹਿਬ, ਗੱਲ ਇਹ ਐ! ਬਈ ਜੇ ਅਸੀਂ ਆਪਣੀ ਸੀਤਲ ਵਿਆਹੁੰਣੀ ਹੈ ਤਾਂ ਸਿਰਫ਼ ਤੁਹਾਡੇ ਨਾਲ ਹੀ ਵਿਆਹੁੰਣੀਂ ਐਂ-ਨਹੀਂ ਅਸੀਂ ਕੁੜੀ ਦੀ ਸ਼ਾਦੀ ਹੀ ਨਹੀਂ ਕਰਨੀ! ਅਸੀਂ ਸੀਤਲ ਦੀ ਬੱਚੇਦਾਨੀ ਵਿਆਹ ਤੋਂ ਪਹਿਲਾਂ ਪਹਿਲਾਂ ਕਢਵਾ ਦਿਆਂਗੇ।" 

-"......।" ਬਰਾੜ ਚੁੱਪ ਰਿਹਾ।
-"ਇਕ ਵਾਅਦਾ ਤੁਹਾਡੇ ਨਾਲ ਕਰਦੀ ਐਂ-ਜੇ ਤੁਸੀਂ ਮੈਨੂੰ ਸਵੀਕਾਰ ਨਾ ਕੀਤਾ-ਤਾਂ ਮੈਂ ਕੁਛ ਖਾ ਕੇ ਮਰ ਜਾਂਵਾਂਗੀ! ਦੇਖ ਲਓ ਤੁਹਾਡੀ ਖਾਤਰ ਕਿੱਡੀ ਕੁਰਬਾਨੀ ਕਰਨ ਨੂੰ ਤਿਆਰ ਹਾਂ-ਤੁਹਾਨੂੰ ਅਜੇ ਵੀ ਮੇਰੇ 'ਤੇ ਇਤਬਾਰ ਨਹੀਂ?" ਜਦ ਸੀਤਲ ਨੇ ਆਪਣਾ ਬਚਨ ਸੁਣਾਇਆ, 'ਕੁਰਬਾਨੀ' ਰੜਕਾਈ ਤਾਂ ਬਰਾੜ ਹੈਰਾਨ ਰਹਿ ਗਿਆ।
-"ਗੱਲ ਇਹ ਐ!" ਬਰਾੜ ਨੇ ਆਪਣਾ ਮੂੰਹ ਖੋਲ੍ਹਿਆ।
-"......।" ਸਾਰਿਆਂ ਨੇ ਭਵਿੱਖਬਾਣੀ ਲਈ ਆਪਣੇ ਕੰਨ ਚੁੱਕੇ। ਇਹ ਪ੍ਰਤੱਖ ਉਹਨਾਂ ਦੇ ਭਵਿੱਖ ਦਾ ਸੁਆਲ ਸੀ। ਉਹਨਾਂ ਦੇ ਦਿਲ ਫੜੇ ਕਬੂਤਰ ਵਾਂਗ 'ਫ਼ੜੱਕ-ਫ਼ੜੱਕ' ਵੱਜ ਰਹੇ ਸਨ। 
-"ਸੀਤਲ, ਤੇਰੇ ਜਿੱਡੇ ਜਿੱਡੇ, ਆਈ ਮੀਨ ਤੇਰੇ ਜਿੱਡੇ ਜਿੱਡੇ ਤਾਂ ਕੀ...? ਮੇਰੇ ਤਾਂ ਬੱਚੇ ਵੀ ਤੇਰੇ ਤੋਂ ਉਮਰ 'ਚ ਕਾਫ਼ੀ ਵੱਡੇ ਐ।" ਬਰਾੜ ਨੇ ਸੱਚ ਕਿਹਾ।
-"ਫਿਰ ਕੀ ਹੋ ਗਿਆ, ਬਰਾੜ ਸਾਹਿਬ? ਮੈਂ ਇਹਨਾਂ ਤੋਂ ਪੂਰੇ ਦਸ ਸਾਲ ਵੱਡੀ ਐਂ-ਸਾਡਾ ਬੜਾ ਵਧੀਆ ਨਿਭਾਅ ਹੋਈ ਜਾਂਦੈ-ਕਦੇ ਉਨੀਂ ਇੱਕੀ ਨਹੀਂ ਹੋਈ।" ਪਰਮ ਕੌਰ ਬੋਲੀ।
-"ਬਰਾੜ ਸਾਹਿਬ, ਇਹ ਦਿਲ ਮਿਲਿ਼ਆਂ ਦਾ ਮੇਲੈ! ਕੌਣ ਗੁਰੂ ਤੇ ਕੌਣ ਚੇਲਾ? ਮੈਂ ਤੁਹਾਡੇ ਨਾਲ ਇਕ ਵਾਅਦਾ ਕਰਦੀ ਐਂ ਕਿ ਮੇਰੇ ਵੱਲੋਂ, ਮੇਰੇ ਵੱਲੋਂ ਕੀ? ਸਾਡੇ ਸਾਰੇ ਪ੍ਰੀਵਾਰ ਵੱਲੋਂ ਤੁਹਾਨੂੰ ਕੋਈ ਉਲਾਂਭਾ ਨਹੀਂ ਆਵੇਗਾ।" ਸੀਤਲ ਨੇ ਭੌਣ ਤੋਂ ਵੱਢ ਦਿੱਤੀ। ਉਸ ਦੀ ਸੀਤ ਅਵਾਜ਼ ਸੁਣ ਕੇ ਬਰਾੜ ਬੇਹੇ ਪਾਣੀ ਵਿਚ ਬੈਠ ਗਿਆ। ਉਸ ਨੂੰ ਕੁਝ ਸੁੱਝ ਨਹੀਂ ਰਿਹਾ ਸੀ।
-"ਜੇ ਸੀਤਲ ਨੂੰ ਇਜਾਜ਼ਤ ਹੋਵੇ, ਤਾਂ ਮੈਂ ਅੱਧਾ ਕੁ ਘੰਟਾ ਇਹਦੇ ਨਾਲ ਅੰਦਰ ਜਾ ਕੇ 'ਕੱਲਾ ਕੋਈ ਗੱਲ ਕਰ ਸਕਦੈਂ..? ਕੋਈ ਪ੍ਰਾਈਵੇਸੀ ਐ..!" ਬਰਾੜ ਨੇ ਇਜਾਜ਼ਤ ਮੰਗੀ।
-"ਕਿਉਂ ਨਹੀਂ...? ਜਾਓ...!" ਹਰਮਨ ਸਿੰਘ ਦੀ ਥਾਂ ਪਰਮ ਕੌਰ ਨੇ ਵਾਰੀ ਲਈ। 
-"ਸਿਰਫ਼ ਅੱਧਾ ਘੰਟਾ...!" ਬਰਾੜ ਨੇ ਫਿਰ ਦੁਹਰਾਇਆ।
-"ਚਾਹੇ ਘੰਟਾ ਲਾਓ ਜੀ...! ਗੱਲਾਂ ਬਾਤਾਂ ਕਰਕੇ ਅੰਡਰਸਟੈਂਡਿੰਗ ਹੋ ਜਾਂਦੀ ਐ।" ਹਰਮਨ ਸਿੰਘ ਬੋਲਿਆ।
ਉਹ ਅੰਦਰ ਚਲੇ ਗਏ।
ਸੀਤਲ ਬਰਾੜ ਦੇ ਇਕ ਤਰ੍ਹਾਂ ਨਾਲ ਪੈਰ ਮਿੱਧਦੀ ਗਈ ਸੀ। ਕੈਨੇਡੀਅਨ ਬਰਾੜ ਨੇ ਉਸ ਨੂੰ ਇਕੱਲੀ ਨੂੰ ਸਮਾਂ ਦਿੱਤਾ ਸੀ। ਕੋਈ ਐਰੀ ਗੈਰੀ ਗੱਲ ਨਹੀਂ ਸੀ। ਉਹ ਬਰਾੜ ਦੀ ਧੰਨਵਾਦਣ ਸੀ। ਸ਼ੁਕਰਗੁਜ਼ਾਰ ਸੀ!
ਬਰਾੜ ਉਸ ਨੂੰ ਇਕ ਹੋਰ ਵਿਸ਼ਾਲ ਕਮਰੇ ਵਿਚ ਲੈ ਗਿਆ। ਅੰਦਰ ਜਾ ਕੇ ਉਸ ਨੇ ਵਿਸਕੀ ਦੀ ਬੋਤਲ ਨੂੰ ਹੱਥ ਪਾ ਲਿਆ।
-"ਸੀਤਲ, ਮੈਂ ਸ਼ਰਾਬ ਪੀਨੈਂ।" 
-"ਤੁਸੀਂ ਕੀ? ਸਾਰੀ ਦੁਨੀਆਂ ਈ ਪੀਂਦੀ ਐ ਬਰਾੜ ਸਾਹਿਬ! ਬੰਦੇ ਪੀਂਦੇ ਈ ਹੁੰਦੇ ਐ।"
ਉਹ ਹੱਸ ਪਿਆ ਅਤੇ ਇਕ ਤਕੜਾ ਪੈੱਗ ਲਾ ਕੇ ਸੀਤਲ ਦੇ ਸਾਹਮਣੇ ਬੈਠ ਗਿਆ।
-"ਸੀਤਲ! ਮੇਰੇ ਤਿੰਨ ਬੱਚੇ ਐ।"
-"ਉਹ ਤਾਂ ਤੁਸੀਂ ਪਹਿਲਾਂ ਵੀ ਦੱਸ ਚੁੱਕੇ ਹੋ! ਵਾਰ ਵਾਰ ਰਿਪੀਟ ਕਿਉਂ ਕਰਦੋ ਹੋ!"
-"ਮੇਰੀ ਲੜਕੀ ਤੇ ਇਕ ਲੜਕਾ ਡਾਕਟਰ ਨੇ-ਦੂਜਾ ਲੜਕਾ ਇਸਟੇਟ ਏਜੰਟ ਐ।"
-"ਔਲ ਰਾਈਟ...!"
-"ਉਹਨਾਂ ਦੀ ਉਮਰ ਤੈਥੋਂ ਕਿਤੇ ਵੱਡੀ ਐ।"
-"ਫੇਰ ਕੀ ਹੋਇਆ...?" ਉਸ ਨੇ ਲਾਪ੍ਰਵਾਹੀ ਦਿਖਾਈ। ਉਹ ਤੱਟ ਫ਼ੱਟ ਉਤਰ ਮੋੜ ਰਹੀ ਸੀ।
-"ਇਕ ਹੋਰ ਸੱਚੀ ਗੱਲ-!"
-"......।" ਸੀਤਲ ਨੇ ਨਵੀਂ ਖ਼ਬਰ ਲਈ ਅੱਖਾਂ ਉਪਰ ਚੁੱਕੀਆਂ।
-"ਮੇਰੇ ਘਰਵਾਲੀ ਮਰੀ ਨਹੀਂ-ਉਹ ਸਹੀ ਸਲਾਮਤ ਐ! ਉਸ ਨਾਲ ਮੇਰਾ ਤਲਾਕ ਜ਼ਰੂਰ ਹੋਇਐ-ਪਰ ਜਦੋਂ ਤੋਂ ਉਹ ਐਕਸੀਡੈਂਟ ਹੋਣ ਕਾਰਨ ਵੀਲ-ਚੇਅਰ 'ਤੇ ਬੈਠੀ ਐ-ਉਦੋਂ ਤੋਂ ਮੈਂ ਫਿਰ ਉਸ ਦੇ ਨਾਲ ਹੀ ਰਹਿੰਨੈਂ।"
-"......।" ਸੀਤਲ ਚੁੱਪ ਚਾਪ ਸੁਣ ਰਹੀ ਸੀ। ਲਾਪ੍ਰਵਾਹੀ ਨਾਲ!
-"ਸਿਰਫ਼ ਇਸ ਕਰਕੇ, ਕਿ ਉਸ ਨੇ ਸਾਰੀ ਉਮਰ ਮੇਰਾ ਸਾਥ ਦਿੱਤਾ-ਦੁਖਦੇ ਸੁਖਦੇ ਨਾਲ ਨਿਭੀ-ਮੇਰਾ ਉਸ ਨਾਲ ਝਗੜਾ ਰਹਿੰਦਾ ਸੀ-ਤਲਾਕ ਹੋ ਗਿਆ! ਪਰ ਜਦੋਂ ਤੋਂ ਉਸ ਦਾ ਐਕਸੀਡੈਂਟ ਹੋਇਐ-ਉਹ ਵੀਲ-ਚੇਅਰ ਨਾਲ ਜੁੜੀ ਐ-ਮੈਂ ਉਸ ਦੇ ਨਾਲ ਹੀ ਰਹਿਣ ਲੱਗ ਪਿਐਂ-ਮੈਂ ਤਾਂ ਉਸ ਨੂੰ ਇਹ ਕਹਿ ਕੇ ਆਇਆ ਸੀ ਕਿ ਮੈਂ ਤੇਰੇ ਲਈ ਕੋਈ ਸੇਵਾਦਾਰਨੀ ਲੈ ਕੇ ਆਊਂਗਾ-ਜਿਹੜੀ ਤੇਰੀ ਸੇਵਾ ਕਰੂਗੀ-ਸੋ, ਇਸ ਲਈ ਮੈਂ ਬਾਂਝ ਔਰਤ ਦਾ ਇਸ਼ਤਿਹਾਰ ਅਖ਼ਬਾਰਾਂ ਵਿਚ ਦਿੱਤਾ ਸੀ-ਮੈਂ ਹੋਰ ਕੋਈ ਬੱਚਾ ਨਹੀਂ ਚਾਹੁੰਦਾ-ਕਿਉਂਕਿ, ਯੂ ਨੋਅ, ਆਦਮੀ ਨੂੰ ਸਰੀਰਕ ਤ੍ਰਿਪਤੀ ਕਰਨ ਲਈ ਵੀ ਕੁਛ ਚਾਹੀਦੈ-ਡੂ ਯੂ ਅੰਡਰਸਟੈਂਡ, ਵਾਅਟ ਆਈ ਮੀਂਨ? ਆਹ ਸਾਡੇ ਤਲਾਕ ਦੇ ਕਾਗਜ਼ਾਤ ਐ!" ਉਸ ਨੇ ਤਲਾਕ ਦੇ ਕਾਗਜ਼ ਸੀਤਲ ਨੂੰ ਦਿਖਾਉਂਦਿਆਂ ਕਿਹਾ।
-"ਯੈੱਸ! ਆਈ ਅੰਡਰਸਟੈਂਡ ਯੂ! ਆਈ ਅੰਡਰਸਟੈਂਡ ਯੂ ਵੈਰ੍ਹੀ ਵੈੱਲ, ਬਰਾੜ ਸਾਹਿਬ!" ਬਰਾੜ ਦੀ ਪਹਿਲੀ ਪਤਨੀ ਬਾਰੇ ਸੁਣ ਕੇ ਵੀ ਸੀਤਲ ਦੇ ਮਨ 'ਤੇ ਕੋਈ ਪ੍ਰਭਾਵ ਨਾ ਪਿਆ! ਉਸ ਨੂੰ ਤਾਂ ਅਗਾਊਂ ਹਰ ਸ਼ਰਤ ਮਨਜ਼ੂਰ ਸੀ। ਬੱਸ, ਕੈਨੇਡਾ ਦਿਸਣਾ ਚਾਹੀਦਾ ਸੀ।
-"ਹਰ ਮਰਦ ਦੀ ਕਮਜ਼ੋਰੀ ਉਸ ਦੀ ਸਰੀਰਕ ਭੁੱਖ ਹੁੰਦੀ ਐ, ਸੀਤਲ! ਜੇ ਆਦਮੀ ਦੀ ਸਰੀਰਕ ਸੰਤੁਸ਼ਟੀ ਨਾ ਹੋਵੇ ਤਾਂ ਆਦਮੀ ਪਾਗਲ ਹੋ ਜਾਵੇ-ਮੈਂ ਆਪਣੀ ਪਹਿਲੀ ਔਰਤ ਦੀ ਕਦਰ ਜਰੂਰ ਕਰਦੈਂ-ਪਰ ਉਹ ਮੇਰੀ ਸਰੀਰਕ ਤ੍ਰਿਪਤੀ ਨਹੀਂ ਕਰ ਸਕਦੀ-ਸਰੀਰਕ ਭੁੱਖ ਤਾਂ ਉਹਨੇ ਮੇਰੀ ਕੀ ਦੂਰ ਕਰਨੀ ਸੀ? ਉਹ ਤਾਂ ਵਿਚਾਰੀ ਆਪ ਉਠਣੋਂ ਬੈਠਣੋਂ ਆਹਰੀ ਐ! ਇਕ ਉਥੋਂ ਦੇ ਬੱਚੇ ਐਹੋ ਜਿਹੇ ਹੀ ਐ-ਮਾਂ ਬਾਪ ਦੀ ਕੋਈ ਸੇਵਾ ਸੂਵਾ ਨਹੀਂ ਕਰਦੇ-ਆਪਣੀ ਇੰਜੁਆਏਮੈਂਟ ਵਿਚ ਹੀ ਬਿਜ਼ੀ ਰਹਿੰਦੇ ਐ-ਆਪਣੇ ਕੰਮ ਨਾਲ ਈ ਮਤਲਬ ਰੱਖਦੇ ਐ-ਕੋਈ ਮਰੇ ਕੋਈ ਜੀਵੇ! ਇਸ ਲਈ ਮੈਂ ਇਹ ਦੂਜੇ ਵਿਆਹ ਦਾ ਪੰਗਾ ਸ਼ੁਰੂ ਕੀਤੈ।"
-"ਕੋਈ ਗੱਲ ਨਹੀਂ, ਬਰਾੜ ਸਾਹਿਬ! ਆਪਾਂ ਰਲ਼ ਮਿਲ਼ ਕੇ ਸਾਰੀ ਕਵਰੇਜ ਕਰ ਲਵਾਂਗੇ-ਸਾਰੇ ਧੋਣੇ ਧੋ ਦਿਆਂਗੇ।" ਸੀਤਲ ਕੈਨੇਡੀਅਨ ਅੱਗੇ ਹਲਾਲ ਹੋਣ ਵਾਲ਼ੀ ਮੁਰਗੀ ਵਾਂਗ ਖ਼ੁਦ ਹੀ ਸਿਰ ਝੁਕਾਈ ਬੈਠੀ ਸੀ! ਜਦੋਂ ਬਰਾੜ ਨੇ ਦੂਜਾ ਪੈੱਗ ਲਾ ਕੇ ਸੀਤਲ ਦੀ ਪਿੱਠ ਨੂੰ ਪਲੋਸਿਆ ਤਾਂ ਸੀਤਲ ਤਾਂ ਜਿਵੇਂ ਪਹਿਲਾਂ ਹੀ ਤਿਆਰ ਬੈਠੀ ਸੀ? ਉਸ ਨੂੰ ਅੰਦਰੋਂ ਝਰਨਾਹਟ ਉਠੀ, ਜੋ ਬਿਜਲੀ ਦੇ ਕਰੰਟ ਵਾਂਗ ਸਾਰੇ ਸਰੀਰ ਵਿਚ ਦੀ, ਕਿਸੇ ਲਹਿਰ ਵਾਂਗ ਲੰਘ ਗਈ। ਪਰ ਉਸ ਨੇ ਬਰਾੜ ਦਾ ਹੱਥ ਬਿਲਕੁਲ ਨਾ ਰੋਕਿਆ। ਸਾਰੀ ਹਕੀਕਤ ਸਮਝ ਕੇ ਬਰਾੜ ਨੇ ਦਰਵਾਜੇ ਦੀ ਕੁੰਡੀ ਚਾੜ੍ਹ ਦਿੱਤੀ। ਮੁੜਦਿਆਂ ਉਸ ਨੇ ਆਪਣੇ ਹੱਥਾਂ ਨਾਲ ਸੀਤਲ ਦੀਆਂ ਅਛੁਹ ਛਾਤੀਆਂ ਦਾ ਭਾਰ ਤੋਲਿਆ। ਜਿਵੇਂ ਕਿਸਾਈ ਬੱਕਰੇ ਨੂੰ ਖਰੀਦਣ ਤੋਂ ਪਹਿਲਾਂ ਉਸ ਨੂੰ ਪੂਛੋਂ ਉਗੀਸ ਕੇ ਜੋਂਹਦੈ! ਬਰਾੜ ਨੇ ਹਲਾਲ ਹੋਣ ਵਾਲ਼ੀ ਮੁਰਗੀ ਦੇ ਖੰਭ ਪੱਟ ਸੁੱਟੇ। ਸਰੀਰ ਦਾ ਅੰਗ-ਅੰਗ ਖੁਰਚ ਦਿੱਤਾ। ਖ਼ੈਰ, ਖੁੰਢਾ ਛੁਰਾ ਮੁਰਗੀ ਨੂੰ ਪੂਰੀ ਤਰ੍ਹਾਂ ਹਲਾਲ ਤਾਂ ਨਾ ਕਰ ਸਕਿਆ। ਪਰ ਉਸ ਨੇ ਸੀਤਲ ਨੂੰ ਇਕ ਤਰ੍ਹਾਂ ਨਾਲ਼ ਘਾਇਲ ਜਰੂਰ ਕਰ ਦਿੱਤਾ ਸੀ। ਬਰਾੜ ਨੇ ਆਪਣੇ ਮਨ ਦੀ ਸੰਤੁਸ਼ਟੀ ਕਰ ਕੇ ਸੀਤਲ ਨੂੰ ਛੱਡ ਦਿੱਤਾ। ਸੀਤਲ ਇਕ ਜਵਾਲਾ ਮੁਖੀ ਸੀ। ਜਿਸ ਨੂੰ ਬਰਾੜ ਪੂਰਨ ਤੌਰ 'ਤੇ ਸ਼ਾਂਤ ਨਾ ਕਰ ਸਕਿਆ। ਸਗੋਂ ਉਸ ਨੇ ਸੀਤਲ ਦੇ ਅੰਦਰੂਨੀ ਲਾਵੇ ਨੂੰ ਹੋਰ ਭੜ੍ਹਕਾਅ ਜ਼ਰੂਰ ਦਿੱਤਾ ਸੀ। ਵੇਦਨਾ ਦੇ ਸਮੁੰਦਰ ਵਿਚ ਰੋੜ੍ਹੀ ਕੁੜੀ ਅੰਦਰ ਲਾਟਾਂ ਦਾ ਜਹਾਦ ਛਿੜਿਆ ਹੋਇਆ ਸੀ ਅਤੇ ਉਸ ਤਾਅ ਵਿਚ ਆਈ ਨੇ ਬਰਾੜ ਦੀ ਗੱਲ੍ਹ 'ਤੇ ਦੰਦੀ ਵੱਢੀ। 
-"ਆਪਣੇ ਕੋਲ ਅੱਧਾ ਘੰਟਾ ਹੀ ਟਾਈਮ ਸੀ।" ਬਰਾੜ ਨੇ ਗੱਲ੍ਹ ਪਲ਼ੋਸ ਕੇ ਚੇਤਾ ਕਰਵਾਇਆ।
-"ਗੋਲ਼ੀ ਮਾਰੋ ਟਾਈਮ ਨੂੰ...! ਕਮ ਔਨ ਬਰਾੜ...!" ਕਿਸੇ ਇੱਛਾ ਵਿਚ ਪਾਗ਼ਲ ਹੋਈ ਸੀਤਲ ਨੇ ਬਰਾੜ ਨੂੰ ਕੰਬਲ਼ ਵਾਂਗ ਫਿਰ ਉਪਰ ਨੂੰ ਖਿੱਚਣਾ ਚਾਹਿਆ। ਪਰ ਬਰਾੜ ਵਿਚੋਂ ਸਾਹ-ਸਤ ਨਿਕਲ਼ ਚੁੱਕਿਆ ਸੀ। ਉਹ ਤੋੜੀ ਹੋਈ ਢੂਹੀ ਵਾਲ਼ੇ ਸਾਹਨੇ ਵਾਂਗ ਸਪਾਲ਼ ਪਿਆ ਸੀ। ਉਹ ਜਿੰਨੀ ਕੁ ਜੋਕਰਾ ਸੀ। ਉਸ ਨੇ ਆਪਣੇ ਤਰਾਰੇ ਦਿਖਾ ਦਿੱਤੇ ਸਨ। ਉਸ ਤੋਂ ਬੁੱਢੇ ਸਾਹਣ ਵਾਂਗ ਮੁੜ ਕੇ ਸੰਭਲਿਆ ਨਾ ਗਿਆ। ਝੱਟ ਹੀ ਬੂਥ ਜਿਹੀ ਸੁੱਟ ਕੇ, ਆਖਰੀ ਠੁੰਗਾਂ-ਠੰਗੋਰਾਂ ਜਿਹੀਆਂ 'ਤੇ ਆ ਗਿਆ ਸੀ। ਬਰਾੜ ਦੀ ਮੱਝ ਦੀ ਜੀਭ ਵਰਗੀ ਕਾਲੀ ਜੀਭ ਸੀਤਲ ਦੇ ਨਿਰਵਸਤਰ ਪਿੰਡੇ 'ਤੇ ਸੱਪ ਵਾਂਗ ਫਿਰਦੀ ਸੀ।
ਬਰਾੜ ਨੇ ਸੀਤਲ ਨੂੰ ਠੰਢੇ ਪਾਣੀ ਦਾ ਗਿਲਾਸ ਪੀਣ ਲਈ ਦਿੱਤਾ।
ਗੜੇ ਵਰਗੇ ਪਾਣੀ ਨਾਲ ਸੀਤਲ ਦੀ ਭੜ੍ਹਕਦੀ ਅੱਗ ਕੁਝ ਕੁ ਮੱਧਮ ਹੋ ਗਈ। ਜੁਆਲਾ-ਮੁਖ਼ੀ ਦੀ ਲਾਟ ਮੱਠੀ ਪੈ ਗਈ। ਸੀਤਲ ਨੇ ਵੀ ਮਹਿਸੂਸ ਕਰ ਲਿਆ ਸੀ ਕਿ ਬਰਾੜ ਦਾ ਹਥਿਆਰ ਚੱਲ ਚੁੱਕਾ ਸੀ ਅਤੇ ਹੁਣ ਉਹ ਸਿਰਫ਼ ਬਾਇਰਲ ਵਿਚ ਦੀ ਹੀ ਝਾਤੀਆਂ ਮਾਰ ਰਿਹਾ ਸੀ। ਐਵੇਂ ਵਾਧੂ ਸਿ਼ਸ਼ਤਾਂ ਹੀ ਬੰਨ੍ਹ ਰਿਹਾ ਸੀ। ਉਸ ਨੇ ਆਪਣੇ ਤਮਾਮ ਨਗਨ ਸਰੀਰ ਨੂੰ ਢਕ ਲਿਆ ਅਤੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਉਸ ਨੂੰ ਆਪਣੇ ਆਪ 'ਚੋਂ ਸੇਕ ਮਾਰ ਰਿਹਾ ਸੀ। ਬੁੱਲ੍ਹ ਮੱਚਦੇ ਜਾਪਦੇ ਸਨ। ਸਰੀਰ ਭੱਠੀ ਵਾਂਗ ਤਪਦਾ ਮਹਿਸੂਸ ਹੁੰਦਾ ਸੀ! ਕੈਨੇਡਾ ਦੇ ਲਾਲਚ ਵੱਸ ਸੀਤਲ ਬਰਾੜ ਨੂੰ ਆਪਣਾ ਆਪ ਸਮਰਪਣ ਕਰ ਚੁੱਕੀ ਸੀ। ਬਰਾੜ ਤਾਂ ਸੰਤੁਸ਼ਟ ਹੋ ਗਿਆ ਸੀ। ਪਰ ਸੀਤਲ ਅੰਦਰੋਂ ਅਜੇ ਵੀ ਕੋਈ ਉਬਾਲ਼ ਉਠਦਾ ਸੀ। ਉਸ ਦਾ ਦਿਲ ਕਰਦਾ ਸੀ ਕਿ ਹੁਣ ਕੋਈ ਤੁਰੰਤ ਉਸ ਦਾ ਹਾਣੀ ਆਵੇ ਅਤੇ ਉਸ ਦਾ ਸਾਰਾ ਜਿਸਮ ਨਿੰਬੂ ਵਾਂਗ ਨਿਚੋੜ ਸੁੱਟੇ! ਅਤੇ ਮਰੋੜ ਸੁੱਟੇ ਉਸ ਦੀਆਂ ਤਮਾਮ ਹੱਡੀਆਂ! ਪਰ ਉਮਰ ਦੇ ਤਕਾਜ਼ੇ ਮੁਤਾਬਿਕ ਬਰਾੜ ਦਾ ਇੰਜਣ 'ਲੋਢ' ਮੰਨ ਕੇ ਕੱਚਾ ਧੂੰਆਂ ਮਾਰਨ ਲੱਗ ਪਿਆ ਸੀ। ਜਦ ਕਿ ਚੜ੍ਹਦੀ ਉਮਰ ਦੀ ਸੀਤਲ ਮੋਮਬੱਤੀ ਵਾਂਗ ਬਲ਼ ਅਤੇ ਢਲ਼ ਰਹੀ ਸੀ!
ਕੱਪੜੇ ਪਾੳਣੇ ਤੋਂ ਬਾਅਦ ਬਰਾੜ ਨੇ ਉਸ ਨੂੰ ਬੜੀ ਗਹੁ ਨਾਲ ਤੱਕਿਆ। 
ਕੱਪੜੇ ਠੀਕ ਠਾਕ ਸਨ। ਕੋਈ ਵਲ਼ ਨਹੀਂ ਸੀ। 
ਵਾਪਰੇ 'ਭਾਣੇਂ' ਦੀ ਕੋਈ ਨਿਸ਼ਾਨੀ ਨਹੀਂ ਸੀ।
-"ਲੈ, ਹੁਣ ਤੂੰ ਰਿਲੈਕਸ ਹੋ!" ਉਸ ਨੇ ਇਕ ਗਿਲਾਸ ਹੋਰ ਪਾਣੀ ਦੇ ਦਿੱਤਾ।
-"......।" ਸੀਤਲ ਕਿਸੇ ਉਮੰਗ ਵਿਚ ਬੇਸੁਰਤ ਜਿਹੀ ਹੋਈ ਪਈ ਸੀ। ਜਿਵੇਂ ਮਧੋਲ਼ੀ ਹੋਈ ਹੋਵੇ! ਉਸ ਦੀਆਂ ਅੱਖਾਂ ਅੱਧੀਆਂ ਖੁੱਲ੍ਹੀਆਂ ਸਨ ਅਤੇ ਦਿਮਾਗ 'ਤੇ ਕੋਈ ਅਜੀਬ ਭਾਰ ਜਿਹਾ ਲੱਦਿਆ ਪਿਆ ਸੀ।
-"ਆਪਣੀ ਕਿਸੇ ਗੱਲ ਦਾ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ, ਸੀਤਲ!" 
-"ਤੁਸੀਂ ਮੇਰੇ ਨਾਲ ਵਿਆਹ ਤਾਂ ਕਰਵਾਵੋਂਗੇ ਨ੍ਹਾ...?" ਉਸ ਦੇ ਉਦਾਸ, ਪਰ ਕੇਸੂ ਬੁੱਲ੍ਹ ਹਿੱਲੇ ਸਨ। ਉਹ ਸੁੰਦਰਤਾ ਦੀ ਮਿਸਾਲ ਬਣੀ ਬਰਾੜ ਦੇ ਸਾਹਮਣੇ ਖੜ੍ਹੀ, ਮਿਸ਼ਾਲ ਵਾਂਗ ਜਗ ਰਹੀ ਸੀ। 
-"ਪੱਕਾ...!" ਉਸ ਨੇ ਕੁੜੀ ਦੀ ਕੀਤੀ ਖੇਹ ਖਰਾਬੀ ਦਾ ਮੁੱਲ ਇਕ ਸ਼ਬਦ ਵਿਚ ਹੀ ਮੋੜ ਦਿੱਤਾ। ਸੀਤਲ ਸੰਤੁਸ਼ਟ ਹੋ ਗਈ। ਹੁਣ ਉਸ ਨੂੰ ਕੋਈ ਗਿ਼ਲਾ ਨਹੀਂ ਰਹਿ ਗਿਆ ਸੀ। ਸਾਰੇ ਧੋਣੇ ਧੋਤੇ ਗਏ ਸਨ। ਸੀਤਲ ਨੇ ਆਪਣੀ ਸੀਤਲਤਾ ਅਤੇ ਨਿਰਮਲਤਾ ਗੁਆ ਕੇ ਕੈਨੇਡੀਅਨ ਨੂੰ ਜਿੱਤ ਲਿਆ ਸੀ। ਉਸ ਦੇ ਸਾਰੇ ਗਿ਼ਲੇ ਸਿ਼ਕਵੇ ਨਵਿਰਤ ਹੋ ਗਏ ਸਨ। ਸੀਤਲ ਕੋਲ਼ ਇਕੋ ਇਕ ਬਾਣ ਆਪਣੀ ਸੁੰਦਰਤਾ ਅਤੇ ਜੋਬਨ ਦਾ ਸੀ, ਉਹ ਉਸ ਨੇ ਬਰਾੜ ਨੂੰ ਚਿੱਤ ਕਰਨ ਵਾਸਤੇ ਭੱਥੇ ਵਿੱਚੋਂ ਚਲਾ ਹੀ ਦਿੱਤਾ ਸੀ!
ਸੀਤਲ ਨੇ ਪਾਣੀ ਪੀ ਲਿਆ ਅਤੇ ਉਹ ਬਾਹਰ ਆ ਗਏ। 
ਸੀਤਲ ਦੇ ਚਿਹਰੇ 'ਤੇ ਕੋਈ ਬਹੁਤੇ ਹਾਵ ਭਾਵ ਨਹੀਂ ਸਨ। ਅੰਤਰੀਵ ਪੀੜ ਉਸ ਨੇ ਚਿਹਰੇ 'ਤੇ ਨਹੀਂ ਆਉਣ ਦਿੱਤੀ ਸੀ। ਚਾਹੇ ਉਸ ਦੀ ਆਪਣੀ ਸਰੀਰਕ ਸੰਤੁਸ਼ਟੀ ਨਹੀਂ ਹੋਈ ਸੀ। ਪਰ ਬਰਾੜ ਦੇ ਫ਼ੈਸਲੇ ਨੇ ਉਸ ਨੂੰ ਫ਼ੁੱਲ ਵਾਂਗ ਟਹਿਕਦੀ ਕਰ ਦਿੱਤਾ ਸੀ। ਚੇਤਨਤਾ ਵਿਚ ਖੇੜਾ ਲਿਆ ਦਿੱਤਾ ਸੀ। ਆਉਂਦੀ ਸੀਤਲ ਨੇ ਗੁੱਝੀ ਅੱਖ ਮਾਰ ਕੇ ਮਾਂ ਨੂੰ ਇਸ਼ਾਰੇ ਨਾਲ ਅੰਦਰ ਹੋਏ 'ਕਾਂਡ' ਬਾਰੇ ਜਾਣੂੰ ਕਰਵਾ ਦਿੱਤਾ। ਪਿਛਲੀ ਰਾਤ ਸੀਤਲ ਨੂੰ ਉਸ ਦੀ ਮਾਂ ਪਰਮ ਕੌਰ ਨੇ ਸਿੱਧਾ ਹੀ ਕੰਨ ਵਿਚ ਸਮਝਾ ਦਿੱਤਾ ਸੀ ਕਿ, ਜੇ ਬੰਦੇ ਨੂੰ ਆਪਣੇ ਅਨੁਸਾਰ ਵੱਸ ਕਰਨਾ ਹੋਵੇ ਤਾਂ ਚੁੱਪ ਚਾਪ ਉਸ ਨਾਲ ਬਿਨਾ ਝਿਜਕ ਸਰੀਰਕ ਸਬੰਧ ਬਣਾ ਲਵੋ, ਤੁਹਾਡੀ ਜਿੱਤ ਲਾਜ਼ਮੀ ਹੈ! ਇਹ ਕੰਮ ਸੀਤਲ ਨੇ ਆਪਣੀ ਮਾਂ ਦੀ ਨਸੀਹਤ ਮਗਰ ਲੱਗ ਕੇ ਸਿਰੇ ਲਾ ਦਿੱਤਾ ਸੀ। ਉਸ ਦੀ ਮਾਂ ਨੇ ਹੋਰ ਵੀ ਕਿਹਾ ਸੀ, "ਇਕ ਵਾਰੀ ਇਸ ਦੇ ਘਨ੍ਹੇੜੇ ਚੜ੍ਹ ਕੇ ਕੈਨੇਡਾ ਚਲੀ ਜਾਹ, ਸੀਤਲ! ਉਥੇ ਹੋਰ ਬਥੇਰੇ ਕਿਨਾਰੇ ਮਿਲ਼ ਜਾਣਗੇ! ਤੂੰ ਇਸ ਬੁੱਢੇ ਨਾਲ ਜਰੂਰੀ ਘੋਲ਼ ਕਰਨੈਂ? ਇਹ ਤੈਨੂੰ ਸੁੱਖ ਕੇ ਨਹੀਂ ਦਿੱਤਾ! ਸੋਚ ਰੱਖੀਂ...!" 
ਸੀਤਲ ਦੀ 'ਸੇਵਾ' ਨੂੰ ਫ਼ਲ਼ ਲੱਗਿਆ।
ਗੱਲ ਪੱਕੀ ਹੋ ਗਈ! ਬਰਾੜ ਨੇ ਤੀਹ ਲੱਖ ਰੁਪਏ ਦੀ ਮੰਗ ਕੀਤੀ। ਜੋ ਤੁਰੰਤ ਸਰਬ ਸੰਮਤੀ ਨਾਲ ਹੀ ਮੰਨ ਲਈ ਗਈ। ਤੀਹ ਲੱਖ ਰੁਪਏ ਦੀ ਕੀ ਗੱਲ ਸੀ? ਚਾਹੇ ਪੈਂਤੀ ਲੱਖ ਮੰਗ ਲੈਂਦਾ! ਸਾਰੇ ਪ੍ਰੀਵਾਰ ਨੇ ਹੀ ਬਾਹਰ ਚਲਿਆ ਜਾਣਾ ਸੀ! ਸਾਰੇ ਧੋਣੇ ਧੋਤੇ ਜਾਣੇ ਸਨ। 
ਪਰਮ ਕੌਰ ਨੇ ਬਰਾੜ ਦੇ ਮੂੰਹ ਨੂੰ ਮਠਿਆਈ ਲਾਈ। 
ਬਰਾੜ ਬੋਤੇ ਵਾਂਗ ਉਗਾਲ਼ਾ ਜਿਹਾ ਕਰਨ ਲੱਗ ਪਿਆ।
ਮੁੱਖ ਸ਼ਰਤ ਅਨੁਸਾਰ ਹਫ਼ਤੇ ਦੇ ਅੰਦਰ ਅੰਦਰ ਆਪ੍ਰੇਸ਼ਨ ਕਰਵਾ ਕੇ ਸੀਤਲ ਨੇ ਬੱਚੇਦਾਨੀ ਕਢਵਾ ਕੇ ਬਾਹਰ ਮਾਰੀ ਸੀ। ਇਤਨਾ ਵੱਡਾ ਫ਼ੈਸਲਾ ਲੈਂਦੀ ਨੇ ਸੀਤਲ ਨੇ ਕੁਝ ਵੀ ਸੋਚਿਆ ਨਹੀਂ ਸੀ ਕਿ ਉਹ ਰੱਬ ਵੱਲੋਂ ਬਖ਼ਸਿ਼ਸ਼ ਕੀਤਾ ਹੋਇਆ, ਮਾਂ ਬਣਨ ਦਾ ਅਮੋਲਕ ਵਰਦਾਨ ਆਪਣੇ ਹੱਥੀਂ ਤਬਾਹ ਕਰ ਰਹੀ ਹੈ! ਦੋ ਕੁ ਹਫ਼ਤੇ ਸੀਤਲ ਨੂੰ ਠੀਕ ਹੋਣ ਨੂੰ ਲੱਗ ਗਏ। ਪੂਰੀ ਰਿਪੋਰਟ ਬਿੱਲੂ ਰਾਹੀਂ ਬਰਾੜ ਨੂੰ ਪੁੱਜਦੀ ਕਰ ਦਿੱਤੀ ਗਈ। ਉਹ ਸੰਤੁਸ਼ਟ ਹੋ ਗਿਆ। ਜਿਹੜੀ ਹੁਣ ਹੀ ਐਨੀਆਂ ਸ਼ਰਤਾਂ ਮੰਨੀ ਜਾਂਦੀ ਐ, ਫੇਰ ਤਾਂ ਆਪਣੇ ਸਾਰੀ ਉਮਰ ਲੱਤ ਹੇਠ ਰਹੂ! ਇਹਨੂੰ ਜਿਵੇਂ ਮਰਜ਼ੀ ਐ, ਚਲਾਈ ਚੱਲਾਂ! ਜਨਾਨੀ ਛੇਤੀ ਕੀਤੇ ਬੱਚੇਦਾਨੀ ਨਹੀਂ ਕਢਵਾਉਂਦੀ। ਹਾਂ, ਦੋ ਚਾਰ ਬੱਚੇ ਜੰਮ ਕੇ ਕਢਵਾ ਦੇਵੇ, ਇਹ ਇਕ ਵੱਖਰੀ ਗੱਲ ਐ! 
ਸਾਰੀਆਂ ਸ਼ਰਤਾਂ ਪੂਰੀਆਂ ਹੋਣ 'ਤੇ ਸੀਤਲ ਅਤੇ ਬਰਾੜ ਦਾ ਵਿਆਹ ਹੋ ਗਿਆ। ਮੰਗ ਅਨੁਸਾਰ ਤੀਹ ਲੱਖ ਰੁਪਏ ਦੇ ਦਿੱਤੇ ਗਏ। ਵਿਆਹ ਤਾਂ ਕਾਹਦਾ ਸੀ? ਇਹ ਤਾਂ ਸਿਰਫ਼ ਇਕ 'ਨਰੜ' ਸੀ। ਪਚਵੰਜਾ ਸਾਲ ਦਾ ਲਾੜਾ ਅਤੇ ਤੇਈ ਸਾਲ ਦੀ ਲਾੜੀ! ਬੱਤੀ ਸਾਲ ਦਾ ਫ਼ਰਕ! ਇਹ ਕੁੜੀ ਨੂੰ ਫ਼ਾਹਾ ਨਹੀਂ ਤਾਂ ਹੋਰ ਕੀ ਸੀ? ਪਤਾ ਲੱਗਣ 'ਤੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਮੂੰਹ ਵਿਚ ਉਂਗਲਾਂ ਪਾ ਲਈਆਂ। ਸਾਕ ਸਬੰਧੀਆਂ ਨੇ ਬੁੱਲ੍ਹ ਟੇਰੇ। ਨਿਹੋਰੇ ਦਿੱਤੇ। ਪਰ ਹਰਮਨ ਸਿੰਘ ਦੇ ਪ੍ਰੀਵਾਰ ਦੇ ਕਿਸੇ ਮੈਂਬਰ ਨੂੰ ਕਿਸੇ ਕੰਜਰ ਦੇ ਨਿਹੋਰਿਆਂ ਦੀ ਕੋਈ ਪ੍ਰਵਾਹ ਹੀ ਨਹੀਂ ਸੀ। ਉਹਨਾਂ ਦੀ ਜਾਣਦੀ ਸੀ, ਜੁੱਤੀ! ਉਹ ਤਾਂ ਹੁਣ ਕੈਨੇਡੀਅਨ ਸਨ! 
-"ਕੁੜੀ ਸਾਡੀ! ਵਿਆਹ ਅਸੀਂ ਕੀਤੈ! ਲੋਕਾਂ ਦੇ ਪਤਾ ਨ੍ਹੀ ਕੀ ਸੱਪ ਲੜਦੈ?" ਸੀਤਲ ਦੀ ਮਾਂ ਨੇ ਸਾਰੇ ਸਿ਼ਕਵੇ ਢਾਕ ਤੋਂ ਦੀ ਮਾਰੇ ਸਨ। ਉਹ ਤਾਂ ਅੱਜ ਪੂਰੀ ਖੱਬੀ ਖਾਨ ਸੀ!
ਜਿਲ੍ਹਾ ਕਚਿਹਰੀਆਂ ਵਿਚ ਜਾ ਕੇ ਮੈਰਿਜ ਰਜਿ਼ਸਟਰ ਕਰਵਾ ਲਈ। ਸਾਰੇ ਕਾਗਜ਼ ਪੱਤਰ ਸਿੱਧੇ ਕਰਨ ਤੋਂ ਬਾਅਦ ਸੀਤਲ ਅਤੇ ਬਰਾੜ ਦਿੱਲੀ ਕੈਨੇਡਾ ਦੀ ਅੰਬੈਸੀ ਨੂੰ ਹੋ ਤੁਰੇ। ਬਿਨਾ ਕਿਸੇ ਹੀਲ ਹੁੱਜਤ ਤੋਂ ਸੀਤਲ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ। ਮਿਲਣਾ ਹੀ ਸੀ! ਪਤੀ ਦੇਵ ਕੋਲ਼ ਇਤਨੀ ਜ਼ਾਇਦਾਦ ਅਤੇ ਪੈਸਾ! ਪਹਿਲੇ ਵਿਆਹ ਦੇ ਤਲਾਕ ਦੇ ਕਾਗਜ਼ ਕੋਲ! ਮੌਜੂਦਾ ਵਿਆਹ ਦੀ ਰਿਜ਼ਸਟਰੇਸ਼ਨ ਮੌਜੂਦ! ਕਿਸੇ ਕਾਗਜ਼ ਦੀ ਕਮੀ ਨਹੀਂ ਸੀ। ਹਰ ਲੋੜੀਂਦੀ 'ਫ਼ਾਰਮਿਲਟੀ' ਹਾਜ਼ਰ ਸੀ। ਪਰ ਸੀਤਲ ਦੀ ਇੰਟਰਵਿਊ ਕਰਨ ਵਾਲੇ ਅਫ਼ਸਰ ਨੇ ਜ਼ਰੂਰ ਉਸ ਵੱਲ ਘੋਖ਼ ਭਰੀਆਂ ਨਜ਼ਰਾਂ ਨਾਲ ਤੱਕਿਆ ਸੀ। ਸੀਤਲ ਦੀ ਬਲ਼ਦੀ ਮਿਸ਼ਾਲ ਵਰਗੀ ਜੁਆਨੀ ਹਰ ਇਕ ਦਾ ਕਾਲ਼ਜਾ ਹੀ ਤਾਂ ਕੱਢਦੀ ਸੀ! ਉਹ ਹੈਰਾਨ ਹੋਇਆ ਸੀ ਜਾਂ ਦੁਖੀ? ਸੀਤਲ ਦੀ ਸੁੰਦਰਤਾ 'ਤੇ ਝੁਰਿਆ ਸੀ ਜਾਂ ਉਸ ਨੇ ਸੀਤਲ ਅਤੇ ਬਰਾੜ ਦੀ ਅਜੋੜ ਜੋੜੀ 'ਤੇ ਉਦਾਸੀ ਪ੍ਰਗਟ ਕੀਤੀ ਸੀ? ਇਹ ਰੱਬ ਨੂੰ ਪਤਾ ਸੀ! ਉਸ ਨੇ ਸੀਤਲ ਨੂੰ ਇੰਟਰਵਿਊ ਵਿਚ ਪਾਸ ਜ਼ਰੂਰ ਕਰ ਦਿੱਤਾ ਸੀ ਅਤੇ ਸੀਤਲ ਨੂੰ ਵੀਜ਼ਾ ਮਿਲ਼ ਗਿਆ ਸੀ।
ਤੀਜੇ ਹਫ਼ਤੇ ਸੀਤਲ ਬਰਾੜ ਨਾਲ ਕੈਨੇਡਾ ਉਡਾਰੀ ਮਾਰ ਗਈ।
ਕੈਨੇਡਾ ਆ ਕੇ ਸੀਤਲ ਨੂੰ ਨਵਾਂ ਹੀ ਤਜ਼ਰਬਾ ਹੋਇਆ। ਨਵੀਂ ਦੁਨੀਆਂ। ਨਵਾਂ ਮਾਹੌਲ। ਅਜੀਬ ਆਵਾਗੌਣ ਦਾ ਚੱਕਰ। ਨਵਾਂ ਸੱਭਿਆਚਾਰ। ਮਸ਼ੀਨਾਂ ਨਾਲ ਮਸ਼ੀਨ ਹੋਈ ਖ਼ਲਕਤ। ਕੰਪਿਊਟਰ ਯੁੱਗ ਵਿਚ ਖੋਖਲ਼ੇ ਹੋਏ ਦਿਮਾਗ। ਤੇਜ਼ ਰੌਸ਼ਨੀਆਂ ਵਿਚ ਅੰਨ੍ਹਾਂ ਹੋਇਆ ਇੱਥੋਂ ਦਾ ਜਗਤ। ਅਮੀਰੀ ਅਤੇ ਸ਼ੁਹਰਤ ਲਈ ਭੱਜ ਦੌੜ। ਇਕ ਦੂਜੇ ਨੂੰ ਪਿੱਛੇ ਛੱਡਣ ਦੀ ਅਮੁੱਕ ਮੰਜਿ਼ਲ। ਹਾਉਮੈਂ ਵਿਚ ਗਰਕਿਆ ਭਾਈਚਾਰਾ। ਆਪਣੀ ਅਮੀਰੀ ਦਿਖਾਉਣ ਲਈ ਕੀਤੇ ਜਾਂਦੇ ਸ਼ੋਸ਼ੇ! ਤੁਰਦਾ ਫਿ਼ਰਦਾ ਮੀਆਂ ਮਿੱਠੂ ਸੰਸਾਰ! ਆਪਣਾ ਗੌਂਅ ਕੱਢ ਕੇ ਅਗਲੇ ਨੂੰ ਖੱਡੇ ਵਿਚ ਸੁੱਟਣ ਵਾਲੇ ਅਕ੍ਰਿਤਘਣ ਲੋਕ! ਕਿਸੇ ਦੇ ਘਰੇ ਲੱਗੀ ਅੱਗ ਨੂੰ ਬਸੰਤਰ ਸਮਝ ਕੇ ਮਜ਼ਾਕ ਉਡਾਉਣ ਵਾਲ਼ੀ ਜਨਤਾ! ਦਿਖਾਵਾਕਾਰੀ ਵਿਚ ਮਲੰਗ ਹੁੰਦੀ ਅਤੇ ਅੰਦਰਲਾ ਪੋਲ ਲਕਾਉਣ ਵਾਲੀ ਲੋਕਤਾਈ! ਆਪਣੀਆਂ ਕੱਛ 'ਚ ਤੇ ਦੂਜੇ ਦੀਆਂ ਹੱਥ 'ਚ ਰੱਖਣ ਵਾਲ਼ੇ ਚਤਰ ਸਿਆਣੇ!
ਉਸ ਦਾ ਕੰਮਾਂ ਕਾਰਜਾਂ ਵਿਚ ਮਸ਼ਰੂਫ਼ ਰਹਿਣ ਵਾਲਾ ਪਤੀ ਦੇਵ, ਬਰਾੜ ਸਾਰਾ ਸਾਰਾ ਦਿਨ ਬਾਹਰ ਹੀ ਰਹਿੰਦਾ ਅਤੇ ਉਸ ਦੀ ਵੀਲ-ਚੇਅਰ ਵਿਚ ਬੈਠੀ ਤਲਾਕਸ਼ੁਦਾ ਪਤਨੀ ਨਿੰਮੀਂ ਸੀਤਲ ਨੂੰ ਸਾਰਾ ਸਾਰਾ ਦਿਨ ਊਰੀ ਵਾਂਗ ਘੁਕਾਈ ਰੱਖਦੀ। ਨਿੰਮੀ ਵੀ ਜਦ ਕੈਨੇਡਾ ਆਈ ਸੀ ਪਤਲੀ ਛਮਕ ਵਰਗੀ ਸੀ। ਬੜੀ ਹੀ ਹੱਸਮੁੱਖ! ਪਰ ਕੈਨੇਡਾ ਦੇ ਖਾਣ ਪਹਿਨਣ ਅਤੇ ਘਰ ਦੇ ਖੁੱਲ੍ਹੇ ਡੁੱਲ੍ਹੇ ਵਾਤਾਵਰਣ ਨੇ ਉਸ ਨੂੰ ਹੁਣ ਪੂਰੇ ਕੁਇੰਟਲ਼ ਦੀ ਤੀਮੀ ਬਣਾ ਧਰਿਆ ਸੀ। ਜਦੋਂ ਉਹ ਮੋਟੀ ਹੁੰਦੀ ਗਈ ਤਾਂ ਕਈ ਵਾਰ ਪਾਰਟੀਆਂ ਵਿਚ ਆਪਣੇ ਲੱਕ 'ਤੇ ਹੱਥ ਰੱਖ ਕੇ ਉਹ ਟਿੱਚਰ ਨਾਲ ਕਹਿੰਦੀ, "ਭੈਣ ਜੀ ਪਹਿਲਾਂ ਤਾਂ ਆਹ ਮੇਰੀ ਕਮਰ ਸੀ-ਤੇ ਹੁਣ ਬਣ ਗਿਆ ਕਮਰਾ!" ਲੋਕ ਉਸ ਦੇ ਵਿਅੰਗ 'ਤੇ ਹੱਸ ਪੈਂਦੇ। ਪਰ ਜਦੋਂ ਉਹ ਪੂਰੇ ਸੋਫ਼ੇ 'ਤੇ ਇਕੱਲੀ ਹੀ ਬੈਠਣ ਲੱਗ ਪਈ ਤਾਂ ਉਸ ਦੀਆਂ ਸਹੇਲੀਆਂ ਉਸ ਨੂੰ ਮਜ਼ਾਕ ਕਰਦੀਆਂ, "ਕੁੜ੍ਹੇ ਨਿੰਮੀ, ਹੁਣ ਤੇਰੀ ਕਮਰ, ਕਮਰਾ ਕੁਮਰਾ ਨਹੀਂ, ਹੁਣ ਤਾਂ ਭੈਣੇ ਵਰਾਂਡਾ ਈ ਬਣਗੀ ਐ!" ਪਰ ਨਿੰਮੀ ਕਿਸੇ ਦਾ ਗੁੱਸਾ ਨਾ ਕਰਦੀ। ਉਹ ਗੱਲ ਹੋਰ ਉਤੋਂ ਦੀ ਪਾਉਂਦੀ, "ਹੁਣ ਵਰਾਂਡਾ ਵੀ ਨ੍ਹੀ, ਹੁਣ ਤਾਂ ਹਾਲ ਈ ਬਣ ਚੱਲੀ ਐ!" ਹੋਰ ਹਾਸੜ ਪੈ ਜਾਂਦੀ। ਪਰ ਹੁਣ ਐਕਸੀਡੈਂਟ ਹੋਣ ਤੋਂ ਬਾਅਦ, ਵੀਲ-ਚੇਅਰ ਵਿਚ ਬੈਠਣ ਕਰਕੇ ਉਸ ਦਾ ਸੁਭਾਅ ਬੜਾ ਚਿੜਚੜਾ ਹੋ ਗਿਆ ਸੀ। ਉਸ ਦੇ ਮੱਥੇ 'ਤੇ ਹਮੇਸ਼ਾ ਤਿਊੜੀ ਅਤੇ ਮੂੰਹ 'ਤੇ ਘੂਰ ਹੀ ਜੰਮੀ ਰਹਿੰਦੀ ਸੀ। ਖ਼ਾਸ ਕਰਕੇ ਉਹ ਹੁਣ ਬਹੁਤਾ ਚੁੱਪ ਜਿਹਾ ਹੀ ਰਹਿੰਦੀ। ਨਿੰਮੀਂ ਆਪਣੇ ਡਾਕਟਰੀ ਸਹੂਲਤਾਂ ਵਾਲ਼ੇ ਕਰਮੇ ਵਿਚ ਵੱਖ ਹੀ ਰਹਿੰਦੀ। ਬਰਾੜ ਹੇਠਾਂ ਅੱਡ ਕਮਰੇ ਵਿਚ ਸੌਂਦਾ। ਨਿੰਮੀਂ ਦੇ ਕਮਰੇ ਵਿਚ ਇਕ ਘੰਟੀ ਲੱਗੀ ਹੋਈ ਸੀ। ਜਿਸ ਦਾ ਬਟਣ ਦਬਾਉਣ 'ਤੇ ਉਹ ਘੰਟੀ ਸੀਤਲ ਦੇ ਬੇਸਮੈਂਟ ਵਿਚ ਖੜਕਦੀ ਅਤੇ ਸੀਤਲ ਨੂੰ ਅੱਧੀ ਅੱਧੀ ਰਾਤੋਂ ਉਠ ਕੇ ਵੀ ਨਿੰਮੀ ਦੀ ਸੇਵਾ ਵਿਚ ਹਾਜ਼ਰ ਹੋਣਾ ਪੈਂਦਾ। ਸੀਤਲ ਨੌਕਰਾਣੀਂ ਸੀ ਅਤੇ ਨਿੰਮੀਂ ਮਾਲਕ! ਖਿ਼ਦਮਤ ਤਾਂ ਕਰਨੀ ਹੀ ਪੈਣੀਂ ਸੀ!
ਬਰਾੜ ਦੇ ਜੁਆਕ ਵਾਕਿਆ ਹੀ ਸੀਤਲ ਤੋਂ ਉਮਰ ਵਿਚ ਵੱਡੇ ਸਨ। ਸਗੋਂ ਕਾਫ਼ੀ ਵੱਡੇ ਸਨ। ਵੱਡੇ ਮੁੰਡੇ ਦੇ ਤਾਂ ਗੰਜ ਨਿਕਲ ਆਇਆ ਸੀ। ਉਹਨਾਂ ਦੀਆਂ ਨਜ਼ਰਾਂ ਵਿਚ ਤਾਂ ਸੀਤਲ ਉਹਨਾਂ ਦੀ 'ਦਾਸੀ' ਸੀ। ਉਹਨਾਂ ਦੀ ਨੌਕਰਾਣੀਂ ਸੀ। ਕਿਉਂਕਿ ਬਰਾੜ ਨੇ ਆਉਣਸਾਰ ਇਹ ਹੀ ਕਿਹਾ ਸੀ ਕਿ ਉਸ ਨੇ ਭਾਰਤ ਤੋਂ ਨਿੰਮੀਂ ਲਈ ਇਕ 'ਸੇਵਾਦਾਰਨੀ' ਲਿਆਂਦੀ ਹੈ! 
ਸੀਤਲ ਸਾਰੀ ਸਾਰੀ ਦਿਹਾੜੀ ਕੰਮ ਅਤੇ ਸਫ਼ਾਈਆਂ ਕਰਦੀ ਅੱਕਲ਼ਕਾਨ ਹੋਈ ਰਹਿੰਦੀ। ਕਦੇ ਬਾਹਰ ਗਾਰਡਨ ਵਿਚ ਘਾਹ ਕੱਟਣ ਲੱਗ ਜਾਂਦੀ। ਉਹ ਆਪਣੇ ਆਪ ਵਿਚ 'ਬਿਜ਼ੀ' ਰਹਿਣ ਦੀ ਕੋਸਿ਼ਸ਼ ਕਰਦੀ ਰਹਿੰਦੀ। ਉਹ ਬਰਾੜ ਦੇ ਵਿਸ਼ਾਲ ਘਰ ਦੇ 'ਬੇਸਮਿੰਟ' ਵਿਚ ਹੀ ਰਹਿੰਦੀ ਅਤੇ ਸੌਂਦੀ ਸੀ। ਅੱਧੀ ਕੁ ਰਾਤ ਨੂੰ ਬਰਾੜ ਨਿੰਮੀ ਤੋਂ ਚੋਰੀ ਉਸ ਦੇ ਕਮਰੇ ਵਿਚ ਆ ਘੁਸੜਦਾ। ਉਹ ਸੀਤਲ ਦੀ ਜਿਸਮਾਨੀ ਲਾਟ ਭੜ੍ਹਕਾ ਤਾਂ ਦਿੰਦਾ। ਪਰ ਉਸ ਤੋਂ ਉਸ ਦੇ ਮੱਚਦੇ ਜਿਸਮ ਦਾ ਤਪਾੜ ਠੰਢਾ ਨਹੀਂ ਹੁੰਦਾ ਸੀ। ਜੰਗਲ ਦੀ ਭਿਆਨਕ ਅੱਗ ਪਾਣੀ ਦੀਆਂ ਚੂਲ਼ੀਆਂ ਨਾਲ ਕਿੱਥੋਂ ਬੁਝਦੀ...? ਬਰਾੜ ਹੰਭੇ, ਮੌਲੇ ਝੋਟੇ ਵਾਂਗ ਉਸ ਉਪਰ ਲਾਲ਼ਾਂ ਸੁੱਟਦਾ ਸੁੱਟਦਾ ਦਾਰੂ ਨਾਲ ਰੱਜ ਕੇ ਘੁਰਾੜ੍ਹੇ ਮਾਰਨ ਲੱਗ ਪੈਂਦਾ। 
ਸਵੇਰ ਤੋਂ ਫਿਰ ਸੀਤਲ ਦਾ ਉਹ ਹੀ ਮਧਾਣੀ ਗੇੜਾ ਸ਼ੁਰੂ ਹੋ ਜਾਂਦਾ।
ਸੀਤਲ ਸਾਰੇ ਪ੍ਰੀਵਾਰ ਨੂੰ ਨਾਸ਼ਤਾ ਬਣਾ ਕੇ ਦਿੰਦੀ। ਨਿੰਮੀ ਨੂੰ ਬੁਰਸ਼ ਕਰਵਾਉਂਦੀ, ਨਹਾਉਂਦੀ। ਉਸ ਨੂੰ ਦੁਆਈਆਂ ਬਗੈਰਾ ਦਿੰਦੀ। ਬਰਾੜ ਦੇ ਵਿਸ਼ਾਲ ਘਰ ਵਿਚ ਮਹਿਮਾਨਾਂ ਦਾ ਤਾਂਤਾ ਲੱਗਿਆ ਰਹਿੰਦਾ। ਸੀਤਲ ਸੇਵਾ ਵਿਚ ਜੁਟੀ ਰਹਿੰਦੀ। ਮਹਿਮਾਨਾਂ ਨੂੰ ਕਦੇ 'ਚਿਕਨ' ਬਣਾ ਕੇ ਪੇਸ਼ ਕਰਦੀ ਅਤੇ ਮੱਛੀ 'ਫ਼ਰਾਈ' ਕਰ ਕੇ ਦਿੰਦੀ। ਕਦੇ 'ਮਟਨ' ਦੇ ਪਕੌੜੇ ਕੱਢਦੀ ਅਤੇ ਕਦੇ ਮੁਰਗਾ-ਸਾਗ ਬਣਾ ਕੇ ਪੇਸ਼ ਕਰਦੀ। ਪਰ ਫਿਰ ਵੀ ਉਸ ਦੀ ਨੋਕਾ-ਝੋਕੀ ਹੁੰਦੀ ਰਹਿੰਦੀ। ਮਹਿਮਾਨ ਉਸ ਨੂੰ "ਫ਼ਰੈਸ਼ੀ" ਹੀ ਦੱਸਦੇ। ਪਹਿਲਾਂ ਪਹਿਲ ਤਾਂ ਸੀਤਲ ਨੂੰ 'ਫ਼ਰੈਸ਼ੀ' ਦੀ ਸਮਝ ਨਾ ਆਈ ਕਿ 'ਫ਼ਰੈਸ਼ੀ' ਕੀ ਬਲਾਅ ਹੁੰਦੀ ਹੈ? ਪਰ ਜਦੋਂ ਉਸ ਨੂੰ ਸਮਝ ਪਈ ਤਾਂ ਉਹ ਅਤੀਅੰਤ ਦੁਖੀ ਹੋ ਗਈ। 'ਫ਼ਰੈਸ਼ੀ' ਲਫ਼ਜ਼ ਦਾ ਅਸਲ ਅਰਥ ਉਸ ਨੂੰ ਬਰਾੜ ਦੀ ਗੁਆਂਢਣ ਤੋਂ ਪਤਾ ਲੱਗਿਆ ਸੀ। ਜਦੋਂ ਉਸ ਨੇ ਸੀਤਲ ਨੂੰ ਪੁੱਛਿਆ, "ਕੁੜ੍ਹੇ ਤੂੰ ਫ਼ਰੈਸ਼ੀ ਐਂ?" ਤਾਂ ਸੀਤਲ ਨੇ ਨਿੱਤ ਦੇ ਇਸ ਲਫ਼ਜ਼ ਤੋਂ ਅੱਕ ਕੇ ਪੁੱਛ ਹੀ ਲਿਆ, "ਦੀਦੀ ਜੀ ਇਹ ਫ਼ਰੈਸ਼ੀ ਕੀ ਹੁੰਦਾ ਹੈ?" ਤਾਂ ਦੀਦੀ ਨੇ ਹੱਸ ਕੇ ਦੱਸਿਆ ਸੀ ਕਿ ਫ਼ਰੈਸ਼ੀ ਉਸ ਨੂੰ ਆਖਦੇ ਨੇ, ਜੋ ਭਾਰਤ ਤੋਂ ਨਵਾਂ ਨਵਾਂ ਆਇਆ ਹੁੰਦੈ! ਇੱਥੋਂ ਦੇ ਲੋਕ ਉਸ ਨੂੰ ਟਿੱਚਰਾਂ ਤਾਂ ਕਰਦੇ ਨੇ ਕਿ ਉਸ ਨੂੰ ਕੈਨੇਡੀਅਨ ਸੱਭਿਆਚਾਰ ਬਾਰੇ ਕੋਈ ਸੂਝ, ਕੋਈ ਗਿਆਨ ਨਹੀਂ ਹੁੰਦਾ, ਲੋਕ ਉਸ ਨੂੰ ਇਕ ਤਰ੍ਹਾਂ ਨਾਲ 'ਮੂਰਖ' ਹੀ ਸਮਝਦੇ ਨੇ ਅਤੇ ਖਰ ਦਿਮਾਗ ਇੰਡੀਅਨ ਅਤੇ ਸਿਰਫ਼ ਰੋਟੀਆਂ ਦਾ ਖੌਅ ਸਮਝ ਕੇ ਟਿੱਚਰਾਂ ਕਰਦੇ ਨੇ! ਦੀਦੀ ਦੀ ਗੱਲ ਸੁਣ ਕੇ ਸੀਤਲ ਨੂੰ ਚੇਹ ਚੜ੍ਹ ਗਈ ਸੀ ਕਿ 'ਫ਼ਰੈਸ਼ੀ' ਬੰਦੇ ਨਹੀਂ ਹੁੰਦੇ? ਮੈਂ ਭਾਰਤ ਵਿਚ ਇਤਨੀ ਪੜ੍ਹੀ ਲਿਖੀ, ਇੱਥੇ ਆ ਕੇ ਖ਼ਸਮਾਂ ਨੂੰ ਖਾਣੀ 'ਫ਼ਰੈਸ਼ੀ' ਬਣ ਗਈ? ਐਥੋਂ ਦੀਆਂ ਤਾਂ ਦਸ ਸਾਲ ਪੜ੍ਹ ਕੇ ਕੰਮਾਂ 'ਤੇ ਲੱਗ ਜਾਂਦੀਐਂ। ਮੈਂ ਤਾਂ ਡਬਲ ਐੱਮ. ਏ. ਕਰਕੇ ਬੀ. ਐੱਡ ਕੀਤੀ ਹੋਈ ਐ! ਐਥੋਂ ਦੀਆਂ ਕੁੱਤੀਆਂ ਮੇਰੀ ਕੀ ਰੀਸ ਕਰਨਗੀਆਂ? ਉਹ ਆਪਣੀ ਉਚੇਚ ਨਾਲ਼ ਕੀਤੀ ਪੜ੍ਹਾਈ ਵਿਚ ਹੀ ਉਲ਼ਝ ਕੇ ਰਹਿ ਜਾਂਦੀ। ਪਰ ਉਸ ਸੀਤਲ ਵਿਚਾਰੀ ਨੂੰ ਕੌਣ ਦੱਸਦਾ ਕਿ ਇੱਥੇ ਪੜ੍ਹਾਈ ਦੀ ਕਦਰ ਜ਼ਰੂਰ ਹੈ। ਪਰ ਤੁਹਾਨੂੰ ਲੋਕਾਂ ਵਿਚ ਜਾ ਕੇ ਆਪਣਾ ਆਪ ਉਜਾਗਰ ਕਰਨਾ ਪੈਂਦੈ! ਕਿ ਤੁਸੀਂ ਕੌਣ ਅਤੇ ਕੀ ਹੋ? ਘਰੇ ਬੈਠੀ ਦੀ ਉਸ ਦੀ ਪੜ੍ਹਾਈ ਕਿਸੇ ਕੰਮ ਦੀ ਨਹੀਂ!
ਪਰ ਉਹ ਦਬੜੂ ਘੁਸੜੂ ਵਿਚ ਟਾਈਮ ਪਾਸ ਕਰਦੀ ਰਹੀ। ਗੁਆਂਢਣ 'ਦੀਦੀ' ਉਸ ਨਾਲ ਕਾਫ਼ੀ ਹਮਦਰਦੀ ਰੱਖਣ ਲੱਗ ਪਈ ਸੀ। ਇਕ ਦਿਨ ਜਦੋਂ ਬਰਾੜ ਆਪਣੀ ਪਹਿਲੀ ਘਰਵਾਲ਼ੀ ਨਿੰਮੀ ਨੂੰ ਹਸਪਤਾਲ ਚੈੱਕ-ਅੱਪ ਲਈ ਲੈ ਕੇ ਗਿਆ ਤਾਂ ਸੀਤਲ ਨੇ ਗਾਰਡਨ ਵਿਚ ਖੜ੍ਹ ਕੇ ਦੀਦੀ ਨੂੰ ਸਾਰੀ ਗੱਲ ਦੱਸੀ ਤਾਂ ਸਾਧੂ ਸੁਭਾਅ ਦੀਦੀ ਅਤੀਅੰਤ ਦੁਖੀ ਹੋ ਗਈ। ਉਹ ਸੱਠ-ਪੈਂਹਟ ਸਾਲ ਦੀ ਬੜੀ ਦਿਆਲੂ ਔਰਤ ਸੀ। ਸਾਰੀ ਜਿ਼ੰਦਗੀ ਦੱਬ ਕੇ ਕਮਾਈ ਕੀਤੀ ਅਤੇ ਹੁਣ ਪੈਨਸ਼ਨ ਲੈ ਕੇ ਐਸ਼ ਕਰ ਰਹੀ ਸੀ। ਦੋ ਬੱਚੇ ਆਪੋ ਆਪਣੇ ਘਰੇ, ਵਿਆਹੇ ਵਰੇ ਸਨ। ਚਾਹੇ ਉਹਨਾਂ ਨੇ ਆਪਣੀ ਮਰਜ਼ੀ ਨਾਲ, ਗੈ਼ਰ ਜ਼ਾਤਾਂ ਵਿਚ ਹੀ ਸ਼ਾਦੀ ਕੀਤੀ ਸੀ। ਆਪਣੇ ਜੀਵਨ ਸਾਥੀਆਂ ਦੀ ਖ਼ੁਦ ਚੋਣ ਕੀਤੀ ਸੀ। ਪਰ ਦੋਨੋਂ ਆਪਣੇ ਘਰੇ ਸੁਖੀ ਸਨ। ਖਾਂਦੇ ਪੀਂਦੇ ਅਤੇ ਮੌਜਾਂ ਮਾਣਦੇ ਸਨ!

-"ਕੀ ਨਾਂ ਐਂ ਤੇਰਾ...?" ਦੀਦੀ ਨੇ ਪੁੱਛਿਆ।
-"ਸੀਤਲ ਐ, ਦੀਦੀ...!" 
-"ਗੱਲ ਸੁਣ ਸੀਤਲ...! ਆਪਣੇ ਵਿਚ ਈ ਗੱਲ ਐ-ਚਾਹੇ ਇਹ ਤੈਨੂੰ ਆਬਦੀ ਤੀਮੀਂ ਬਣਾ ਕੇ ਈ ਲਿਆਇਐ-ਪਰ ਤੇਰੀ ਐਸ ਘਰੇ ਕਿੰਨ੍ਹੀ ਕੁ ਦੱਸ ਪੁੱਛ ਐ? ਇਹਦੇ ਬਾਰੇ ਤੈਨੂੰ ਪਤਾ ਈ ਐ!" ਉਸ ਨੇ ਆਸਾ ਪਾਸਾ ਦੇਖ ਕੇ ਗੱਲ ਅੱਗੇ ਤੋਰੀ।
-"ਇਕ ਤੈਨੂੰ ਗੱਲ ਦੱਸਦੀਂ ਐਂ, ਸੀਤਲ! ਚੁੱਪ ਕਰਕੇ ਆਬਦੀ ਪੱਕੀ ਮੋਹਰ ਲੁਆ ਤੇ ਕਿਤੇ ਹੋਰ ਕਿਨਾਰਾ ਕਰ! ਐਥੇ ਬਥੇਰੇ ਕੱਚੇ ਮੁੰਡੇ ਸੋਹਣੇ ਸੁਨੱਖੇ ਤੁਰੇ ਫਿਰਦੇ ਐ-ਅਗਲੇ ਪੱਕੇ ਹੋਣ ਦੀ ਖਾਤਰ ਤੇਰੀਆਂ ਲ੍ਹੇਲੜੀਆਂ ਕੱਢਣਗੇ...!" 
-"ਪਰ ਦੀਦੀ, ਨਿੰਮੀ ਭੈਣ ਜੀ ਨੂੰ ਤਾਂ ਇਹ ਵੀ ਨ੍ਹੀ ਪਤਾ ਬਈ ਬਰਾੜ ਸਾਹਿਬ ਨਾਲ ਮੇਰੀ ਸ਼ਾਦੀ ਹੋਈ ਐ?"
-"ਜੇ ਉਹਨੂੰ ਪਤਾ ਹੁੰਦਾ! ਹੁਣ ਨੂੰ ਤੈਨੂੰ ਧੱਕੇ ਮਾਰ ਕੇ ਨਾ ਘਰੋਂ ਕੱਢ ਦਿੰਦੀ?"
-"ਉਹ ਕਾਹਤੋਂ? ਇਹਨਾਂ ਦੋਨਾਂ ਦਾ ਤਾਂ ਤਲਾਕ ਹੋਇਐ! ਮੈਂ ਤਲਾਕ ਦੇ ਕਾਗਜ ਖੁਦ ਦੇਖੇ ਐ, ਦੀਦੀ!"
-"ਸੀਤਲ! ਤੂੰ ਭੋਲ਼ੀ ਐਂ! ਪੜ੍ਹੀ ਲਿਖੀ ਜਰੂਰ ਐਂ-ਪਰ ਤੈਨੂੰ ਅਜੇ ਕੈਨੇਡਾ ਦਾ ਪਾਹ ਨ੍ਹੀ ਲੱਗਿਆ-ਐਥੇ ਦੁਨੀਆਂ ਬਹੁਤ ਗਾਂਹਾਂ ਲੰਘੀ ਵੀ ਐ-ਜਦੋਂ ਤੈਨੂੰ ਭੇਤ ਆ ਗਿਆ-ਸਭ ਕੁਛ ਪਤਾ ਲੱਗਜੂ-ਐਥੇ ਤਾਂ ਜਿਹਨਾਂ ਨੂੰ ਸੂੰਹ ਆ ਗਈ ਐ-ਉਹ ਤਾਂ ਅਨਪੜ੍ਹ ਵੀ ਪੜ੍ਹਿਆਂ ਲਿਖਿਆਂ ਦੇ ਕੰਨ ਕੁਤਰਦੇ ਐ! ਅਣਪੜ੍ਹ ਐਥੇ ਮੌਜਾਂ ਕਰਦੇ ਐ ਤੇ ਪੜ੍ਹੇ ਲਿਖੇ ਬੇਰੀਆਂ ਤੋੜੀ ਜਾਂਦੇ ਐ-ਤੇਰੀ ਪੜ੍ਹਾਈ ਲਿਖਾਈ ਨੇ ਐਥੇ ਕੱਖ ਨ੍ਹੀ ਖੋਹਣਾਂ...! ਪੜ੍ਹਾਈ ਲਿਖਾਈ ਤਾਂ ਤੇਰੇ ਤਾਂ ਈ ਕੰਮ ਆਊ-ਜੇ ਇਹ ਕੰਜਰ ਤੈਨੂੰ ਕਿਸੇ ਦਫ਼ਤਰ ਲੈ ਕੇ ਜਾਊ? ਕਿਸੇ ਨੂੰ ਤੇਰੇ ਸਰਟੀਫਿ਼ਕੇਟ ਦਿਖਾਊ? ਤੂੰ ਤਾਂ ਟੋਭੇ ਦਾ ਕੱਛੂਕੁੰਮਾਂ ਬਣਾਈ ਵੀ ਐਂ ਬਰਾੜ ਨੇ-ਕੰਮ ਕਰ ਛੱਡਦੀ ਐਂ ਤੇ ਰੋਟੀ ਖਾ ਛੱਡਦੀ ਐਂ-ਦਿੱਤੈ ਇਹਨੇ ਤੈਨੂੰ ਕਦੇ ਇਕ ਆਨਾ...?" 
-"......।" ਸੀਤਲ ਅਵਾਕ ਸੁਣਦੀ ਰਹੀ। ਗੱਲ ਦੀਦੀ ਦੀ ਬਿਲਕੁਲ ਸੱਚੀ ਸੀ। ਉਸ ਨੂੰ ਪੈਸਾ ਤਾਂ ਕੀ? ਕਦੇ ਬਰਾੜ ਜਾਂ ਨਿੰਮੀ ਨੇ ਕੋਈ ਕੱਪੜਾ ਵੀ ਨਹੀਂ ਲੈ ਕੇ ਦਿੱਤਾ ਸੀ। ਉਹ ਤਾਂ ਬਰਾੜ ਦੀ ਡਾਕਟਰ ਕੁੜੀ ਦੇ ਅਣਫਿ਼ੱਟ ਕੀਤੇ ਜਾਂ ਲਾਹੇ ਕੱਪੜੇ ਹੀ ਤਾਂ ਪਾਉਂਦੀ ਸੀ। 
-"ਜੇ ਇਹਨਾਂ ਨੂੰ ਮੁਫ਼ਤੋ ਮੁਫ਼ਤੀ 'ਚ ਤੇਰੇ ਅਰਗੀ ਨੌਕਰਾਣੀ ਮਿਲੀ ਵੀ ਐ-ਹੋਰ ਇਹਨਾਂ ਨੇ ਕੀ ਲੈਣੈਂ? ਮੈਂ ਤਾਂ ਇਕੋ ਈ ਰੈਅ ਦਿੰਨੀ ਐਂ ਬਈ ਆਬਦੀ ਪੱਕੀ ਮੋਹਰ ਲੁਆ-ਤੇ ਕੋਈ ਮੁੰਡਾ ਖੁੰਡਾ ਭਾਲ ਕੇ ਨਿਗਾਹ 'ਚ ਰੱਖ! ਮੇਰਾ ਨਾਂ ਨਾ ਲੈ ਦੇਈਂ! ਮੈਂ ਤਾਂ ਤੇਰੇ ਭਲੇ ਦੀ ਗੱਲ ਈ ਕੀਤੀ ਐ-ਹੋਰ ਨਾ ਮੈਨੂੰ ਵੀ ਘਰੋਂ ਛਿੱਤਰਾਂ ਨੂੰ ਥਾਂ ਕਰਦੀਂ! ਤੇਰਾ ਅੰਕਲ ਤਾਂ ਅੱਗੇ ਨ੍ਹੀ ਮਾਨ-ਉਹ ਤਾਂ ਮੈਨੂੰ ਐਵੇਂ ਈ ਦੂਸ਼ਣ ਲਾਈ ਜਾਊ-ਅਖੇ ਤੂੰ ਲੋਕਾਂ ਦੀਆਂ ਚੁਗਲੀਆਂ ਕਰਦੀ ਐਂ! ਲੈ ਦੱਸ? ਬਈ ਮੈਂ ਕੀਹਦੀ ਚੁਗਲੀ ਕੀਤੀ ਐ? ਜੇ ਤੈਨੂੰ ਤੇਰੇ ਭਲੇ ਬਾਰੇ ਕੁਛ ਦੱਸਤਾ-ਤਾਂ ਕੀ ਕੋਈ ਚੁਗਲੀ ਹੋ ਗਈ? ਲੈ, ਬਾਹਰੋਂ ਡੋਰ-ਬੈੱਲ ਹੋਈ ਐ-ਤੇਰਾ ਅੰਕਲ ਈ ਹੋਊ-ਮੈਂ ਜਾਨੀ ਐਂ-ਨਹੀਂ ਤਾਂ ਹਾਲ ਹਾਲ ਕਰੂ-ਮੇਰੀ ਗੱਲ ਨਾ ਕਿਸੇ ਕੋਲੇ ਕਰੀਂ!" ਆਖ ਕੇ ਦੀਦੀ ਗਾਰਡਨ ਵਿਚੋਂ ਹੀ ਪਿਛਾਂਹ ਮੁੜ ਗਈ। 
ਸੀਤਲ ਵੀ ਅੰਦਰ ਚਲੀ ਗਈ।
ਸੀਤਲ ਨੂੰ ਮਾਂ ਬਾਪ ਦੀ ਚਿੱਠੀ ਨਿੱਤ ਵਾਂਗ ਹੀ ਆਉਂਦੀ। ਉਹ ਆਪਣੇ ਬਾਰੇ ਚਿੰਤਤ ਸਨ। ਉਹ ਹੈਰਾਨ ਸਨ ਕਿ ਸੀਤਲ ਉਹਨਾਂ ਨੂੰ ਰਾਹਦਾਰੀ ਕਿਉਂ ਨਹੀਂ ਭੇਜ ਰਹੀ ਸੀ? ਮਾਂ ਦੇ ਉਸ ਨੂੰ ਨਿਹੋਰੇ ਵੀ ਦਿੱਤੇ ਹੁੰਦੇ ਸਨ ਕਿ ਉਹ ਆਪ ਤਾਂ ਸਵਰਗ ਵਿਚ ਪਹੁੰਚ ਗਈ, ਪਰ ਸਾਡੇ ਬਾਰੇ ਤੈਨੂੰ ਕੋਈ ਫਿ਼ਕਰ ਨਹੀਂ! ਖ਼ਤ ਪੜ੍ਹ ਕੇ ਸੀਤਲ ਦਾ ਧਾਹ ਮਾਰਨ ਨੂੰ ਦਿਲ ਕਰਦਾ। ਉਸ ਦਾ ਅੰਦਰਲਾ ਮਨ ਕੀਰਨਾ ਪਾਉਂਦਾ। ਉਹ ਉਡ ਕੇ ਆਪਣੇ ਮਾਂ ਬਾਪ ਕੋਲ ਪੁੱਜ ਜਾਣਾ ਚਾਹੁੰਦੀ ਸੀ। ਪਰ ਸੜੇ ਖੰਭਾਂ ਵਾਲ਼ੇ ਪੰਛੀ ਵਾਂਗ ਮਜਬੂਰ ਸੀ। ਘਰੇ ਉਸ ਨੇ ਕਦੇ ਪਾਣੀ ਦਾ ਗਿਲਾਸ ਆਪ ਚੁੱਕ ਕੇ ਨਹੀਂ ਪੀਤਾ ਸੀ। ਇੱਥੇ ਉਸ ਨੂੰ ਸਾਰੇ ਟੱਬਰ ਦਾ ਗੋਰਖ ਧੰਦਾ ਕਰਨਾ ਪੈਂਦਾ ਸੀ। ਗੋਰਖ ਧੰਦਾ ਤਾਂ ਜਿਹੜਾ ਸੀ, ਉਹ ਤਾਂ ਸੀ ਹੀ...! ਉਸ ਨੂੰ ਸਾਰੀ ਦਿਹਾੜੀ ਬਿਨਾਂ ਗੱਲੋਂ ਲਾਹਣਤਾਂ ਵੀ ਪਈ ਜਾਂਦੀਆਂ ਸਨ। ਕਦੇ ਬਰਾੜ ਦੇ ਬੱਚਿਆਂ ਵੱਲੋਂ ਅਤੇ ਕਦੇ ਉਸ ਦੀ ਤੀਮੀਂ ਨਿੰਮੀਂ ਵੱਲੋਂ! ਕਦੇ ਉਸ ਨਾਲ ਕਿਸੇ ਨੇ ਦੁਖ ਸੁਖ ਨਹੀਂ ਕੀਤਾ ਸੀ। ਕਦੇ ਉਸ ਨੂੰ ਉਸ ਦੇ ਪਿੰਡ ਜਾਂ ਉਸ ਦੇ ਸ਼ਹਿਰ ਬਾਰੇ ਨਹੀਂ ਪੁੱਛਿਆ ਸੀ। ਕਦੇ ਉਸ ਦੇ ਪ੍ਰੀਵਾਰ ਬਾਰੇ ਪੁੱਛਣ ਦੀ ਤਕਲੀਫ਼ ਨਹੀਂ ਕੀਤੀ ਸੀ। ਉਹ ਇਸ ਘਰ ਵਿਚ ਇਕ ਗੁਲਾਮ, ਇਕ ਦਾਸੀ ਹੀ ਤਾਂ ਬਣ ਕੇ ਰਹਿ ਗਈ ਸੀ! ਕੀ ਦੱਸਦੀ ਉਹ ਆਪਣੇ ਮਾਂ ਬਾਪ ਨੂੰ? ਬਈ ਉਹ ਦਿਨ ਰਾਤ ਕਿਣਕਾ ਕਿਣਕਾ ਕਰਕੇ ਮਰਦੀ ਜਾ ਰਹੀ ਹੈ...? ਕੀ ਦੱਸਦੀ ਉਹ? ਕਿ ਉਹ ਦਿਨੇ ਬੁੱਢੀ ਵੱਲੋਂ ਅਤੇ ਰਾਤ ਨੂੰ ਬੁੱਢੇ ਵੱਲੋਂ ਮਧੋਲ਼ੀ ਅਤੇ ਚੂੰਡੀ ਜਾ ਰਹੀ ਹੈ...? ਕੀ ਦੱਸਦੀ? ਬਈ ਉਸ ਨੂੰ ਪੜ੍ਹੀ ਲਿਖੀ ਨੂੰ ਆਪਣੇ ਆਪਦੇ ਦੇਸੀ ਲੋਕ 'ਫ਼ਰੈਸ਼ੀ' ਹੀ ਦੱਸਦੇ ਨੇ...? ਕੀ ਦੱਸਦੀ? ਕਿ ਉਹ ਇਸ ਘਰ ਵਿਚ ਪਤਨੀ ਨਹੀਂ, ਇਕ ਸੇਵਾਦਾਰਨੀ ਬਣ ਕੇ ਦਿਨ ਕੱਟ ਰਹੀ ਹੈ...? ਕੀ ਦੱਸਦੀ? ਕਿ ਹੁਣ ਤਾਂ ਉਸ ਨੂੰ ਬਰਾੜ ਦੇ ਜੁਆਕ ਵੀ ਧੌਲ਼ ਧੱਫ਼ਾ ਕਰਨ ਲੱਗ ਪਏ ਹਨ? ਅਤੇ ਉਸ ਨੂੰ ਕਮਚੋਰ, ਨਾਲਾਇਕ, ਬਲੱਡੀ, ਫ਼ਰੈਸ਼ੀ ਅਤੇ ਹੋਰ ਪਤਾ ਨਹੀਂ ਕੀ ਕੀ ਬਕਵਾਸ ਕਰਦੇ ਹਨ...? ਕੀ ਦੱਸਦੀ? ਕਿ ਜਦ ਉਹ ਨਿੰਮੀਂ ਨੂੰ ਪਾਣੀ ਦਾ ਗਿਲਾਸ ਫੜਾਉਂਦੀ ਹੈ ਤਾਂ ਉਹ ਤੱਤੇ ਠੰਢੇ ਦਾ ਨੁਕਸ ਕੱਢ ਕੇ ਪਾਣੀ ਉਸ ਦੇ ਮੂੰਹ 'ਤੇ ਡੋਲ੍ਹ ਦਿੰਦੀ ਹੈ ਅਤੇ ਉਸ ਨੂੰ ਆਪਣੀ ਛੜੀ ਨਾਲ ਧੇਹ-ਧੇਹ ਕੁੱਟਦੀ ਐ...? ਉਸ ਦਾ ਮਨ ਮਛਕ ਵਾਂਗ ਭਰ ਭਰ ਕੇ ਉਛਲ਼ਦਾ ਰਹਿੰਦਾ। 
ਇਕ ਰਾਤ ਅਤੀ ਮਾਯੂਸ ਅਤੇ ਘੋਰ ਦੁਖੀ ਹੋਈ ਨੇ ਉਸ ਨੇ ਬਰਾੜ ਕੋਲ ਗੱਲ ਛੇੜ ਹੀ ਲਈ।
-"ਬਰਾੜ ਸਾਹਿਬ...!" ਉਸ ਨੇ ਗੱਡੇ ਵਾਂਗ ਪਾਸ ਜਿਹੇ ਵੱਜੇ ਪਏ ਬਰਾੜ ਨੂੰ ਹਲੂਣਿਆਂ। ਉਸ ਦੀ ਅਵਾਜ਼ ਇਉਂ ਮੱਧਮ ਸੀ, ਜਿਵੇਂ ਕੋਈ ਮੁਰਦਾ ਬੋਲਿਆ ਹੋਵੇ।
-"ਹਾਂ...?" ਉਹ ਅਤੀਅੰਤ ਅੱਕਰਾ ਬੋਲਿਆ। ਬਦਮਗਜਾਂ ਵਾਂਗ!
-"ਨਿੰਮੀ ਦੀਦੀ ਨੂੰ ਹੁਣ ਤੱਕ ਨਹੀਂ ਪਤਾ ਬਈ ਆਪਣਾ ਵਿਆਹ ਹੋਇਐ!"
-"ਤੇ ਤੂੰ ਦੱਸ ਕੇ ਚੁਪੇੜਾਂ ਖਾਣੀਐਂ...?" ਬੁਖ਼ਲਾਇਆ ਬਰਾੜ ਉਠ ਕੇ ਬੈਠ ਗਿਆ। ਬਰਾੜ ਨੂੰ ਉਤਨਾ ਡਰ ਨਿੰਮੀਂ ਤੋਂ ਨਹੀਂ, ਜਿੰਨਾਂ ਆਪਣੇ ਬੱਚਿਆਂ ਤੋਂ ਸੀ। ਜੇ ਬਰਾੜ ਦੇ ਬੱਚਿਆਂ ਨੂੰ ਪਤਾ ਚੱਲ ਜਾਂਦਾ ਕਿ ਉਹ ਸੀਤਲ ਨਾਲ਼ ਵਿਆਹ ਕਰਵਾ ਕੇ ਉਸ ਨੂੰ ਲੈ ਕੇ ਆਇਆ ਹੈ, ਤਾਂ ਉਹਨਾਂ ਨੇ ਤਾਂ ਘਰੇ ਤੜਥੱਲੀ ਮਚਾ ਦੇਣੀ ਸੀ। ਨਿੰਮੀ ਨੇ ਅੱਡ ਜੁਆਕਾਂ ਦੀ ਪੂਛ 'ਤੇ ਤੇਲ ਝੱਸਣਾ ਸੀ ਕਿ ਥੋਡਾ ਪਿਉ, ਥੋਡੇ ਸਰੀਕ ਦੀ ਮਾਂ ਘਰੇ ਲਿਆਈ ਬੈਠਾ ਹੈ! ਭੇਦ ਖੁੱਲ੍ਹ ਗਿਆ ਤਾਂ ਘਰ ਵਿਚ ਤਾਂ ਜਹਾਦ ਛਿੜ ਜਾਣਾ ਸੀ। ਬਰਾੜ ਇਸ ਗੱਲ ਨੂੰ ਦੱਬੀ ਹੀ ਰਹਿਣ ਦੇਣੀਂ ਚਾਹੁੰਦਾ ਸੀ। ਮੁੱਠੀ ਖੁੱਲ੍ਹ ਗਈ ਤਾਂ ਉਸ ਦੀ ਆਪਣੀ ਹੀ ਹੇਠੀ ਅਤੇ ਬੇਇੱਜ਼ਤੀ ਸੀ! ਉਹ ਕੈਨੇਡਾ ਦਾ ਇੱਜ਼ਤਦਾਰ ਬੰਦਾ ਸੀ! ਝੱਗਾ ਚੁੱਕ ਕੇ ਉਹ ਆਪਣੇ ਜੁਆਕਾਂ ਵਿਚ ਨੰਗਾ ਨਹੀਂ ਹੋਣਾ ਚਾਹੁੰਦਾ ਸੀ। ਉਹ ਸੀਤਲ ਜਾਂ ਨਿੰਮੀ ਨੂੰ ਛੱਡ ਸਕਦਾ ਸੀ। ਪਰ ਆਪਣੇ ਬੱਚਿਆਂ ਨੂੰ ਕਦਾਚਿੱਤ ਨਹੀਂ! 
ਸੀਤਲ ਨੂੰ ਬਰਾੜ ਦੇ ਬਿਕਰਾਲ਼ ਚਿਹਰੇ ਤੋਂ ਡਰ ਲੱਗਿਆ। ਉਸ ਦਾ ਕਾਲਜਾ ਧੱਕ ਕਰਕੇ ਹੀ ਤਾਂ ਰਹਿ ਗਿਆ ਸੀ। ਬਰਾੜ ਕਿਸੇ ਪ੍ਰੇਤ ਵਾਂਗ ਸੀਤਲ ਵੱਲ ਝਾਕ ਰਿਹਾ ਸੀ।
-"ਪਰ ਮੈਨੂੰ ਆਹ ਦਸੌਂਟਾ ਕਿੰਨਾ ਕੁ ਚਿਰ ਕੱਟਣਾ ਪਊ?" 
-"ਆਹ ਦਸੌਂਟੈ ਭੈਣ ਚੋਦ ਦੀਏ, ਕੁੱਤੀਏ...? ਖਾਨੀਂ ਐਂ ਪੀਨੀ ਐਂ, ਟੀਟਣੇਂ ਤੂੰ ਮਾਰਦੀ ਐਂ!" ਬਰਾੜ ਨੂੰ ਕਰੋਧ ਚੜ੍ਹ ਗਿਆ। ਉਸ ਦੇ ਗੁੱਝੇ ਭੇਦ ਉਤੋਂ ਤਾਂ ਚਾਦਰ ਖਿਸਕਣ ਲੱਗ ਪਈ ਸੀ। ਉਹ ਇਸ ਸੱਚ ਨੂੰ ਸਿਰੀ ਤੋਂ ਹੀ ਚਿੱਪ ਦੇਣਾ ਚਾਹੁੰਦਾ ਸੀ। ਉਹ ਆਪਣੇ ਬੱਚਿਆਂ ਤੋਂ 'ਫਿ਼ੱਟ੍ਹੇ ਮੂੰਹ' ਨਹੀਂ ਸਹਾਰ ਸਕਦਾ ਸੀ। ਇਹ ਰਾਜ ਲੁਕਾਉਣ ਲਈ ਉਹ ਕੋਈ ਵੀ ਹੱਦ ਬੰਨਾਂ ਪਾਰ ਕਰ ਸਕਦਾ ਸੀ। ਸਾਰੀ ਉਮਰ ਵਿਚ ਤਿੰਨ ਜੁਆਕਾਂ ਦੀ ਖੱਟੀ, ਖੱਟੀ? ਜੇ ਉਹ ਹੀ ਝੱਗਾ ਚੁੱਕ ਕੇ ਤੁਰ ਗਏ, ਤਾਂ ਮੈਂ ਕਿਹੜੇ ਪਾਸੇ ਦਾ ਰਹਿ ਗਿਆ? ਪਰ ਸੀਤਲ ਦੀਆਂ ਭਾਵਨਾਵਾਂ ਦੀ ਉਸ ਨੂੰ ਕੋਈ ਪ੍ਰਵਾਹ ਨਹੀਂ ਸੀ। ਜਿਹੜੀ ਹਰ ਰੋਜ ਤੁਪਕਾ ਤੁਪਕਾ ਕਰਕੇ ਰੇਗਿਸਤਾਨ ਵਿਚ ਸਮਾਈ ਜਾ ਰਹੀ ਸੀ। ਤਿੜਕੀ ਸੁਰਾਹੀ ਵਾਂਗ!
ਸੀਤਲ ਬਰਾੜ ਦੀ ਗਾਲ਼ ਸੁਣ ਕੇ ਸੁੰਨ ਹੋ ਗਈ। ਉਸ ਨੇ ਹੁਣ ਤੱਕ ਕਦੇ ਉਸ ਨੂੰ ਮੰਦਾ ਬੋਲ ਨਹੀਂ ਬੋਲਿਆ ਸੀ। ਜੇ ਮੰਦਾ ਨਹੀਂ ਬੋਲਿਆ ਸੀ ਤਾਂ ਹੁਣ ਕਦੇ ਚੰਗਾ ਬੋਲ ਵੀ ਨਹੀਂ ਬੋਲਿਆ ਸੀ। ਉਹ ਨਿੰਮੀ ਅਤੇ ਬੱਚਿਆਂ ਸਾਹਮਣੇ ਕਦੇ ਸੀਤਲ ਨਾਲ ਜ਼ੁਬਾਨ ਵੀ ਸਾਂਝੀ ਨਹੀਂ ਕਰਦਾ ਸੀ। ਉਹ ਸਾਰੇ ਪ੍ਰੀਵਾਰ ਨਾਲ਼ ਇਕ ਮੇਜ਼ 'ਤੇ ਬੈਠ ਕੇ ਬੜੀ ਠਾਠ ਨਾਲ਼ ਖਾਣਾਂ ਖਾਂਦਾ ਅਤੇ ਸੀਤਲ ਨੌਕਰਾਂ ਵਾਂਗ ਵਰਤਾਉਂਦੀ ਰਹਿੰਦੀ। ਉਸ ਦਾ ਦੁਖੀ ਦਿਲ ਪੁੱਛਿਆ ਹੀ ਜਾਣਦਾ ਸੀ। ਹਿੱਕ ਦਾ ਨਾਸੂਰ ਦਿਨੋਂ ਦਿਨ ਘਾਤਿਕ ਹੁੰਦਾ ਜਾ ਰਿਹਾ ਸੀ। 
ਸੀਤਲ ਨੇ ਕੰਨ ਲਪੇਟ ਲਏ ਅਤੇ ਮੂੰਹ ਬੰਦ ਕਰ ਲਿਆ। ਬਰਾੜ ਸੀਤਲ ਦੀ ਚੁੱਪ ਤੋਂ ਭੈਅ ਖਾ ਗਿਆ। 
-"ਗੱਲ ਸੁਣ ਮੇਰੀ ਇਕ, ਕੰਨ ਖੋਲ੍ਹ ਕੇ...!" ਉਸ ਨੇ ਬਾਹੋਂ ਫ਼ੜ ਕੇ ਸੀਤਲ ਨੂੰ ਬੈਠੀ ਕਰ ਲਿਆ। 
-"ਜੇ ਕਦੇ ਨਿੰਮੀ ਕੋਲ਼ੇ ਜਾਂ ਮੇਰੇ ਜੁਆਕਾਂ ਕੋਲ਼ੇ ਕੋਈ ਭੇਦ ਖੋਲ੍ਹਿਆ-ਤਾਂ ਉਹ ਦੁਰਗਤੀ ਕਰੂੰਗਾ ਕਿ ਤੂੰ ਜਿ਼ੰਦਗੀ ਭਰ ਯਾਦ ਰੱਖੇਂਗੀ!" ਉਸ ਨੇ ਸੀਤਲ ਨੂੰ ਸਪੱਸ਼ਟ ਧਮਕੀ ਦੇ ਮਾਰੀ।
-"ਫਿਰ ਮੇਰੇ ਨਾਲ਼ ਵਿਆਹ ਦਾ ਢੌਂਗ ਕਾਹਤੋਂ ਕੀਤਾ...?" ਆਪਣੇ ਅੰਦਰ ਬਣੇ ਨਾਸੂਰ ਦੇ ਦਰਦ ਕਰਕੇ ਕੁੜੀ ਅੱਗਿਓਂ ਬੋਲ ਪਈ। ਉਸ ਦੇ ਕੋਈ ਵੱਸ ਨਹੀਂ ਰਿਹਾ ਸੀ। 
-"ਵਿਆਹ ਮੈਂ ਕੀਤੈ ਕੁੱਤੀਏ...? ਵਿਆਹ ਮੈਂ ਕੀਤੈ ਹਰਾਮਜ਼ਾਦੀਏ...? ਖਹਿੜਾ ਤਾਂ ਮੇਰਾ ਤੇਰੇ ਸਾਰੇ ਪ੍ਰੀਵਾਰ ਨੇ ਨ੍ਹੀ ਛੱਡਿਆ? ਮੈਂ ਤਾਂ ਬਥੇਰੀ ਮਗਜ ਖਪਾਈ ਕੀਤੀ-ਤੇਰੇ ਨਾਲ ਵੀ ਤੇ ਤੇਰੇ ਪ੍ਰੀਵਾਰ ਨਾਲ ਵੀ! ਤੁਸੀਂ ਤਾਂ ਦਿੰਦੇ ਸੀ ਗੇੜਾ ਤੇ ਮੇਰੇ ਚਰਨੀਂ ਆ ਡਿੱਗਦੇ ਸੀ-ਮੇਰੀ ਕਿਸੇ ਭੈਣ ਚੋਦ ਨੇ ਪੇਸ਼ ਜਾਣ ਦਿੱਤੀ? ਤੂੰ ਤਾਂ ਝੱਟ ਸਾਰਾ ਕੁਛ ਲਾਹ ਕੇ ਮੇਰੇ ਥੱਲੇ ਲਿਟਗੀ ਸੀ? ਮੈਂ ਕੀ ਕਰਦਾ...? ਤੈਨੂੰ ਐਥੇ ਕੈਨੇਡਾ ਲੈ ਆਇਆ, ਇਸ ਕਰਕੇ ਹੁਣ ਤੂੰ ਮੈਨੂੰ ਆਨੇ ਕੱਢਦੀ ਐਂ? ਤੇਰੀ ਤਾਂ ਜਿਹੜੀ ਗੱਲ ਸੀ, ਉਹ ਤਾਂ ਸੀਗੀ! ਜੇ ਮੈਂ ਤੇਰੀ ਮਾਂ ਨਾਲ ਕੁਛ ਕਰਨਾ ਚਾਹੁੰਦਾ ਤਾਂ ਉਹਨੇ ਵੀ ਢਿੱਲ ਨ੍ਹੀ ਸੀ ਕਰਨੀ-ਉਹ ਵੀ ਫ਼ੱਟ ਦੇਣੇ ਬੁੱਕਲ਼ 'ਚ ਆ ਵੜਦੀ! ਤੂੰ ਸਮਝਦੀ ਐਂ ਬਈ ਮੈਂ ਕਮਲ਼ੈਂ? ਮੈਂ ਸਾਰੀ ਦੁਨੀਆਂ ਵੇਚ ਵੱਟ ਕੇ ਖਾਧੀ ਵੀ ਐ! ਘਾਟ ਘਾਟ ਦਾ ਪਾਣੀ ਪੀਤੈ! ਤੇ ਤੂੰ ਭੈਣ ਚੋਦ ਦੀਏ ਬਦਤਮੀਜ਼ ਕੁੱਤੀਏ, ਅੱਜ ਦੇਣ ਤੁਰਪੀ ਮੱਤਾਂ ਮੈਨੂੰ, ਬਰਾੜ ਨੂੰ! ਜੇ ਕਿਤੇ ਆਪਣੇ ਵਿਆਹ ਦਾ ਕਿਸੇ ਕੋਲ਼ ਵੀ ਭੋਗ ਪਾਇਆ-ਤਾਂ ਮਾਰ ਕੇ ਨਿਆਗਰਾ ਫ਼ਾਲ ਸਿਟਵਾ ਦਿਊਂ, ਸੁਣ ਗਿਆ?" ਉਸ ਨੇ ਸੀਤਲ ਦੇ ਮਾਲੂਕੜੇ ਦਿਲ 'ਤੇ ਬੋਲਾਂ ਦੀਆਂ ਬਰਛੀਆਂ ਦਾਗ਼ ਦਿੱਤੀਆਂ ਅਤੇ ਉਸ ਨੂੰ ਜੁੰਡਿਆਂ ਤੋਂ ਫੜ ਕੇ ਹਲੂਣਿਆਂ।
ਸੀਤਲ ਫ਼ੱਟੜ ਸੱਪ ਵਾਂਗ ਵਿਹੁ ਘੋਲ਼ ਕੇ ਰਹਿ ਗਈ। ਉਸ ਦਾ ਇੱਥੇ ਸੀ ਵੀ ਕੌਣ? ਜਿਸ ਕੋਲ ਮਨ ਹੀ ਹੌਲ਼ਾ ਕਰ ਲੈਂਦੀ? ਕੀਹਦੇ ਕੋਲ ਦੁੱਖ ਰੋਂਦੀ? ਦਿਲ ਦਾ ਚੁੱਪ ਦਰਦ ਸਮਾਂ ਪਾ ਕੇ ਕੈਂਸਰ ਬਣ ਜਾਂਦੈ! 
ਅਗਲੇ ਦਿਨ ਉਸ ਨੇ ਅੱਖ ਬਚਾ ਕੇ ਸਾਰੀ ਗੱਲ ਦੀਦੀ ਕੋਲ ਕਰ ਦਿੱਤੀ। ਦੀਦੀ ਬੜੀ ਦੁਖੀ ਹੋਈ। 
-"ਤੇਰੀ ਪੱਕੀ ਮੋਹਰ ਕਦੋਂ ਲੱਗੂ...?" ਦੀਦੀ ਨੇ ਪੁਰਾਣਾ ਘਸਿਆ ਹੋਇਆ ਸੁਆਲ ਕੀਤਾ।
-"ਮੈਨੂੰ ਕੀ ਪਤੈ, ਦੀਦੀ? ਜੇ ਕੋਈ ਗੱਲ ਪੁੱਛਦੀ ਐਂ ਤਾਂ ਕੁੱਟਣ ਆਉਂਦੈ!" ਸੀਤਲ ਫਿਰ ਡੁਸਕ ਪਈ।
-"ਤੂੰ ਆਨੇ ਬਹਾਨੇ ਇਹ ਤਾਂ ਪਤਾ ਕਰਲਾ! ਸੀਤਲ ਜਿੰਨਾਂ ਚਿਰ ਤੇਰੀ ਪੱਕੀ ਮੋਹਰ ਨ੍ਹੀ ਲੱਗਦੀ-ਥੋਡੇ ਟੱਬਰ ਦਾ ਸਾਰਾ ਕੀਤਾ ਕਰਾਇਆ ਖੂਹ 'ਚ ਐ! ਤੀਹ ਲੱਖ ਰੁਪਈਆ ਵੀ ਦਿੱਤਾ-ਦਲਿੱਦਰ ਵੀ ਸਹਿਆ-ਬੁੜ੍ਹੇ ਦੀ ਧੰਗੇੜ੍ਹ ਵੀ ਸਹੀ-ਲਾਲ਼ਾਂ ਵੀ ਚੱਟੀਆਂ-ਨਿੰਮੀ ਦਾ ਗੰਦ ਸਾਫ਼ ਕੀਤਾ-ਸਾਰੇ ਟੱਬਰ ਦਾ ਗੋਲਪੁਣਾ ਕੀਤਾ-ਪਰ ਖੱਟਿਆ ਕੀ? ਸੋਚ...! ਕੁਛ ਨਾ ਕੁਛ ਲੈ ਕੇ ਤਾਂ ਡਿੱਗ...! ਲੋਕ ਤੈਨੂੰ ਮੂਰਖ ਆਖਣਗੇ...! ਵੈਸੇ ਵੀ ਤੂੰ ਕਾਨੂੰਨੀ ਤੌਰ 'ਤੇ ਅੱਧ ਦੀ ਮਾਲਕ ਐਂ!" ਦੀਦੀ ਨੇ ਉਸ ਨੂੰ ਬੜੀ ਇਮਾਨਦਾਰੀ ਨਾਲ ਸੱਚੀ ਮੱਤ ਦਿੱਤੀ।
-"ਪਰ ਦੀਦੀ! ਜਿੱਦੇਂ ਬਰਾੜ ਮੇਰਾ ਕੈਨੇਡਾ ਦਾ ਵੀਜ਼ਾ ਲੁਆਉਣ ਦਿੱਲੀ ਆਇਆ ਸੀ-ਉਸ ਦਿਨ ਵੀਜ਼ਾ ਲੁਆਉਣ ਤੋਂ ਪਹਿਲਾਂ ਹੀ ਉਸ ਨੇ ਮੈਥੋਂ ਦਸਖ਼ਤ ਕਰਵਾ ਲਏ ਸੀ ਕਿ ਮੈਂ ਉਸ ਦੀ ਚੱਲ ਅਚੱਲ ਜਾਇਦਾਦ 'ਚੋਂ ਕੁਛ ਨਹੀਂ ਲਵਾਂਗੀ ਅਤੇ ਨਾ ਹੀ ਮੈਂ ਹੱਕਦਾਰ ਹਾਂ-ਉਸ ਦੀ ਸਾਰੀ ਜਾਇਦਾਦ ਦੇ ਮਾਲਕ ਸਿਰਫ਼ ਅਤੇ ਸਿਰਫ਼ ਉਸ ਦੇ ਤਿੰਨ ਬੱਚੇ ਹੀ ਹੋਣਗੇ-ਉਸ ਨੇ ਇਸ ਸਹਿਮਤੀ 'ਤੇ ਮੈਥੋਂ ਇਕ ਨਹੀਂ, ਬਹੁਤ ਸਾਰੇ ਕਾਗਜ਼ਾਂ 'ਤੇ ਦਸਖ਼ਤ ਕਰਵਾਏ ਐ-ਤੇ ਮੇਰੇ ਉਹ ਦਸਖ਼ਤ ਇਲਾਕਾ ਮਜਿਸਟਰੇਟ ਤੋਂ ਬਕਾਇਦਾ ਤਸਦੀਕ ਵੀ ਹੋਏ ਵੇ ਐ।" ਸੀਤਲ ਨੇ ਸਾਰੀ ਗੱਲ ਦੱਸੀ।
-"ਬੜਾ ਢੰਗੀ ਐ ਹਰਾਮਜ਼ਾਦਾ...!" ਦੀਦੀ ਵੀ ਖਿ਼ਝ ਗਈ। ਬਰਾੜ ਵਾਕਿਆ ਹੀ ਕੋਈ ਕੱਚਾ ਖਿਡਾਰੀ ਨਹੀਂ ਸੀ।
ਰਾਤ ਨੂੰ ਸੀਤਲ ਨੇ ਬਰਾੜ ਤੋਂ ਪੱਕੀ ਮੋਹਰ ਬਾਰੇ ਬਗੈਰ ਕਿਸੇ ਭੂਮਿਕਾ ਤੋਂ, ਸਿੱਧਾ ਹੀ ਪੁੱਛ ਲਿਆ।
-"ਕਿਉਂ ਹਰਾਮਜ਼ਾਦੀਏ, ਕੁੱਤੀਏ? ਤੂੰ ਕਿਸੇ ਭੈਣ ਦੇ ਖ਼ਸਮ ਨਾਲ ਘਰੋਂ ਭੱਜਣੈਂ...? ਮੇਰੇ ਨਾਲ਼ ਵਿਆਹ ਤੋਂ ਪਹਿਲਾਂ ਕਿਸੇ ਭੈਣ ਚੋਦ ਨਾਲ਼ ਕੁੰਡਾ ਪਸਾਇਆ ਹੋਣੈਂ? ਲੀੜੇ ਲਾਹੁੰਣ ਲੱਗੀ ਨੇ ਤਾਂ ਤੂੰ ਮੇਰੇ ਵਾਰੀ ਮਿੰਟ ਨ੍ਹੀ ਸੀ ਲਾਇਆ-ਆਬਦੇ ਹਾਣ ਦੇ ਨਾਲ਼ ਤਾਂ ਤੂੰ ਕੀ ਭਲੀ ਗੁਜਾਰਨੀ ਸੀ...?" ਉਹ ਰੇਲ ਦੇ ਕੰਨ ਵਾਂਗ ਸਿੱਧਾ ਸਲੋਟ ਹੀ ਉਠਿਆ ਸੀ।
ਸੀਤਲ ਚੁੱਪ ਵੱਟ ਗਈ। 
-"ਇਕ ਗੱਲ ਸੁਣਲੀਂ ਮੇਰੀ ਧਿਆਨ ਦੇ ਕੇ...! ਤੇਰੇ ਮਨ 'ਚ ਕੋਈ ਭਰਮ ਨਾ ਰਹੇ!" ਬਰਾੜ ਨੇ ਵੱਡੀ ਸਾਰੀ ਉਂਗਲ਼ ਸੀਤਲ ਦੀਆਂ ਨਾਸਾਂ ਕੋਲ਼ ਕਰ ਕੇ ਆਖਿਆ।
-"ਜੇ ਕਦੇ ਐਸ ਘਰੋਂ ਕਿਸੇ ਖ਼ਸਮ ਨਾਲ ਭੱਜਣ ਬਾਰੇ ਸੋਚਿਆ ਵੀ-ਤਾਂ ਸਮਝ ਲੈ ਤੇਰਾ ਤੇ ਅਗਲੇ ਦਾ ਉਹ ਆਖਰੀ ਦਿਨ ਹੋਊਗਾ! ਤੈਨੂੰ ਪਤੈ ਮੇਰੇ ਕੋਲ ਐਥੇ ਕਿੰਨੇ ਖ਼ਤਰਨਾਕ ਬੰਦੇ ਐ? ਮੇਰੇ ਕੋਲ ਐਹੋ ਜੇ ਖ਼ੌਫ਼ਨਾਕ ਗੁੰਡੇ ਐ-ਅਗਲਿਆਂ ਨੇ ਥੋਨੂੰ ਮਾਰ ਕੇ ਮੁਸ਼ਕ ਵੀ ਬਾਹਰ ਨ੍ਹੀ ਨਿਕਲਣ ਦੇਣਾ!" 
-"......।" ਸੀਤਲ ਬੋਲਾਂ ਦੇ ਤੀਰ ਘੁੱਟ ਵੱਟੀ ਸੀਨੇ 'ਤੇ ਜਰੀ ਜਾ ਰਹੀ ਸੀ। ਉਸ ਦੇ ਦਿਮਾਗ ਅੰਦਰ ਬੱਦਲ਼ ਗੱਜੀ ਜਾ ਰਹੇ ਸਨ।
-"ਇਕ ਆਖਰੀ ਗੱਲ ਹੋਰ ਸੁਣ ਲੈ...! ਤੇਰਾ ਤਾਂ ਕੀ ਮੁਸ਼ਕ ਨਿਕਲਣੈਂ? ਤੇਰੇ ਤਾਂ ਮਾਂ ਬਾਪ ਤੇ ਬਾਕੀ ਸਾਰੇ ਟੱਬਰ ਦਾ ਵੀ ਖੁਰਾ ਖੋਜ ਨ੍ਹੀ ਮਿਲਣਾ! ਕਿਹੜੀ ਦੁਨੀਆਂ 'ਚ ਫਿਰਦੀ ਐਂ? ਤੇਰਾ ਵਾਹ ਬਰਾੜ ਨਾਲ ਪਿਐ-ਕਿਸੇ ਐਰੇ ਗੈਰੇ ਨਾਲ ਨ੍ਹੀ...!" ਬਰਾੜ ਦੀ ਅਗਲੀ ਧਮਕੀ ਨੇ ਸੀਤਲ ਦੇ ਸਾਹ ਸੁਕਾ ਦਿੱਤੇ। ਇਸ ਚੋਭ ਨੇ ਉਸ ਨੂੰ ਬੇਹੋਸ਼ ਹੋਣ ਵਾਲ਼ੀ ਕਰ ਦਿੱਤਾ। ਉਸ ਨੂੰ ਕਦਾਚਿੱਤ ਉਮੀਦ ਨਹੀਂ ਸੀ ਕਿ ਬਰਾੜ ਐਡਾ ਕਮੀਨਾ ਅਤੇ ਨਿਰਦਈ ਨਿਕਲੇਗਾ ਕਿ ਉਸ ਦੇ ਟੱਬਰ ਨੂੰ ਵੀ ਆਪਣੀ ਹਿੱਟ ਲਿਸਟ 'ਤੇ ਚਾੜ੍ਹ ਲਵੇਗਾ? ਧਮਕੀਆਂ ਸੁਣ ਕੇ ਸੀਤਲ ਦੇ ਹਰਾਸ ਮਾਰੇ ਗਏ ਸਨ। ਉਸ ਨੂੰ ਕਰੋਧੀ ਬਰਾੜ ਦੇ ਕਰੂਪ ਚਿਹਰੇ ਤੋਂ ਡਰ ਲੱਗਣ ਲੱਗ ਪਿਆ ਅਤੇ ਉਸ ਦੇ ਸਿਰ ਵਿਚ ਘੜ੍ਹਿਆਲ਼ ਖੜਕੀ ਜਾ ਰਹੇ ਸਨ। 
ਰੁਲ਼ਦੀ ਖੁਲ਼ਦੀ ਅਤੇ ਜਿ਼ਆਦਤੀਆਂ ਸਹਿੰਦੀ ਸੀਤਲ ਨੂੰ ਪੂਰਾ ਸਾਲ ਬੀਤ ਗਿਆ ਸੀ। ਗਾਹਲਾਂ, ਮੁਸ਼ੱਕਤਾਂ ਅਤੇ ਤਸ਼ੱਦਦ ਦਾ ਦੌਰ ਹਰ ਰੋਜ਼ ਵਾਂਗ ਹੀ ਜਾਰੀ ਸੀ। ਸੀਤਲ ਦੇ ਨੱਕ ਵਿਚ ਦਮ ਆ ਚੁੱਕਾ ਸੀ। ਉਸ ਨੂੰ ਕੋਈ ਰਸਤਾ ਨਹੀਂ ਲੱਭਦਾ ਸੀ, ਜਿੱਧਰ ਉਹ ਭੱਜ ਕੇ ਜਾ ਸਕਦੀ। ਹੁਣ ਉਸ ਨੂੰ ਭਾਰਤ ਤੋਂ ਆਈ ਉਸ ਦੇ ਮਾਂ ਬਾਪ ਦੀ ਚਿੱਠੀ ਵੀ ਨਾ ਦਿੱਤੀ ਜਾਂਦੀ। ਪੜ੍ਹ ਕੇ ਬਰਾੜ ਚਿੱਠੀ ਕੂੜੇ ਵਿਚ ਹੀ ਸੁੱਟ ਛੱਡਦਾ। ਲਿਖਣ ਵਾਲਿ਼ਆਂ ਨੂੰ ਅਵਾ ਤਵਾ ਬੋਲਦਾ ਅਤੇ ਸਾਰੇ ਟੱਬਰ 'ਤੇ ਤਾਹਨੇ ਕਸਦਾ। 
ਅਚਾਨਕ ਦੀਦੀ ਅਤੇ ਅੰਕਲ ਵੀ ਤਿੰਨ ਮਹੀਨੇ ਵਾਸਤੇ ਭਾਰਤ ਚਲੇ ਗਏ ਸਨ। ਹੁਣ ਸੀਤਲ ਦਾ ਕੋਈ ਵਾਲੀ ਵਾਰਸ ਨਹੀਂ ਰਹਿ ਗਿਆ ਸੀ। ਕੋਈ ਹਮਦਰਦ ਨਹੀਂ ਸੀ। ਕੋਈ ਦਰਦ ਸੁਣਨ ਵਾਲਾ ਨਹੀਂ ਸੀ। ਕੋਈ ਦਰਦ ਵੰਡਾਉਣ ਵਾਲ਼ਾ ਨਹੀਂ ਸੀ। ਉਹ ਮਾਨਸਿਕ ਪੱਖੋਂ ਬਿਮਾਰ ਰਹਿਣ ਲੱਗ ਪਈ। ਕਦੇ ਕਦੇ ਉਸ ਨੂੰ ਕਹਿਰਾਂ ਦਾ ਡਰ ਲੱਗਦਾ। ਕਦੇ ਕਦੇ ਉਸ ਨੂੰ ਕੋਈ ਭਿਆਨਕ ਸੁਪਨਾ ਆਉਂਦਾ ਅਤੇ ਉਹ ਸੁੱਤੀ ਪਈ ਚੀਕ ਕੇ ਉਠ ਬੈਠਦੀ। ਬਰਾੜ ਉਸ ਨੂੰ ਗਾਹਲਾਂ ਦੇ ਕੇ ਅਤੇ ਕਦੇ ਕਦੇ ਚੁਪੇੜ ਮਾਰ ਕੇ ਫਿਰ ਪਾ ਦਿੰਦਾ। ਜੇ ਉਹ ਨਾ ਪੈਂਦੀ ਤਾਂ ਉਸ ਦੇ ਸਿਰ ਵਿਚ ਛਿੱਤਰ ਵਰ੍ਹਨ ਲੱਗ ਪੈਂਦੇ ਅਤੇ ਬਰਾੜ ਉਸ ਨੂੰ ਧੱਕਾ ਦੇ ਕੇ ਬੈੱਡ 'ਤੇ ਸੁੱਟ ਦਿੰਦਾ। ਸੀਤਲ ਸਰੀਰਕ ਪੱਖੋਂ ਅੱਧੀ ਰਹਿ ਗਈ ਸੀ। ਉਸ ਨੂੰ ਨਾ ਖਾਣ ਦੀ ਹੋਸ਼ ਸੀ ਅਤੇ ਨਾ ਪੀਣ ਦੀ। ਹੁਣ ਤਾਂ ਬਰਾੜ ਦੇ ਘਰਵਾਲ਼ੀ ਨਿੰਮੀ ਵੀ ਸੀਤਲ ਤੋਂ ਬੁਰੀ ਤਰ੍ਹਾਂ ਖਿਝਣ ਲੱਗ ਪਈ ਸੀ। ਕਿਉਂਕਿ ਸੀਤਲ ਉਸ ਦਾ ਖਿਆਲ ਨਹੀਂ ਰੱਖਦੀ ਸੀ! ਸੀਤਲ ਵੀ ਕੀ ਕਰਦੀ? ਉਸ ਨੂੰ ਤਾਂ ਆਪਣੀ ਹੋਸ਼ ਨਹੀਂ ਸੀ। ਉਸ ਦੇ ਆਪਣੇ ਹਾਲਾਤ ਭਾਰੀ ਪੈਂਦੇ ਜਾ ਰਹੇ ਸਨ। ਨਿੰਮੀ ਦਾ ਖਿਆਲ ਉਹ ਕੀ ਸੁਆਹ ਰੱਖਦੀ? 
ਹੁਣ ਕਦੇ ਕਦੇ ਸੀਤਲ ਬੈਠੀ ਬੈਠੀ ਅਚਾਨਕ ਬਿਨਾ ਗੱਲੋਂ ਹੀ ਹੱਸਣ ਲੱਗ ਪੈਂਦੀ ਅਤੇ ਕਦੇ ਉਚੀ ਉਚੀ ਰੋਣ ਲੱਗ ਪੈਂਦੀ। ਉਹ ਕਮਲਿ਼ਆਂ ਵਾਂਗ ਸਿਰ ਖੁਰਕਦੀ ਅਤੇ ਕਦੇ ਕੱਪੜੇ ਵੀ ਨਾ ਬਦਲਦੀ। ਨਿੰਮੀ ਅਤੇ ਜੁਆਕ ਉਸ ਤੋਂ ਅਲ਼ਕਤ ਮੰਨਣ ਲੱਗ ਪਏ। ਨਹਾਉਣ ਜਾਂ ਵਾਲ਼ ਵਾਹੁੰਣ ਦਾ ਤਾਂ ਸੀਤਲ ਨੂੰ ਚੇਤਾ ਹੀ ਭੁੱਲ ਗਿਆ ਸੀ। ਜਦੋਂ ਸੀਤਲ ਦੀ ਹਾਲਤ ਕੁਝ ਜਿ਼ਆਦਾ ਹੀ ਵਿਗੜ ਗਈ, ਜਦੋਂ ਉਹ ਹੁਣ ਬਹੁਤਾ ਹੀ ਕਮਲ਼ ਜਿਹਾ ਮਾਰਨ ਲੱਗ ਪਈ ਤਾਂ ਬਰਾੜ ਆਪਣੇ ਸਾਰੇ ਪ੍ਰੀਵਾਰ ਦੇ ਦਬਾਅ ਹੇਠ ਆ ਕੇ ਸੀਤਲ ਨੂੰ ਡਾਕਟਰ ਕੋਲ ਲੈ ਗਿਆ। ਡਾਕਟਰ ਉਸ ਦੀ ਹਿੱਕ ਦਾ ਵਾਲ਼ ਸੀ। ਜਿਗਰੀ ਮਿੱਤਰ! ਡਾਕਟਰ ਨੇ ਉਸ ਦਾ ਮੁਆਇਨਾ ਕਰ ਕੇ ਉਸ ਨੂੰ ਡਿਪਰੈਸ਼ਨ ਦੀ ਬਿਮਾਰੀ ਦੱਸੀ। ਦੁਆਈ ਬੂਟੀ ਲਿਖ ਦਿੱਤੀ ਅਤੇ ਅਗਲੇ ਹਫ਼ਤੇ ਫਿਰ ਆਉਣ ਬਾਰੇ ਹਦਾਇਤ ਕੀਤੀ। 
ਉਸ ਰਾਤ ਬਰਾੜ ਸੀਤਲ ਨਾਲ ਬੜੇ ਪਿਆਰ ਨਾਲ ਬੋਲਿਆ।
ਪਰ ਸੀਤਲ ਦੇ ਮਨ 'ਤੇ ਕੋਈ ਅਸਰ ਨਾ ਹੋਇਆ। ਉਹ ਬੈੱਡ 'ਤੇ ਪਈ, ਬੌਰਿਆਂ ਵਾਂਗ ਸਿੱਧੀ ਸਲੋਟ ਹੀ ਦੇਖੀ ਗਈ।
-"ਸੀਤਲ, ਆਪਾਂ ਕੱਲ੍ਹ ਨੂੰ ਮੇਰੇ ਵਕੀਲ ਕੋਲ ਚੱਲਾਂਗੇ-ਤੇਰੀ ਪੱਕੀ ਮੋਹਰ ਦੀ ਖਾਤਰ!" ਬਰਾੜ ਨੇ ਕਿਹਾ ਸੀ। ਪਰ ਸੀਤਲ ਫਿਰ ਉਸ ਨੂੰ ਅਵਾਕ ਤੱਕੀ ਗਈ ਸੀ। ਉਸ ਨੂੰ ਕੋਈ ਖ਼ੁਸ਼ੀ ਨਹੀਂ ਹੋਈ ਸੀ। ਖ਼ੁਸ਼ੀ ਤਾਂ, ਤਾਂ ਹੁੰਦੀ, ਜੇ ਉਹ ਦਿਮਾਗੀ ਤੌਰ 'ਤੇ ਸਥਿਰ ਹੁੰਦੀ? ਦਿਮਾਗੀ ਤੌਰ 'ਤੇ ਤਾਂ ਉਹ ਇਕ ਤਰ੍ਹਾਂ ਨਾਲ ਖ਼ਤਮ ਹੋ ਚੁੱਕੀ ਸੀ! ਉਸ ਲਈ ਖ਼ੁਸ਼ੀ ਗ਼ਮੀ ਇਕ ਬਰਾਬਰ ਹੋ ਤੁਰੀ ਸੀ। ਹੁਣ ਤਾਂ ਉਹ ਇਕ ਮਾਨਸਿਕ ਰੋਗਣ ਬਣ ਗਈ ਸੀ। ਉਸ ਦਾ ਰੋਗ ਇਕ ਭਿਆਨਕ ਰੂਪ ਧਾਰਨ ਕਰ ਗਿਆ ਸੀ। ਉਸ ਦੇ ਮਨ 'ਤੇ ਕਿਸੇ ਖ਼ੁਸ਼ੀ ਜਾਂ ਗ਼ਮ ਦਾ ਕੋਈ ਝਲਕਾਰਾ ਨਹੀਂ ਪੈਂਦਾ ਸੀ। ਕੋਈ ਹਾਵ ਭਾਵ ਨਹੀਂ ਆਉਂਦਾ ਸੀ। ਉਹ ਚੁੱਪ ਗੜੁੱਪ ਹੀ ਹੋ ਗਈ ਸੀ। ਇਕ ਤਰ੍ਹਾਂ ਨਾਲ਼ ਸਿਲ਼-ਪੱਥਰ! ਉਹ ਪੱਥਰਾਈਆਂ ਅੱਖਾਂ ਨਾਲ ਅਗਲੇ ਵੱਲ ਦੇਖਦੀ ਨਹੀਂ, ਝਾਕਦੀ ਸੀ।
ਅਗਲੇ ਦਿਨ ਬਰਾੜ ਸੀਤਲ ਨੂੰ ਆਪਣੇ ਵਕੀਲ ਕੋਲ਼ ਲੈ ਗਿਆ। ਵਕੀਲ ਉਸ ਦਾ ਪ੍ਰਮ-ਮਿੱਤਰ ਸੀ। ਹਮ ਪਿਆਲਾ - ਹਮ ਨਿਵਾਲਾ! ਬਰਾੜ ਨੇ ਸੀਤਲ ਨੂੰ ਬਾਹਰ ਵੇਟਿੰਗ-ਰੂਮ ਵਿਚ ਬਿਠਾ ਕੇ ਵਕੀਲ ਮਿੱਤਰ ਨਾਲ ਕੋਈ ਗੱਲ ਕੀਤੀ। ਸੀਤਲ ਸਾਊ ਬਲ਼ਦ ਵਾਂਗ ਬੈਠੀ ਰਹੀ ਸੀ। ਕਾਫ਼ੀ ਸਮਾਂ ਗੁਫ਼ਤਗੂ ਕਰਨ ਤੋਂ ਬਾਅਦ ਵਕੀਲ ਨੇ ਸੀਤਲ ਨੂੰ ਅੰਦਰ ਬੁਲਾ ਲਿਆ ਅਤੇ ਕਈ ਕਾਗਜ਼ਾਂ 'ਤੇ ਦਸਤਖ਼ਤ ਕਰਵਾ ਲਏ। ਜ਼ਾਹਿਰਾ ਤੌਰ 'ਤੇ ਇਹ ਤਲਾਕ ਦੇ ਕਾਗਜ਼ਾਂ 'ਤੇ ਦਸਤਖ਼ਤ ਹੋਏ ਸਨ! ਜਿਸ ਦਾ ਸੀਤਲ ਨੂੰ ਪਤਾ ਹੀ ਨਹੀਂ ਸੀ, ਸ਼ਾਇਦ! 
ਵਕੀਲ ਦੀ ਮਿਹਰਬਾਨੀ ਸਦਕਾ ਦੋ ਕੁ ਹਫ਼ਤੇ ਬਾਅਦ ਫ਼ੈਮਿਲੀ ਕੋਰਟ ਵਿਚ ਤਾਰੀਖ਼ ਪਈ ਤਾਂ ਬਰਾੜ ਨੇ ਸੀਤਲ ਨੂੰ ਮਾਨਸਿਕ ਤੌਰ 'ਤੇ ਬੀਮਾਰ ਅਥਵਾ ਕਮਲ਼ੀ ਸਾਬਤ ਕਰ ਕੇ ਤਲਾਕ ਲੈ ਲਿਆ। ਸਬੂਤ ਵਜੋਂ ਡਾਕਟਰੀ ਰਿਪੋਰਟ ਨਾਲ ਨੱਥੀ ਸੀ। ਤੀਜੇ ਕੁ ਦਿਨ ਬਰਾੜ ਨੇ ਸੀਤਲ ਦੇ ਮਾਂ ਬਾਪ ਨੂੰ ਸਿਰਫ਼ ਇਤਨਾ ਆਖ ਕੇ ਫ਼ੋਨ ਕੀਤਾ ਕਿ ਸੀਤਲ ਕੁਝ ਬੀਮਾਰ ਹੈ ਅਤੇ ਉਹ ਕੁਝ ਕੁ ਹਫ਼ਤਿਆਂ ਲਈ ਤੁਹਾਡੇ ਕੋਲ਼ ਆ ਰਹੀ ਹੈ, ਉਸ ਨੂੰ ਦਿੱਲੀ ਤੋਂ ਆ ਕੇ ਲੈ ਜਾਵੋ! ਫ਼ਲਾਈਟ ਨੰਬਰ ਅਤੇ ਫ਼ਲਾਈਟ ਪਹੁੰਚਣ ਦਾ ਸਮਾਂ ਉਸ ਨੇ ਹਰਮਨ ਸਿੰਘ ਨੂੰ ਲਿਖਵਾ ਦਿੱਤਾ ਸੀ।
ਅਗਲੀ ਰਾਤ ਬਰਾੜ ਨੇ ਸੀਤਲ ਨੂੰ ਟਰਾਂਟੋ ਦੇ ਹਵਾਈ ਅੱਡੇ ਤੋਂ ਦਿੱਲੀ ਵਾਲੇ ਜਹਾਜ ਵਿਚ ਬਿਠਾ ਦਿੱਤਾ ਅਤੇ 'ਬਲਾਅ' ਗਲ਼ੋਂ ਲਾਹ ਦਿੱਤੀ...! ਅਤੇ ਆਪ ਸੁਰਖ਼ਰੂ ਹੋ ਕੇ ਘਰ ਆ ਗਿਆ......!
......ਜਦੋਂ ਹਰਦੇਵ ਦਾ ਬਾਪੂ ਸੱਥ ਵਿਚ ਪਹੁੰਚਿਆ ਤਾਂ ਪੰਚਾਇਤ ਵਿਚ ਕਾਫ਼ੀ ਗਰਮਾ ਗਰਮੀ ਹੋ ਰਹੀ ਸੀ। ਸੀਤਲ ਦਾ ਬਾਪ ਹਰਮਨ ਸਿੰਘ ਪੰਚਾਇਤ ਵਿਚਕਾਰ ਦੋਸ਼ੀਆਂ ਵਾਂਗ ਬੈਠਾ ਸੀ। ਉਸ ਦਾ ਸਿਰ ਸੁੱਟਿਆ ਹੋਇਆ ਸੀ ਅਤੇ ਉਹ ਕਿਸੇ ਨਾਲ ਬਹੁਤੀ ਗੱਲ ਨਹੀਂ ਕਰ ਰਿਹਾ ਸੀ। ਇੰਜ ਲੱਗਦਾ ਸੀ, ਜਿਵੇਂ ਉਹ ਰੋ ਕੇ ਹਟਿਆ ਸੀ।
-"ਆ ਜਾਹ, ਆ ਜਾਹ ਜਾਗਰ ਸਿਆਂ, ਤੇਰੀ ਅਸੀਂ 'ਡੀਕ ਕਰੀ ਜਾਨੇ ਐਂ!" ਸਰਪੰਚ ਨੇ ਆਖਿਆ। ਉਹ ਬਹਿਸ ਕਰਕੇ ਕਾਫ਼ੀ 'ਭਖਿ਼ਆ' ਲੱਗਦਾ ਸੀ।
-"ਮੈਨੂੰ ਤਾਂ ਜਦੋਂ ਈ ਚੌਂਕੀਦਾਰ ਨੇ ਸੁਨੇਹਾ ਦਿੱਤਾ-ਮੈਂ ਤਾਂ ਉਦੋਂ ਈ ਐਧਰ ਨੂੰ ਤੁਰ ਪਿਆ, ਸਰਪੈਂਚਾ।"
-"ਉਹ ਤੇਰੇ ਕੋਲ਼ੇ ਸੁਨੇਹਾਂ ਲੈ ਕੇ ਈ ਲੇਟ ਪਹੁੰਚਿਐ-ਪੰਚੈਤ ਤਾਂ ਬਹੁਤ ਚਿਰ ਦੀ 'ਡੀਕੀ ਜਾਂਦੀ ਐ!" 
-"ਆਹ ਦੱਸ ਮਸਲਾ ਕਿਵੇਂ ਹੱਲ ਕਰੀਏ? ਨਾ ਮੁੰਡੇ ਦੇ ਕਿਸੇ ਪਿੰਡ ਦਾ ਪਤੈ-ਨਾ ਕੋਈ ਟਿਕਾਣਾ ਜਾਣਦੇ ਐਂ-ਨਾ ਈ ਉਹਦਾ ਕੋਈ ਜਾਣਕਾਰ ਐਥੇ ਰਹਿੰਦੈ-ਜਿਹੜੇ ਹੋਟਲ਼ 'ਚ ਉਹਨੂੰ ਇਹ ਹਰਮਨ ਸਿਉਂ ਹੋਰੀਂ ਮਿਲ਼ੇ ਸੀ-ਉਹ ਹੋਟਲ਼ ਆਲ਼ੇ ਕਹਿੰਦੇ, ਅਖੇ ਸਾਡੇ ਕੋਲ਼ੇ ਤਾਂ ਜੀ ਐਹੋ ਜਿਹੇ ਮਹਿਮਾਨ ਨਿੱਤ ਆਉਂਦੇ ਐ-ਅਸੀਂ ਕੀਹਦਾ ਕੀਹਦਾ ਪਿੰਡ ਪੁੱਛੀ ਜਾਈਏ? ਜਿਹੜਾ ਰਜਿ਼ਸਟਰ 'ਚ ਉਹਦਾ 'ਡਰੈਸ ਲਿਖਿਐ-ਉਹ ਕਨੇਡੇ ਦਾ ਐ! ਤੀਹ ਲੱਖ ਰੁਪਈਏ ਦੀ ਉਹ ਕੰਜਰ ਇਹਦੇ ਨਾਲ ਠੱਗੀ ਮਾਰ ਗਿਆ-ਤੀਹ ਲੱਖ ਦੀ ਲਿਖਤ ਪੜ੍ਹਤ ਇਹਦੇ ਕੋਲ਼ੇ ਕੋਈ ਨ੍ਹੀ-ਕੁੜੀ ਦੀ ਬੱਚੇਦਾਨੀ ਕਢਵਾ ਕੇ ਪਰ੍ਹੇ ਮਾਰੀ-ਅੱਗਾ ਪਿੱਛਾ ਉਹਦਾ ਨ੍ਹੀ ਪੁੱਛਿਆ-ਕਨੇਡੇ ਦੇ ਲਾਲਚ ਨੂੰ ਹੱਥੀਂ ਪਾਲ਼ੀ ਪੋਸੀ ਧੀ ਧਿਆਣੀ, ਉਹਦੇ ਬੱਤੀ ਸਾਲ ਵੱਡੇ ਬੁੱਢੇ ਮਲੰਗ ਨਾਲ ਤੋਰਤੀ! ਉਏ, ਕੁਛ ਤਾਂ ਅਕਲ ਕਰਦੇ? ਅਸੀਂ ਹੁਣ ਦੱਸੋ ਕੀ ਭੈਣ ਗੜ੍ਹਾਈਏ...?" ਸਰਪੰਚ ਨੇ ਦੁਹਈ ਦਿੱਤੀ, ਮੱਥਾ ਪਿੱਟਿਆ।
ਸੀਤਲ ਦਾ ਬਾਪ ਹਰਮਨ ਸਿੰਘ ਉਪਰ ਸਿਰ ਨਹੀਂ ਚੁੱਕ ਰਿਹਾ ਸੀ।
ਕਸੂਰ ਪੰਚਾਇਤ ਦਾ ਨਹੀਂ, ਕਸੂਰ ਤਾਂ ਉਸ ਦਾ ਆਪਣਾ ਸੀ।
-"ਬੱਸ...! ਇਹਨਾਂ ਨੇ ਤਾਂ ਕਨੇਡੇ ਦਾ ਨਾਂ ਸੁਣ ਲਿਆ ਤੇ ਸਾਰੇ ਟੱਬਰ ਦੇ ਡਮਾਕ 'ਚ ਈ ਫ਼ਰਕ ਪੈ ਗਿਆ-ਉਹਦੇ ਮੂਹਰੇ ਗਾਂਧੀ ਬਣ ਕੇ ਹੱਥ ਜੋੜੀ ਗਏ ਹੋਣੇ ਐਂ-ਅਗਲੇ ਤਾਂ ਐਹੋ ਜੀਆਂ ਸਾਮੀਆਂ ਭਾਲ਼ਦੇ ਐ-ਐਹੋ ਜੀ ਮੂਰਖ ਸਾਅਮੀਂ ਉਹਨਾਂ ਨੂੰ ਕਿਤੋਂ ਮਿਲਣੀ ਐਂ? ਲਓ, ਜਾ ਵੜੋ ਕਨੇਡੇ! ਲਾਹ ਲਓ ਚਾਅ! ਅਗਲਾ ਤੀਹ ਲੱਖ ਨੂੰ ਥੁੱਕ ਲਾ ਕੇ ਤੇ ਧੀ ਧਿਆਣੀ ਨੂੰ ਖੇਹ ਖਰਾਬ ਕਰਕੇ ਕਨੇਡੇ ਈ ਦੜ ਗਿਆ! ਅਗਲੇ ਨੇ ਪਾਸਪੋਰਟ ਤੇ ਤਲਾਕ ਦੇ ਕਾਗਜ ਪੱਤਰ ਕੁੜੀ ਦੇ ਹੱਥ ਫੜਾਤੇ ਤੇ ਐਧਰ ਨੂੰ ਜਹਾਜ ਚਾੜ੍ਹਤੀ-ਫ਼ੜ ਲਓ ਪੂਛ...!"
-"......।" ਹਰਮਨ ਸਿੰਘ ਚੁੱਪ ਸੀ। ਉਹ ਦੋਸ਼ ਵੀ ਕਿਸ ਨੂੰ ਦਿੰਦਾ? ਦੋਸ਼ ਤਾਂ ਉਸ ਦਾ, ਖ਼ੁਦ ਆਪ ਦਾ ਸੀ!
-"ਬਹੁੜੀ ਉਏ ਪਿੰਡਾ...! ਆਪਾਂ ਐਥੇ ਪੰਜਾਬ 'ਚ ਵੀ ਰਿਸ਼ਤਾ ਕਰਦੇ ਐਂ-ਤਾਂ ਬੀਹ ਦਾਦੀਆਂ ਨਾਨੀਆਂ ਪੁੱਛਦੇ ਐਂ-ਤੇ ਇਹਨਾਂ ਨੇ...?" ਸਰਪੰਚ ਨੇ ਸਿਰ ਫੇਰਿਆ।
-"ਉਏ ਬੰਦਾ ਬਿਨਾਂ ਤਸੱਲੀ ਕਰੇ ਬੱਸ ਨ੍ਹੀ ਚੜ੍ਹਦਾ-ਤੇ ਇਹਨਾਂ ਨੇ ਤੀਹ ਲੱਖ ਰੁਪਈਆ ਤੇ ਨਾਲ ਹੱਥ ਬੰਨ੍ਹ ਕੇ ਜੁਆਨ ਜਹਾਨ ਕੁੜੀ ਤੋਰਤੀ-ਬਈ ਤੁਸੀਂ ਕਿਸੇ ਨਾਲ ਸਲਾਹ ਮਛਬਰਾ ਈ ਕਰਲੋ! ਨਾਂਅ...! ਬਾਹਲ਼ਾ ਪੜ੍ਹਿਆ ਲਿਖਿਆ ਇਉਂ ਈ ਤਾਂ ਅੰਬਰਸਰ ਦੀ ਥਾਂ ਮੁਕਸਰ ਪਹੁੰਚ ਜਾਂਦੈ! ਇਹਨਾਂ ਨੇ ਤਾਂ ਕਨੇਡੇ ਦਾ ਨਾਂ ਲਿਆਂ ਸੁਣ-ਤੇ ਚੱਕ ਮੇਰੇ ਭਾਈ! ਸਾਰਾ ਟੱਬਰ ਈ ਕਮਲ਼ਾ ਹੋ ਗਿਆ-ਬਈ ਐਹੋ ਜਿਆ ਕਨੇਡੇ ਆਲ਼ਾ ਮੁੰਡਾ ਸਾਨੂੰ ਮਿਲਣੈਂ? ਮੈਰਜ ਪੈਲਸ ਗਏ ਤੇ ਬਾਹਰੋ ਬਾਹਰ ਈ ਕਰ ਕੇ 'ਨੰਦ ਕਾਰਜ-ਫ਼ਾਹਾ ਵੱਢਤਾ-ਕਰ ਲਓ ਘਿਉ ਨੂੰ ਭਾਂਡਾ! ਇਹਦਾ ਪਿਉ ਤਾਂ ਉਦੇਂ ਦਾ ਘਰੇ ਨ੍ਹੀ ਆਇਆ ਬਿਚਾਰਾ-ਪਤਾ ਨ੍ਹੀ ਕਿਹੜੇ ਖੂਹ ਟੋਭੇ ਪੈ ਗਿਆ...?" ਸਰਪੰਚ ਨੂੰ ਅਥਾਹ ਚੇਹ ਚੜ੍ਹੀ ਹੋਈ ਸੀ। 
-"ਚਲੋ, ਜਿਹੜੀ ਹੋ ਗਈ-ਉਹਦੇ 'ਤੇ ਮਿੱਟੀ ਪਾਓ...!" ਮੈਂਬਰ ਨੇ ਕਿਹਾ।
-"ਚਲੋ ਛੱਡੋ ਸਰਪੈਂਚਾ! ਇਕ ਤਾਂ ਬਿਚਾਰੇ ਨਾਲ ਧੱਕਾ ਹੋਇਆ-ਦੂਜਾ ਹੁਣ ਆਪਾਂ ਇਹਦਾ ਗਲ਼ ਘੁੱਟਣ ਆਲਿ਼ਆਂ ਮਾਂਗੂੰ ਮਗਰ ਪੈਗੇ-ਗੱਲ ਤਾਂ ਉਹ ਹੋਈ, ਇਕ ਤਾਂ ਜੁਆਕ ਦਰਵਾਜੇ ਦੀ ਝੀਥ 'ਚ ਹੱਥ ਦੇ ਲੈਂਦੈ ਤੇ ਦੂਜਾ ਘਰਦੇ ਛਿੱਤਰੀਂ ਡਹਿ ਜਾਂਦੇ ਐ, ਬਈ ਸਾਲਿ਼ਆ ਹੱਥ ਦਿੱਤਾ ਤਾਂ ਕਿਉਂ ਦਿੱਤਾ? ਦੂਹਰੀ ਮਾਰ! ਇਹ ਗੱਲ ਢਕੋ ਅਤੇ ਅੱਗੇ ਦੀ ਸੋਚੋ...!" ਕਿਸੇ ਹੋਰ ਨੇ ਇਕੱਠ 'ਚੋਂ ਆਖਿਆ।
-"ਅੱਗੇ ਸੋਚੀਏ ਕੀ? ਇਹ ਤਾਂ ਦੱਸ? ਡੁੱਬੀ ਤਾਂ, ਤਾਂ ਜੇ ਸਾਹ ਨਾ ਆਇਆ? ਆਪਾਂ ਕੋਈ ਪਸ਼ੂ ਖਰੀਦਦੇ ਐਂ-ਉਹਦੀਆਂ ਵੀ ਬੀਹ ਨਸਲਾਂ ਛਾਣ ਮਾਰਦੇ ਐਂ! ਇਹ ਤਾਂ ਫੇਰ ਵੀ ਧੀ ਧਿਆਣੀ ਤੇ ਪਿੰਡ ਦੀ ਇੱਜਤ ਦਾ ਸੁਆਲ ਸੀ! ਮਿੰਬਰਾ, ਤੂੰ ਦੱਸ ਲੈ, ਕੀ ਕਰੀਏ? ਹੁਣ ਕਨੇਡੇ ਜਾ ਕੇ ਉਹਦੀ, ਕੰਜਰ ਦੀ ਪੈੜ ਦੱਬੀਏ...?" ਸਰਪੰਚ ਮੈਂਬਰ ਵੱਲ ਨੂੰ ਹੋ ਗਿਆ। ਪਰ ਮੈਂਬਰ ਕੀ ਦੱਸਦਾ? ਉਹ ਵੀ ਚੁੱਪ ਹੋ ਗਿਆ। ਵੱਸ ਤਾਂ ਕਿਸੇ ਦੇ ਵੀ ਨਹੀਂ ਸੀ! ਸਰਪੰਚ ਨੂੰ ਸਮਝ ਨਹੀਂ ਆ ਰਹੀ ਸੀ ਕਿ ਪੰਚਾਇਤ ਇਕੱਠੀ ਕਿਉਂ ਕੀਤੀ ਸੀ? ਫ਼ਾਇਦਾ ਕੀ ਹੋਣਾਂ ਜਾਂ ਕੀ ਹੋਇਆ ਸੀ? ਵਾਧੂ ਦੀ 'ਤੋਏ-ਤੋਏ' ਹੀ ਕਰਵਾਈ ਸੀ?
-"ਇਕ ਕੰਮ ਕਰੋ!" ਪਿੰਡ ਵਿਚੋਂ ਕੋਈ ਸੁਲਝਿਆ ਹੋਇਆ ਬੰਦਾ ਬੋਲਿਆ। 
ਉਹ ਕਾਫ਼ੀ ਦੇਰ ਤੋਂ ਤਮਾਸ਼ਾ ਦੇਖ ਰਿਹਾ ਸੀ।
-"ਹਾਂ ਦੱਸ...?"
-"ਠਾਣੇ ਕੇਸ ਦਰਜ ਕਰਵਾਓ ਤੇ ਉਸ ਕੇਸ ਦੀ ਨਕਲ ਕੈਨੇਡਾ ਦੀ ਅੰਬੈਸੀ ਨੂੰ ਭੇਜੋ!" ਉਸ ਨੇ ਰਾਇ ਦਿੱਤੀ।
-"ਫ਼ੈਦਾ ਕੀ ਹੋਊ?" ਸਰਪੰਚ ਨੇ ਪੁੱਛਿਆ।
-"ਹਰਮਨ ਸਿਉਂ ਨੂੰ ਤਾਂ ਫ਼ਾਇਦਾ ਹੋਵੇ, ਨਾ ਹੋਵੇ! ਪਰ ਮੇਰੀ ਨਜ਼ਰ ਵਿਚ ਇਹ ਕੇਸ ਅੰਬੈਸੀ ਦੇ ਰਿਕਾਰਡ 'ਚ ਜ਼ਰੂਰ ਬਰ ਜ਼ਰੂਰ ਲਿਆਉਣਾ ਚਾਹੀਦੈ-ਇਹਦੇ ਨਾਲ ਕਿਸੇ ਹੋਰ ਦਾ ਭਲਾ ਹੋ ਸਕਦੈ-ਅੰਬੈਸੀ ਅਜਿਹੇ ਕੇਸਾਂ ਪ੍ਰਤੀ ਸੁਚੇਤ ਹੋਜੂਗੀ-ਜੇ ਉਹ ਤੀਹ ਲੱਖ ਆਲ਼ਾ ਕਦੇ ਐਧਰ ਆਇਆ-ਉਹਨੂੰ ਹੱਥ ਵੀ ਪਾ ਸਕਦੇ ਐਂ-ਨਹੀਂ ਤਾਂ ਅੰਬੈਸੀ ਉਸ ਦੇ ਹੱਕ 'ਚ ਈ ਖੜੂ-ਉਹਨਾਂ ਨੇ ਆਖਣੈਂ ਬਈ ਸਾਨੂੰ ਉਦੋਂ ਕਿਉਂ ਨ੍ਹੀ ਖ਼ਬਰ ਕੀਤੀ? ਹੁਣ ਇਹਨੂੰ ਕਿਉਂ ਉਲਝਣ 'ਚ ਪਾਉਨੇ ਐਂ? ਜੇ ਉਹ ਕਦੇ ਆਪਣੇ ਹੱਥ ਲੱਗ ਗਿਆ-ਉਲਟਾ ਅੰਬੈਸੀ ਆਪਾਂ ਨੂੰ ਪਊ-ਜੇ ਅੰਬੈਸੀ ਨੂੰ ਰਿਪੋਰਟ ਦਿੱਤੀ ਹੋਊ-ਤਾਂ ਆਪਾਂ ਉਹਨੂੰ ਛਿੱਤਰ ਫੇਰ ਕੇ ਸੱਚੇ ਤਾਂ ਰਹਾਂਗੇ...? ਗਿੱਝੀ ਲੂੰਬੜੀ ਨਿੱਤ ਮੰਡੇ ਭਾਲ਼ਦੀ ਐ! ਉਹ ਗਿੱਝਿਆ ਗਿਝਾਇਆ ਐਧਰ ਕਦੇ ਫੇਰ ਗੇੜਾ ਮਾਰੂ-ਦੇਖ ਲਿਓ...!" 
ਅਜੇ ਉਹ ਰੈਆਂ ਕਰ ਹੀ ਰਹੇ ਸਨ ਕਿ ਚੌਂਕੀਦਾਰ ਹਫਿ਼ਆ ਹੋਇਆ, ਹਾਕਾਂ ਮਾਰਦਾ, ਭੱਜਿਆ ਆਉਂਦਾ ਸੀ।
-"ਸਰਪੈਂਚਾ...! ਸਰਪੈਂਚਾ...!!" 
-"ਉਏ ਹੁਣ ਤੈਨੂੰ ਕੀ ਗੋਲ਼ੀ ਵੱਜਗੀ, ਖਸਮਾਂ...?" ਸਰਪੰਚ ਨੇ ਹਰਮਨ ਦਾ ਗੁੱਸਾ ਚੌਂਕੀਦਾਰ 'ਤੇ ਕੱਢਿਆ।
-"ਸਰਪੈਂਚਾ, ਹਰਮਨ ਦੀ ਘਰਾਂਆਲ਼ੀ ਤੇ ਕੁੜੀ ਨੇ ਕੀੜਿਆਂ ਆਲ਼ੀ ਦੁਆਈ ਪੀ ਲਈ...!" ਉਸ ਨੇ ਮਸਾਂ ਹੀ ਗੱਲ ਪੂਰੀ ਕੀਤੀ ਸੀ। ਉਸ ਦਾ ਸਾਹ ਨਾਲ ਸਾਹ ਨਹੀਂ ਰਲ਼ਦਾ ਸੀ!
ਸਾਰਿਆਂ ਦੇ ਔਸਾਣ ਮਾਰੇ ਗਏ। 
ਪੈਰਾਂ ਹੇਠੋਂ ਮਿੱਟੀ ਨਿਕਲ ਗਈ।
ਸਾਰਾ ਪਿੰਡ ਸਿਰ ਤੋੜ ਹਰਮਨ ਦੀ ਕੋਠੀ ਨੂੰ ਦੌੜ ਪਿਆ। ਜਦ ਉਹਨਾਂ ਨੇ ਜਾ ਕੇ ਦੇਖਿਆ ਤਾਂ ਦੋਵੇਂ ਮਾਵਾਂ ਧੀਆਂ ਵਿਹੜੇ ਵਿਚ ਸ਼ਾਂਤ ਚਿੱਤ ਪਈਆਂ ਸਨ। ਜਿਵੇਂ ਕਦੋਂ ਦੀਆਂ ਸੁੱਤੀਆਂ ਪਈਆਂ ਸਨ। ਉਹਨਾਂ ਦੇ ਮੂੰਹੋਂ ਝੱਗ ਵਗ ਕੇ ਰੁਕ ਚੁੱਕੀ ਸੀ। ਬੜੀ ਤੇਜ਼ੀ ਨਾਲ ਪਿੰਡ ਦੇ ਡਾਕਟਰ ਨੂੰ ਬੁਲਾਇਆ ਗਿਆ। ਡਾਕਟਰ ਨੇ ਆ ਕੇ ਉਹਨਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ। ਹਰਮਨ ਧਾਹ ਮਾਰ ਕੇ ਦੋਵਾਂ ਦੀਆਂ ਲਾਅਸ਼ਾਂ 'ਤੇ ਡਿੱਗ ਪਿਆ।
ਸਾਰਾ ਪਿੰਡ ਸੋਗ ਵਿਚ ਡੁੱਬ ਗਿਆ!
ਜਿਵੇਂ ਸਾਰਾ ਪਿੰਡ ਗੂੰਗਾ ਅਤੇ ਬੋਲ਼ਾ ਹੋ ਗਿਆ ਸੀ। 
ਜਿਵੇਂ ਸਾਰਾ ਪਿੰਡ ਮਰ ਗਿਆ ਸੀ।
ਜਿਵੇਂ ਸਾਰੇ ਪਿੰਡ ਦਾ ਉਜਾੜਾ ਹੋ ਗਿਆ ਸੀ।
-"ਮੇਰੀ ਮੰਨੋ! ਹੁਣ ਇਹਨਾਂ ਦੀ ਮਿੱਟੀ ਦੀ ਖੇਹ ਖਰਾਬੀ ਨਾ ਕਰੋ-ਤੇ ਸਸਕਾਰ ਕਰ ਦਿਓ! ਕੀ ਖਿਆਲ ਐ?" ਸਰਪੰਚ ਨੇ ਸਾਰਿਆਂ ਦੀ ਸਲਾਹ ਪੁੱਛੀ।
-"ਬਿਲਕੁਲ ਦਰੁਸਤ ਐ! ਜੇ ਪੁਲ਼ਸ ਨੂੰ ਖਬਰ ਕਰਾਂਗੇ-ਉਹ ਬੀਹ ਕਾਨੂੰਨ ਛਾਂਟਣਗੇ-ਕਰ ਆਪਾਂ ਕੁਛ ਸਕਦੇ ਨ੍ਹੀ-ਬੱਸ ਇਹ ਈ ਠੀਕ ਐ-ਚੁੱਪ ਚਾਪ ਸਸਕਾਰ ਕਰ ਦਿਓ...!" ਪੰਚਾਇਤ ਵਿਚੋਂ ਮੈਂਬਰ ਨੇ ਵੀ ਹਮਾਇਤ ਕੀਤੀ।
-"ਕਿਉਂ ਪਿੰਡਾ...? ਕੀ ਖਿਆਲ ਐ?" ਸਰਪੰਚ ਨੇ ਬੇਥਵੀ ਗੱਲ ਸੁੱਟੀ। 
ਉਹ ਇਕੱਲਾ ਜਿ਼ੰਮੇਵਾਰੀ ਓਟਣ ਲਈ ਤਿਆਰ ਨਹੀਂ ਸੀ।
-"ਠੀਕ ਐ, ਸਰਪੈਂਚ ਸਾਹਬ!" 
-"ਜਿਵੇਂ ਤੁਸੀਂ ਚਾਹੁੰਦੇ ਓਂ-ਸਾਨੂੰ ਮਨਜੂਰ ਐ।"
-"ਅਸੀਂ ਵੀ ਹਾਂਮੀਂ ਭਰਦੇ ਐਂ।" ਕਈ ਅਵਾਜ਼ ਆਈਆਂ।
-"ਕਿਉਂ ਜਾਗਰ ਸਿਆਂ...?" ਸਰਪੰਚ ਨੇ ਆਖਰੀ ਸਲਾਹ ਪੁੱਛੀ।
-"ਸਸਕਾਰ ਕਰੋ ਸਰਪੈਂਚਾ! ਇਹਨਾਂ ਦੀ ਵਿਚਾਰੀਆਂ ਦੀ ਮਿੱਟੀ ਖਰਾਬ ਨਾ ਕਰੋ-ਅੱਗੇ ਈ ਬਹੁਤ ਕਹਿਰ ਝੱਲਿਐ।" ਜਾਗਰ ਨੇ ਅਕਹਿ ਦੁੱਖ ਨਾਲ ਸਿਰ ਫ਼ੇਰਿਆ। 
ਸੀਤਲ ਅਤੇ ਪਰਮ ਕੌਰ ਦਾ ਸਸਕਾਰ ਕਰ ਦਿੱਤਾ ਗਿਆ। 
ਹਰਮਨ ਸਿੰਘ ਨੀਂਮ ਪਾਗ਼ਲ ਜਿਹਾ ਹੋ ਗਿਆ ਸੀ। ਦੁਖੀ ਹੋ ਕੇ ਬਾਪੂ ਪਤਾ ਨਹੀਂ ਕਿੱਧਰ ਚਲਾ ਗਿਆ ਸੀ? ਹੁਣ ਸੀਤਲ ਅਤੇ ਪਰਮ ਕੌਰ ਤੁਰ ਗਈਆਂ ਸਨ। ਵਸਦਾ ਰਸਦਾ, ਹੱਸਦਾ ਖੇਡਦਾ ਘਰ ਖੰਡਰ ਬਣ ਗਿਆ ਸੀ। ਕੀ ਖੱਟਿਆ? ਸਿਰਫ਼ ਕੈਨੇਡਾ ਦਾ ਨਾਂ? ਕੈਨੇਡਾ ਜਾਣ ਦੇ ਲਾਲਚ ਨੇ ਸਾਰਾ ਕੁਝ ਹੀ ਸਾੜ ਕੇ ਸੁਆਹ ਕਰ ਦਿੱਤਾ। ਕੁੜੀ ਨੇ ਕੀ-ਕੀ ਦਸੌਂਟੇ ਕੱਟੇ, ਕਿੰਨਾਂ ਤਸ਼ੱਦਦ ਸਰੀਰ 'ਤੇ ਜਰਿਆ। ਦਿਮਾਗੀ ਪੱਖੋਂ ਬਿਮਾਰ ਹੋ ਕੇ ਜਾਨ ਦੇ ਦਿੱਤੀ। ਮਾਂ ਨੇ ਧੀ ਦਾ ਦੁੱਖ ਨਾ ਸਹਾਰਿਆ। ਉਹ ਵੀ ਧੀ ਦੇ ਨਾਲ ਹੀ ਮੌਤ ਦੇ ਮਾਰਗ ਤੁਰ ਗਈ। ਸਾਰਾ ਟੱਬਰ ਉੱਜੜ ਗਿਆ। ਹੁਣ ਹਰਮਨ ਸਿਆਂ ਰਹਿ ਗਿਆ ਤੂੰ ਤੇ ਤੇਰਾ ਪੁੱਤ ਬਿੱਲੂ! ਹੁਣ ਰਲ਼ ਮਿਲ਼ ਕੇ ਦਿਨ ਕੱਟ! ਐਸ਼ ਕਰਦੇ ਸੀ। ਚਿੜੀ ਚੂਕਦੀ ਨਹੀਂ ਸੁਣਦੀ ਸੀ। ਹੁਣ ਰੱਬ ਦਾ ਭਾਣਾ ਮਿੱਠਾ ਕਰ ਕੇ ਮੰਨ! ਸਿਆਣੇ ਆਖਦੇ ਐ ਕਿ ਜਿ਼ਆਦਾ ਮੂੰਹ ਅੱਡੀਏ ਤਾਂ ਮੱਖੀਆਂ ਹੀ ਪੈਂਦੀਐਂ। ਕੀ ਘਾਟਾ ਸੀ ਘਰੇ? ਸਭ ਕੁਝ ਰੱਬ ਦਾ ਦਿੱਤਾ ਹੋਇਆ ਸੀ। ਚੰਗਾ ਖਾਂਦੇ ਸੀ, ਮੰਦਾ ਬੋਲਦੇ ਸੀ। ਪਤਾ ਨਹੀਂ ਕਿਸ ਚੰਦਰੇ ਦੀ ਹਾਅ ਲੱਗ ਗਈ? ਪਤਾ ਨਹੀਂ ਕਿਸ ਦੁਸ਼ਟ ਦੀ ਨਜ਼ਰ ਖਾ ਗਈ ਸਾਡੇ ਘਰ ਨੂੰ? ਪੰਚਾਇਤ ਵਾਲ਼ੇ ਜਾਂ ਸਰਪੰਚ ਸੱਚ ਹੀ ਤਾਂ ਆਖ ਰਿਹਾ ਸੀ? ਸਿਆਣੇ ਕਹਿੰਦੇ ਐ ਕਿ ਕਦੇ ਕਦੇ ਕੰਧਾਂ ਦੀ ਰਾਇ ਵੀ ਲੈਣੀਂ ਪੈਂਦੀ ਐ! ਪਰ ਤੂੰ ਕੈਨੇਡਾ ਦੇ ਜਨੂੰਨ ਵਿਚ ਫ਼ਸ ਕੇ ਕਿਸੇ ਦੀ ਸਲਾਹ ਤਾਂ ਕੀ? ਬਾਤ ਵੀ ਨਹੀਂ ਪੁੱਛੀ! ਹੁਣ ਪਿੰਡ ਜਾਂ ਪੰਚਾਇਤ ਵਾਲ਼ੇ ਤੈਨੂੰ ਦੋਸ਼ੀ ਨੂੰ ਕਿਵੇਂ ਨਿਰਦੋਸ਼ ਕਰਾਰ ਦੇ ਦੇਣ? ਫੇਰ ਵੀ ਪਿੰਡ ਦੀ ਇੱਜ਼ਤ ਦਾ ਸੁਆਲ ਹੈ!
ਉਹ ਸੋਚਾਂ ਵਿਚ ਡੁੱਬਿਆ, ਨਿਘਰਦਾ ਜਾ ਰਿਹਾ ਸੀ।
ਪਿੰਡ ਵਾਲ਼ੇ ਅਰਥੀਆਂ 'ਤੇ ਆਖਰੀ ਡੱਕੇ ਸੁੱਟ, ਹਰਮਨ ਸਿੰਘ ਅਤੇ ਉਸ ਦੇ ਪੁੱਤਰ ਬਿੱਲੂ ਨੂੰ ਧਰਵਾਸ ਦਿੰਦੇ, ਘਰਾਂ ਨੂੰ ਚੱਲ ਪਏ! ਹਰਮਨ ਸਿੰਘ ਅਤੇ ਬਿੱਲੂ ਅਜੇ ਸਿਵਿਆਂ ਵਿਚ ਹੀ ਖੜ੍ਹੇ ਆਪਣੀ ਮਾੜੀ ਕਿਸਮਤ ਨੂੰ ਕੋਸ ਰਹੇ ਸਨ! ਘੁੱਗ ਵਸਦਾ ਘਰ ਖੋਲ਼ਾ ਬਣ ਗਿਆ ਸੀ। ਜਿਹੜੇ ਘਰੇ ਕੰਨ ਪਾਈ ਨਹੀਂ ਸੁਣਦੀ ਸੀ, ਹੁਣ ਉਸ ਘਰੇ ਉਲੂ ਬੋਲਿਆ ਕਰਨਗੇ! 

ਬਾਕੀ ਅਗਲੇ ਹਫ਼ਤੇ....



No comments:

Post a Comment