ਜੁਗਾੜ ਸਿਉਂ ਪੂਰੇ ਦਸਾਂ ਦਿਨਾਂ ਬਾਅਦ ਮੁੜਿਆ।
ਉਹ ਜਗਤੇ ਕੋਲ਼ ਹੀ ਰਿਹਾ ਸੀ। ਜਗਤਾ ਵੀ ਵਿਚਾਰਾ ਇਕ ਤਰ੍ਹਾਂ ਨਾਲ਼ ਦਿਲੋਂ ਹਿੱਲਿਆ ਫਿ਼ਰਦਾ ਸੀ। ਉਸ ਦੇ ਵੀ ਕੋਈ ਵੱਸ ਨਹੀਂ ਸੀ। ਜੁਆਨ ਕੁੜੀ ਵਿਹੜੇ ਬੈਠੀ ਸੀ। ਉਸ ਨੂੰ ਚਾਲ੍ਹੀਆਂ ਸਾਲਾਂ ਦੀ ਅਧੇੜ੍ਹ ਧੀ ਦਾ ਝੋਰਾ ਮਾਰੀ ਜਾ ਰਿਹਾ ਸੀ। ਜੇ ਪੱਚੀਆਂ-ਤੀਹਾਂ ਸਾਲਾਂ ਦੀ ਹੁੰਦੀ ਤਾਂ ਵੀ ਕੋਈ ਬੰਨ੍ਹ ਸੁੱਬ ਹੋ ਸਕਦਾ ਸੀ। ਹੁਣ ਤਾਂ ਇਹਨੂੰ ਕੋਈ ਲੋੜਵੰਦ ਅਤੇ ਚਾਰ ਜੁਆਕਾਂ ਦਾ ਪਿਉ ਹੀ ਸਾਂਭੂ! ਬਾਪੂ ਦੇ ਦਿਲ ਵਿਚ ਸੁਨਾਮੀਂ ਲਹਿਰਾਂ ਵਾਂਗ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ।
ਜੁਗਾੜ ਸਿਉਂ ਜਗਤੇ ਲਈ ਰੱਬ ਬਣਕੇ ਬਹੁੜਿਆ ਸੀ।
ਉਸ ਨੇ ਬਗੈਰ ਕਿਸੇ ਭੂਮਿਕਾ ਦੇ ਜਗਤੇ ਨੂੰ ਜਾਗਰ ਸਿੰਘ ਦੇ ਲੜਕੇ ਹਰਦੇਵ ਬਾਰੇ ਬਾਤ ਪਾ ਦਿੱਤੀ ਸੀ। ਜਗਤਾ ਇਕ ਤਰ੍ਹਾਂ ਨਾਲ਼ ਟਹਿਕ ਉਠਿਆ ਸੀ। ਜਾਗਰ ਸਿਉਂ ਨੂੰ ਜਗਤਾ ਕਿਤੇ ਭੁੱਲਿਆ ਹੋਇਆ ਸੀ? ਵੀਹ ਵਾਰੀ ਤਾਂ ਉਸ ਦਾ ਉਸ ਨਾਲ਼ ਵਾਹ ਪਿਆ ਸੀ। ਵੀਹ ਵਾਰੀ ਉਹਨਾਂ ਨੇ ਇਕੱਠਿਆਂ ਖਾਧਾ ਪੀਤਾ ਸੀ।
-"ਜੁਗਾੜ ਸਿਆਂ, ਮੈਂ ਤਾਂ ਸੋਚਿਆ ਸੀ ਬਈ ਜਾਗਰ ਦਾ ਮੁੰਡਾ ਕਿਤੇ ਬਾਹਰ ਗਿਐ...?" ਜਗਤੇ ਨੇ ਜੁਗਾੜ ਸਿਉਂ ਨੂੰ ਆਖਿਆ।
-"ਉਹ ਕੱਚਾ ਸੀ-ਪੈਰ ਪੂਰ ਨੀ ਲੱਗੇ ਬਿਚਾਰੇ ਦੇ-ਤੇ ਜਰਮਨ ਤੋਂ ਵਾਪਿਸ ਮੁੜ ਆਇਐ! ਜਾਗਰ ਤਾਂ ਬਿਚਾਰਾ ਬਾਹਲ਼ਾ 'ਦਾਸ ਜਿਆ ਸੀ-ਮੈਂ ਆਪਣੀ ਮੀਤੀ ਬਾਰੇ ਗੱਲ ਚਲਾ ਦਿੱਤੀ-ਉਹ ਤਾਂ ਆਪਣੇ ਰਿਸ਼ਤੇ ਨੂੰ ਇਉਂ ਪਿਆ-ਜਿਵੇਂ ਕੁਕੜੀ ਦਾਣੇ ਨੂੰ ਪੈਂਦੀ ਐ...!" ਗੱਲਾਂ ਗੱਲਾਂ ਵਿਚ ਜੁਗਾੜ ਸਿਉਂ ਆਪਣੇ ਪੈਰ ਪੱਕੇ ਕਰ ਗਿਆ। ਫਿਰ ਵੀ ਪੁਰਾਣਾ ਬੈਲੀ ਬੰਦਾ ਸੀ। ਹਰ ਗੱਲ ਵਿਚ ਪੈਰ ਉਸ ਨੂੰ ਰੱਖਣੇ ਆਉਂਦੇ ਸਨ।
-"ਅੱਛਾ...? ਯਾਰ ਜੁਗਾੜ ਸਿਆਂ! ਆਹ ਕੁੜੀ ਆਲ਼ਾ ਕੰਮ ਸਿਰੇ ਲੱਗਜੇ ਨ੍ਹਾਂ-ਬੱਸ ਆਪਾਂ ਬੇਫਿ਼ਕਰ ਐਂ-ਕੋਹੜੀ ਵੀ ਦਾ ਮਸਾਂ ਬਿਆਹ ਕੀਤਾ ਸੀ-ਆਹ ਪਿਛਲੀ ਉਮਰ ਸਹੁਰੀ ਫੇਰ ਘਰੇ ਬਹਿਗੀ-ਕੀ ਕਰੀਏ?" ਜਗਤੇ ਨੇ ਮੱਥੇ 'ਤੇ ਹੱਥ ਮਾਰਿਆ।
-"ਤੂੰ ਚਿੰਤਾ ਨਾ ਕਰ! ਮੈਂ ਦੇਖਗਾਂ ਬੈਠਾ? ਇਕ ਗੱਲ ਮੇਰੀ ਸੁਣਲੀਂ ਧਿਆਨ ਨਾਲ-ਅੱਜ ਕੱਲ੍ਹ ਜਾਗਰ ਕੋਈ ਐਹੋ ਜਿਆ ਰਿਸ਼ਤਾ ਈ ਭਾਲ਼ਦੈ-ਉਹ ਤਾਂ ਕਹਿੰਦਾ ਸੀ ਬਈ ਕੋਈ ਅੰਨ੍ਹੀਂ ਕਾਣੀਂ ਹੋਵੇ-ਸਾਰੀਆਂ ਈ ਕਬੂਲ ਐ-ਉਹ ਆਬਦਾ ਮੁੰਡਾ ਬਾਹਰ ਭੇਜਣ ਨੂੰ ਫਿਰਦੈ-ਤੇ ਆਪਾਂ ਫਿਰਦੇ ਐਂ ਕੁੜੀ ਵਸਾਉਣ ਨੂੰ-ਜਾਗਰ ਵੀ ਲੋੜਬੰਦ ਤੇ ਆਪਾਂ ਵੀ ਲੋੜਬੰਦ-ਆਪਾਂ ਦੋਨੋਂ ਧਿਰਾਂ ਈ ਲੋੜਬੰਦ ਐਂ! ਮੇਰੀ ਮੰਨਦੇ ਐਂ ਤਾਂ ਪਾਧਾ ਨਾ ਪੁੱਛੋ-ਗੱਲ ਬਾਤ ਚਲਾ ਕੇ ਨੰਦ ਕਾਰਜ ਕਰ ਦਿਓ!"
-"ਕੁੜੀ ਨੂੰ ਵੀ ਪੁੱਛਣਾ ਪਊ-ਇਕ ਉਹ ਬਾਹਰਲੇ ਮੁਲਕ ਜਾ ਕੇ ਊਂ ਈਂ ਬਾਹਲ਼ੇ ਛੋਛੇ ਜਿਹੇ ਕਰਨ ਲੱਗ ਪਈ-ਕਹਿੰਦੀ ਅਖੇ ਬਾਪੂ ਹੁਣ ਮੈਂ ਬਿਆਹ ਨ੍ਹੀ ਕਰਵਾਉਣਾ-ਅਖੇ ਤੇਰੇ ਕੋਲ਼ੇ ਈ ਰਹਿ ਕੇ ਦਿਨ ਤੋੜਲੂੰ-।" ਜਗਤੇ ਨੇ ਆਖਿਆ।
-"ਲੈ ਇਉਂ ਕਿਵੇਂ ਦਿਨ ਤੋੜਲੂ? ਚਲ ਅੱਜ ਤਾਂ ਤੂੰ ਹੈਂ? ਤੇ ਕੱਲ੍ਹ ਨੂੰ ਜਦੋਂ ਤੂੰ ਨਾ ਹੋਇਆ ਫੇਰ? ਬੰਦੇ ਦੇ ਐਥੇ ਕੀ ਕਿੱਲੇ ਗੱਡੇ ਵੇ ਐ? ਫੇਰ ਉਹਦਾ ਕੋਈ ਬਾਲੀਬਾਰਸ? ਧੀਆਂ ਨੂੰ ਤਾਂ ਰਾਜੇ ਰਾਣੇ ਨ੍ਹੀ ਰੱਖ ਸਕੇ ਜਗਤਾ ਸਿਆਂ-ਆਪਾਂ ਕੌਣ ਬਾਗ ਦੀ ਮੂਲ਼ੀ ਐਂ? ਮੀਤੀ ਹੈ ਕਿੱਥੇ...?" ਜੁਗਾੜ ਸਿਉਂ ਨੇ ਵਿਹੜੇ 'ਚ ਨਜ਼ਰ ਘੁੰਮਾਈ। ਪਰ ਉਸ ਨੂੰ ਮੀਤੀ ਨਾ ਦਿਸੀ।
-"ਉਹ ਆਬਦੀ ਮਾਸੀ ਕੋਲ਼ੇ ਗਈ ਵੀ ਐ-ਕੱਲ੍ਹ ਪਰਸੋਂ ਤੱਕ ਆਜੂਗੀ।"
ਅਸਲ ਵਿਚ ਮੀਤੀ ਦੀ ਮਾਂ ਉਸ ਦੇ ਇੰਗਲੈਂਡ ਜਾਣ ਤੋਂ ਥੋੜਾ ਅਰਸਾ ਬਾਅਦ ਹੀ ਮਰ ਗਈ ਸੀ। ਮੀਤੀ ਦਾ ਰਿਸ਼ਤਾ ਜਾਗਰ ਸਿਉਂ ਨੇ ਇੰਗਲੈਂਡ ਤੋਂ ਆਏ ਮੁੰਡੇ ਨਾਲ਼ ਕੀਤਾ ਸੀ। ਮੀਤੀ ਦੀ ਮਾਸੀ ਹੀ ਉਸ ਨੂੰ ਚਿੱਠੀ ਪੱਤਰ ਪਾਉਂਦੀ ਅਤੇ ਉਸ ਦੀ ਸੁੱਖ ਮਨਾਉਂਦੀ ਸੀ। ਮੀਤੀ ਵੀ ਆਪਣੀ ਮਾਸੀ ਦਾ ਦਿਲੋਂ ਮੋਹ ਕਰਦੀ। ਹੁਣ ਜਦੋਂ ਦੀ ਮੀਤੀ ਇਗਲੈਂਡ ਤੋਂ ਇੰਡੀਆ ਪਰਤ ਆਈ ਸੀ। ਉਸ ਦੀ ਸਭ ਤੋਂ ਜਿ਼ਆਦਾ ਚਿੰਤਾ ਉਸ ਦੀ ਮਾਸੀ ਨੂੰ ਸੀ। ਹੁਣ ਵੀ ਮਾਸੀ ਮੀਤੀ ਨੂੰ ਆਪਣੇ ਨਾਲ਼ ਲੈ ਗਈ ਸੀ। ਉਹ ਮੀਤੀ ਦਾ ਦਿਲ ਲੁਆਉਣਾ, ਪ੍ਰਚਾਉਣਾ ਚਾਹੁੰਦੀ ਸੀ।
ਮਾਸੀ ਬੜੇ ਪੁਰਾਣੇ ਖਿ਼ਆਲਾਂ ਦੀ ਔਰਤ ਸੀ। ਮੀਤੀ ਦੀ ਮਾਂ ਮਰਨ ਤੋਂ ਬਾਅਦ ਉਹ ਮੀਤੀ ਨੂੰ ਅਜੀਬ ਅਜੀਬ ਨਸੀਹਤਾਂ ਦਿੰਦੀ ਰਹਿੰਦੀ। ਕਿਉਂਕਿ ਮੀਤੀ ਨੂੰ ਬੱਚਾ ਬੱਚੀ ਨਹੀਂ ਹੋਇਆ ਸੀ। ਮੀਤੀ ਦੇ ਸਹੁਰੇ ਉਸ ਤੋਂ ਘੋਰ ਮਾਯੂਸ ਹੋ ਗਏ ਸਨ। ਅੱਠ ਸਾਲ ਬੀਤ ਗਏ ਸਨ। ਮੀਤੀ ਦੀ ਕੁੱਖ ਸੁਲੱਖਣੀਂ ਨਹੀਂ ਹੋਈ ਸੀ। ਇੰਗਲੈਡ ਦੇ ਇਸ ਰੰਗੀਨ ਅਤੇ ਮਿਲਣਸਾਰ ਵਾਤਾਵਰਣ ਤੋਂ ਵੀ ਉਸ ਦਾ ਮਨ ਉਚਾਟ ਹੋ ਗਿਆ ਸੀ।
ਮਾਸੀ ਨੂੰ ਚਿੱਠੀ ਵਿਚ ਸਾਰਾ ਬ੍ਰਿਤਾਂਤ ਲਿਖ ਕੇ ਉਹ ਹਾਲਾਤਾਂ ਤੋਂ ਜਾਣੂੰ ਕਰਵਾਉਂਦੀ ਰਹਿੰਦੀ। ਮਾਸੀ ਉਸ ਨੂੰ ਕਿਸੇ ਸਾਧ ਸੰਤ ਨੂੰ ਮਿਲਣ ਲਈ ਲਿਖਵਾਉਂਦੀ ਅਤੇ ਜਾਂ ਕਦੇ ਕਿਸੇ ਤੋਂ ਟੂਣਾਂ-ਟਾਮਣ ਕਰਵਾ ਲੈਣ ਲਈ ਹਦਾਇਤ ਕਰਦੀ। ਕਦੇ ਕਦੇ ਉਸ ਨੂੰ ਮਿਹਣੇ ਜਿਹੇ ਵੀ ਦਿੰਦੀ ਕਿ ਮੀਤੀ ਉਸ ਦੀ ਗੱਲ 'ਤੇ ਕੰਨ ਕਿਉਂ ਨਹੀਂ ਧਰਦੀ ਸੀ? ਉਹ ਅਕਸਰ ਮੀਤੀ ਦੀ ਮਾਸੀ ਸੀ, ਕੋਈ ਦੁਸ਼ਮਣ ਤਾਂ ਨਹੀਂ ਸੀ! ਉਸ ਦਾ ਭਲਾ ਹੀ ਸੋਚਦੀ ਸੀ। ਮਾਸੀ ਉਸ ਨੂੰ ਆਪਣੀ ਮੱਤ ਗ੍ਰਹਿਣ ਕਰਨ ਲਈ ਤਾਕੀਦ ਕਰਦੀ ਅਤੇ ਨਾ ਕਰਨ 'ਤੇ ਫਿਰ ਵਾਧੂ ਪਛਤਾਉਣ ਦਾ ਡਰ ਦਿੰਦੀ।
ਦਿਨੋਂ ਦਿਨ ਉਦਾਸ ਅਤੇ ਮਾਯੂਸ ਹੁੰਦੀ ਜਾ ਰਹੀ ਮੀਤੀ ਨੇ ਇਕ ਦਿਨ ਮਾਸੀ ਦੀ ਚਿੱਠੀ ਪੜ੍ਹ ਕੇ ਸੋਚਿਆ ਕਿ ਸਿਆਣੇ ਆਖਦੇ ਹੁੰਦੇ ਨੇ ਕਿ ਜੇ ਕਾਜ਼ੀ ਸਬਕ ਨਾ ਦਿਊ ਤਾਂ ਮੁੰਡਾ ਤਾਂ ਨਹੀਂ ਰੱਖ ਲਊ? ਉਸ ਨੇ ਕਿਸੇ "ਸਿਆਣੇ" ਕੋਲ਼ ਜਾਣ ਦਾ ਮਨ ਬਣਾ ਲਿਆ। ਅਜਿਹੇ ਸਿਆਣਿਆਂ ਦੇ ਲੋਕਲ ਅਖ਼ਬਾਰਾਂ ਵਿਚ ਆਮ ਹੀ ਇਸ਼ਤਿਹਾਰ ਆਉਂਦੇ ਸਨ। ਅਤੇ ਉਹ ਵੀ ਪੂਰੇ ਪੂਰੇ ਸਫ਼ੇ 'ਤੇ! ਉਹ ਵੀ ਸੋਚਣ ਲੱਗ ਪਈ ਕਿ ਸਾਰੇ ਲੋਕ ਕਮਲ਼ੇ ਹੀ ਤਾਂ ਨਹੀਂ? ਜਿਹੜੇ ਇਹਨਾਂ ਬਾਬਿਆਂ ਕੋਲ਼ ਜਾਂਦੇ ਨੇ! ਅਜਿਹੀਆਂ ਗੱਲਾਂ 'ਤੇ ਪਹਿਲਾਂ ਉਹ ਵਿਸ਼ਵਾਸ ਨਹੀਂ ਕਰਦੀ ਸੀ। ਉਹ ਸਾਧਾਂ ਸੰਤਾਂ ਨੂੰ ਬੂਬਨੇ, ਪਾਖੰਡੀ ਅਤੇ ਠੱਗ ਬਾਬੇ ਦੱਸਦੀ! ਪਰ ਜਦ ਹੁਣ ਉਹ ਮਾਯੂਸ ਅਤੇ ਨਿਰਾਸ਼ ਹੋਣ ਲੱਗ ਪਈ ਤਾਂ ਉਸ ਨੇ ਬਾਬਿਆਂ ਦੇ ਇਸ਼ਤਿਹਾਰ ਬੜੀ ਗੌਰ ਨਾਲ਼ ਪੜ੍ਹਨੇ ਸ਼ੁਰੂ ਕਰ ਦਿੱਤੇ।
ਕਈ ਇਸ਼ਤਿਹਾਰਾਂ ਵਿਚ ਬਿਮਾਰੀ ਤੋਂ ਖਹਿੜ੍ਹਾ ਛੁਡਾ ਕੇ ਨੌਂ-ਬਰ-ਨੌਂ ਹੋਏ ਲੋਕਾਂ ਨੇ ਬਾਬਿਆਂ ਨੂੰ ਚਿੱਠੀਆਂ ਵੀ ਲਿਖੀਆਂ ਹੁੰਦੀਆਂ। ਬਾਬਿਆਂ ਦਾ ਅਥਾਹ ਧੰਨਵਾਦ ਵੀ ਕੀਤਾ ਹੁੰਦਾ ਅਤੇ ਸ਼ੁਕਰਾਨੇ ਵਜੋਂ ਪੈਸੇ ਵੀ ਭੇਜੇ ਹੋਏ ਹੁੰਦੇ। ਕਈਆਂ ਦੀ ਬਾਬਿਆਂ ਨੇ ਸਾਲਾਂ ਤੋਂ 'ਬੰਨ੍ਹੀ' ਕੁੱਖ 'ਖੋਲ੍ਹੀ' ਸੀ। ਕਈਆਂ ਦੇ ਕਾਰੋਬਾਰ ਨਹੀਂ ਚੱਲਦੇ ਸਨ ਅਤੇ ਬਾਬਿਆਂ ਦੀ ਅਪਾਰ ਕਿਰਪਾ ਸਦਕਾ ਉਹਨਾਂ ਦਾ ਕੰਮ ਧੰਦਾ ਚੜ੍ਹਦੀਆਂ ਕਲਾਵਾਂ ਵਿਚ ਚੱਲਣ ਲੱਗ ਪਿਆ ਸੀ। ਕਈਆਂ ਦੇ ਘਰੇ ਔਲ਼ਾਦ ਵਿਗੜੀ ਹੋਈ ਸੀ ਅਤੇ ਬਾਬਿਆਂ ਨੇ ਮੰਤਰ ਮਾਰ ਕੇ ਵਿਗੜੀ ਔਲ਼ਾਦ ਤੱਕਲ਼ੇ ਵਰਗੀ ਸਿੱਧੀ ਕਰ ਮਾਰੀ ਸੀ। ਕਈਆਂ ਦੇ ਪਤੀ ਸ਼ਰਾਬ ਪੀਂਦੇ ਅਤੇ ਬਿਗਾਨੀ ਔਰਤ ਦੇ ਚੁੰਗਲ ਵਿਚ ਫ਼ਸੇ ਹੋਏ ਸਨ। ਪਰ ਬਾਬਿਆਂ ਦੇ ਕਾਲੇ ਇਲਮ ਤੋਂ ਬੰਦਾ ਭੱਜ ਕੇ ਕਿੱਥੇ ਜਾਵੇ? ਬਾਬਿਆਂ ਨੇ ਪਤੀ ਦੇਵ ਦੇ ਸਾਰੇ ਵਲ਼ ਕੱਢ ਕੇ ਘਰੇ ਲਹਿਰਾਂ ਬਹਿਰਾਂ ਕਰ ਦਿੱਤੀਆਂ ਸਨ! ਕਈਆਂ ਦੇ ਘਰੇ ਪੈਸਾ ਨਹੀਂ ਖੜ੍ਹਦਾ ਸੀ। ਚਿਉਂਦੇ ਪਾਣੀ ਵਾਂਗ ਪੱਤਰਾ ਵਾਚ ਜਾਂਦਾ ਸੀ। ਪਰ ਧੰਨ ਬਾਬਿਆਂ ਦਾ ਤਵੀਤ! ਭੱਜਦੇ ਪੈਸੇ ਨੂੰ ਐਸਾ ਬੰਨ੍ਹ ਲਾਇਆ, ਮੁੜ ਕੇ ਪੈਸਾ ਘਰ ਦੀ ਦੇਹਲ਼ੀ ਨਹੀਂ ਟੱਪਿਆ! ਇਹ ਸਾਰੇ ਲੋਕ ਪਾਗ਼ਲ ਤਾਂ ਨਹੀਂ ਸਨ? ਮੀਤੀ ਸੋਚਦੀ ਅਤੇ ਬਾਬਿਆਂ ਦੇ ਇਸ਼ਤਿਹਾਰਾਂ ਨੂੰ ਉਹ ਹਰ ਹਫ਼ਤੇ ਵਾਰ ਵਾਰ ਪੜ੍ਹਦੀ। ਭੂਤ, ਪ੍ਰੇਤ, ਜੰਤਰ, ਮੰਤਰ ਹੈ ਤਾਂ ਜ਼ਰੂਰ, ਪਰ ਦੁਨੀਆਂ ਮੰਨਦੀ ਨਹੀਂ! ਪਰ ਅਗਲੇ ਦੇ ਘਰੇ ਲੱਗੀ ਅੱਗ ਬਸੰਤਰ ਲੱਗਦੀ ਐ। ਕੇੜਾ ਤਾਂ ਉਦੋਂ ਚੜ੍ਹਦੈ, ਜਦੋਂ ਆਪਦੇ ਘਰ ਨੂੰ ਆ ਪੈਂਦੀ ਐ! ਉਹ ਸਾਰਾ ਦਿਨ ਸੋਚਾਂ ਵਿਚ ਉਲ਼ਝੀ ਰਹਿੰਦੀ।
ਇਕ ਦਿਨ ਮੀਤੀ ਨੇ ਵੀ ਇਕ ਬਾਬੇ ਨੂੰ ਫ਼ੋਨ ਘੁੰਮਾ ਹੀ ਦਿੱਤਾ। ਫ਼ੋਨ ਘੁੰਮਾਉਂਦੀ ਮੀਤੀ ਨੂੰ ਪਸੀਨਾ ਆ ਗਿਆ ਸੀ। ਫ਼ੋਨ ਦਾ ਰਿਸੀਵਰ ਹੱਥ ਵਿਚ ਕੰਬੀ ਜਾ ਰਿਹਾ ਸੀ, ਜਿਸ ਨੂੰ ਉਸ ਨੇ ਕਾਟੋ ਵਾਂਗ ਘੁੱਟ ਕੇ ਫੜ ਰੱਖਿਆ ਸੀ। ਕੀ ਦੱਸਾਂਗੀ ਬਾਬੇ ਨੂੰ? ਕਿ ਮੈਨੂੰ ਬੱਚਾ ਨਹੀਂ ਹੁੰਦਾ? ਉਹ ਪੁੱਛੂਗਾ ਕਿ ਚੈੱਕ ਕਰਵਾਇਆ? ਕੀ ਦੱਸਾਂਗੀ? ਬਈ ਮੇਰੇ ਘਰ ਵਾਲ਼ਾ ਠੀਕ ਠਾਕ ਹੈ ਅਤੇ ਮੇਰੇ ਵਿਚ ਹੀ ਨੁਕਸ ਹੈ? ਬਾਬਾ ਮੇਰਾ ਫ਼ੋਨ ਕਿਸੇ ਨੂੰ ਦੱਸ ਨਾ ਦੇਵੇ? ਮੇਰੀ ਤਾਂ ਸਾਰੇ ਜੱਗ ਵਿਚ ਬੇਇੱਜ਼ਤੀ ਹੋ ਜਾਵੇਗੀ! ਮੈਂ ਕਿਸ ਨੂੰ ਆਪਣਾ ਮੂੰਹ ਦਿਖਾਊਂ? ਕਸੂਰ ਤਾਂ ਸਾਰਾ ਮੇਰਾ ਹੈ! ਮੇਰੇ ਘਰ ਵਾਲ਼ੇ ਦਾ ਕੋਈ ਕਸੂਰ ਨਹੀਂ! ਉਹਨਾਂ ਨੇ ਤਾਂ ਆਪਣੀ ਕੁਲ਼ ਖਾਤਰ ਸੋਚਣਾ ਹੀ ਹੋਇਆ! ਉਹ ਵਿਚਾਰਾ ਬਿਲਕੁਲ ਦੋਸ਼ੀ ਨਹੀਂ! ਜੇ ਸਹੁਰੇ ਮੈਨੂੰ ਮਿਹਣੇ ਮਾਰਦੇ ਨੇ, ਤਾਂ ਉਹ ਵੀ ਸੱਚੇ ਹੀ ਮਿਹਣੇ ਤਾਅਨੇ ਮਾਰਦੇ ਐ! ਜੁਆਕ ਜੰਮਣ ਦਾ ਗੁਣ ਤਾਂ ਮੇਰੇ ਵਿਚ ਨਹੀਂ, ਮੇਰੇ ਪਤੀ ਦਾ ਕੀ ਕਸੂਰ? ਉਸ ਦਾ ਕੋਈ ਕਸੂਰ ਨਹੀਂ! ਕਾਣੇ ਨੂੰ ਅਗਰ ਕੋਈ ਕਾਣਾ ਕਹਿੰਦਾ ਹੈ, ਤਾਂ ਅਗਲਾ ਸੱਚੀ ਗੱਲ ਕਹਿੰਦਾ ਹੈ! ਅਗਰ ਕਾਣਾ ਗੁੱਸਾ ਕਰੇ, ਉਸ ਵਿਚ ਸੱਚ ਆਖਣ ਵਾਲ਼ੇ ਦਾ ਕੋਈ ਕਸੂਰ ਨਹੀਂ! ਪਰ ਬਾਬੇ ਤੋਂ ਇਹ ਗੱਲ ਕਿਵੇਂ ਲੁਕਾਵਾਂ? ਪਰ ਬਾਬੇ ਨੂੰ ਫ਼ੋਨ ਕਰ ਕੇ ਦੇਖ ਤਾਂ ਲਵਾਂ...? ਆਪਣਾ ਨਾਂ ਸਹੀ ਨਹੀਂ ਦੱਸਦੀ! ਪਰ ਬਾਬੇ ਤਾਂ ਜਾਣੀ ਜਾਣ ਐਂ! ਉਹਨਾਂ ਤੋਂ ਕੀ ਛੁਪਿਐ? ਜਿਹੜੇ ਐਨੀ ਦੁਨੀਆਂ ਨੂੰ ਦਾਤਾਂ ਬਖ਼ਸ਼ੀ ਜਾ ਰਹੇ ਨੇ, ਉਹਨਾਂ ਮੂਹਰੇ ਝੂਠ ਕਿਵੇਂ ਚੱਲੂ? ਜੇ ਬਾਬੇ ਨੂੰ ਕੋਈ ਗ਼ਲਤ ਨਾਂ ਦੱਸ ਦਿੱਤਾ, ਤਾਂ ਬਾਬੇ ਨੇ ਗ਼ਲਤ ਨਾਂ 'ਤੇ ਹੀ ਤਵੀਤ ਦੇਣੈਂ! ਉਹ ਤਵੀਤ ਮੇਰੇ 'ਤੇ ਕੀ ਕੰਮ ਕਰੂ? ਜੇ ਉਹਨੇ ਕੋਈ ਮੰਤਰ ਪੜ੍ਹਨਾ ਹੋਇਆ, ਤਾਂ ਵੀ ਮੇਰੇ ਨਾਂ 'ਤੇ ਈ ਪੜੂ! ਜੇ ਗਲਤ ਨਾਂ ਦੱਸ ਦਿੱਤਾ ਤਾਂ ਬਾਬੇ ਦਾ ਮੰਤਰ ਮੇਰੇ 'ਤੇ ਅਸਰ ਕਿਵੇਂ ਕਰੂ? ਉਹ ਖਿ਼ਆਲਾਂ ਵਿਚ ਗੁਆਚੀ ਹੋਈ ਸੀ। ਪਤਾ ਨਹੀਂ ਉਸ ਨੇ ਅੱਧੋਗਤੀ ਜਿਹੀ ਵਿਚ ਬਾਬੇ ਨੂੰ ਕਦੋਂ ਫ਼ੋਨ ਮਿਲਾ ਲਿਆ...?
-"ਹੈਲੋ...!" ਉਧਰੋਂ ਅਮਲੀਆਂ ਵਰਗੀ ਅਵਾਜ਼ ਆਈ।
ਮੀਤੀ ਦਾ ਸਾਰਾ ਸਰੀਰ ਮੁੜ੍ਹਕੇ ਨਾਲ ਗੱਚ ਹੋ ਗਿਆ।
-"ਬਾਬਾ ਜੀ...!" ਉਹ ਸਿਰਫ਼ ਐਨਾ ਹੀ ਆਖ ਸਕੀ! ਉਸ ਦਾ ਮਨ ਭਰ ਆਇਆ ਸੀ।
-"ਹਾਂ ਪੁੱਤ...! ਬੋਲ ਕੀ ਦੁੱਖ ਐ ਤੈਨੂੰ? ਕੀ ਤਕਲੀਫ਼ ਐ ਮੇਰੀਏ ਧੀਏ? ਤੂੰ ਬੋਲ ਤਾਂ ਸਹੀ! ਮਾਪਿਆਂ ਕੋਲ਼ ਧੀਆਂ ਰੋ ਜਰੂਰ ਪੈਂਦੀਐਂ-ਪਰ ਦੁੱਖ ਨਹੀਂ ਲਕੋਂਦੀਆਂ! ਬੋਲ ਮੇਰੀ ਸਿਆਣੀ ਧੀ! ਬੋਲ ਪੁੱਤ...!" ਬਾਬੇ ਦੇ ਪਿਆਰੇ ਅਤੇ ਮਿੱਠੇ ਬੋਲ ਮੀਤੀ ਦੇ ਸੜਦੇ ਦਿਲ 'ਤੇ ਸੀਤ ਛੜਾਕਾ ਬਣ ਕੇ ਵਰ੍ਹੇ ਤਾਂ ਮੀਤੀ ਦਾ ਰੋਣ ਨਿਕਲ਼ ਗਿਆ। ਉਸ ਤੋਂ ਬੋਲ ਨਾ ਹੋਇਆ।
-"ਧੀਏ ਮੇਰੀਏ...! ਜੇ ਬਾਪ ਕੋਲ਼ੇ ਦਰਦ ਈ ਨ੍ਹੀ ਦੱਸੇਂਗੀ-ਤੇਰਾ ਦੁੱਖ ਨਵਿਰਤ ਕਿਵੇਂ ਹੋਊ? ਬੋਲ ਕੇ ਦੱਸੀਦਾ ਹੁੰਦੈ ਪੁੱਤ! ਦੱਸ ਸ਼ੇਰ ਬਣਕੇ...! ਤੂੰ ਇਕ ਵਾਰ ਮੈਨੂੰ ਆਪਣਾ ਦੁੱਖ ਦੱਸ! ਤੇਰਾ ਦੁੱਖ ਜੇ ਨਾ ਡਾਂਗਾਂ ਮਾਰ ਮਾਰ ਕੇ ਬਾਹਣੀਂ ਪਾ ਦਿੱਤਾ-ਮੈਨੂੰ ਆਪਣਾ ਧਰਮ ਦਾ ਬਾਪ ਨਾ ਜਾਣੀਂ-ਕੋਈ ਹਰਾਮੀ ਜਾਣੀਂ! ਬੋਲ ਮੇਰੀ ਸਿਆਣੀ ਧੀ! ਦੁੱਖ ਦੱਸ ਮੇਰਾ ਪੁੱਤ ਬਣਕੇ...!"
-"......।" ਬਾਬਾ ਜੀ ਦੀਆਂ ਗੱਲਾਂ ਨੇ ਮੀਤੀ ਦੇ ਜ਼ਖ਼ਮਾਂ 'ਤੇ ਇਕ ਤਰ੍ਹਾਂ ਨਾਲ ਮੱਲ੍ਹਮ ਦਾ ਕੰਮ ਕੀਤਾ।
-"ਦੇਖ ਮੇਰਿਆ ਪੁੱਤਾ! ਜਦੋਂ ਆਪਾਂ ਹਕੀਮ ਕੋਲ਼ੇ ਜਾਨੇ ਐਂ-ਪਹਿਲਾਂ ਉਸ ਨੂੰ ਆਪਣੀ ਬਿਮਾਰੀ ਦੱਸਦੇ ਐਂ-ਹਕੀਮ ਬਾਅਦ ਵਿਚ ਤੁਹਾਡੀ ਨਬਜ਼ ਦੇਖਦੈ-ਉਹ ਬਿਮਾਰੀ ਦੇ ਹਿਸਾਬ ਨਾਲ ਤੁਹਾਨੂੰ ਦੁਆਈ ਦਿੰਦੈ-ਪ੍ਰਹੇਜ਼ ਦੱਸਦੈ-ਉਹ ਹੀ ਕੰਮ ਮੇਰਾ ਐ ਧੀਏ...! ਮੈਂ ਪਹਿਲਾਂ ਰੋਗ ਜਾਂ ਦੁੱਖ ਪੁੱਛਦੈਂ-ਫੇਰ ਉਹਨੂੰ ਕਾਲ਼ੇ ਇਲਮਾਂ ਨਾਲ, ਸ਼ਹਿਰ ਜਾਂ ਪਿੰਡ ਦੀ ਨਹੀਂ, ਦੇਸ਼ ਦੀ ਜੂਹ ਟਪਾ ਕੇ ਆਉਨੈਂ! ਜੇ ਕਿਸੇ ਨੇ ਤੇਰੇ 'ਤੇ ਕਾਲੇ ਇਲਮ ਦਾ ਜਾਦੂ ਕੀਤੈ-ਤਾਂ ਮੈਂ ਤਵੀਤ ਦਿੰਨੈਂ-ਉਹ ਕਾਲ਼ਾ ਜਾਦੂ ਅਗਲੇ 'ਤੇ, ਭਾਵ ਕਰਵਾਉਣ ਵਾਲ਼ੇ 'ਤੇ ਪੁੱਠਾ ਪੈਂਦੈ ਧੀਏ! ਤੂੰ ਇਕ ਵਾਰੀ ਬੋਲ ਕੇ ਤਾਂ ਦੇਖ-ਜੇ ਨਾ ਅਸਮਾਨ ਨੂੰ ਟਾਕੀ ਲਾ ਦਿੱਤੀ-ਤਾਂ ਆਖੀਂ...!" ਬਾਬੇ ਨੇ ਆਪਣੇ ਵੱਲੋਂ ਕੋਕੇ ਜੜ ਦਿੱਤੇ।
-"ਬਾਬਾ ਜੀ...!" ਮੀਤੀ ਨੇ ਆਪਣੇ ਆਪ ਨੂੰ ਸਥਿਰ ਕਰ ਕੇ ਆਖਿਆ।
-"ਹਾਂ ਬੋਲ ਧੀਏ! ਸ਼ਾਬਾਸ...਼! ਤੂੰ ਇਕ ਵਾਰੀ ਦੁੱਖ ਮੂੰਹੋਂ ਤਾਂ ਕੱਢ! ਤੇਰਾ ਦੁੱਖ ਤੇਰੀ ਜਿ਼ੰਦਗੀ 'ਚੋਂ ਕੱਢਣਾ ਮੇਰਾ ਕੰਮ!"
-"ਬਾਬਾ ਜੀ, ਮੈਨੂੰ ਅੱਠ ਸਾਲ ਹੋ ਗਏ ਵਿਆਹੀ ਆਈ ਨੂੰ-।"
-"ਹਾਂ, ਹਾਂ! ਅੱਗੇ ਬੋਲ...! ਅੱਗੇ ਬੋਲ ਮੇਰਾ ਸ਼ੇਰ ਬਣਕੇ!" ਬਾਬੇ ਨੇ ਉਸ ਨੂੰ ਹੱਲਾਸ਼ੇਰੀ ਦਿੱਤੀ।
-"ਮੇਰੇ ਕੋਈ ਬੱਚਾ ਨਹੀਂ ਹੋਇਆ-।" ਕਹਿ ਕੇ ਮੀਤੀ ਫਿਰ ਫਿ਼ਸ ਪਈ।
-"ਬੱਸ! ਐਨਾ ਈ ਕੰਮ ਸੀ...? ਵਾਹ ਜੀਵਾਹ! ਐਵੇਂ ਧੀ ਮੇਰੀਏ ਰੋਈ ਜਾਨੀ ਐਂ? ਤੂੰ ਮੇਰੇ ਦੱਸੇ ਉਪਾਅ ਕਰ-ਜੇ ਅਗਲੇ ਸਾਲ ਤੇਰੇ ਗੋਦੀ ਮੁੰਡਾ ਨਾ ਹੋਇਆ-ਮੈਨੂੰ ਫੜ ਲਈਂ...!"
-"ਦੱਸੋ ਬਾਬਾ ਜੀ...!"
-"ਇਕ ਤਾਂ ਧੀਏ ਆਪਦਾ ਨਾਂ ਦੱਸ-ਤੇ ਦੂਜਾ ਆਪਣੀ ਇਕ ਫ਼ੋਟੋ ਭੇਜ ਮੈਨੂੰ! ਤੇ ਤੀਜਾ ਉਪਾਅ ਕਰਨ ਵਾਸਤੇ ਸੌ ਪੌਂਡ ਇਕ ਖਾਖੀ ਲਫ਼ਾਫ਼ੇ ਵਿਚ ਪਾ ਕੇ ਮੈਨੂੰ ਅੱਜ ਈ ਪੋਸਟ ਕਰ ਦੇਹ-ਤੇਰੇ ਕੋਲ਼ੇ ਐਡਰੈੱਸ ਤਾਂ ਮੇਰਾ ਹੈਗਾ ਨ੍ਹਾਂ...?" ਉਸ ਨੇ ਕਈ ਗੱਲਾਂ ਇਕੋ ਸਾਹ ਹੀ ਆਖ ਦਿੱਤੀਆਂ।
-"ਐੱਡਰੈੱਸ ਤਾਂ ਬਾਬਾ ਜੀ ਆਹੀ ਐ-ਜਿਹੜਾ ਅਖ਼ਬਾਰ 'ਤੇ ਛਪਿਆ ਹੋਇਐ।"
-"ਨਹੀਂ! ਇਹ ਨਹੀਂ ਧੀਏ...! ਤੈਨੂੰ ਮੈਂ ਇਕ ਹੋਰ ਐਡਰੈੱਸ ਦਿੰਨੈਂ! ਪੈੱਨ ਹੈਗਾ?"
-"ਨਹੀਂ, ਮੈਂ ਲੱਭ ਕੇ ਲਿਆਉਨੀ ਐਂ, ਬਾਬਾ ਜੀ।"
-"ਲੱਭ ਲਿਆ ਭਾਈ...!"
-"ਹਾਂ ਲਿਖਾਓ ਬਾਬਾ ਜੀ।" ਮੀਤੀ ਨੇ ਪੈੱਨ ਚਲਾ ਕੇ ਦੇਖਿਆ। ਚੱਲਦਾ ਸੀ। ਬਾਬੇ ਨੇ ਉਸ ਨੂੰ ਇਕ ਹੋਰ ਐਡਰੈੱਸ ਲਿਖਵਾ ਦਿੱਤਾ। ਮੀਤੀ ਨੇ ਨੋਟ ਕਰ ਲਿਆ।
-"ਪਰ ਬਾਬਾ ਜੀ, ਇਕ ਗੱਲ ਹੋਰ ਐ! ਮੇਰਾ ਨਾਂ ਜਾਂ ਪਤਾ ਕਿਸੇ ਨੂੰ ਪਤਾ ਨਾ ਲੱਗੇ! ਮੈਂ ਤਾਂ ਥੋਡੇ 'ਤੇ ਇਤਬਾਰ ਕਰਕੇ ਸਾਰਾ ਕੁਛ ਦੱਸਿਐ-ਇਹ ਗੱਲ ਆਪਣੇ ਦੋਹਾਂ 'ਚ ਈ ਐ...!" ਉਸ ਨੇ ਆਖਿਆ।
-"ਕੀ ਗੱਲ ਕਰਦੀ ਐਂ ਧੀਏ? ਤੇਰਾ ਕੇਸ ਮੇਰੇ ਕੋਲ਼ੇ ਕੋਈ ਪਹਿਲਾ ਨਹੀਂ! ਮੇਰਾ ਮੂੰਹ ਸਦਾ ਲਈ ਬੰਦ ਹੋ ਸਕਦੈ-ਪਰ ਕਿਸੇ ਅੱਗੇ ਖੁੱਲ੍ਹ ਨਹੀਂ ਸਕਦਾ-ਨਾਲ਼ੇ ਐਹੋ ਜੇ ਭੇਦ ਦੱਸਣ ਆਲ਼ੇ ਹੁੰਦੇ ਐ, ਕਮਲ਼ੀਏ ਧੀਏ? ਮੈਂ ਤਾਂ ਕੱਚ ਖਾ ਕੇ ਡਕ੍ਹਾਰ ਨਾ ਮਾਰਾਂ! ਤੂੰ ਕਿਹੜੀ ਗੱਲ ਕਰ ਦਿੱਤੀ? ਤੈਨੂੰ ਆਪਣੇ ਐਸ ਧਰਮ ਦੇ ਪਿਉ 'ਤੇ ਕੋਈ ਇਤਬਾਰ ਨ੍ਹੀਂ...?"
-"ਬਾਬਾ ਜੀ, ਇਤਬਾਰ ਕਰ ਕੇ ਤਾਂ ਮੈਂ ਥੋਡੇ ਕੋਲ਼ੇ ਦਿਲ ਦਾ ਭੇਦ ਖੋਲ੍ਹਦੀ ਐਂ-ਮੈਂ ਤੇ ਮੇਰੇ ਘਰਵਾਲ਼ੇ ਨੇ ਡਾਕਟਰ ਤੋਂ ਚੈੱਕ ਅੱਪ ਕਰਵਾਈ ਸੀ-ਮੇਰੇ ਘਰਵਾਲ਼ਾ ਤਾਂ ਠੀਕ ਠਾਕ ਐ-ਮੇਰੇ 'ਚ ਈ ਨੁਕਸ ਐ-ਮੈਂ ਈ ਬੱਚਾ ਜੰਮਣ ਦੇ ਕਾਬਲ ਨਹੀਂ-।" ਉਸ ਨੇ ਅਜੇ ਗੱਲ ਵੀ ਪੂਰੀ ਨਹੀਂ ਕੀਤੀ ਸੀ ਕਿ ਬਾਬਾ ਵਿਚੋਂ ਹੀ ਬੋਲ ਪਿਆ।
-"ਕੀ ਗੱਲਾਂ ਕਰਦੀ ਐਂ ਪੁੱਤ...? ਤੂੰ ਮੇਰੇ ਰਿਕਾਰਡ 'ਚ ਪਹਿਲੀ ਕੁੜੀ ਨਹੀਂ-ਜੀਹਨੂੰ ਆਹ ਬੱਚੇ ਆਲ਼ਾ ਦੁੱਖ ਐ! ਮੇਰੇ ਕੋਲ਼ੇ ਨਿੱਤ ਈ ਐਹੋ ਜਿਹੇ ਕੇਸ ਆਉਂਦੇ ਐ-ਜੇ ਅਸੀਂ ਐਹੋ ਜਿਹੇ ਦੁੱਖ ਦੂਰ ਨਾ ਕੀਤੇ? ਫੇਰ ਸਾਡਾ ਫ਼ਾਇਦਾ ਕੀ ਐ, ਉਸਤਾਦਾਂ ਕੋਲ਼ੇ ਮੁਸ਼ੱਕਤਾਂ ਕੀਤੀਆਂ ਦਾ? ਇਕ ਕੁੜੀ ਸੀ ਤੇਰੇ ਅਰਗੀ, ਆਹ ਪਿਛਲੇ ਸਾਲ ਦੀ ਈ ਗੱਲ ਐ! ਉਹਦਾ ਵੀ ਆਹੀ ਦੁਖਾਂਤ ਸੀ-ਮੈਂ ਮੰਤਰ ਛੱਡੇ-ਹੋਰ ਵੀ ਕਈ ਉਪਾਅ ਕੀਤੇ ਕਰਵਾਏ-ਉਹਦੇ 'ਕੱਠੇ ਈ ਦੋ ਬੱਚੇ ਹੋਏ-ਇਕ ਮੁੰਡਾ ਤੇ ਇਕ ਕੁੜੀ! ਜੇ ਤੂੰ ਸਾਡੇ ਕੋਲ਼ ਕਦੇ ਆਈ-ਤੈਨੂੰ ਉਸ ਕੁੜੀ ਦਾ ਨੰਬਰ ਤੇ ਐਡਰੈੱਸ ਵੀ ਦਿਆਂਗਾ-ਚਾਹੇ ਜਾ ਕੇ ਮਿਲ ਆਈਂ! ਤੇ ਆਬਦੀ ਤਸੱਲੀ ਕਰ ਲਈਂ! ਉਹ ਕੁੜੀ ਤਾਂ ਦਾਅਵੇ ਨਾਲ ਆਖਦੀ ਐ ਕਿ ਬਾਬਾ ਜੀ ਮੇਰਾ ਐਡਰੈੱਸ ਤੇ ਟੈਲੀਫ਼ੋਨ ਨੰਬਰ ਲੋਕਾਂ ਨੂੰ ਦਿਓ-ਕਿਸੇ ਦਾ ਹੋਰ ਵੀ ਭਲਾ ਹੋਵੇ-ਪਰ ਅਸੀਂ ਪੁੱਤਰਾ ਆਪਣੀ ਫ਼ੋਕੀ ਬੱਲੇ ਬੱਲੇ ਨਹੀਂ ਚਾਹੁੰਦੇ! ਪਰ ਜਦੋਂ ਤੇਰੇ ਅਰਗੇ ਕਿਸੇ ਦੁਖੀ ਧੀ ਪੁੱਤ ਦਾ ਫ਼ੋਨ ਆ ਜਾਂਦੈ-ਤਾਂ ਫੇਰ ਨ੍ਹੀ ਭਲਾ ਕਰਨੋ ਰਿਹਾ ਜਾਂਦਾ! ਸੋਚੀਦੈ, ਬਈ ਪਤਾ ਨ੍ਹੀ ਕਦੋਂ ਰੱਬ ਵੱਲੋਂ ਸੱਦਾ ਆ ਜਾਣੈਂ? ਕੋਈ ਕਰਮ ਤਾਂ ਚੰਗਾ ਕਰ ਲਈਏ? ਬੱਸ ਹੁਣ ਤੇਰਾ ਪਹਿਲਾ ਕੰਮ ਇਹ ਐ ਬਈ ਮੈਨੂੰ ਖਾਖੀ ਲਿਫ਼ਾਫ਼ੇ 'ਚ ਪਾ ਕੇ ਸੌ ਪੌਂਡ ਪੋਸਟ ਕਰ ਤੇ ਫੇਰ ਦੇਖ ਮੇਰੇ ਹੱਥ...! ਜੇ ਨੌਂ ਨਿਧਾਂ ਤੇ ਬਾਰਾਂ ਸਿਧਾਂ ਨਾ ਹੋ ਗਈਆਂ-ਸਾਨੂੰ ਪਹੁੰਚੇ ਹੋਏ ਫ਼ਕੀਰ ਕੀਹਨੇ ਆਖਣੈਂ...? ਕੀ ਨਾਂ ਐਂ ਤੇਰਾ? ਤੇ ਨਾਲੇ ਦੱਸ ਮੈਨੂੰ ਆਬਦੀ ਜਨਮ ਤਰੀਕ-ਦੇਖ ਅਗਲੇ ਸਾਲ ਕਿਵੇਂ ਮੁੰਡਾ ਵਿਹੜੇ 'ਚ ਕਿਲਕਾਰੀਆਂ ਮਾਰਦੈ! ਤੈਨੂੰ ਅੱਠ ਸਾਲ ਹੋ ਗਏ, ਧੀਏ-ਆਪਣੇ ਐਸ ਧਰਮ ਦੇ ਪਿਉ ਨੂੰ ਪਹਿਲਾਂ ਕਦੇ ਕਿਉਂ ਨ੍ਹੀ ਯਾਦ ਕੀਤਾ...?"
-"ਬੱਸ ਬਾਬਾ ਜੀ-ਘਰਾਂ ਦੇ ਬੀਹ ਝਮੇਲੇ ਹੁੰਦੇ ਐ-।" ਉਹ ਗੱਲ ਬੋਚ ਗਈ।
-"ਇਕ ਗੱਲ ਪੁੱਤ ਹੋਰ ਐ...?"
-"ਕੀ ਬਾਬਾ ਜੀ...?"
-"ਹਿੰਦੂ ਹੈਂ ਕਿ ਸਿੱਖ...?"
-"ਸਿੱਖ ਹਾਂ, ਬਾਬਾ ਜੀ!"
-"ਨਾਂ ਕੀ ਐ...?"
-"ਮਨਜੀਤ ਕੌਰ...!"
-"ਮਨਜੀਤ! ਪੁੱਤ ਇਉਂ ਕਰਨੈਂ...! ਹੋਊ ਮੁੰਡਾ ਈ...! ਇਹ ਮੇਰੀ ਗਰੰਟੀ ਐ-ਤੇ ਮੁੰਡੇ ਦਾ ਨਾਂ ਗੁਰਭੇਜ ਸਿੰਘ ਰੱਖਣੈਂ...!"
-"ਜੋ ਹੁਕਮ ਬਾਬਾ ਜੀ...! ਮੈਂ ਹੁਣੇ ਹੀ ਨੋਟ ਕਰ ਲਿਆ-ਗੁਰਭੇਜ ਸਿੰਘ।"
-"ਤੇ ਤੂੰ ਆਹ ਕਰਨ ਆਲ਼ਾ ਕੰਮ ਕਰ! ਇਕ ਆਬਦੀ ਫ਼ੋਟੋ ਤੇ ਸੌ ਪੌਂਡ ਲਫ਼ਾਫ਼ੇ 'ਚ ਪਾ ਕੇ ਭੇਜ!"
-"ਜੇ ਚੈੱਕ ਜਾਂ ਡਰਾਫ਼ਟ ਬਣਾ ਕੇ ਭੇਜ ਦਿਆਂ ਬਾਬਾ ਜੀ?"
-"ਨਹੀਂ ਪੁੱਤਰ...! ਤੂੰ ਸਮਝਣ ਦੀ ਕੋਸਿ਼ਸ਼ ਕਿਉਂ ਨ੍ਹੀ ਕਰਦੀ? ਨਕਦ ਸੌ ਪੌਂਡ ਪਾਉਣੇ ਐਂ-ਚੈੱਕ ਜਾਂ ਡਰਾਫ਼ਟ ਨਹੀਂ ਪਾਉਣਾ! ਤੇ ਨਾਲੇ ਆਬਦੀ ਫ਼ੋਟੋ ਭੇਜਣੀ ਵੀ ਨੀ ਭੁੱਲਣੀਂ! ਮੈਂ ਤੇਰੀ ਫ਼ੋਟੋ ਨਾਲ਼ ਤੇਰੇ ਲੇਖ ਮਿਲ਼ਾ ਕੇ ਦੇਖਣੇ ਐਂ!"
-"ਨਕਦ ਪੌਂਡ ਕਿਤੇ ਗੁੰਮ ਨਾ ਹੋ ਜਾਣ, ਬਾਬਾ ਜੀ?"
-"ਧੀਏ, ਸਾਡੇ ਕੋਲ਼ ਆਉਣ ਆਲ਼ੇ ਪੌਂਡ ਗੁੰਮ ਕਿਵੇਂ ਹੋ ਜਾਣਗੇ? ਹੈ ਕਮਲ਼ੀ ਧੀ! ਤੂੰ ਕੱਲ੍ਹ ਨੂੰ ਇਹ ਦੋਵੇਂ ਚੀਜਾਂ ਪੋਸਟ ਕਰ ਕੇ ਮੈਨੂੰ ਚੌਥੇ ਫ਼ੋਨ ਕਰ ਲਈਂ! ਭੁੱਲੀਂ ਨਾ ਧੀ ਮੇਰੀਏ! ਦੇਖੀਂ ਤੇਰਾ ਮੂਧਾ ਵੱਜਿਆ ਘਰ ਕਿਵੇਂ ਸਿੱਧਾ ਹੁੰਦੈ! ਤੂੰ ਪਿਉ ਆਪਣੇ ਨੂੰ ਯਾਦ ਕਰੇਂਗੀ, ਧੀ ਰਾਣੀਏਂ...!"
ਮੀਤੀ ਨੇ ਆਪਣਾ ਨਾਂ ਅਤੇ ਜਨਮ ਤਾਰੀਖ਼ ਬਾਬੇ ਨੂੰ ਨੋਟ ਕਰਵਾ ਦਿੱਤੀ। ਸੌ ਪੌਂਡ ਅਗਲੇ ਦਿਨ ਭੇਜਣ ਦਾ ਬਚਨ ਦੇ ਦਿੱਤਾ। ਬਾਬਾ ਉਸ ਨੂੰ ਤਸੱਲੀਆਂ ਅਤੇ ਧਰਵਾਸ ਦਿੰਦਾ ਰਿਹਾ। ਮੀਤੀ ਨੂੰ ਵੀ ਇਕ ਤਰ੍ਹਾਂ ਨਾਲ਼ ਕਿਨਾਰਾ ਮਿਲ਼ ਗਿਆ ਸੀ। ਉਸ ਦੇ ਮਨ ਨੂੰ ਅਥਾਹ ਤਸੱਲੀ ਮਿਲ਼ ਗਈ ਸੀ। ਆਸਰਾ ਮਿਲ਼ ਗਿਆ ਸੀ। ਉਸ ਨੂੰ ਆਪਣੇ ਆਪ 'ਤੇ ਖਿਝ ਆ ਰਹੀ ਸੀ ਕਿ ਉਸ ਨੇ ਪਹਿਲਾਂ ਮਾਸੀ ਦੀ ਗੱਲ ਕਿਉਂ ਨਾ ਮੰਨ ਲਈ? ਉਹ ਤਾਂ ਸਭ ਤੋਂ ਵੱਡੀ ਬੇਵਕੂਫ਼ ਸੀ! ਜਿਹੜੀ ਹੁਣ ਤੱਕ ਅੱਠ ਸਾਲ ਭਵਸਾਗਰ ਵਿਚ ਲੋਟ ਪੋਟ ਅਤੇ ਸਾਹੋ ਸਾਹ ਹੁੰਦੀ ਰਹੀ ਸੀ। ਜੇ ਮਾਸੀ ਆਖੇ ਲੱਗ ਕੇ ਪਹਿਲਾਂ ਕਿਤੇ ਬਾਬੇ ਨਾਲ਼ ਗੱਲ ਕਰ ਲੈਂਦੀ ਤਾਂ ਸ਼ਾਇਦ ਉਸ ਦਾ ਮੁੰਡਾ ਹੁਣ ਨੂੰ ਦੂਜੀ ਜਮਾਤ ਵਿਚ ਪੜ੍ਹਦਾ ਹੁੰਦਾ! ਉਸ ਨੇ ਆਪਣੇ ਆਪ ਨੂੰ ਬੇਥਾਹ ਫਿ਼ਟਕਾਰਾਂ ਪਾਈਆਂ। ਆਪਣੀ ਸੌੜੀ ਸੋਚ 'ਤੇ ਝੁਰੀ! ਦੁਨੀਆਂ ਕਿਤੇ ਕਮਲ਼ੀ ਐ...? ਜਿਹੜੀ ਬਾਬਿਆਂ ਨੂੰ ਪੂਜਦੀ ਫਿਰਦੀ ਐ? ਜਿਹੜੀ ਬਾਬਿਆਂ ਦੇ ਚਰਨ ਪਰਸਦੀ ਫਿਰਦੀ ਐ? ਜੇ ਬਾਬਿਆਂ ਵਿਚ ਕੋਈ ਕਰਾਮਾਤ ਹੈ, ਤਾਂ ਹੀ ਲੋਕ ਇਹਨਾਂ ਦੇ ਚਰਨੀਂ ਡਿੱਗਦੇ ਐ! ਨਹੀਂ ਤਾਂ ਅਗਲਾ ਕਿਸੇ ਨੂੰ 'ਸਾਸਰੀਕਾਲ' ਨਹੀਂ ਬੁਲਾਉਂਦਾ। ਜੇ ਲੋਕਾਂ ਦੇ ਕੰਮ ਰਾਸ ਆਉਂਦੇ ਐ, ਤਾਂ ਹੀ ਲੋਕ ਇਕ ਦੂਜੇ ਕੋਲ਼ ਇਹਨਾਂ ਬਾਬਿਆਂ ਦੀਆਂ ਸਿਫ਼ਤਾਂ ਕਰਦੇ ਐ?
ਪਰ ਤਰਕਸ਼ੀਲ ਸੁਸਾਇਟੀ ਵਾਲ਼ੇ ਤਾਂ ਪਿਛਲੇ ਸਾਹਿਤਕ ਪ੍ਰੋਗਰਾਮ 'ਤੇ ਇਹਨਾਂ ਨੂੰ ਵੰਗਾਰੀ ਜਾਂਦੇ ਸੀ? ਅਖੇ ਕੋਈ ਕਰਾਮਾਤ ਨਹੀਂ, ਕੋਈ ਭੂਤ ਨਹੀਂ, ਕੋਈ ਪ੍ਰੇਤ ਨਹੀਂ...! ਪਰ ਤਰਕਸ਼ੀਲਾਂ ਦਾ ਕੀ ਐ? ਉਹ ਤਾਂ ਨਾਸਤਿਕ ਐ! ਉਹ ਤਾਂ ਕਹਿੰਦੇ ਐ ਅਖੇ ਰੱਬ ਵੀ ਹੈਨ੍ਹੀ! ਉਹਨਾਂ ਦਾ ਕੀ ਸੱਚ ਮੰਨੀਏਂ? ਉਹ ਤਾਂ ਵਾਧੂ ਆਪ ਦੀ ਮਗਜ਼ਮਾਰੀ ਕਰੀ ਜਾਂਦੇ ਐ! ਸਾਰੀ ਦੁਨੀਆਂ ਰੱਬ ਨੂੰ ਮੰਨਦੀ ਐ! ਇਹ ਵੱਖਰੀ ਗੱਲ ਐ ਕਿ ਕੋਈ ਗੁਰਦੁਆਰੇ ਜਾਂਦੈ, ਕੋਈ ਮੰਦਰ ਅਤੇ ਕੋਈ ਚਰਚ ਜਾਦੈ! ਪਰ ਜਾਂਦੇ ਤਾਂ ਰੱਬ ਨੂੰ ਪੂਜਣ ਹੀ ਨੇ? ਢਾਈ ਕੁ ਕਾਮਰੇਡ ਜਾਂ ਤਰਕਸ਼ੀਲ ਸੱਚੇ ਹੋ ਗਏ ਅਤੇ ਕਰੋੜਾਂ ਦੁਨੀਆਂ ਝੂਠੀ ਹੋ ਗਈ? ਜਿਹੜੀ ਰੱਬ ਨੂੰ ਮੰਨੀ ਜਾਂਦੀ ਐ? ਜੇ ਰੱਬ ਹੈਗਾ ਤਾਂ ਭੂਤ ਪ੍ਰੇਤ ਵੀ ਹੈਗੇ ਐ! ਜੇ ਭੂਤ ਪ੍ਰੇਤ ਐ ਤਾਂ ਬਾਬਿਆਂ 'ਚ ਕਰਾਮਾਤਾਂ ਵੀ ਜ਼ਰੂਰ ਐ! ਦੁਨੀਆਂ ਵਿਚ ਹਰ ਕਲਾ ਦਾ ਵਿਰੋਧੀ ਤੱਤ ਮੌਜੂਦ ਹੈ! ਰੱਬ ਨੇੜੇ ਕਿ ਘਸੁੰਨ...? ਡਾਕਟਰ ਤਾਂ ਕਹਿੰਦੇ ਅਖੇ ਤੁਹਾਡੇ ਬੱਚਾ ਨਹੀਂ ਹੋ ਸਕਦਾ! ਡਾਕਟਰ ਨੂੰ ਪੁੱਛੇ ਬਈ ਤੂੰ ਰੱਬ ਐਂ...? ਬਚਪਨ ਤੋਂ ਕਹਾਣੀਆਂ ਸੁਣਦੇ ਹੀ ਆਏ ਐਂ ਕਿ ਫ਼ਲਾਨੇ ਫ਼ਲਾਨੇ ਦੇਵਤੇ ਨੇ ਫ਼ਲਾਨੀ ਬੇਔਲ਼ਾਦ ਔਰਤ ਨੂੰ ਕੰਨ ਰਾਹੀਂ ਕਿੱਡਾ ਬਲੀ ਪੁੱਤਰ ਬਖ਼ਸਿ਼ਆ। ਇਹ ਕਹਾਣੀਆਂ ਝੂਠ ਤਾਂ ਨਹੀਂ! ਦੁਨੀਆਂ ਮੰਨੇ ਚਾਹੇ ਨਾ ਮੰਨੇ...! ਮੈਂ ਕਿਹੜਾ ਬਾਬਿਆਂ ਨੂੰ ਮੰਨਦੀ ਸੀ? ਉਹ ਤਾਂ ਭਲਾ ਹੋਵੇ ਬੰਤੀ ਮਾਸੀ ਦਾ, ਜੀਹਨੇ ਮੈਨੂੰ ਐਸ ਪਾਸੇ ਵੱਲ ਤੋਰਿਆ। ਬਾਬਿਆਂ ਵੱਲ ਨੂੰ ਪ੍ਰੇਰਿਆ। ਨਹੀਂ ਮੈਂ ਕਿੱਥੇ ਫ਼ੋਨ ਕਰਨ ਵਾਲ਼ੀ ਸੀ ਬਾਬਿਆਂ ਨੂੰ? ਜਿਉਂਦੀ ਵਸਦੀ ਰਹੇ ਬਿਚਾਰੀ ਮਾਸੀ, ਜਿਹੜੀ ਮੇਰਾ ਐਨਾ ਫਿ਼ਕਰ ਰੱਖਦੀ ਐ! ਨਹੀਂ ਅੱਜ ਕੱਲ੍ਹ ਦੇ ਜ਼ਮਾਨੇ ਵਿਚ ਕੌਣ ਕਿਸੇ ਦਾ ਕਰਦੈ? ਅਗਲੇ ਤੋਂ ਆਪਦਾ ਆਪ ਨ੍ਹੀ ਲੋਟ ਆਉਂਦਾ! ਮਾਸੀ ਬਿਚਾਰੀ ਮੇਰੇ ਬਾਰੇ ਕਿੰਨਾ ਸੋਚਦੀ ਐ! ਜਿਉਂਦੀ ਵਸਦੀ ਰਹੇ ਬਿਚਾਰੀ। ਜਦੋਂ ਦੀ ਮਾਂ ਮਰੀ ਐ, ਮੇਰਾ ਪੂਰਾ ਸਾਥ ਦਿੱਤੈ। ਕਦੇ ਮਾਂ ਨ੍ਹੀ ਚੇਤੇ ਆਉਣ ਦਿੱਤੀ। ਜਿੱਦੇਂ ਮੇਰੇ ਮੁੰਡਾ ਹੋਇਆ, ਮਾਸੀ ਨੂੰ ਛਾਪ ਜ਼ਰੂਰ ਬਣਾ ਕੇ ਦੇਣੀ ਐਂ। ਆਖੂੰਗੀ, ਆਹ ਲੈ ਮਾਸੀ! ਆਹ ਗੁਰਭੇਜ ਦੇ ਜਨਮ 'ਤੇ ਮੈਂ ਤੇਰੇ ਵਾਸਤੇ ਸ਼ਪੈਸ਼ਲ ਬਣਾ ਕੇ ਲਿਆਂਦੀ ਐ! ਉਹ ਦਿਲ ਨਾਲ਼ ਗੱਲਾਂ ਕਰਦੀ, ਮਾਸੀ ਦੀ ਸ਼ੁਕਰਗੁਜ਼ਾਰ ਬਣੀ ਬੈਠੀ ਸੀ।
ਉਸ ਦੇ ਘਰਵਾਲ਼ਾ ਤਾਂ ਕਦੇ ਘਰੇ ਆਉਂਦਾ ਅਤੇ ਕਦੇ ਆਪਣੇ ਮਾਂ-ਬਾਪ ਕੋਲ਼ ਹੀ ਸੌਂ ਜਾਂਦਾ। ਮੀਤੀ ਵੱਡੇ ਵਿਸ਼ਾਲ ਮਕਾਨ ਵਿਚ ਇਕੱਲੀ ਹੀ ਸ਼ਰਾਪਿਆਂ ਵਾਂਗ ਬੈਠੀ, ਸੋਚਾਂ ਵਿਚ ਡੁੱਬੀ ਰਹਿੰਦੀ।
ਅਗਲੇ ਦਿਨ ਮੀਤੀ ਨੇ ਬਾਬੇ ਦੇ ਹੁਕਮ ਅਨੁਸਾਰ ਖਾਕੀ ਲਫ਼ਾਫ਼ੇ ਵਿਚ ਆਪਣੀ ਪਾਸਪੋਰਟ ਸਾਈਜ਼ ਫ਼ੋਟੋ ਅਤੇ ਸੌ ਪੌਂਡ ਨਕਦ ਪਾ ਕੇ 'ਫ਼ਾਸਟ ਮੇਲ' ਰਾਹੀਂ ਪੋਸਟ ਕਰ ਦਿੱਤੇ।
ਚੌਥੇ ਦਿਨ ਉਸ ਨੇ ਬਾਬੇ ਨੂੰ ਫ਼ੋਨ ਕੀਤਾ।
ਬਾਬੇ ਨੂੰ ਉਸ ਦੀ ਫ਼ੋਟੋ ਅਤੇ ਸੌ ਪੌਂਡ ਮਿਲ਼ ਗਿਆ ਸੀ। ਬਾਬਾ ਵੀ ਅਗਿੱਓਂ ਪੂਰਾ ਬਾਗੋਬਾਗ ਸੀ। ਬਾਬੇ ਨੇ ਉਸ ਨੂੰ ਦੋ ਦਿਨ ਬਾਅਦ ਫਿਰ ਫ਼ੋਨ ਕਰਨ ਲਈ ਆਖਿਆ। ਉਸ ਨੇ ਕੋਈ ਮੰਤਰ ਪੜ੍ਹਨਾ ਸੀ ਅਤੇ ਮੀਤੀ ਦੀ ਫ਼ੋਟੋ ਤੋਂ ਕਿਸੇ ਕਿਸਮ ਦਾ ਜਾਇਜਾ ਲੈਣਾ ਸੀ। ਉਸ ਦੇ ਸਾਰੇ ਕੰਮ ਰਾਸ ਆ ਜਾਣੇ ਸਨ। ਉਸ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਸੀ। ਅਗਲੇ ਸਾਲ ਉਸ ਦੀ ਗੋਦ ਵਿਚ 'ਗੁਰਭੇਜ ਸਿੰਘ' ਨੇ ਖੇਡਣਾ ਸੀ। ਉਸ ਦਾ ਮਾਂ ਬਣਨ ਦਾ ਚਾਅ ਪੂਰਾ ਹੋ ਜਾਣਾ ਸੀ। ਇਸ ਘਰ ਵਿਚ ਉਸ ਦੇ ਪੁੱਤ ਗੁਰਭੇਜ ਦੀਆਂ ਕਿਲਕਾਰੀਆਂ ਵੱਜਣੀਆਂ ਸਨ ਅਤੇ 'ਮੰਮੀ' ਅਖਵਾ ਕੇ ਉਸ ਦੇ ਮਨ ਨੂੰ ਸ਼ਾਂਤੀ ਆ ਜਾਣੀ ਸੀ।
ਜਦ ਉਸ ਨੇ ਦੋ ਦਿਨ ਬਾਅਦ ਬਾਬੇ ਨੂੰ ਫ਼ੋਨ ਕੀਤਾ ਤਾਂ ਬਾਬੇ ਨੇ ਪੰਜ ਸੌ ਇਕਵੰਜਾ ਪੌਂਡ ਅੱਗੇ ਵਾਂਗ ਹੋਰ ਭੇਜਣ ਲਈ ਕਿਹਾ। ਉਸ ਨੇ ਇਹ ਵੀ ਆਖਿਆ ਸੀ ਕਿ ਉਹ ਮੀਤੀ ਨੂੰ ਇਕ ਤਾਵੀਤ ਬਣਾ ਕੇ ਚਿੱਠੀ ਵਿਚ ਭੇਜੇਗਾ ਅਤੇ ਉਹ ਤਾਵੀਤ ਉਸ ਨੇ ਆਪਣੇ ਢਿੱਡ 'ਤੇ ਬੰਨ੍ਹ ਲੈਣਾ ਹੈ ਅਤੇ ਦੂਜਾ ਮੰਤਰ ਬਿਲਕੁਲ ਨਗਨ ਅਵਸਥਾ ਵਿਚ ਉਸ ਨੇ ਆਪ ਮੂੰਹੋਂ ਪੜ੍ਹਨਾ ਹੈ। ਅਗਰ ਉਹ ਘਰੇ ਨਹੀਂ ਕਰ ਸਕਦੀ ਤਾਂ ਉਹ ਇੱਥੇ ਆ ਸਕਦੀ ਹੈ। ਬਾਬੇ ਕੋਲ਼ ਇਕ ਬੀਬੀ ਰੱਖੀ ਹੋਈ ਹੈ। ਉਹ ਬੀਬੀ, ਮੀਤੀ ਨੂੰ ਇਹ ਜਾਪ ਖ਼ੁਦ ਕਰਵਾ ਦਿਆ ਕਰੇਗੀ। ਪਰ ਇਸ ਮੰਤਰ ਦਾ ਜਾਪ ਬਿਲਕੁਲ ਨਗਨ ਅਵਸਥਾ ਵਿਚ ਕਰਨਾ ਪਵੇਗਾ! ਮੀਤੀ ਨੂੰ ਬਾਬੇ ਦੀ ਇਹ ਸ਼ਰਤ ਵੀ ਮਨਜ਼ੂਰ ਸੀ।
ਉਸ ਨੇ ਪੰਜ ਸੌ ਇਕਵੰਜਾ ਪੌਂਡ ਅੱਗੇ ਵਾਂਗ ਹੀ ਬਾਬੇ ਨੂੰ ਚਿੱਠੀ ਵਿਚ ਪਾ ਕੇ ਡਾਕ ਰਾਹੀਂ ਭੇਜ ਦਿੱਤੇ।
ਹਫ਼ਤੇ ਦੇ ਵਿਚ ਵਿਚ ਬਾਬੇ ਵੱਲੋਂ ਦੋ ਖ਼ਤ ਆ ਗਏ। ਪਰ ਖ਼ਤ ਦੇ ਪਿੱਛੇ ਕਿਸੇ ਦਾ ਪਤਾ ਨਹੀਂ ਲਿਖਿਆ ਸੀ! ਇਕ ਖ਼ਤ ਵਿਚ ਤਾਵੀਤ ਸੀ, ਜਿਹੜਾ ਉਸ ਨੇ ਆਪਣੇ ਢਿੱਡ ਉਪਰ ਬੰਨ੍ਹ ਲਿਆ ਅਤੇ ਦੂਜੇ ਖ਼ਤ ਵਿਚ ਲਿਖੇ ਮੰਤਰ ਦੀ ਉਸ ਨੂੰ ਕੋਈ ਸਮਝ ਹੀ ਨਹੀਂ ਆਈ ਸੀ, ਕੀ ਲਿਖਿਆ ਸੀ? ਦੂਜੇ ਪੱਤਰ ਉਪਰ ਉਸ ਨੂੰ 'ਕੁੱਕੜ-ਘਾਂਗੜੇ' ਜਿਹੇ ਹੀ ਦਿਸ ਰਹੇ ਸਨ। ਕੋਈ ਅੱਖਰ ਉਸ ਤੋਂ ਉਠ ਨਹੀਂ ਰਿਹਾ ਸੀ। ਕੋਈ ਅਣਜਾਣ ਭਾਸ਼ਾ ਸੀ।
ਉਸ ਨੇ ਬਾਬੇ ਨੂੰ ਫ਼ੋਨ ਘੁੰਮਾਇਆ। ਹੁਣ ਬਾਬੇ ਨਾਲ਼ ਮੀਤੀ ਦੀ ਬਾਹਵਾ ਬੁੱਕਲ਼ ਖ਼ੁੱਲ੍ਹ ਚੁੱਕੀ ਸੀ। ਹੁਣ ਉਸ ਨੂੰ ਬਾਬੇ ਕੋਲ਼ ਗੱਲ ਕਰਦੀ ਨੂੰ ਕੋਈ ਡਰ ਜਾਂ ਭੈਅ ਨਹੀਂ ਆਉਂਦਾ ਸੀ। ਕੋਈ ਸੰਗ ਨਹੀਂ ਲੱਗਦੀ ਸੀ। ਦਿਲ ਸਾਂਝੇ ਹੋ ਗਏ ਸਨ। ਬਾਬਾ ਉਸ ਦਾ ਹਮਦਰਦ ਸੀ। ਬਾਬਾ ਉਸ ਦੇ ਦਿਲਾਂ ਦੀਆਂ ਜਾਨਣ ਵਾਲ਼ਾ ਸੀ। ਦਾਈਆਂ ਤੋਂ ਪੇਟ ਕਾਹਦੇ ਵਾਸਤੇ ਲੁਕਾਉਣੇ ਹੋਏ? ਬਾਬਾ ਤਾਂ ਉਸ ਦੇ ਜੀਵਨ ਵਿਚ ਖ਼ੁਸ਼ੀਆਂ ਖੇੜੇ ਲਿਆਉਣ ਵਾਲ਼ਾ ਇਕ ਫ਼ਰਿਸ਼ਤਾ ਸੀ। ਉਸ ਕੋਲੋਂ ਲਕੋ ਵੀ ਕਾਹਦਾ ਰੱਖਣਾ ਸੀ?
ਅੱਗਿਓਂ ਫ਼ੋਨ ਬਾਬੇ ਦੀ ਕਿਸੇ ਚੇਲੀ ਨੇ ਚੁੱਕਿਆ।
-"ਕੌਣ ਬੋਲਦੈ ਜੀ...?" ਉਧਰੋਂ ਕਿਸੇ ਵੰਝਲੀ ਵਰਗੀ ਮਿੱਠੀ ਅਵਾਜ਼ ਆਈ ਸੀ।
-"ਮੈਂ ਬਾਬਾ ਜੀ ਨਾਲ਼ ਗੱਲ ਕਰਨੀ ਐਂ ਜੀ।" ਮੀਤੀ ਆਪਣਾ ਨਾਂ ਉਸ ਔਰਤ ਤੋਂ ਛੁਪਾਅ ਗਈ।
ਉਸ ਨੇ ਅੱਗੇ ਬਾਬੇ ਨੂੰ ਫ਼ੋਨ ਫੜਾ ਦਿੱਤਾ।
ਜਦੋਂ ਬਾਬੇ ਨੇ 'ਹੈਲੋ' ਆਖੀ ਤਾਂ ਮੀਤੀ ਬੋਲ ਪਈ।
-"ਬਾਬਾ ਜੀ ਮੈਂ ਮੀਤੀ ਬੋਲਦੀ ਐਂ...! ਮਨਜੀਤ ਕੌਰ!" ਉਸ ਨੇ ਬੇਝਿਜਕ ਦੱਸਿਆ।
-"ਹਾਂ ਪੁੱਤਰ...? ਬੋਲ ਬੇਟਾ! ਮੇਰਾ ਭੇਜਿਆ ਤਾਵੀਤ ਤੇ ਮੰਤਰ ਮਿਲ਼ ਗਿਆ?"
-"ਮਿਲ਼ ਤਾਂ ਗਿਆ ਬਾਬਾ ਜੀ! ਤਾਵੀਤ ਤਾਂ ਮੈਂ ਥੋਡੇ ਹੁਕਮ ਅਨੁਸਾਰ ਢਿੱਡ 'ਤੇ ਬੰਨ੍ਹ ਲਿਐ-ਪਰ ਮੈਨੂੰ ਥੋਡੇ ਭੇਜੇ ਹੋਏ ਮੰਤਰ ਦੀ ਕੋਈ ਸਮਝ ਨਹੀਂ ਆ ਰਹੀ-ਕਿਹੜੀ ਭਾਸ਼ਾ ਵਿਚ ਹੈ ਇਹ...?"
-"ਜਿਹੜਾ ਮੈਨੂੰ ਡਰ ਸੀ-ਉਹ ਹੀ ਹੋਇਆ ਪੁੱਤਰ...!" ਬਾਬੇ ਦੇ ਆਖਣ 'ਤੇ ਮੀਤੀ ਡਰ ਗਈ।
-"ਕੀ ਬਾਬਾ ਜੀ...?" ਮੀਤੀ ਧੁਰੋਂ ਕੰਬ ਗਈ।
-"ਇਹ ਜਿਹੜੀ ਕੁਲੈਹਣੀਂ ਚੀਜ਼ ਤੇਰੀ ਕੁੱਖ ਨੂੰ ਬੰਨ੍ਹੀ ਬੈਠੀ ਐ-ਇਹਨੇ ਹਰਾਮਖ਼ੋਰ ਨੇ ਤੇਰੀ ਨਜ਼ਰ ਵੀ ਬੰਨ੍ਹ ਧਰੀ ਐ! ਇਸ ਕਰਕੇ ਤੂੰ ਇਹ ਮੇਰਾ ਮੰਤਰ ਪੜ੍ਹ ਨਹੀਂ ਸਕਦੀ-ਆਹ ਜਿਹੜੀ ਕੁੜੀ ਨੇ ਫ਼ੋਨ ਚੱਕਿਆ ਸੀ-ਇਹਦੇ ਨਾਲ਼ ਵੀ ਆਹੀ ਹਾਲ ਉਹ ਦੁਸ਼ਟ ਰੂਹ ਕਰਦੀ ਰਹੀ ਐ! ਇਹ ਉਹੀ ਕੁੜੀ ਐ...! ਜੀਹਦਾ ਮੈਂ ਇਕ ਵਾਰੀ ਤੇਰੇ ਨਾਲ਼ ਫ਼ੋਨ 'ਤੇ ਜਿ਼ਕਰ ਕੀਤਾ ਸੀ!" ਬਾਬੇ ਨੇ ਦੱਸਿਆ।
-"ਉਹ, ਅੱਛਾ...!"
-"ਅੱਛਾ, ਲੈ ਮੈਂ ਤੇਰੀ ਇਹਦੇ ਨਾਲ਼ ਈ ਗੱਲ ਕਰਵਾਉਨੈਂ-ਤੂੰ ਇਹਨੂੰ ਆਪ ਈ ਪੁੱਛ ਲੈ-ਤੇਰਾ ਵਹਿਮ ਵੀ ਨਿਕਲ਼ ਜਾਊ-ਆਹ ਲੈ ਕਰ ਗੱਲ...!" ਬਾਬੇ ਨੇ ਫ਼ੋਨ ਉਸ ਔਰਤ ਦੇ ਹੱਥ ਫੜਾ ਦਿੱਤਾ।
-"ਹਾਂ ਜੀ, ਭੈਣ ਜੀ...?" ਮੀਤੀ ਬੋਲੀ।
-"ਹਾਂ ਜੀ? ਕੀ ਨਾਂ ਐਂ ਤੁਹਾਡਾ...?"
-"ਮਨਜੀਤ ਕੌਰ ਐ ਭੈਣ ਜੀ! ਪਰ ਸਾਰੇ ਮੈਨੂੰ ਮੀਤੀ ਈ ਆਖ ਦਿੰਦੇ ਐ!"
-"ਮੀਤੀ ਗੱਲ ਇਹ ਐ! ਮੇਰੇ ਵੀ ਕੋਈ ਬੱਚਾ ਨਹੀਂ ਹੁੰਦਾ ਸੀ-ਮੇਰੀ ਵੀ ਕਿਸੇ ਨੇ ਕੁੱਖ ਬੰਨ੍ਹੀ ਹੋਈ ਸੀ-ਬਾਬਾ ਜੀ ਨੇ ਤਾਵੀਤ ਭੇਜਿਆ ਤੇ ਇਕ ਮੰਤਰ-ਉਹ ਤਾਵੀਤ ਤਾਂ ਮੈਂ ਬਾਬਾ ਜੀ ਦੇ ਆਖਣ ਮੁਤਾਬਿਕ ਢਿੱਡ 'ਤੇ ਬੰਨ੍ਹ ਲਿਆ-ਪਰ ਮੰਤਰ ਮੈਥੋਂ ਪੜ੍ਹਿਆ ਨਾ ਜਾਵੇ-ਮੈਂ ਬਾਬਾ ਜੀ ਨੂੰ ਫ਼ੋਨ ਕੀਤਾ-ਬਾਬਾ ਜੀ ਨੇ ਮੈਨੂੰ ਵਿਧੀ ਵੀ ਦੱਸੀ-ਪਰ ਮੰਤਰ ਮੈਥੋਂ ਫੇਰ ਨਾ ਪੜ੍ਹਿਆ ਗਿਆ-ਫੇਰ ਮੈਂ ਐਥੇ ਆ ਕੇ ਬਾਬਾ ਜੀ ਦੀ ਗੁਫ਼ਾ ਵਿਚ ਉਹ ਮੰਤਰ ਨਗਨ ਹਾਲਤ ਵਿਚ ਪੜ੍ਹਿਆ-ਹੁਣ ਬਾਬਾ ਜੀ ਦੀ ਕਿਰਪਾ ਨਾਲ਼ ਮੇਰੇ ਕੋਲ਼ੇ ਇਕ ਕੁੜੀ ਤੇ ਸੁੱਖ ਨਾਲ਼ ਇਕ ਮੁੰਡਾ ਐ...।" ਉਸ ਨੇ ਸਾਰੀ ਕਹਾਣੀ ਦੱਸੀ।
-"ਤੁਸੀਂ ਮੈਨੂੰ ਮੰਤਰ ਦਾ ਜਾਪ ਕਰਵਾ ਸਕਦੇ ਓਂ, ਭੈਣ ਜੀ?" ਮੀਤੀ ਨੇ ਤਰਲਾ ਕੀਤਾ।
-"ਦੇਖੋ ਭੈਣ ਜੀ...! ਮੰਤਰ ਦਾ ਜਾਪ ਤਾਂ ਮੈਂ ਕਰਵਾ ਦਿਆਂਗੀ-ਪਰ ਕਈ ਸ਼ਰਤਾਂ ਐਹੋ ਜੀਆਂ ਹੁੰਦੀਐਂ-ਜਿਹੜੀਆਂ ਕਿਸੇ ਨੂੰ ਫ਼ੋਨ 'ਤੇ ਦੱਸੀਆਂ ਨਹੀਂ ਜਾਂਦੀਆਂ! ਜੇ ਤੁਸੀਂ ਬਾਬਾ ਜੀ ਦੇ ਦਿੱਤੇ ਮੰਤਰ ਦਾ ਜਾਪ ਕਰਨਾ ਈ ਐਂ-ਬੱਚਾ ਪਾਉਣਾ ਹੀ ਹੈ-ਤਾਂ ਕਈਆਂ ਗੱਲਾਂ 'ਚ ਅੱਖੀਂ ਦੇਖ ਕੇ ਮੱਖੀ ਵੀ ਚਿੱਥਣੀਂ ਪੈਂਦੀ ਐ-ਤੇ ਖਰਚਾ ਬਰਚਾ ਵੀ ਹੁੰਦੈ-।"
-"ਖਰਚੇ ਬਰਚੇ ਦੀ ਭੈਣ ਜੀ ਮੈਨੂੰ ਕੋਈ ਪ੍ਰਵਾਹ ਨਹੀਂ-ਮੇਰਾ ਕੰਮ ਹੋਣਾ ਚਾਹੀਦੈ-ਤੁਸੀਂ ਦੱਸੋ ਕਿੰਨਾਂ ਕੁ ਚਿਰ ਹੋਰ ਬਾਬਾ ਜੀ ਕੋਲ਼ ਐਂ?" ਮੀਤੀ ਕਾਹਲ਼ੀ ਪੈ ਗਈ।
-"ਭੈਣ ਜੀ, ਮੈਂ ਆਹ ਵੀਰਵਾਰ ਤੱਕ ਬਾਬਾ ਜੀ ਕੋਲ਼ ਹੀ ਹਾਂ-ਅਗਰ ਤੁਸੀਂ ਵਿਧੀ ਜਾਨਣਾ ਚਾਹੁੰਦੇ ਹੋ-ਤਾਂ ਪਰਸੋਂ ਨਹਾ ਧੋ ਕੇ ਐਥੇ ਆ ਜਾਵੋ-ਐਡਰੈੱਸ ਮੈਂ ਤੁਹਾਨੂੰ ਲਿਖਵਾ ਦਿੰਦੀ ਹਾਂ-ਆਪਾਂ ਜਾਪ ਕਰ ਲਵਾਂਗੇ-ਪਰ ਇਕ ਗੱਲ ਦਾ ਖਿਆਲ ਰੱਖਿਓ-!"
-"ਉਹ ਕਿਹੜੀ ਦਾ ਭੈਣ ਜੀ...?"
-"ਤੁਹਾਨੂੰ ਮੈਨਸਿਜ਼ ਨਾ ਆਏ ਹੋਣ...!"
-"ਨਹੀਂ ਉਹ ਤਾਂ ਲੰਘ ਚੁੱਕੇ ਐ-!"
-"ਫਿਰ ਪਰਸੋਂ ਆ ਜਾਓ-ਤੇ ਗਿਆਰਾਂ ਸੌ ਪੌਂਡ ਨਾਲ਼ ਲੈ ਕੇ ਆਉਣਾ-।"
-"ਉਹ ਤਾਂ ਮੈਂ ਲੈ ਆਊਂ ਭੈਣ ਜੀ-ਪਰ ਆਵਾਂ ਕਿੰਨੇ ਵਜੇ...?"
-"ਦੁਪਿਹਰੇ ਪੂਰੇ ਬਾਰਾਂ ਵਜੇ ਆਪਾਂ ਜਾਪ ਸ਼ੁਰੂ ਕਰਾਂਗੇ...।"
-"ਤੁਹਾਡਾ ਨਾਂ ਕੀ ਐ ਭੈਣ ਜੀ...?"
-"ਐਥੇ ਆਈ ਤੋਂ ਹੀ ਦੱਸ ਦਿਆਂਗੀ...! ਤੁਸੀਂ ਐੱਡਰੈੱਸ ਨੋਟ ਕਰ ਲਵੋ!"
ਉਸ ਔਰਤ ਨੇ ਐੱਡਰੈੱਸ ਲਿਖਵਾ ਕੇ ਫ਼ੋਨ ਰੱਖ ਦਿੱਤਾ।
ਮੀਤੀ ਨੇ ਦੋ ਦਿਨ ਮਸਾਂ ਹੀ ਗੁਜ਼ਾਰੇ।
ਉਸ ਦੇ ਘਰਵਾਲ਼ਾ ਕਦੇ ਕਦੇ ਹੀ ਘਰ ਆਉਂਦਾ ਸੀ। ਉਹ ਜਾਂ ਤਾਂ ਆਪਣੀ ਭੈਣ ਕੋਲ਼ੇ ਅਤੇ ਜਾਂ ਮਾਂ ਬਾਪ ਕੋਲ਼ ਹੀ ਰਾਤ ਨੂੰ ਰਹਿ ਪੈਂਦਾ। ਉਹ ਕਈ ਵਾਰ ਤਲਾਕ ਦਾ ਮਸਲਾ ਮੀਤੀ ਅੱਗੇ ਰੱਖ ਚੁੱਕਾ ਸੀ। ਹੁਣ ਉਹ ਆਪਣੇ ਘਰਵਾਲ਼ੇ ਦੀ ਉਡੀਕ ਹੀ ਕਰ ਰਹੀ ਸੀ ਕਿ ਕਦੋਂ ਆਵੇ, ਅਤੇ ਕਦੋਂ ਮੈਂ ਉਸ ਨੂੰ ਦੱਸਾਂ ਕਿ ਬਾਬਾ ਜੀ ਦੀ ਮਿਹਰ ਹੋ ਚੁੱਕੀ ਹੈ। ਅਗਲੇ ਸਾਲ ਤੱਕ ਗੁਰਭੇਜ ਸਿੰਘ ਮੇਰੀ ਗੋਦ ਵਿਚ ਖੇਡੇਗਾ। ਪਰ ਉਸ ਦੇ ਘਰਵਾਲ਼ਾ ਬਹੁੜਿਆ ਹੀ ਨਹੀਂ ਸੀ। ਉਹ ਉਸ ਦੇ ਅਤੇ ਆਪਣੇ ਮਾੜੇ ਕਰਮਾਂ ਨੂੰ ਦੋਸ਼ ਦੇ ਰਹੀ ਸੀ। ਜਦੋਂ ਸੈਹਾ ਨਿਕਲਿ਼ਆ ਕੁੱਤੇ ਨੂੰ 'ਧਾਰ' ਆ ਗਈ! ਜਦੋਂ ਬਾਬਾ ਜੀ ਦੀ ਮਿਹਰ ਹੋਈ, ਹੁਣ ਘਰਵਾਲ਼ਾ ਦਿਖਾਈ ਨਹੀਂ ਦੇ ਰਿਹਾ ਸੀ! ਉਹ ਉਡੀਕਦੀ ਥੱਕ ਲੱਥੀ ਸੀ।
ਉਪਰਲਾ ਕਮਰਾ ਉਸ ਨੇ ਆਉਣ ਵਾਲ਼ੇ ਗੁਰਭੇਜ ਸਿੰਘ ਲਈ ਹੁਣ ਤੋਂ ਹੀ ਸਜਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਖਰੀਦਾ ਫ਼ਰੋਖ਼ਤੀ ਕਰਨ ਗਈ ਤਰ੍ਹਾਂ ਤਰ੍ਹਾਂ ਦੇ ਖਿਡਾਉਣੇ ਖਰੀਦ ਲਿਆਉਂਦੀ। ਗੁਰਭੇਜ ਦੇ ਕੱਪੜੇ ਲੈ ਆਉਂਦੀ। ਉਸ ਦੀਆਂ ਸਹੇਲੀਆਂ ਜਦ ਉਸ ਨੂੰ 'ਪ੍ਰੈਗਨਿੰਟ' ਹੋਣ ਬਾਰੇ ਪੁੱਛਦੀਆਂ ਤਾਂ ਉਹ ਕੁਝ ਨਾ ਦੱਸਦੀ ਅਤੇ ਚੁੱਪ ਚਾਪ ਘਰ ਆ ਜਾਂਦੀ। ਹੁਣ ਸਿਰਫ਼ ਅਤੇ ਸਿਰਫ਼ ਉਹ ਆਪਣੇ ਘਰਵਾਲ਼ੇ ਨੂੰ ਉਡੀਕਦੀ ਰਹਿੰਦੀ। ਹੁਣ ਉਸ ਨੂੰ ਇਹ ਘਰ ਬੜਾ ਹੁਸੀਨ ਲੱਗਣ ਲੱਗ ਪਿਆ ਸੀ। ਆਪਣੇ ਘਰਵਾਲ਼ੇ ਦਾ ਮੋਹ ਆਉਣ ਲੱਗ ਪਿਆ ਸੀ। ਦੁਨੀਆਂ ਦੀ ਹਰ ਸ਼ੈਅ ਚੰਗੀ-ਚੰਗੀ ਲੱਗਣ ਲੱਗ ਪਈ ਸੀ। ਨਹੀਂ ਅੱਗੇ ਤਾਂ ਉਸ ਨੂੰ ਆਪਣੀ ਜਿ਼ੰਦਗੀ ਬੇਰੰਗੀ ਅਤੇ ਫ਼ੋਕੀ ਜਿਹੀ ਹੀ ਜਾਪਦੀ ਸੀ। ਬੰਜਰ ਉਜਾੜ ਅਤੇ ਰੋਹੀ ਬੀਆਬਾਨ! ਜਿਸ ਵਿਚ ਕੋਈ ਰੰਗ ਨਾ ਖੇੜਾ ਸੀ! ਹੁਣ ਉਹ ਆਪਣੇ ਘਰਵਾਲ਼ੇ ਦੀ ਮਾੜੀ ਕਿਸਮਤ ਨੂੰ ਕੋਸਦੀ, ਕਿ ਜਦੋਂ ਹੁਣ ਬਾਬਾ ਜੀ ਦਿਆਲ ਹੋਏ ਸਨ। ਹੁਣ ਟੁੱਟ ਪੈਣਾ ਉਹ ਨਹੀਂ ਆਉਂਦਾ ਸੀ। ਉਹਦੇ ਕਰਮ ਵੀ ਮਾੜੇ ਈ ਨੇ! ਕਹਿੰਦੇ ਹੁੰਦੇ ਐ, ਜਦੋਂ ਰੱਬ ਦਿੰਦੈ ਤਾਂ ਛੱਪਰ ਪਾੜ ਕੇ ਦਿੰਦੈ। ਮਾੜੇ ਕਰਮਾਂ ਵਾਲਿ਼ਆਂ ਕੋਲੋਂ ਦੀ ਕਹਿੰਦੇ ਲਕਸ਼ਮੀ ਮਾਤਾ ਸੁੱਤਿਆਂ ਪਿਆਂ ਹੀ ਲੰਘ ਜਾਂਦੀ ਐ! ਸੁਣੀਆਂ ਕਥਾਵਾਂ ਨੂੰ ਯਾਦ ਕਰ ਕਰ ਉਹ ਆਪਣੇ ਪਤੀ 'ਤੇ ਖਿਝਦੀ ਅਤੇ ਕੁੜ੍ਹਦੀ ਰਹਿੰਦੀ! ਹੁਣ ਜਦੋਂ ਮੰਤਰ ਮਿਲਿਆ, ਜਾਪ ਕਰਨ ਦਾ ਵੇਲ਼ਾ ਆਇਆ, ਤਾਂ ਹੁਣ ਘਰਵਾਲ਼ਾ ਘਰੇ ਪੈਰ ਨਹੀਂ ਪਾਉਂਦਾ। ਉਹ ਉਸ ਦੀ ਕਿਸਮਤ ਨਾਲ਼ ਆਪਣਾ ਮੱਥਾ ਵੀ ਪਿੱਟ ਲੈਂਦੀ!
ਤੀਜਾ ਦਿਨ ਆਇਆ ਤਾਂ ਉਹ ਸਵੇਰੇ ਸੱਤ ਵਜੇ ਹੀ ਉਠ ਖੜ੍ਹੀ ਹੋਈ। ਨਹਾਤੀ, ਧੋਤੀ ਅਤੇ ਨਾਸ਼ਤਾ ਕਰ ਕੇ ਦਸ ਕੁ ਵਜੇ ਉਹ ਦਿੱਤੇ ਪਤੇ ਵੱਲ ਨੂੰ ਰਵਾਨਾ ਹੋ ਗਈ। ਨਕਸ਼ਾ ਉਸ ਦੇ ਕੋਲ਼ ਸੀ। ਅੱਠ ਸਾਲਾਂ ਤੋਂ ਇੰਗਲੈਂਡ ਵਿਚ ਰਹਿ ਰਹੀ ਮੀਤੀ ਲਈ ਇਹ ਟਿਕਾਣਾ ਲੱਭਣਾ ਕੀ ਮੁਸ਼ਕਿਲ ਸੀ? ਗਿਆਰਾਂ ਕੁ ਵਜੇ ਉਹ ਦਿੱਤੇ ਪਤੇ 'ਤੇ ਪੁੱਜ ਗਈ।
ਕਾਰ ਪਾਰਕ ਕਰ ਕੇ ਮੀਤੀ ਨੇ ਡੋਰ-ਬੈੱਲ ਖੜਕਾਈ।
ਕਿਸੇ ਸੋਹਣੀ ਸੁਨੱਖੀ ਅਠਾਈ ਕੁ ਸਾਲ ਦੀ ਕੁੜੀ ਨੇ ਦਰਵਾਜਾ ਖੋਲ੍ਹਿਆ।
ਉਸ ਕੁੜੀ ਦੀ ਮਿੱਠੀ ਮੁਸਕਰਾਹਟ ਨੇ ਮੀਤੀ ਦਾ ਸਾਰਾ ਦੁੱਖ ਚੂਸ ਲਿਆ ਸੀ।
ਉਹ ਉਸ ਨੂੰ ਬੜੇ ਆਦਰ ਨਾਲ਼ ਅੰਦਰ ਲੈ ਗਈ। ਡਰਾਇੰਗ ਰੂਮ ਵਿਚ ਭਾਂਤ ਭਾਤ ਦੀਆਂ 'ਸੀਨਰੀਆਂ' ਦਿਲ ਨੂੰ ਧੂਹ ਪਾਉਂਦੀਆਂ ਸਨ। ਡਰਾਇੰਗ ਰੂਮ ਦਾ ਫ਼ਰਨੀਚਰ ਹੀ ਲੱਖ ਪੌਂਡ ਦੇ ਕਰੀਬ ਦਾ ਸੀ ਅਤੇ ਵਿਸ਼ਾਲ ਡਰਾਇੰਗ ਰੂਮ ਵਿਚ ਇਕ ਆਦਮ ਕੱਦ ਸਕਰੀਨ ਦਾ ਟੈਲੀਵਿਯਨ ਲੱਗਿਆ ਹੋਇਆ ਸੀ। ਕੁੜੀ ਨੇ ਉਸ ਨੂੰ ਚਾਹ ਪਾਣੀ ਬਾਰੇ ਪੁੱਛਿਆ ਤਾਂ ਮੀਤੀ ਨੇ ਇਨਕਾਰ ਕਰ ਦਿੱਤਾ।
-"ਭੈਣ ਜੀ, ਬਾਬਾ ਜੀ ਕਿੱਥੇ ਐ...?" ਮੀਤੀ ਨੂੰ ਬਾਬਾ ਕਿਤੇ ਨਜ਼ਰ ਨਾ ਆਇਆ।
-"ਉਹ ਤੁਹਾਡੇ ਲਈ ਪੂਜਾ ਕਰ ਰਹੇ ਨੇ-ਪਰਸੋਂ ਤੋਂ ਲੈ ਕੇ ਅੱਜ ਤੱਕ ਕਿਸੇ ਨਾਲ਼ ਬੋਲੇ ਨਹੀਂ-ਕੁਛ ਖਾਧਾ ਪੀਤਾ ਵੀ ਨਹੀਂ-ਬੱਸ ਉਹਨਾਂ ਦਾ ਕਰੜਾ ਹੁਕਮ ਹੈ ਕਿ ਮੇਰੇ ਕੋਲ਼ੇ ਕੋਈ ਨਾ ਆਵੇ-ਮੈਨੂੰ ਕੋਈ ਬੁਲਾਵੇ ਨਾ-ਮੈਂ ਉਸ ਕੁੜੀ ਮੀਤੀ ਦੀ ਬੰਨ੍ਹੀ ਕੁੱਖ ਛੁਡਵਾਉਣੀ ਐਂ...!" ਕੁੜੀ ਨੇ ਦੱਸਿਆ ਤਾਂ ਮੀਤੀ ਦਾ ਮਨ ਭਰ ਆਇਆ ਕਿ ਇਸ ਦੁਨੀਆਂ ਵਿਚ ਅਜੇ ਵੀ ਗੁਣੀਂ ਗਿਆਨੀ ਅਤੇ ਦਿਆਲੂ ਪੁਰਖ਼ ਵਸਦੇ ਹਨ! ਨਹੀਂ ਇੱਥੇ ਤਾਂ ਬੰਦਾ ਬਿਨਾ ਲਾਲਚ ਤੋਂ ਰੱਬ ਨੂੰ ਸੀਸ ਨਹੀਂ ਨਿਵਾਉਂਦਾ? ਕੀ ਘਾਟਾ ਐ ਬਾਬਾ ਜੀ ਨੂੰ? ਕਿਤਨਾ ਵੱਡਾ ਮਹਿਲ ਵਰਗਾ ਮਕਾਨ! ਜਿ਼ੰਦਗੀ ਜਿਉਣ ਦੀ ਹਰ ਸਹੂਲਤ ਮੌਜੂਦ! ਕਿੰਨਾ ਕੀਮਤੀ ਫ਼ਰਨੀਚਰ! ਬੋਤੇ ਜਿੱਡਾ ਟੀ. ਵੀ.! ਹੋਰ ਤਾਂ ਹੋਰ, ਡਰਾਇੰਗ ਰੂਮ ਵਿਚ ਲੱਗੀਆਂ ਸੀਨਰੀਆਂ ਹੀ ਪੰਜਾਹ ਹਜ਼ਾਰ ਪੌਂਡ ਦੀਆਂ ਹੋਣਗੀਆਂ। ਸਾਰੇ ਵਿਸ਼ਾਲ ਘਰ ਵਿਚ ਦੋ ਲੱਖ ਪੌਂਡ ਦਾ ਤਾਂ ਫ਼ਰਨੀਚਰ ਹੀ ਹੋਵੇਗਾ! ਕੀ ਲੈਣੈਂ ਐਹੋ ਜਿਹੇ ਰੱਜੇ ਪੁੱਜੇ ਬਾਬਾ ਜੀ ਨੇ ਲੋਕਾਂ ਤੋਂ...? ਜੀਹਦੇ ਕੋਲ਼ ਆਪ ਇਤਨਾ ਪੈਸਾ ਹੈ! ਮਹੱਲ ਵਰਗਾ ਘਰ ਹੈ! ਬਾਬਾ ਕਿਤੇ ਮੇਰੇ ਹਜ਼ਾਰ ਦੋ ਹਜ਼ਾਰ ਪੌਂਡ 'ਤੇ ਨਹੀਂ ਬੈਠਾ! ਉਹ ਤਾਂ ਇਕ ਕਰਮਯੋਗੀ ਅਤੇ ਦਇਆਵਾਨ ਪੁਰਖ਼ ਹੈ। ਦੂਜਿਆਂ ਦੇ ਦੁੱਖ ਦਲਿੱਦਰ ਨਵਿਰਤ ਕਰਨ ਵਾਲ਼ਾ ਉਪਕਾਰੀ ਪੁਰਸ਼, ਜਿਹੜਾ ਮੇਰੇ ਵਰਗੀ ਬੇਔਲ਼ਾਦ ਔਰਤ ਲਈ ਪਰਸੋਂ ਦਾ ਜਾਪ ਕਰ ਰਿਹਾ ਹੈ! ਉਹਨੂੰ ਮੇਰੇ ਪੌਂਡਾਂ ਦੀ ਕੀ ਲੋੜ ਐ...?
-"ਬਾਬਾ ਜੀ ਇੱਥੇ ਇਕੱਲੇ ਈ ਰਹਿੰਦੇ ਐ...?" ਮੀਤੀ ਨੇ ਪੁੱਛਿਆ।
-"ਹਾਂ...! ਐਥੇ ਤਾਂ ਉਹ ਕਿਸੇ ਨੂੰ ਵੜਨ ਨਹੀਂ ਦਿੰਦੇ! ਬੱਸ, ਜੀਹਦੇ 'ਤੇ ਜਿ਼ਆਦਾ ਹੀ ਦਿਆਲੂ ਹੋ ਜਾਣ-ਉਹਨੂੰ ਐਥੇ ਬੁਲਾਉਂਦੇ ਨੇ! ਐਥੇ ਮਰਦ ਤਾਂ ਪੈਰ ਨਹੀਂ ਪਾ ਸਕਦਾ-ਬਾਬਾ ਜੀ ਕਦੇ ਕਦੇ ਮੈਨੂੰ ਯਾਦ ਕਰ ਲੈਂਦੇ ਨੇ-ਤੇ ਜਾਂ ਅੱਜ ਤੁਹਾਨੂੰ ਐਥੇ ਬੁਲਾਇਐ! ਪਰ ਕਦੇ ਕਦੇ ਬਾਬਾ ਜੀ ਦੱਸਦੇ ਹੁੰਦੇ ਐ ਬਈ ਉਹਨਾਂ ਦੇ ਉਸਤਾਦ ਜੀ ਆਉਂਦੇ ਹੁੰਦੇ ਨੇ-।"
-"ਉਹ ਕੌਣ ਨੇ...?" ਮੀਤੀ ਦੀ ਉਤਸੁਕਤਾ ਵਧ ਗਈ।
-"ਸੰਸਾਰਕ ਤੌਰ 'ਤੇ ਤਾਂ ਉਹ ਦਸ ਕੁ ਸਾਲ ਪਹਿਲਾਂ ਚੋਲ਼ਾ ਤਿਆਗ ਗਏ ਸੀ-ਪਰ ਬਾਬਾ ਜੀ ਨੂੰ ਅਜੇ ਵੀ ਮਿਲਣ ਆਉਂਦੇ ਰਹਿੰਦੇ ਐ! ਜੇ ਕੋਈ ਕੰਮ ਅੜ ਜਾਵੇ-ਉਹ ਇਹਨਾਂ ਦੇ ਉਸਤਾਦ ਜੀ ਹੀ ਤਾਂ ਕੱਢਦੇ ਨੇ! ਇਹ ਬਾਬਾ ਜੀ ਉਹਨਾਂ ਦੀ ਹੀ ਉਪਾਸਨਾ ਕਰਦੇ ਐ, ਫਿਰ!"
ਮੀਤੀ ਧੰਨ ਹੋ ਗਈ!
ਉਸ ਨੇ ਸ਼ਰਧਾ ਨਾਲ਼ ਉਸਤਾਦ ਜੀ ਨੂੰ ਦਿਲ ਵਿਚ ਹੀ ਨਮਸਕਾਰ ਕੀਤੀ।
-"ਪੌਣੇਂ ਬਾਰਾਂ ਹੋ ਗਏ ਭੈਣ ਜੀ-ਹੁਣ ਤੁਸੀਂ ਮੇਰੇ ਨਾਲ਼ ਗੁਫ਼ਾ 'ਚ ਆਓ...!"
ਮੀਤੀ ਉਠ ਕੇ ਉਸ ਕੁੜੀ ਨਾਲ਼ ਬਾਹਰਲਾ ਗਾਰਡਨ ਟੱਪ ਕੇ 'ਗੁਫ਼ਾ' ਅੰਦਰ ਚਲੀ ਗਈ।
ਗੁਫ਼ਾ ਇਕ ਖੁੱਲ੍ਹਾ ਡੁੱਲ੍ਹਾ ਪਰ ਘੁੱਟਵਾਂ ਜਿਹਾ ਕਮਰਾ ਸੀ। ਅੰਦਰੋਂ ਅਤਰ ਫ਼ੁਲੇਲਾਂ ਦੀ ਸੁਗੰਧੀ ਦਿਮਾਗ ਦੀ ਅਸ਼ੁੱਧੀ ਧੋਂਦੀ ਸੀ। ਕੁਝ ਹੱਥੀਂ ਬਣਾਈਆਂ ਮੂਰਤੀਆਂ ਪਈਆਂ ਸਨ। ਗੁਫ਼ਾ ਦੇ ਪਰਦੇ ਸਾਰੇ ਪਾਸਿਆਂ ਤੋਂ ਬੰਦ ਸਨ ਅਤੇ ਇਕ ਪਾਸੇ ਪਾਣੀ ਦਾ ਘੜ੍ਹਾ ਪਿਆ ਸੀ, ਜੋ ਲਾਲ ਕੱਪੜੇ ਅਤੇ ਨਾਰੀਅਲ ਨਾਲ਼ ਢਕਿਆ ਹੋਇਆ ਸੀ। ਇਕ ਪਾਸੇ ਇਕ ਚਿੱਪੀ ਪਈ ਸੀ। ਇਕ ਵੱਡਾ ਬੈੱਡ ਵਿਛਿਆ ਹੋਇਆ ਸੀ ਅਤੇ ਉਸ ਦੇ ਸਿਰਹਾਣੇਂ ਵਾਲ਼ੇ ਪਾਸੇ ਮੁਰਦੇ ਦੀ ਖੋਪੜੀ ਅਤੇ ਹੱਡੀ ਪਈ ਸੀ। ਦੇਖ ਕੇ ਮੀਤੀ ਡਰ ਗਈ।
-"ਡਰਨ ਆਲ਼ੀ ਕੋਈ ਗੱਲ ਨਹੀਂ ਭੈਣ ਜੀ...! ਇਹ ਹੁਣ ਸਾਰੇ ਤੇਰੇ ਸਹਿਯੋਗੀ ਨੇ! ਜਿਹੜਾ ਮੰਤਰ ਬਾਬਾ ਜੀ ਨੇ ਤੁਹਾਨੂੰ ਦਿੱਤਾ ਹੈ-ਜੇ ਤਾਂ ਤੁਸੀਂ ਉਹ ਕਰ ਲਿਆ ਪੂਰੀ ਵਿਧੀ ਨਾਲ-ਫੇਰ ਤਾਂ ਤੁਹਾਡੀਆਂ ਪੌਂ ਬਾਰਾਂ-ਤੇ ਕਈ ਵਾਰ ਪੂਰੀ ਵਿਧੀ ਨਾਲ਼ ਨਾ ਕਰੀਏ-ਤਾਂ ਇਹ ਮੰਤਰ ਆਪਦੇ ਉਪਰ ਪੁੱਠੇ ਵੀ ਪੈ ਸਕਦੇ ਨੇ...!" ਆਖ ਕੇ ਉਸ ਕੁੜੀ ਨੇ ਮੀਤੀ ਨੂੰ ਹੋਰ ਡਰਾ ਦਿੱਤਾ। ਮੀਤੀ ਦੀਆਂ ਲੱਤਾਂ ਵਿਚ ਝਰਨ-ਝਰਨ ਹੋਣ ਲੱਗ ਪਈ।
-"ਜੇ ਇਹਨਾਂ ਚੀਜ਼ਾਂ ਨੂੰ ਵੱਸ ਕਰ ਲਈਏ-ਤਾਂ ਇਹ ਤੁਹਾਡੀਆਂ ਗੁਲਾਮ ਬਣ ਜਾਂਦੀਐਂ-ਫੇਰ ਇਹਨਾਂ ਤੋਂ ਜਿਹੜਾ ਕੰਮ ਮਰਜੀ ਐ, ਕਰਵਾ ਲਵੋ! ਤੇ ਜੇ ਇਹ ਚੀਜ਼ਾਂ ਵਿਧੀ ਨਾਲ਼ ਸਿੱਧ ਨਾ ਕੀਤੀਆਂ ਜਦ ਸਕਣ-ਤਾਂ ਇਹ ਥੋਡਾ ਮਲ਼ੀਆਮੇਟ ਵੀ ਕਰ ਸਕਦੀਐਂ!"
-"ਉਹ ਕਿਵੇਂ...?" ਮੀਤੀ ਦੇ ਦਿਮਾਗ ਵਿਚ ਬਿੰਡੇ ਟਿਆਂਕਣ ਲੱਗ ਪਏ।
-"ਸਭ ਤੋਂ ਪਹਿਲਾਂ ਸਾਰਾ ਟੱਬਰ ਫ਼ਨਾਂਹ! ਤੇ ਫੇਰ, ਇਹ ਨਾ ਤੁਹਾਨੂੰ ਮਰਨ ਦਿੰਦੇ ਐ-ਤੇ ਨਾ ਥੋਨੂੰ ਜਿਉਣ ਦਿੰਦੇ ਐ-ਹੋਰ ਤਾਂ ਹੋਰ, ਇਹ ਤਾਂ ਮਰਨ ਮਗਰੋਂ ਵੀ ਕਿਸੇ ਦਾ ਖਹਿੜਾ ਨਹੀਂ ਛੱਡਦੇ! ਸਵਰਗ 'ਚ ਤਾਂ ਇਹਨਾਂ ਨੇ ਕਿਸੇ ਨੂੰ ਕੀ ਵੜਨ ਦੈਣੈਂ? ਇਹ ਤਾਂ ਨਰਕ 'ਚ ਵੀ ਪੈਰ ਨਹੀਂ ਪਾਉਣ ਦਿੰਦੇ! ਕਿਉਂਕਿ ਨਰਕਾਂ 'ਚ ਤਾਂ ਇਹਨਾਂ ਦਾ ਰਾਜ ਐ! ਜੇ ਇਹ ਵਿਰੋਧੀ ਹੋ ਜਾਣ ਤਾਂ ਚੁਰਾਸੀ ਕਰੋੜ ਸਾਲ ਬੰਦੇ ਦੀ ਆਤਮਾ ਨੂੰ ਭਟਕਣਾ ਵਿਚ ਈ ਰੱਖਦੇ ਐ...।"
ਸੁਣ ਕੇ ਮੀਤੀ ਡਿੱਗਣ ਵਾਲ਼ੀ ਹੋ ਗਈ।
-"ਤੁਸੀਂ ਚਿੰਤਾ ਨਾ ਕਰੋ! ਡਰਨਾ ਬਿਲਕੁਲ ਨਹੀਂ...! ਮੈਂ ਤੁਹਾਡੇ ਨਾਲ਼ ਐਂ! ਬਾਰਾਂ ਵੱਜਣ ਆਲ਼ੇ ਐ-ਆਪਾਂ ਜਾਪ ਸ਼ੁਰੂ ਕਰਦੇ ਐਂ-ਤੁਸੀਂ ਸਾਰੇ ਕੱਪੜੇ ਉਤਾਰ ਲਵੋ! ਮੈਂ ਜਲ ਲੈ ਕੇ ਆਉਂਦੀ ਹਾਂ...!" ਉਹ ਕੁੜੀ ਬਾਹਰ ਨਿਕਲ਼ ਗਈ। ਮੀਤੀ ਆਪਣੇ ਆਪ ਨੂੰ ਕਸੂਤੀ ਫ਼ਸੀ ਮਹਿਸੂਸ ਕਰ ਰਹੀ ਸੀ। ਜੇ ਮੰਤਰ ਸਿੱਧ ਨਾ ਹੋਏ? ਫੇਰ ਮੈਂ ਕੀ ਕਰੂੰਗੀ...? ਉਹ ਅਜੇ ਸੋਚਾਂ ਦੀਆਂ ਕੱਪੜਛੱਲਾਂ ਵਿਚ ਹੀ ਗੁੰਮ ਸੀ ਕਿ ਕੁੜੀ ਫਿਰ ਮੁੜ ਆਈ।
-"ਤੁਸੀਂ ਕੱਪੜੇ ਨਹੀਂ ਲਾਹੇ ਹੁਣ ਤੱਕ? ਭੈਣ ਜੀ, ਬਾਰਾਂ ਵੱਜਣ ਵਾਲ਼ੇ ਹੋ ਗਏ! ਜੇ ਬਾਰਾਂ ਵਜੇ ਜਾਪ ਨਾ ਸ਼ੁਰੂ ਕੀਤਾ ਤਾਂ ਤੁਹਾਨੂੰ ਫਿਰ ਕਦੇ ਆਉਣਾ ਪਊ! ਫੇਰ ਪਤਾ ਨਹੀਂ ਬਾਬਾ ਜੀ ਕਦੋਂ ਸਮਾਂ ਦੇਣ? ਹੋ ਸਕਦੈ, ਨਾ ਹੀ ਦੇਣ! ਨਾਲੇ ਭੇਟਾ ਵਾਲ਼ੇ ਪੈਸੇ ਮੈਨੂੰ ਆਪਣੇ ਖੱਬੇ ਹੱਥ ਨਾਲ਼ ਕੱਢ ਕੇ ਫੜਾ ਦਿਓ!" ਕੁੜੀ ਨੇ ਕਿਹਾ।
ਮੀਤੀ ਨੇ ਗਿਆਰਾਂ ਸੌ ਪੌਂਡ ਕੱਢ ਕੇ ਖੱਬੇ ਹੱਥ ਨਾਲ਼ ਫੜਾ ਦਿੱਤੇ। ਪਰ ਉਹ ਉਸ ਕੁੜੀ ਦੇ ਸਾਹਮਣੇ ਸਾਰੇ ਕੱਪੜੇ ਲਾਹੁੰਣ ਤੋਂ, ਨਗਨ ਹੋਣ ਤੋਂ ਜਕ ਰਹੀ ਸੀ। ਕੁੜੀ ਸਮਝ ਗਈ।
-"ਤੁਸੀਂ ਕਦੇ ਆਪਣੀ ਮਾਂ ਜਾਂ ਭੈਣ ਦੇ ਸਾਹਮਣੇ ਕੱਪੜੇ ਨਹੀਂ ਲਾਹੇ...?"
-"......।"
-"ਤੇ ਤੂੰ ਮੈਨੂੰ ਆਪਣੀ ਮਾਂ ਜਾਂ ਭੈਣ ਹੀ ਸਮਝ, ਮੀਤੀ...! ਜਲਦੀ ਕਰ, ਨਗਨ ਹੋ! ਟਾਈਮ ਹੋ ਚੱਲਿਐ...!" ਹੁਣ ਉਸ ਨੇ ਘੜ੍ਹੀ ਵੱਲ ਦੇਖ ਕੇ, ਕੁਝ ਕਰੜੀ ਹੋ ਕੇ ਆਖਿਆ।
-"ਜੇ ਤਾਂ ਜਗਾਉਣੀ ਐਂ ਕੁੱਖ-ਫੇਰ ਤਾਂ ਦੋ ਮਿੰਟਾਂ ਵਿਚ ਨਿਰਵਸਤਰ ਹੋਜਾ-ਨਹੀਂ ਤਾਂ ਮੈਂ ਚੱਲੀ!"
ਮੀਤੀ ਨੇ ਫ਼ੁਰਤੀ ਨਾਲ਼ ਕੱਪੜੇ ਲਾਹ ਸੁੱਟੇ।
ਉਹ ਡਲ਼ੀ ਵਾਂਗ ਨੰਗੀ ਕੁੜੀ ਦੇ ਸਾਹਮਣੇ ਖੜ੍ਹੀ ਸੀ।
-"ਹੁਣ ਔਸ ਬੈੱਡ 'ਤੇ ਪੈ...!" ਉਸ ਨੇ ਉਂਗਲ ਦੇ ਇਸ਼ਾਰੇ ਨਾਲ਼ ਦੱਸਿਆ।
ਮੀਤੀ ਸਿੱਧੀ ਬੈੱਡ 'ਤੇ ਲੇਟ ਗਈ।
-"ਆਹ ਜਲ ਪੀਅ ਤੇ ਅੱਖਾਂ ਬੰਦ ਕਰ...!"
ਮੀਤੀ ਨੇ ਉਠ ਕੇ ਜਲ ਪੀ ਲਿਆ। ਲੇਟ ਕੇ ਅੱਖਾਂ ਬੰਦ ਕਰ ਲਈਆਂ।
-"ਹੁਣ ਆਪਾਂ ਜਾਪ ਸ਼ੁਰੂ ਕਰਦੇ ਐਂ-ਕੋਈ ਖੜਕਾ ਹੋਵੇ-ਕੋਈ ਕੁਛ ਬੋਲੇ-ਕੁਛ ਹੋਵੇ...! ਤੂੰ ਧਿਆਨ ਨਹੀਂ ਦੇਣਾ! ਕੁਛ ਬੋਲਣਾ ਨਹੀਂ! ਤੂੰ ਚੁੱਪ ਚਾਪ ਅਹਿਲ ਪਈ ਰਹਿਣੈਂ! ਤੂੰ ਸਿਰਫ਼ ਆਪਣੇ ਹੋਣ ਵਾਲ਼ੇ ਮੁੰਡੇ ਦਾ ਧਿਆਨ ਹੀ ਧਰਨੈਂ! ਸ਼ਾਂਤ ਚਿੱਤ...! ਕਿਸੇ ਵੱਲ ਕੋਈ ਧਿਆਨ ਨਹੀਂ ਦੇਣਾ! ਆਪਣੇ ਬੱਚੇ ਵੱਲ ਹੀ ਧਿਆਨ ਕਰਨੈਂ! ਕੋਈ ਖੜਕਾ ਹੋਵੇ-ਕੁਛ ਹੋਵੇ-ਕੋਈ ਕੁਛ ਕਹੇ-ਤੈਨੂੰ ਕੁਛ ਸੁਣੇ-ਸਾਰਾ ਕੁਛ ਅੱਖੋਂ ਪਰੋਖੇ ਕਰਨੈਂ...! ਇਉਂ ਮਹਿਸੂਸ ਕਰਨੈਂ, ਜਿਵੇਂ ਤੂੰ ਜੰਗਲ 'ਚ 'ਕੱਲੀ ਪਈ ਹੁੰਦੀ ਐਂ-ਤੇਰੇ ਨਾਲ਼ ਕੁਛ ਹੋਵੇ-ਬੋਲਣਾ ਨਹੀਂ...! ਬਾਰੂ ਦੇਵਤਾ ਆ ਕੇ ਤੇਰੀ ਕੁੱਖ ਹਰੀ ਕਰੂਗਾ! ਬੋਲਣਾ ਨਹੀਂ-ਚੀਕਣਾ ਨਹੀਂ-ਚੁੱਪ ਚਾਪ ਲੇਟੀ ਰਹਿਣੈਂ! ਬਾਰੂ ਦੇਵਤਾ ਤੇਰੀ ਕੁੱਖ ਹਰੀ ਕਰੂਗਾ...! ਬਾਰੂ ਦੇਵਤਾ ਆਊਗਾ-ਤੇਰੀ ਕੁੱਖ ਹਰੀ ਕਰੂਗਾ-ਬੰਨ੍ਹੀ ਕੁੱਖ ਜਗਾਊਗਾ...!" ਉਹ ਕੁੜੀ ਪਤਾ ਨਹੀਂ ਕਿੰਨਾ ਕੁ ਚਿਰ ਬੋਲਦੀ ਰਹੀ...? ਪਰ ਮੀਤੀ ਨੂੰ ਸੁਣਨਾ ਬੰਦ ਹੋ ਗਿਆ ਸੀ...। ਉਹ ਬੇਹੋਸ਼ਾਂ ਵਾਂਗ ਬੈੱਡ 'ਤੇ ਸਪਾਲ਼ ਪਈ ਸੀ...। ਪਤਾ ਨਹੀਂ ਕਦੋਂ ਉਹ ਬੇਸੁੱਧ ਹੋਈ ਸੀ...? ਪਤਾ ਨਹੀਂ ਕਦੋਂ "ਬਾਰੂ ਦੇਵਤਾ" ਆਇਆ ਅਤੇ ਕਿੰਨਾ ਚਿਰ ਮੀਤੀ ਦੀ ਕੁੱਖ "ਹਰੀ" ਕਰਦਾ ਰਿਹਾ...? ਮੀਤੀ ਬੇਸੁਰਤ ਸੀ...!
ਬਾਰੂ ਦੇਵਤਾ ਸ਼ਾਮ ਤੱਕ ਮੀਤੀ ਦੀ ਕੁੱਖ ਹਰੀ ਕਰਨ ਦਾ ਜੋਰ ਲਾਉਂਦਾ ਰਿਹਾ...। ਪਤਾ ਨਹੀਂ ਬਾਰੂ ਦੇਵਤਾ ਕਦੋਂ ਅਤੇ ਕਿੱਥੋਂ ਆਇਆ ਸੀ...? ਅਤੇ ਕਿੰਨਾ ਚਿਰ ਉਹ ਮੀਤੀ ਦੀ ਕੁੱਖ ਜਗਾਉਣ ਲਈ ਜੱਦੋਜਹਿਦ ਕਰਦਾ ਰਿਹਾ...? ਮੀਤੀ ਨੂੰ ਕੁਝ ਪਤਾ ਨਹੀਂ ਸੀ...!
ਜਦੋਂ ਦਿਨ ਛੁਪਦੇ ਨਾਲ ਮੀਤੀ ਦੀ ਜਾਗ ਖੁੱਲ੍ਹੀ ਤਾਂ ਉਹ ਕੁੜੀ ਮੀਤੀ ਦਾ ਸਰੀਰ ਕਿਸੇ ਸੁਗੰਧੀ ਵਾਲੇ ਪਾਣੀ ਨਾਲ਼ ਧੋ ਰਹੀ ਸੀ। ਹੁਣ ਉਹ ਬੈੱਡ 'ਤੇ ਨਹੀਂ, ਬੈੱਡ ਦੇ ਨਾਲ਼ ਪਏ ਪਲਾਸਟਿਕ ਦੇ ਬੈਂਚ 'ਤੇ ਪਈ ਸੀ। ਮੀਤੀ ਦਾ ਸਾਰਾ ਸਰੀਰ ਸੁਗੰਧੀ ਵਿਚ ਲਪਟਾਂ ਮਾਰ ਰਿਹਾ ਸੀ। ਉਸ ਤੋਂ ਉਠ ਕੇ ਬੈਠਿਆ ਨਾ ਗਿਆ। ਉਸ ਦਾ ਸਾਰਾ ਸਰੀਰ ਟੁੱਟ ਰਿਹਾ ਸੀ। ਅੰਗ ਪੈਰ ਜਵਾਬ ਦੇ ਚੁੱਕੇ ਸਨ। ਉਸ ਨੂੰ ਇੰਜ ਮਹਿਸੂਸ ਹੋ ਰਿਹਾ ਸੀ, ਜਿਵੇਂ ਉਹ ਬੁਖ਼ਾਰ 'ਚੋਂ ਉਠੀ ਹੋਵੇ! ਜਦ ਉਸ ਨੇ ਟੰਗਾਂ ਇਕੱਠੀਆਂ ਕਰਨੀਆਂ ਚਾਹੀਆਂ, ਤਾਂ ਉਸ ਦਾ ਕੁੱਲਾ ਬੁਰੀ ਤਰ੍ਹਾਂ ਚਸਕਾਂ ਮਾਰ ਰਿਹਾ ਸੀ। ਲੱਤਾਂ 'ਚੋਂ ਭਾਫ਼ ਨਿਕਲ਼ ਰਹੀ ਸੀ। ਜਿਵੇਂ ਕਿਸੇ ਨੇ ਉਸ ਦੀਆਂ ਲੱਤਾਂ ਦਾ ਐਂਗਲ ਬਣਾ ਕੇ ਉਸ ਨੂੰ ਵਿਚਕਾਰੋਂ ਕੁੱਟਿਆ ਹੋਵੇ...!
-"ਕੀ ਮਹਿਸੂਸ ਹੋਇਆ ਮੀਤੀ? ਲੱਗਿਆ ਕੁਛ ਪਤਾ?" ਉਹ ਕੁੜੀ ਮੀਤੀ ਸਾਹਮਣੇ ਖੜ੍ਹੀ ਮੁਸਕਰਾ ਰਹੀ ਸੀ। ਉਸ ਨੇ ਸੁਗੰਧੀ ਦੇ ਪਾਣੀ ਦਾ ਟੱਬ ਅਤੇ ਸਪੰਜ ਪਰ੍ਹੇ ਰੱਖ ਦਿੱਤੀ।
-"ਮੈਨੂੰ ਤਾਂ ਭੈਣ ਜੀ ਕੁਛ ਵੀ ਪਤਾ ਨਹੀਂ ਲੱਗਿਆ...।" ਮੀਤੀ ਬੋਲੀ।
-"ਬਾਰੂ ਦੇਵਤਾ ਤੇਰੀ ਕੁੱਖ ਜਗਾ ਗਿਆ...!"
-"ਤੁਸੀਂ ਦੇਖਿਆ?" ਉਹ ਬੇਸੁਰਤੀ ਜਿਹੀ ਵਿਚ ਵੀ ਟਹਿਕ ਪਈ।
-"ਮੈਂ ਤਾਂ ਆਪ ਵੀ ਤੇਰੇ ਨਾਲ਼ ਹੀ ਹੋਸ਼ ਗੁਆ ਬੈਠੀ ਸੀ-ਇਹ ਪੱਕੀ ਨਿਸ਼ਾਨੀ ਐਂ-ਜਦੋਂ ਬਾਰੂ ਦੇਵਤਾ ਆਉਂਦੈ-ਤਾਂ ਉਹਦਾ ਤਪ ਤੇਜ਼ ਈ ਐਨਾ ਐਂ-ਉਦੋਂ ਸਾਰਿਆਂ ਨੂੰ ਨੀਂਦ ਆ ਜਾਂਦੀ ਐ...! ਆਹ ਦੇਖ, ਮੁਰਦੇ ਦੀ ਖੋਪੜੀ ਤੇ ਹੱਡੀ ਥੱਲੇ ਡਿੱਗੀ ਪਈ! ਉਹ ਜਾਣ ਲੱਗਿਆ ਇਹਨੂੰ ਥੱਲੇ ਸੁੱਟ ਜਾਂਦੈ! ਇਹ ਉਹਦੀ ਪੱਕੀ ਨਿਸ਼ਾਨੀ ਐਂ...!" ਕੁੜੀ ਖੋਪੜੀ ਅਤੇ ਹੱਡੀ ਨੂੰ ਪਹਿਲੀ ਥਾਂ 'ਤੇ ਟਿਕਾਉਂਦੀ ਕਿਸੇ ਅਕਹਿ ਵਿਸ਼ਵਾਸ ਨਾਲ਼ ਦੱਸ ਰਹੀ ਸੀ।
ਮੀਤੀ ਨੂੰ ਸੰਤੁਸ਼ਟੀ ਹੋਈ।
-"ਮੀਤੀ, ਜੇ ਮੇਰੇ ਮੂੰਹੋਂ ਕੋਈ ਕੌੜਾ ਬਚਨ ਤੈਨੂੰ ਨਿਕਲ਼ ਗਿਆ ਹੋਵੇ ਤਾਂ ਭੈਣੇ ਮੈਨੂੰ ਮੁਆਫ਼ ਕਰੀਂ! ਅਸਲ 'ਚ ਤਾਂ ਗੱਲ ਇਹ ਐ ਬਈ ਜਦੋਂ ਬਾਰੂ ਦੇਵਤੇ ਨੇ ਆਉਣਾ ਹੁੰਦੈ-ਉਦੋਂ ਕੋਲ ਖੜ੍ਹੇ ਬੰਦੇ ਦੇ ਸੁਭਾਅ 'ਚ ਵੀ ਫ਼ਰਕ ਆ ਜਾਂਦੈ-।"
-"ਹੁਣ ਤਾਂ ਨਹੀਂ ਮੈਨੂੰ ਆਉਣਾ ਪਊ...?" ਮੀਤੀ ਨੇ ਪੁੱਛਿਆ।
-"ਇਹ ਤਾਂ ਬਾਬਾ ਜੀ ਹੀ ਦੱਸ ਸਕਣਗੇ!"
-"ਬਾਬਾ ਜੀ ਕਿੱਥੇ ਐ...?"
-"ਉਹ ਐਸ ਟੈਮ ਕਿਸੇ ਨੂੰ ਨਹੀਂ ਮਿਲਦੇ-ਪੂਜਾ 'ਚ ਮਘਨ ਐਂ-ਤੂੰ ਕੱਲ੍ਹ ਨੂੰ ਉਹਨਾਂ ਨੂੰ ਫ਼ੋਨ ਕਰ ਲਵੀਂ!"
-"ਬਾਬਾ ਜੀ ਸਾਰੀ ਦਿਹਾੜੀ ਈ ਪੂਜਾ ਪਾਠ ਕਰਦੇ ਰਹਿੰਦੇ ਐ?" ਮੀਤੀ ਹੈਰਾਨ ਸੀ।
-"ਤੂੰ ਸਾਰੀ ਦਿਹਾੜੀ ਦੀ ਗੱਲ ਕਰਦੀ ਐਂ? ਉਹ ਤਾਂ ਕਦੇ-ਕਦੇ ਛੇ-ਛੇ ਮਹੀਨੇ ਪੂਜਾ ਪਾਠ 'ਚ ਲੱਗੇ ਰਹਿੰਦੇ ਐ!"
-"ਕਮਾਲ ਐ...!"
ਮੀਤੀ ਆਪਣੀ ਕਾਰ ਲੈ ਕੇ ਵਾਪਿਸ ਆ ਗਈ। ਉਹ ਸਾਰੇ ਰਾਹ ਸੋਚਦੀ ਆਈ ਸੀ ਕਿ ਕੀ ਕੀਤਾ ਸੀ ਬਾਰੂ ਦੇਵਤੇ ਨੇ ਮੇਰੇ ਨਾਲ਼? ਮੈਨੂੰ ਤਾਂ ਕੁਝ ਪਤਾ ਹੀ ਨਹੀਂ ਚੱਲਿਆ ਸੀ! ਕਿਵੇਂ ਹਰੀ ਕਰਨੀ ਸੀ ਉਸ ਨੇ ਮੇਰੀ ਕੁੱਖ? ਬਾਬਾ ਜੀ ਨੂੰ ਪੁੱਛਾਂਗੀ।
ਰਾਤ ਨੂੰ ਬੈੱਡ ਵਿਚ ਪਈ-ਪਈ ਵੀ ਉਹ ਸੋਚਦੀ ਰਹੀ ਕਿ ਰਾਤ ਨੂੰ ਕਦੇ-ਕਦੇ ਮੈਨੂੰ ਆਪਣੇ ਪਤੀ ਦੀ ਯਾਦ ਆਉਂਦੀ ਸੀ ਅਤੇ ਮਨ ਕਿਸੇ ਭਾਵਨਾ ਨਾਲ਼ "ਭੜ੍ਹਕ" ਉਠਦਾ ਸੀ। ਪਰ ਅੱਜ ਇਹ ਤਮੰਨਾ ਵੀ ਨਹੀਂ ਰਹੀ ਸੀ! ਕਿਤੇ ਬਾਰੂ ਦੇਵਤੇ ਨੇ ਮੇਰੇ ਨਾਲ਼...? ਉਸ ਨੇ ਆਪਣੇ ਦੁਸ਼ਟ ਮਨ ਨੂੰ ਲਾਹਣਤ ਜਿਹੀ ਪਾਈ। ਇਕ ਤਰ੍ਹਾਂ ਨਾਲ਼ ਦੁਰਕਾਰਿਆ! ਦੇਵਤਾ ਤੇਰੇ ਨਾਲ਼ ਹੀ ਹਮਬਿਸਤਰ ਹੋਊ? ਉਹ ਮਨ ਮਾਰ ਕੇ ਸੌਣ ਦੀ ਕੋਸਿ਼ਸ਼ ਕਰਦੀ ਰਹੀ।
ਤਿੰਨ ਮਹੀਨਿਆਂ ਵਿਚ ਬਾਬਾ ਜੀ ਨੂੰ ਅੱਠ ਹਜ਼ਾਰ ਪੌਂਡ ਦਿੱਤੇ ਜਾ ਚੁੱਕੇ ਸਨ। ਘੱਟੋ ਘੱਟ ਪੰਜ ਵਾਰ ਉਹ ਬਾਰੂ ਦੇਵਤੇ ਤੋਂ ਕੁੱਖ 'ਹਰੀ' ਕਰਵਾ ਚੁੱਕੀ ਸੀ। ਪਰ ਗੁਰਭੇਜ ਦਾ ਅਜੇ ਤੱਕ ਵੀ ਕੋਈ ਨਾਮੋਂ ਨਿਸ਼ਾਨ ਨਹੀਂ ਸੀ! ਪਰ ਗੁਫ਼ਾ ਵਿਚ ਕੀ ਹੁੰਦਾ ਸੀ? ਬਾਰੂ ਦੇਵਤਾ ਕਦੋਂ ਆਉਂਦਾ ਅਤੇ ਕਦੋਂ ਜਾਂਦਾ ਸੀ? ਉਸ ਨੂੰ ਨਹੀਂ ਪਤਾ ਲੱਗਦਾ ਸੀ! ਉਸ ਨਾਲ਼ ਕੀ ਕਰਦਾ ਸੀ? ਇਸ ਬਾਰੇ ਰਹੱਸ ਹੀ ਬਣਿਆਂ ਹੋਇਆ ਸੀ! ਉਸ ਨੂੰ ਕੁਝ ਵੀ ਪਤਾ ਨਹੀਂ ਚੱਲਦਾ ਸੀ! ਉਸ ਨੂੰ ਕਦੇ-ਕਦੇ ਇਹ ਜ਼ਰੂਰ ਮਹਿਸੂਸ ਹੁੰਦਾ ਸੀ, ਜਿਵੇਂ ਕਿਸੇ ਨੇ ਉਸ ਨਾਲ਼ ਸੰਭੋਗ ਕੀਤਾ ਹੋਵੇ? ਪਰ ਉਹ ਹਰ ਵਾਰ ਆਪਣੇ ਮਨ ਨੂੰ ਲਾਹਣਤ ਜਿਹੀ ਪਾ ਕੇ, ਮਨ ਨੂੰ 'ਪਾਪੀ' ਦੱਸਦੀ! ਜਿਹੜਾ ਅਜਿਹੀਆਂ ਪੁੱਠੀਆਂ ਅਤੇ ਬੇਹੂਦੀਆਂ ਗੱਲਾਂ ਸੋਚਦਾ ਸੀ!
ਜਦੋਂ ਹਰ ਮਹੀਨੇ ਉਸ ਨੂੰ 'ਮੈਨਸਿਜ਼' ਫਿਰ ਆ ਜਾਂਦੇ ਤਾਂ ਉਹ ਘੋਰ ਨਿਰਾਸ਼ ਹੋ ਜਾਦੀ। ਬਾਬਾ ਜੀ ਵੀ ਉਸ ਨੂੰ ਹੁਣ ਹਰ ਰੋਜ਼ ਨਵੀਂ ਨਸੀਹਤ ਦੇਣ ਲੱਗ ਪਏ ਸਨ। ਕਦੇ ਆਖਦੇ ਕਿ ਤੂੰ ਮੰਤਰ ਪੂਰੀ ਵਿਧੀ ਨਾਲ਼ ਨਹੀਂ ਪੜ੍ਹਿਆ। ਕਦੇ ਆਖਦੇ ਤੂੰ ਮੇਰਾ ਮੰਤਰ ਪੂਰੀ ਵਿਧੀ ਨਾਲ਼ ਢਿੱਡ 'ਤੇ ਨਹੀਂ ਬੰਨ੍ਹਿਆਂ। ਕਦੇ ਆਖਦੇ ਤੇਰੀ ਵਿਰੋਧੀ ਰੂਹ ਬੜੀ ਤਕੜੀ ਐ, ਉਸ ਦਾ ਇਲਾਜ਼ ਮੈਨੂੰ ਪਾਕਿਸਤਾਨ ਜਾ ਕੇ ਇਕ ਮਜ਼ਾਰ 'ਤੇ ਕਰਨਾ ਪਊ। ਕਦੇ ਕੁਛ, ਕਦੇ ਕੁਛ...!
ਮੀਤੀ ਹਰ ਰੋਜ਼ ਨਵੀਆਂ ਗੱਲਾਂ ਤੋਂ ਤੰਗ ਆ ਚੁੱਕੀ ਸੀ। ਬਾਬਾ ਜੀ ਵੀ ਉਸ ਤੋਂ ਹੁਣ ਕਿਨਾਰਾ ਜਿਹਾ ਕਰਨ ਲੱਗ ਪਏ ਸਨ। ਪਾਸਾ ਵੱਟਣ ਲੱਗ ਪਏ ਸਨ। ਹੋਰ ਤਾਂ ਹੋਰ, ਹੁਣ ਤਾਂ ਬਾਬਾ ਜੀ ਉਸ ਨੂੰ ਫ਼ੋਨ 'ਤੇ ਵੀ ਕਦੇ-ਕਦੇ ਹੀ ਮਿਲ਼ਦੇ ਸਨ। ਜੇ ਮਿਲ਼ਦੇ ਸਨ, ਤਾਂ ਉਹ ਵੀ ਨਾਮਾਤਰ! ਬਾਬਾ ਜੀ ਦੀ ਚੇਲੀ ਕੁੜੀ ਨਾਲ਼ ਕਈ ਵਾਰ ਮੀਤੀ ਨੇ ਫ਼ੋਨ 'ਤੇ ਗੱਲ ਕਰਨੀ ਚਾਹੀ, ਤਾਂ ਨਵੇਂ ਚੇਲੇ ਨੇ ਦੱਸਿਆ ਕਿ ਉਹ ਤਾਂ ਇੰਗਲੈਂਡ ਛੱਡ ਕੇ ਭਾਰਤ ਵਾਪਸ ਚਲੀ ਗਈ ਸੀ। ਸੱਚ ਕੀ ਸੀ...? ਉਸ ਨੂੰ ਕੁਝ ਪਤਾ ਨਹੀਂ ਸੀ। ਜੋੜਿਆ ਹੋਇਆ ਅੱਠ ਹਜ਼ਾਰ ਪੌਂਡ ਬਾਬਾ ਜੀ ਦੀ ਭੇਂਟ ਚੜ੍ਹ ਗਿਆ ਸੀ! ਗੁਰਭੇਜ ਬਹੁੜਿਆ ਨਹੀਂ ਸੀ। ਹੁਣ ਉਸ ਦਾ ਕੰਮ ਕਾਰ ਕਰਨ ਨੂੰ ਵੀ ਜੀਅ ਨਹੀਂ ਕਰਦਾ ਸੀ। ਇਤਨਾ ਜ਼ਰੂਰ ਸੀ ਕਿ ਉਹ ਅੱਗੇ ਨਾਲੋਂ ਵੀ ਪ੍ਰੇਸ਼ਾਨ ਅਤੇ ਪਸ਼ੇਮਾਨ ਰਹਿਣ ਲੱਗ ਪਈ ਸੀ। ਇਕ ਤਰ੍ਹਾਂ ਨਾਲ਼ ਬੀਮਾਰ-ਬੀਮਾਰ ਜਿਹੀ...! ਉਸ ਦੇ ਚਿਹਰੇ 'ਤੇ ਪਿਲੱਤਣ ਫਿਰ ਚੱਲੀ ਸੀ ਅਤੇ ਉਹ ਪੀਲ਼ੀਏ ਦੇ ਮਰੀਜ਼ ਵਾਂਗ ਪੈਰ ਘੜ੍ਹੀਸ-ਘੜ੍ਹੀਸ ਕੇ ਤੁਰਦੀ!
ਇਕ ਦਿਨ ਮੀਤੀ ਦਾ ਘਰਵਾਲ਼ਾ ਅਤੀਅੰਤ ਕਰੋਧੀ ਹੋਇਆ ਘਰੇ ਆਇਆ।
-"ਆਹ ਅੱਠ ਹਜ਼ਾਰ ਪੌਂਡ ਕਿੱਥੇ ਖਰਚ ਕੀਤੈ...?" ਉਸ ਦੇ ਮੂੰਹ 'ਚੋਂ ਲਾਟਾਂ ਅਤੇ ਅੱਖਾਂ 'ਚੋਂ ਚੰਗਿਆੜੇ ਨਿਕਲ ਰਹੇ ਸਨ। ਉਸ ਨੇ ਕਦੇ ਮੀਤੀ ਨੂੰ ਚੰਗਾ ਮੰਦਾ ਨਹੀਂ ਬੋਲਿਆ ਸੀ। ਚੁੱਪ ਜਿਹਾ ਰਹਿਣ ਵਾਲ਼ਾ ਬੰਦਾ ਅੱਜ ਬਦਲੇਖੋਰਾਂ ਵਾਂਗ ਮੀਤੀ ਦੇ ਸਾਹਮਣੇ ਖੜ੍ਹਾ ਫ਼ੁੰਕਾਰੇ ਮਾਰ ਰਿਹਾ ਸੀ।
-"ਮੈਂ ਕੀ ਪੁੱਛਦੈਂ...? ਆਹ ਅੱਠ ਹਜ਼ਾਰ ਪੌਂਡ ਕਿਹੜੇ ਯਾਰ ਨੂੰ ਦਿੱਤੈ? ਸਾਲੀਏ ਬੈਂਕ 'ਚ ਓਵਰ ਡਰਾਫ਼ਟ ਹੋਇਆ ਪਿਐ-ਇਹ ਪੈਸੇ ਕਿਹੜੇ ਖ਼ਸਮ ਨੂੰ ਖੁਆਉਂਦੀ ਰਹੀ ਐਂ ਤੂੰ...?" ਉਸ ਦੇ ਮੂੰਹ 'ਚੋਂ ਝੱਗ ਡਿੱਗ ਰਹੀ ਸੀ। ਉਹ ਕਮਲ਼ਾ ਹੋਇਆ ਖੜ੍ਹਾ ਸੀ। ਹੋਣਾ ਹੀ ਸੀ! ਅੱਠ ਹਜ਼ਾਰ ਪੌਂਡ ਦਾ ਸੁਆਲ ਸੀ!
-"......।" ਮੀਤੀ ਕੁਝ ਵੀ ਨਾ ਬੋਲ ਸਕੀ।
-"ਤੇਰੇ ਚਿੱਤ 'ਚ ਸੀ ਬਈ ਮੈਂ ਘਰੇ ਨ੍ਹੀ ਆਉਂਦਾ-ਤੇ ਤੂੰ ਆਪਣੇ ਸਾਂਝੇ ਅਕਾਊਂਟ 'ਚੋਂ ਪੌਂਡ ਕਢਵਾ ਕਢਵਾ ਕੇ ਯਾਰਾਂ ਨਾਲ਼ ਗੁਲਛਰੇ ਉਡਾਉਂਦੀ ਫਿਰੇਂ...?" ਉਸ ਨੇ ਬੈਂਕ ਸਟੇਟਮੈਂਟ ਮੀਤੀ ਦੇ ਮੂੰਹ 'ਤੇ ਮਾਰੀ। ਉਹ ਗੁੱਸੇ ਵਿਚ ਕੰਬੀ ਜਾ ਰਿਹਾ ਸੀ।
-"......।" ਮੀਤੀ ਚੁੱਪ ਸੀ। ਕੀ ਦੱਸਦੀ...? ਕਿ ਇਹ ਅੱਠ ਹਜ਼ਾਰ ਪੌਂਡ ਉਸ ਨੇ ਆਪਣੇ ਗੁਰਭੇਜ ਸਿੰਘ ਲਈ ਖਰਚ ਦਿੱਤੇ ਹਨ? ਕੌਣ ਇਤਬਾਰ ਕਰਦਾ...? ਉਸ ਨੂੰ ਤਾਂ ਬਾਬਾ ਜੀ ਨੇ ਟਿਕਾਅ ਕੇ ਮੁੰਨਿਆਂ ਸੀ ਅਤੇ ਭਾਫ਼ ਵੀ ਬਾਹਰ ਨਹੀਂ ਨਿਕਲਣ ਦਿੱਤੀ ਸੀ! ਬੱਕਰੇ ਦੀ ਜਾਨ ਗਈ ਤੇ ਖਾਣ ਵਾਲ਼ੇ ਨੂੰ ਸੁਆਦ ਨਾ ਆਇਆ, ਵਾਲ਼ੀ ਗੱਲ ਹੋ ਗਈ ਸੀ!
ਘਰ ਵਿਚ ਇਕ ਤਰ੍ਹਾਂ ਨਾਲ਼ ਤੜਥੱਲ ਮੱਚ ਗਿਆ ਸੀ। ਮੀਤੀ ਦਾ ਸਾਰਾ ਸਹੁਰਾ ਟੱਬਰ ਉਸ ਦੇ ਘਰੇ ਆ ਢੇਰੀ ਹੋਇਆ। ਪ੍ਰੀਵਾਰਕ ਯੁੱਧ ਸ਼ੁਰੂ ਹੋ ਚੁੱਕਾ ਸੀ! ਮੀਤੀ ਦੀ ਸੱਸ ਅਤੇ ਸਹੁਰਾ ਤਾਂ ਅੱਗੇ ਹੀ ਮਾਨ ਨਹੀਂ ਸਨ। ਨਣਾਨ ਤਾਂ ਪਹਿਲਾਂ ਹੀ ਅੱਗ ਉਗਲ਼ਦੀ ਸੀ। ਹੱਥੀਂ ਲਾਉਂਦੀ ਅਤੇ ਪੈਰੀ ਬੁਝਾਉਂਦੀ ਸੀ! ਮੀਤੀ ਦੀ ਸੱਸ ਵੀ ਕਲ਼ਾਂ ਦੀ ਮੂਲ਼ ਸੀ! ਉਹਨਾਂ ਨੇ ਇਸ ਵਿਸ਼ੇ ਨੂੰ ਲੈ ਕੇ ਪੜਛੱਤੀ ਸਿਰ 'ਤੇ ਚੁੱਕ ਲਈ। ਮੀਤੀ ਨੂੰ ਮਿਹਣੇ ਤਾਹਨੇ ਵੱਜਣੇ ਸ਼ੁਰੂ ਹੋ ਗਏ। ਸੱਸ ਅਤੇ ਨਣਾਨ ਵੱਲੋਂ ਅਵਾਜ਼ੇ ਕਸੇ ਜਾਣ ਲੱਗ ਪਏ।
-"ਇਹ ਤਾਂ ਭਾਈ ਆਪਹੁਦਰੀ ਹੋ ਗਈ! ਸਾਰੇ ਪੈਸੇ ਇਸ ਕੰਜਰੀ ਨੇ ਆਪਦੇ ਪਿਉ ਨੂੰ ਭੇਜਤੇ ਹੋਣੇ ਐਂ? ਹੋਰ ਐਨੀ ਰਕਮ ਤਿੰਨਾਂ ਮਹੀਨਿਆਂ 'ਚ ਗਈ ਕਿੱਥੇ? ਅਸਮਾਨ 'ਚ ਉਡਗੀ ਜਾਂ ਧਰਤੀ ਖਾਗੀ...? ਬੂਹ ਮੈਂ ਮਰਜਾਂ...! ਅੱਠ ਹਜਾਰ ਪੌਂਡ ਥੋੜ੍ਹੈ, ਕੁੜ੍ਹੇ...? ਸਾਢੇ ਛੇ ਲੱਖ ਰੁਪਈਆ ਬਣ ਗਿਆ-ਇਹਦੇ ਅਰਗੀ ਧੀ ਤਾਂ ਘਰ ਘਰ ਜੰਮੇ! ਜਿਹੜੀ ਸ਼ਰਾਬੀ ਕਬਾਬੀ ਪਿਉ ਦੇ ਮੂੰਹ ਹੱਥ ਰੱਖਦੀ ਐ! ਉਹ ਕੰਜਰ ਕਿਹੜਾ ਕੋਈ ਕੰਮ ਕਾਰ ਕਰਦੈ? ਇਹਦੇ ਪੈਸਿਆਂ 'ਤੇ ਈ ਐਸ਼ ਕਰਦੈ, ਬੁੱਲੇ ਲੁੱਟਦੈ!" ਸੱਸ ਨੇ ਮੀਤੀ ਵੱਲ ਨੂੰ ਬਚਨ ਬਾਣ ਚਲਾਇਆ। ਮੀਤੀ ਦਾ ਸੀਨਾਂ ਝੁਲ਼ਸ ਗਿਆ।
-"ਵੀਰ ਮੇਰਿਆ! ਤੈਨੂੰ ਅੱਗੇ ਕਿੰਨੀ ਆਰੀ ਮੱਤਾਂ ਦਿੰਦੀ ਰਹੀ ਆਂ? ਬਈ ਇਹਨੂੰ ਕਲ਼ਜੋਗਣ ਨੂੰ ਘਰੋਂ ਕੱਢ...! ਜਾਂ ਇਹਤੋਂ ਲੈ ਸਾਰਾ ਹਿਸਾਬ ਕਿਤਾਬ! ਅੱਠ ਹਜਾਰ ਪੌਂਡ ਆਬਦੇ ਪਿਉ ਨੂੰ ਭੇਜ ਕੇ ਹੁਣ ਦੇਵੀ ਬਣੀ ਬੈਠੀ ਐ? ਦੇਵੇ ਖਾਂ ਜਬਾਬ ਹੁਣ! ਬੋਲਦੀ ਨ੍ਹੀ...?" ਨਣਾਨ ਨੇ ਵੀ ਘੱਟ ਨਾ ਕੀਤੀ। ਉਸ ਨੇ ਝੁਲ਼ਸੇ ਸੀਨੇ ਨੂੰ ਭੁੰਨਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਆਪਣਾ ਪੂਰਾ ਤਾਣ ਲਾ ਦਿੱਤਾ ਸੀ।
-"ਆਪਣੇ ਪਿਉ ਨੂੰ ਕਿਉਂ...? ਇਹਨੇ ਕੁੱਤੀ ਨੇ ਕੋਈ ਯਾਰ ਬਣਾਇਆ ਹੋਣੈਂ? ਉਹਨੂੰ ਖੁਆਉਂਦੀ ਹੋਣੀ ਐਂ, ਚਿਕਨ ਬਰਗਰ! ਮੈਂ ਤਾਂ ਘਰੇ ਆਉਂਦਾ ਈ ਨ੍ਹੀ ਸੀ? ਥੋਡੇ ਕੋਲ਼ੇ ਤਾਂ ਸੌਂਦਾ ਰਿਹੈਂ? ਇਹਨੂੰ ਮਿਲ਼ ਗਿਆ, ਮੌਕਾ! ਤੇ ਇਹਨੇ ਗੰਢ ਲਿਆ ਕੋਈ ਯਾਰ...! ਤੇ ਲੱਗ ਪਈ ਸਾਂਝੇ ਖਾਤੇ 'ਚੋਂ ਉਹਦੀ ਟਹਿਲ ਸੇਵਾ ਕਰਨ-ਇਹਦੀ ਮਾਂ ਦੀ...ਕੁੱਤੀ ਦੀ!"
ਮੀਤੀ ਨੂੰ ਭੱਜਣ ਨੂੰ ਕਿਤੇ ਰਾਹ ਨਹੀਂ ਲੱਭਦਾ ਸੀ! ਉਹ ਕਸੂਤੀ ਫ਼ਸ ਗਈ ਸੀ! ਜਵਾਬ ਦਿੰਦੀ, ਤਾਂ ਆਖਰ ਕੀ ਦਿੰਦੀ? ਬਾਬੇ ਦਾ ਵੇਰਵਾ ਪਾਉਂਦੀ ਸੀ, ਤਾਂ ਉਸ ਦੀ ਗੱਲ ਕਿਸੇ ਨੇ ਮੰਨਣੀਂ ਨਹੀਂ ਸੀ। ਮੀਤੀ ਵਿਚਾਰੀ ਕੀ-ਕੀ ਸਪੱਸ਼ਟੀਕਰਨ ਦੇਈ ਜਾਂਦੀ? ਅੱਠ ਹਜਾਰ ਪੌਂਡ ਦੀ ਰਕਮ ਤਾਂ ਇੱਟ ਬਣ, ਖ਼ੂਹ ਵਿਚ ਜਾ ਡਿੱਗੀ ਸੀ। ਖੂਹ ਵਿਚ ਡਿੱਗੀ ਇੱਟ ਕਦੇ ਸੁੱਕੀ ਨਿਕਲ਼ਣੀ ਨਹੀਂ ਸੀ! ਬਾਬਾ ਜੀ ਨੇ ਅੱਠ ਹਜਾਰ ਪੌਂਡ ਖਾ ਕੇ ਡਕਾਰ ਵੀ ਨਹੀਂ ਮਾਰਿਆ ਸੀ।
ਮੀਤੀ ਨੇ ਬਾਬਾ ਜੀ ਨੂੰ ਫ਼ੋਨ ਘੁੰਮਾਇਆ। ਚੇਲਾ ਦੱਸ ਰਿਹਾ ਸੀ ਕਿ ਬਾਬਾ ਜੀ ਮਹੀਨਾ, ਦੋ ਮਹੀਨਿਆਂ ਲਈ ਕਿਤੇ ਬਾਹਰ ਗਏ ਹੋਏ ਸਨ। ਇੱਧਰ ਮੀਤੀ ਦੇ ਘਰ ਵਿਚ ਅਜਿਹਾ ਖੱਲ੍ਹੜ ਪਿਆ ਕਿ ਉਸ ਦੇ ਘਰਵਾਲ਼ੇ ਨੇ ਤਲਾਕ ਲਈ ਅਰਜ਼ੀ ਦੇ ਦਿੱਤੀ। ਉਸ ਦੀ ਸਿਰਫ਼ ਇਕ ਹੀ ਰਟ ਸੀ ਕਿ ਜਾਂ ਤਾਂ ਮੀਤੀ ਸਾਰੇ ਪੈਸੇ ਦਾ ਹਿਸਾਬ ਕਿਤਾਬ ਸਾਹਮਣੇ ਰੱਖੇ, ਨਹੀਂ ਤਾਂ ਤਲਾਕ ਪੱਕਾ ਹੈ! ਮੀਤੀ ਕੀ ਹਿਸਾਬ ਕਿਤਾਬ ਦਿੰਦੀ? ਕਿੱਥੋਂ ਹਿਸਾਬ ਦਿੰਦੀ? ਕਿਹੜੀ ਰਸੀਦ ਸੀ ਉਸ ਕੋਲ਼? ਕੀ ਸਬੂਤ ਦਿੱਤਾ ਸੀ ਉਸ ਨੂੰ ਬਾਬੇ ਨੇ? ਕੁਝ ਵੀ ਤਾਂ ਨਹੀਂ!
ਮੀਤੀ ਆਪਣੇ ਦੁਖਾਂਤ ਦਾ ਸਾਹਮਣਾ ਕਰਨ ਲਈ ਤਿਆਰ ਹੋ ਗਈ। ਕਸੂਰ ਸਰਾਸਰ ਉਸ ਦਾ ਆਪਣਾ ਸੀ! ਉਸ ਨੇ ਤਲਾਕ ਲੈਣਾ ਹੀ ਠੀਕ ਸਮਝਿਆ। ਬਹੁਤ ਬਰਦਾਸ਼ਤ ਕਰ ਲਿਆ ਸੀ ਉਸ ਨੇ! ਹੁਣ ਬਰਦਾਸ਼ਤ ਕਰਨ ਤੋਂ ਬਾਹਰ ਸੀ। ਉਸ ਨੂੰ ਇੰਜ ਮਹਿਸੂਸ ਹੁੰਦਾ ਸੀ ਕਿ ਜੇ ਮੈਂ ਇਸ ਪ੍ਰੀਵਾਰ ਨਾਲ਼ ਸਾਲ ਜਾਂ ਦੋ ਸਾਲ ਹੋਰ ਰਹਿ ਗਈ, ਮੈਂ ਦਿਮਾਗੀ ਤੌਰ 'ਤੇ ਖ਼ਤਮ ਹੋ ਜਾਵਾਂਗੀ! ਚਾਹੇ ਦੋਸ਼ ਬਿਨਾ ਸ਼ੱਕ ਮੀਤੀ ਦਾ ਸੀ। ਪਰ ਹੁਣ ਉਸ ਵਿਚ ਕਿਸੇ ਦੀ ਗੱਲ ਦਾ ਸਾਹਮਣਾ ਕਰਨ ਲਈ ਸਾਹਸ ਹੀ ਨਹੀਂ ਰਿਹਾ ਸੀ।
ਨਾਲ਼ੇ ਅੱਗੇ ਕਿਹੜਾ ਉਹ ਇਸ ਘਰ ਵਿਚ ਘੁੱਗ ਵਸਦੀ ਸੀ? ਨਿੱਤ ਤਾਂ ਸੱਸ ਅਤੇ ਨਣਾਨ ਤੋਂ ਤਾਹਨੇ ਮਿਹਣੇ ਸੁਣਦੀ ਸੀ! ਸਾਰੇ ਪ੍ਰੀਵਾਰ ਵੱਲੋਂ ਢੁੱਚਰਾਂ ਡਾਹੀਆਂ ਜਾਦੀਆਂ ਸਨ। ਸੱਸ ਅਤੇ ਨਣਾਨ ਉਸ ਨੂੰ ਗੱਲ ਗੱਲ 'ਤੇ "ਕੰਜ ਬੱਕਰੀ" ਜਾਂ "ਫ਼ੰਡਰ ਮੱਝ" ਤੱਕ ਆਖਦੀਆਂ ਸਨ। ਪਰ ਉਹ ਸਭ ਕੁਝ ਸਹਾਰਦੀ ਰਹੀ ਸੀ। ਹਿੱਕ 'ਤੇ ਜਰਦੀ ਰਹੀ ਸੀ। ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਬੱਚਾ ਨਾ ਹੋਣ ਵਿਚ ਉਹ ਹੀ ਤਾਂ ਦੋਸ਼ੀ ਸੀ! ਪਰ ਉਹ ਕਰ ਵੀ ਕੀ ਸਕਦੀ ਸੀ? ਉਸ ਨੂੰ ਬਾਂਝਪੁਣੇ ਦੀ ਇਕ ਬਿਮਾਰੀ ਸੀ। ਉਸ ਬਿਮਾਰੀ ਦਾ ਮੀਤੀ ਜਾਂ ਡਾਕਟਰਾਂ ਕੋਲ਼ ਕੋਈ ਇਲਾਜ਼ ਨਹੀਂ ਸੀ। ਉਸ ਦੇ ਕੋਈ ਵੱਸ ਨਹੀਂ ਸੀ। ਪਰ ਮੀਤੀ ਨਿਰਦੋਸ਼ ਹੁੰਦੀ ਹੋਈ ਵੀ ਦੋਸ਼ੀ ਸੀ!
ਬੱਚਾ ਪਾਉਣ ਲਈ ਤਾਂ ਉਸ ਨੇ ਬਾਬਾ ਜੀ ਦੇ ਚਰਨ ਫੜੇ ਸਨ। ਪਰ ਜੇ ਬਾਬਾ ਹੀ ਦਗ਼ਾ ਦੇ ਗਿਆ, ਉਸ ਵਿਚ ਮੀਤੀ ਦਾ ਕੀ ਦੋਸ਼? ਕਦੇ ਕਦੇ ਉਸ ਦਾ ਮਨ ਕਰਦਾ ਕਿ ਮੀਡੀਆ ਅਤੇ ਪੱਤਰਕਾਰਾਂ ਕੋਲ਼ ਜਾ ਕੇ ਧੋਖੇਬਾਜ਼ ਬਾਬੇ ਦੇ ਪਾਜ ਉਧੇੜੇ। ਸਾਰੀ ਹੱਡਬੀਤੀ ਦੱਸੇ! ਬਾਬੇ ਦੇ ਪੋਲ ਖੋਲ੍ਹੇ। ਪਰ ਆਪਣੀ ਪੱਟੀ ਜਾਣ ਵਾਲ਼ੀ ਮਿੱਟੀ ਤੋਂ ਉਹ ਚੁੱਪ ਰਹਿਣ ਵਿਚ ਹੀ ਭਲਾ ਸਮਝਦੀ ਅਤੇ ਚੁੱਪ ਹੀ ਰਹਿਣ ਦਾ ਹੀ ਫ਼ੈਸਲਾ ਕਰ ਲੈਂਦੀ! ਇਕ ਚੁੱਪ ਸੌ ਸੁਖ...! ਆਪਣੀ ਇੱਜ਼ਤ ਆਪਣੇ ਹੱਥ! ਜੇ ਝੱਗਾ ਚੁੱਕੇਂਗੀ ਤਾਂ ਆਪਣਾ ਢਿੱਡ ਹੀ ਨੰਗਾ ਹੋਵੇਗਾ! ਉਹ ਆਪਣੇ ਆਪ ਨੂੰ ਸਮਝਾਉਂਦੀ। ਚੁੱਪ ਚਾਪ ਤਲਾਕ ਲੈ-ਲੈ, ਮੀਤੀ! ਬਾਪੂ ਵੀ ਤਾਂ ਘਰੇ 'ਕੱਲਾ ਹੀ ਐ! ਜਿੱਥੇ ਉਹ ਦੋ ਰੋਟੀਆਂ ਖਾਈ ਜਾਦੈ, ਉਥੇ ਮੈਂ ਖਾਈ ਜਾਊਂ! ਪਿਉ ਧੀ ਰਲ਼ ਮਿਲ਼ ਕੇ ਜਿ਼ੰਦਗੀ ਕੱਟ ਲਵਾਂਗੇ! ਹੋਰ ਮੇਰੀਆਂ ਜਿ਼ੰਦਗੀ ਦੀਆਂ ਲੋੜਾਂ ਵੀ ਕੀ ਐ...? ਮੈਂ ਤਾਂ ਸਿਰਫ਼ ਦੋ ਰੋਟੀਆਂ ਦੀ ਭਾਈਵਾਲ਼ ਐਂ! ਉਹ ਖਿਆਲਾਂ ਦੀਆਂ ਕਪੜਛੱਲਾਂ ਵਿਚ ਹੀ ਗੋਤੇ ਖਾਈ ਜਾਂਦੀ ਰਹਿੰਦੀ!
ਜਦ ਤਲਾਕ ਦੇ ਕੇਸ ਦੀ ਤਾਰੀਖ਼ ਪਈ ਤਾਂ ਮੀਤੀ ਨੇ ਜੱਜ ਦੇ ਸਾਹਮਣੇ ਕੋਈ ਸਪੱਸ਼ਟੀਕਰਨ ਜਾਂ ਜੱਜ ਦੇ ਕਿਸੇ ਸੁਆਲ ਦਾ ਉਤਰ ਨਾ ਦਿੱਤਾ ਅਤੇ ਸ਼ਰੇਆਮ ਤਲਾਕ ਕਬੂਲ ਕਰ ਲਿਆ। ਜੱਜ ਨੇ ਦੋਨਾਂ ਧਿਰਾਂ ਦੀ ਸਹਿਮਤੀ ਦੇ ਦਸਤਖ਼ਤ ਕਰਵਾ ਲਏ ਅਤੇ ਤਲਾਕ ਦੇ ਪ੍ਰਵਾਨੇ ਘਰੇ ਭੇਜਣ ਬਾਰੇ ਆਖ ਦਿੱਤਾ।
ਮੀਤੀ ਦੀ ਸੱਸ ਫਿਰ ਵੀ ਚੁੱਪ ਨਹੀਂ ਹੋਈ ਸੀ।
-"ਬਥੇਰਾ ਪੈਸਾ ਭੇਜਿਐ ਪੁੱਤ ਇਹਨੇ ਆਬਦੇ ਕੰਜਰ ਪਿਉ ਨੂੰ! ਹੁਣ ਉਹਦੇ ਕੋਲ਼ੇ ਬੈਠ ਭੋਰ ਭੋਰ ਕੇ ਖਾਊ! ਇਹ ਬੈਲਣ ਤੇਰੇ ਨਾਲ਼ ਕਿਉਂ ਰਹੂ? ਇੰਗਲੈਂਡ 'ਚ ਪੱਕੀ ਐ-ਐਥੋਂ ਦਾ ਪਾਸਪੋਰਟ ਕੋਲ਼ੇ ਐ-ਇਹ ਤਾਂ ਦੇਖੀਂ ਆਬਦੇ ਨਾਲ਼ੋਂ ਦਸ ਸਾਲ ਛੋਟਾ ਈ ਲੈ ਕੇ ਆਊ! ਇਹਨੂੰ ਹੁਣ ਤੇਰੀ ਕੋਈ ਲੋੜ ਨ੍ਹੀ, ਕਮਲਿ਼ਆ ਪੁੱਤਾ...!" ਸੱਸ ਨੇ ਬੋਲਾਂ ਦੀਆਂ ਹੁੱਝਾਂ ਮੀਤੀ ਦੀ ਵੱਖੀ ਵਿਚ ਮਾਰ ਦਿੱਤੀਆਂ।
-"ਐਸ਼ ਤਾਂ ਇਹ ਹੁਣ ਕਰੂ, ਘੋੜ੍ਹਿਆਂ ਦੀ ਰੰਨ...! ਮਕਾਨ 'ਚੋਂ ਅੱਧ ਇਹਨੂੰ ਮਿਲ਼ ਜਾਣੈਂ-ਬਥੇਰਾ ਪੈਸਾ ਵੱਟ ਲਊ ਇਹ ਤੇਰੇ ਆਲ਼ੇ ਮਕਾਨ 'ਚੋਂ...! ਇਹ ਤਾਂ ਵੀਰ ਮੇਰਿਆ, ਹੁਣ ਨਿੱਤ ਨਵੇਂ ਯਾਰ ਹੰਢਾਇਆ ਕਰੂ ਤੇਰੇ ਪੈਸੇ 'ਤੇ! ਦੇਖਲੀਂ ਭਾਂਤ ਭਾਂਤ ਦੇ ਮਛਟੰਡੇ ਇਹਦੇ ਨਾਲ਼ ਘੁੰਮਦੇ, ਕੁੱਤੀ ਦੇ...! ਨਿੱਤ ਨਵਿਆਂ ਦੀਆਂ ਰਜਾਈਆਂ ਨਿੱਘੀਆਂ ਕਰਿਆ ਕਰੂ, ਇਹ ਕਲ਼ਜੋਗਣ-ਤੇ ਨਾਲ਼ੇ ਕਰੂ ਐਸ਼ ਤੇਰੇ ਪੈਸਿਆਂ 'ਤੇ!" ਨਣਾਨ ਨੇ ਵੀ ਤਾਹਨਿਆਂ ਵਾਲ਼ੀ ਤੋਪ ਚਲਾ ਦਿੱਤੀ ਸੀ। ਪਰ ਮੀਤੀ ਕੰਨ ਲਪੇਟ ਕੇ ਅਦਾਲਤ 'ਚੋਂ ਭੱਜ ਆਈ ਸੀ। ਉਸ ਨੂੰ ਚੋਭਾਂ ਤੇ ਚੋਭਾਂ ਲਾਈਆਂ ਜਾ ਰਹੀਆਂ ਸਨ! ਸਹੁਰੇ ਪ੍ਰੀਵਾਰ ਸਾਹਮਣੇ ਉਸ ਦਾ ਝਾਕਣ ਦਾ ਹੀਆਂ ਨਹੀਂ ਪਿਆ ਸੀ। ਉਹ ਇਕ ਤਰ੍ਹਾਂ ਨਾਲ਼ ਚੋਰਾਂ ਵਾਂਗ ਤੁਰ ਆਈ ਸੀ। ਸਹੁਰੇ ਪ੍ਰੀਵਾਰ ਲਈ ਤਾਂ ਉਹ ਚੋਰ ਹੀ ਸੀ, ਜਿਹੜੀ ਅੱਠ ਹਜ਼ਾਰ ਰੁਪਏ ਦਾ ਹਿਸਾਬ ਨਹੀਂ ਦਿੰਦੀ ਸੀ! ਉਹ ਚੀਕ ਚੀਕ ਕੇ ਕਹਿਣਾ ਤਾਂ ਚਾਹੁੰਦੀ ਸੀ ਕਿ ਲੋਕੋ! ਮੈਨੂੰ ਪਾਖੰਡੀ ਬਾਬੇ ਨੇ ਭਰਮਾ ਕੇ ਦਿਨ ਦੀਵੀ ਲੁੱਟ ਲਿਆ! ਪੱਲੇ ਵੀ ਕੱਖ ਨਹੀਂ ਪਾਇਆ! ਪੈਸਾ ਵੀ ਗਿਆ! ਬਦਨਾਮੀ ਵੀ ਪੱਲੇ ਪੁਆਈ! ਤਲਾਕ ਵੀ ਹੋਇਆ ਅਤੇ ਗਰੀਬ ਪਿਉ ਨੂੰ ਵੀ ਬੋਲ ਕਬੋਲ ਕਰਵਾਏ! ਵਸੇਬਾ ਵੀ ਨਾ ਰਿਹਾ ਅਤੇ ਘਰ ਵੀ ਉਜੜ ਗਿਆ! ਪਰ ਸੁਣਾਉਂਦੀ ਕਿਸ ਨੂੰ...? ਇਸ ਅੰਨ੍ਹੀ ਬੋਲ਼ੀ ਦੁਨੀਆਂ ਨੂੰ...? ਉਹ ਚੁੱਪ ਹੀ ਹੋ ਗਈ ਸੀ! ਬੋਲਣ ਦਾ ਫ਼ਾਇਦਾ ਵੀ ਕੀ ਸੀ? ਸੱਪ ਤਾਂ ਨਿਕਲ਼ ਚੁੱਕਿਆ ਸੀ। ਹੁਣ ਲੀਹ ਕੁੱਟਣ ਦਾ ਕੋਈ ਲਾਭ ਨਹੀਂ ਸੀ! ਦੜ ਵੱਟ ਕੇ ਜਮਾਨਾ ਕੱਟ ਲੈਣਾ ਹੀ ਹੁਣ ਭਲਮਾਣਸੀ ਸੀ!
ਜਿਸ ਦਿਨ ਮੀਤੀ ਨੂੰ ਅਦਾਲਤ ਵੱਲੋਂ ਤਲਾਕ ਦੇ ਕਾਗਜ਼ ਮਿਲ਼ੇ, ਉਸੇ ਦਿਨ ਹੀ ਉਸ ਨੇ ਮਕਾਨ ਨੂੰ ਜਿੰਦਰਾ ਮਾਰਿਆ ਅਤੇ ਇੰਡੀਆ ਦੀ ਟਿਕਟ ਬੁੱਕ ਕਰਵਾ ਕੇ ਬਾਪੂ ਕੋਲ਼ ਪਿੰਡ ਆ ਗਈ ਸੀ...।
ਬਾਕੀ ਅਗਲੇ ਹਫ਼ਤੇ...
No comments:
Post a Comment